ਕੈਨੇਡਾ ਅੰਦਰ ਹਿੰਦੂ ਮੰਦਿਰ ਉੱਤੇ ਹਮਲੇ ਦੀ ਖ਼ਬਰ ਸਫੈਦ ਝੂਠ, ਹਿੰਦੂ-ਸਿੱਖਾਂ ਨੂੰ ਲੜਾਉਣ ਦੀ ਸਰਕਾਰ ਦੀ ਗੰਦੀ ਖੇਡ ਦਾ ਹਿੱਸਾ - ਦਲ ਖ਼ਾਲਸਾ

ਕੈਨੇਡਾ ਅੰਦਰ ਹਿੰਦੂ ਮੰਦਿਰ ਉੱਤੇ ਹਮਲੇ ਦੀ ਖ਼ਬਰ ਸਫੈਦ ਝੂਠ, ਹਿੰਦੂ-ਸਿੱਖਾਂ ਨੂੰ ਲੜਾਉਣ ਦੀ ਸਰਕਾਰ ਦੀ ਗੰਦੀ ਖੇਡ ਦਾ ਹਿੱਸਾ - ਦਲ ਖ਼ਾਲਸਾ

ਖਾਲਿਸਤਾਨੀ ਕਾਰਕੁੰਨਾਂ ਅਤੇ ਭਾਰਤ ਪੱਖੀ ਕਾਰਕੁੰਨ ਦੀ ਮੰਦਰ ਦੇ ਬਾਹਰ ਹੋਈ ਝੜਪ ਨੂੰ ਮੋਦੀ ਸਰਕਾਰ ਹਿੰਦੂ-ਸਿੱਖ ਵਿੱਚ ਪਾੜਾ ਪਾਉਣ ਲਈ ਵਰਤ ਰਿਹਾ- ਮੰਡ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਅੰਮ੍ਰਿਤਸਰ- ਕੈਨੇਡਾ ਦੇ ਬਰੈਂਪਟਨ ਕਸਬੇ ਵਿੱਚ ਬੀਤੀ ਰਾਤ ਖਾਲਿਸਤਾਨੀ ਸਮਰਥਕ ਕਾਰਕੁਨਾਂ ਅਤੇ ਭਾਰਤ ਪੱਖੀ ਕਾਰਕੁੰਨਾਂ ਵਿਚਾਲੇ ਝੜਪ ਦੇ ਘਟਨਾਕ੍ਰਮ ‘ਤੇ ਦਲ ਖਾਲਸਾ ਨੇ ਤਿੱਖੀ ਪ੍ਰਤੀਕਿਰਿਆ ਦਿੰਦੇ ਕਿਹਾ ਕਿ ਹਿੰਦੂ ਮੰਦਰ 'ਤੇ ਹਮਲੇ ਦੀਆਂ ਖਬਰਾਂ ਸਫੈਦ ਝੂਠ ਹਨ, ਜਿਵੇਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਭਾਰਤੀ ਲੀਡਰਸ਼ਿਪ ਵੱਲੋਂ ਪ੍ਰਚਾਰਿਆ ਜਾ ਰਿਹਾ ਹੈ। 

ਪਾਰਟੀ ਦੇ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਹਕੀਕਤ ਇਹ ਹੈ ਕਿ ਖਾਲਿਸਤਾਨੀ ਕਾਰਕੁੰਨ ਅਤੇ ਭਾਰਤ ਪੱਖੀ ਕਾਰਕੁੰਨ ਦੀ ਮੰਦਰ ਦੇ ਬਾਹਰ ਸੜਕ 'ਤੇ ਝੜਪ ਹੋਈ ਹੈ। ਉਹਨਾਂ ਕਿਹਾ ਸਿੱਖ ਕਾਰਕੁੰਨ ਉਥੇ ਕਿਸੇ ਮੰਦਿਰ ਉੱਤੇ ਹਮਲਾ ਕਰਨ ਨਹੀਂ ਗਏ ਸਨ ਬਲਕਿ ਭਾਰਤੀ ਕੌਂਸਲੇਟ ਖਿਲਾਫ ਸ਼ਾਂਤਮਈ ਪ੍ਰਦਸ਼ਨ ਕਰਨ ਗਏ ਸਨ ਜਿੰਨਾ ਆਪਣਾ ਡੇਰਾ ਮੰਦਿਰ ਵਿਚ ਲਗਾਇਆ ਹੋਇਆ ਸੀ। ਉਹਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਸਾਲ ਭਾਰਤੀ ਕੰਸੋਲੇਟ ਨੇ ਇਹੀ ਕੈਂਪ ਗੁਰਦਵਾਰਾ ਸਾਹਿਬ ਵਿਚ ਵੀ ਲਗਾਇਆ ਸੀ ਅਤੇ ਓਹਨਾ ਦਾ ਵਿਰੋਧ ਸਿੱਖਾਂ ਵੱਲੋਂ ਗੁਰਦਵਾਰਾ ਸਾਹਿਬ ਦੇ ਬਾਹਰ ਵੀ ਹੋਇਆ ਸੀ। 

ਉਹਨਾਂ ਕਿਹਾ ਕਿ ਹਕੀਕਤ ਨੂੰ ਸਵੀਕਾਰ ਕਰਨ ਦੀ ਬਜਾਏ, ਸ਼੍ਰੀਮਾਨ ਮੋਦੀ ਨੇ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਕੈਨੇਡੀਅਨ ਸਰਕਾਰ ਨੂੰ ਨੀਵਾਂ ਦਿਖਾਉਣ ਲਈ ਝੂਠ ਦਾ ਸਹਾਰਾ ਲਿਆ ਹੈ। ਉਹਨਾਂ ਕਿਹਾ ਕਿ ਕੈਨੇਡਾ ਦੀ ਸਰਕਾਰ ਨੇ ਪਿਛਲੇ ਸਾਲ ਕੈਨੇਡੀਅਨ ਸਿੱਖ ਹਰਦੀਪ ਸਿੰਘ ਨਿੱਝਰ ਦੇ ਕਤਲ ਲਈ ਭਾਰਤੀ ਖੁਫੀਆ ਏਜੰਸੀ ਨੂੰ ਦੋਸ਼ੀ ਠਹਿਰਾ ਕੇ ਮੋਦੀ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਹੈ ਜਿਸ ਦੀ ਬੁਖਲਾਹਟ ਵਜੋਂ ਭਾਰਤੀ ਲੀਡਰਸ਼ਿਪ ਝੂਠ ਦਾ ਸਹਾਰਾ ਲੈਕੇ ਹਿੰਦੂ-ਸਿੱਖਾਂ ਵਿੱਚ ਪਾੜਾ ਪਾਉਣ ਦੀ ਨੀਤੀ ਤਹਿਤ ਮਸਲੇ ਨੂੰ ਉਛਾਲ ਰਹੀ ਹੈ। 

ਸ੍ਰੀ ਮੋਦੀ ’ਤੇ ਵਿਅੰਗ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਕੰਵਰਪਾਲ ਸਿੰਘ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਮਨੀਪੁਰ ਵਿੱਚ ਹਫ਼ਤਿਆਂ ਅਤੇ ਮਹੀਨਿਆਂ ਤੱਕ ਹਿੰਸਾ ’ਤੇ ਚੁੱਪ ਰਹਿਣ ਵਾਲੇ ਪ੍ਰਧਾਨ ਮੰਤਰੀ ਨੇ ਵਿਦੇਸ਼ਾਂ ਵਿੱਚ ਮਾਮੂਲੀ ਝੜਪਾਂ ’ਤੇ ਇੰਨੀ ਤੇਜ਼ੀ ਤੇ ਫੁਰਤੀ ਨਾਲ ਪ੍ਰਤੀਕਿਰਿਆ ਦਿੱਤੀ ਹੈ।

ਕੈਨੇਡੀਅਨ ਉਪ ਵਿਦੇਸ਼ ਮੰਤਰੀ ਵੱਲੋਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲ ਸਿੱਖਾਂ ਦੇ ਗੈਰ-ਨਿਆਇਕ ਕਤਲਾਂ ਵਿੱਚ ਸ਼ਮੂਲੀਅਤ ਲਈ ਉਂਗਲ ਉਠਾਉਣ ਤੋਂ ਬਾਅਦ, ਅੰਦਰ ਹੀ ਅੰਦਰ ਇਹ ਮਹਿਸੂਸ ਹੋ ਰਿਹਾ ਸੀ ਕਿ ਕੁਝ "ਪ੍ਰੇਸ਼ਾਨ ਕਰਨ ਵਾਲਾ" ਹੋਣ ਵਾਲਾ ਹੈ। ਬੀਤੀ ਰਾਤ ਦੀ ਝੜਪ ਉਸ ਗੱਲ ਦਾ ਸਿੱਟਾ ਸੀ ਜੋ ਪਿਛਲੇ ਕੁਝ ਸਾਲਾਂ ਤੋਂ ਭੱਖ ਰਿਹਾ ਸੀ। ਆਗੂਆਂ ਨੇ ਕਿਹਾ ਕਿ ਘਟਨਾ ਤੋਂ ਬਾਅਦ ਬਰੈਂਪਟਨ ਵਿੱਚ ਕੁਝ ਮੁੱਠੀ ਭਰ ਕੱਟੜ ਹਿੰਦੂ ਨੇਤਾ ਭੜਕਾਊ ਬਿਆਨ ਦਿੰਦੇ ਸੁਣੇ ਗਏ ਹਨ ਜਿਨ੍ਹਾਂ ਨੂੰ ਜੇਕਰ ਸਖਤੀ ਨਾਲ ਨਾ ਰੋਕਿਆ ਗਿਆ ਤਾਂ ਸਥਿਤੀ ਬਦ ਤੋਂ ਬਦਤਰ ਹੋ ਸਕਦੀ ਹੈ।

ਭਾਰਤੀ ਨੇਤਾਵਾਂ ਅਤੇ ਮੀਡੀਆ ਦੁਆਰਾ ਫੈਲਾਈਆਂ ਜਾ ਰਹੀਆਂ ਗੁੰਮਰਾਹਕੁੰਨ ਅਤੇ ਤੋੜ-ਮਰੋੜ ਵਾਲੀਆਂ ਸੂਚਨਾਵਾਂ ਤੋਂ ਹਿੰਦੂ ਭਰਾਵਾਂ ਨੂੰ ਸੁਚੇਤ ਰਹਿਣ ਅਤੇ ਬਚਣ 

ਦੀ ਅਪੀਲ ਕਰਦੇ ਹੋਏ ਉਹਨਾਂ ਕਿਹਾ ਕਿ ਇਹ ਮੋਦੀ ਸਰਕਾਰ ਵੱਲੋਂ ਸਮਾਜ ਨੂੰ ਹੋਰ ਵੰਡਣ ਖਾਸ ਕਰਕੇ ਕੈਨੇਡਾ ਅਤੇ ਭਾਰਤ ਵਿੱਚ ਹਿੰਦੂਆਂ ਨੂੰ ਸਿੱਖਾਂ ਵਿਰੁੱਧ ਖੜਾ ਕਰਨ ਦੀ ਇੱਕ ਗਹਿਰੀ ਚਾਲ ਹੈ।

ਦੋਵਾਂ ਧਿਰਾਂ ਨੂੰ ਸੁਚੇਤ ਕਰਦਿਆਂ ਉਹਨਾਂ ਕਿਹਾ, “ਅਸੀਂ 80 ਅਤੇ 90 ਦੇ ਦਹਾਕੇ ਵਿੱਚ ਭਾਰਤ ਦੇ ਡੀਪ ਸਟੇਟ ਨੂੰ ਅਜਿਹੀਆਂ ਗੰਦੀਆਂ ਚਾਲਾਂ ਖੇਡਦੇ ਅੱਖੀਂ ਹੰਢਾਇਆ ਹੈ ਅਤੇ ਅਫ਼ਸੋਸ ਦੀ ਗੱਲ ਹੈ ਕਿ ਪੰਜਾਬ ਵਿਚ ਦੋਵੇਂ ਭਾਈਚਾਰਿਆਂ ਨੇ ਸਰਕਾਰੀ ਜਾਲ ਵਿਚ ਫਸ ਕੇ ਇਕ-ਦੂਜੇ ਨੂੰ ਬੁਰਾ-ਭਲਾ ਕਿਹਾ ਜਿਸ ਕਾਰਨ ਖੂਨ-ਖਰਾਬਾ ਵੀ ਹੋਇਆ। ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਸੁਚੇਤ ਰਹਿਣਾ ਚਾਹੀਦਾ ਹੈ ਤਾਂ ਜੋ ਸਰਕਾਰ ਦੇ ਸਾਨੂੰ ਲੜਾਉਣ ਤੇ ਵੰਡਣ ਦੇ ਮਨਸੂਬੇ ਦੁਬਾਰਾ ਸਫਲ ਨਾ ਹੋ ਸਕਣ।