ਕੈਲੀਫੋਰਨੀਆ ਦੇ ਜੰਗਲ ਨੂੰ ਲੱਗੀ ਅੱਗ ਹੋਰ ਫੈਲੀ, ਅੱਗ ਬੁਝਾਉਣ ਦੇ ਯਤਨ ਹੋਏ ਅਸਫਲ

ਕੈਲੀਫੋਰਨੀਆ ਦੇ ਜੰਗਲ ਨੂੰ ਲੱਗੀ ਅੱਗ ਹੋਰ ਫੈਲੀ, ਅੱਗ ਬੁਝਾਉਣ ਦੇ ਯਤਨ ਹੋਏ ਅਸਫਲ
ਕੈਪਸ਼ਨ : ਕੈਲੀਫੋਰਨੀਆ ਦੇ ਜੰਗਲ ਨੂੰ ਲੱਗੀ ਅੱਗ ਉਪਰ ਕਾਬੂ ਪਾਉਣ ਲਈ ਹੈਲੀਕਾਪਟਰ ਦੀ ਹੋ ਰਹੀ ਵਰਤੋਂ

 *ਲੋਕਾਂ ਨੂੰ ਬਿਨਾਂ ਦੇਰੀ ਕੀਤਿਆਂ ਘਰ ਛੱਡਣ ਦੀ ਚਿਤਾਵਨੀ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 26 ਜੁਲਾਈ (ਹੁਸਨ ਲੜੋਆ ਬੰਗਾ)- ਕੈਲੀਫੋਰਨੀਆ ਦੇ ਯੋਸਮਾਈਟ ਪਾਰਕ ਦੇ ਬਾਹਰਵਾਰ ਜੰਗਲ ਨੂੰ ਲੱਗੀ ਅੱਗ ਨੂੰ ਅੱਜ ਤੀਸਰਾ ਦਿਨ ਹੋ ਗਿਆ ਹੈ ਤੇ ਅਜੇ ਤੱਕ ਅੱਗ ਨੂੰ ਬੁਝਾਉਣ ਦੇ ਯਤਨ ਕਾਮਯਾਬ ਨਹੀਂ ਹੋਏ। ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਖੇਤਰ ਵਿਚ ਰਹਿੰਦੇ ਲੋਕ ਤੁਰੰਤ ਖੇਤਰ ਛੱਡ ਜਾਣ। ਕੈਲੀਫੋਰਨੀਆ ਫਾਇਰ ਬਟਾਲੀਅਨ ਮੁੱਖੀ ਜੋਨ ਹੈਜੀ ਨੇ ਕਿਹਾ ਹੈ ਕਿ ਅੱਗ 16700 ਏਕੜ ਰਕਬੇ ਨੂੰ ਨਸ਼ਟ ਕਰ ਚੁੱਕੀ ਹੈ। ਇਹ ਅੱਗ ਤੇਜੀ ਨਾਲ ਅੱਗੇ ਵਧ ਰਹੀ ਹੈ ਤੇ ਲੋਕਾਂ ਲਈ ਸੁਰੱਖਿਅਤ ਥਾਵਾਂ ਉਪਰ ਜਾਣ ਲਈ ਸਮਾਂ ਬਹੁਤ ਸੀਮਿਤ ਬਚਿਆ ਹੈ। ਅੱਗ ਲੰਘੇ ਸ਼ੁੱਕਰਵਾਰ ਸੀਰੀ ਨੇਵਾਡਾ ਜੰਗਲੀ ਖੇਤਰ ਤੋਂ ਸ਼ੁਰੂ ਹੋਈ ਸੀ। ਕੈਲੀਫੋਰਨੀਆ ਦੇ ਅੱਗ ਬੁਝਾਊ ਵਿਭਾਗ ਅਨੁਸਾਰ 2500 ਤੋਂ ਵਧ ਕਾਮੇ ਅੱਗੇ ਉਪਰ ਕਾਬੂ ਪਾਉਣ ਵਿੱਚ ਲੱਗੇ ਹੋਏ ਹਨ। ਦਰਜਨ ਤੋਂ ਵਧ ਹੈਲੀਕਾਪਟਰਾਂ, 281 ਅੱਗ ਬੁਝਾਉਣ ਵਾਲੀਆਂ ਗੱਡੀਆਂ ਤੇ ਪਾਣੀ ਵਾਲੇ ਟੈਂਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਹੈਗੀ ਨੇ ਕਿਹਾ ਹੈ ਕਿ ਲੋਕਾਂ ਦੀ ਸੁਰੱਖਿਆ ਸਭ ਤੋਂ ਅਹਿਮ ਹੈ ਇਸ ਲਈ ਬਿਨਾਂ ਦੇਰੀ ਕੀਤਿਆਂ ਅੱਗ ਨਾਲ ਪ੍ਰਭਾਵਿਤ ਖੇਤਰ ਵਿਚਲੇ ਵਾਸੀਆਂ ਨੂੰ ਘਰ ਛੱਡ ਦੇਣੇ ਚਾਹੀਦੇ ਹਨ ਤੇ ਬਾਹਰ ਸੁਰੱਖਿਅਤ ਥਾਵਾਂ 'ਤੇ ਆ ਜਾਣਾ ਚਾਹੀਦਾ ਹੈ।