ਬਰਤਾਨੀਆ ਵਿੱਚ ਸਿੱਖਾਂ ਨੂੰ ਵੱਡੀ ਕਿਰਪਾਨ ਰੱਖਣ ਦੀ ਕਾਨੂੰਨੀ ਮਾਨਤਾ ਦਿੰਦਾ ਬਿੱਲ ਪਾਸ ਹੋਇਆ

ਬਰਤਾਨੀਆ ਵਿੱਚ ਸਿੱਖਾਂ ਨੂੰ ਵੱਡੀ ਕਿਰਪਾਨ ਰੱਖਣ ਦੀ ਕਾਨੂੰਨੀ ਮਾਨਤਾ ਦਿੰਦਾ ਬਿੱਲ ਪਾਸ ਹੋਇਆ

ਲੰਡਨ: ਬਰਤਾਨੀਆ ਦੇ ਹੇਠਲੇ ਸਦਨ (ਹਾਊਸ ਆਫ਼ ਕਾਮਨਜ਼) ਅਤੇ ਉੱਪਰਲੇ ਸਦਨ (ਹਾਊਸ ਆਫ਼ ਲਾਰਡ) 'ਚ ਹਥਿਆਰਾਂ ਸਬੰਧੀ ਨਵਾਂ ਬਿੱਲ ਪਾਸ ਹੋਣ ਤੋਂ ਬਾਅਦ ਇਸ ਨੂੰ ਕਾਨੂੰਨੀ ਮਾਨਤਾ ਮਿਲ ਗਈ ਹੈ। ਇਸ ਬਿੱਲ ਵਿਚ ਸਿੱਖਾਂ ਨੂੰ ਵੱਡੀ ਅਤੇ ਛੋਟੀ ਕਿਰਪਾਨ ਰੱਖਣ ਲਈ ਵਿਸ਼ੇਸ਼ ਛੋਟ ਦਿੱਤੀ ਗਈ ਹੈ। ਹੁਣ ਸਿੱਖ ਬਰਤਾਨੀਆ ਵਿੱਚ 3 ਫੁੱਟੀ ਕਿਰਪਾਨ ਰੱਖ ਸਕਦੇ ਹਨ। 

ਇਸ ਬਿੱਲ 'ਤੇ ਸੰਸਦ 'ਚ ਬਹਿਸ ਦੌਰਾਨ ਐਮ. ਪੀ. ਪ੍ਰੀਤ ਕੌਰ ਗਿੱਲ, ਐਮ. ਪੀ. ਤਨਮਨਜੀਤ ਸਿੰਘ ਢੇਸੀ, ਐਮ. ਪੀ. ਪੈਟ ਫੈਬੀਅਨ, ਐਮ. ਪੀ. ਜਿੰਮ ਕਨਿੰਘਮ ਆਦਿ ਨੇ ਕਿਹਾ ਸੀ ਕਿ ਸਿੱਖਾਂ ਦਾ ਕਿਰਪਾਨ ਨਾਲ ਵੱਡਾ ਨਾਤਾ ਹੈ, ਜਿਸ ਦੀ ਵੱਖ-ਵੱਖ ਮੌਕਿਆਂ 'ਤੇ ਵਰਤੋਂ ਕੀਤੀ ਜਾਂਦੀ ਹੈ। ਗ੍ਰਹਿ ਵਿਭਾਗ ਬਾਰੇ ਮੰਤਰੀ ਵਿਕਟੋਰੀਆ ਐਟਕਿਨਜ਼ ਦਾ ਧੰਨਵਾਦ ਕਰਦਿਆਂ ਸਿੱਖ ਫੈਡਰੇਸ਼ਨ ਦੇ ਚੇਅਰਮੈਨ ਭਾਈ ਅਮਰੀਕ ਸਿੰਘ ਨੇ ਕਿਹਾ ਕਿ ਸਿੱਖ ਹਿੰਸਾ ਰੋਕਣ ਲਈ ਵੀ ਹਥਿਆਰਾਂ 'ਤੇ ਪਾਬੰਦੀ ਲਗਾਉਣ ਦੇ ਹਾਮੀ ਹਨ, ਪਰ ਸਿੱਖਾਂ ਦਾ ਕਿਰਪਾਨ ਨਾਲ ਧਾਰਮਿਕ ਅਤੇ ਇਤਿਹਾਸਕ ਰਿਸ਼ਤਾ ਹੈ। 

ਸਿੱਖਾਂ ਵਲੋਂ ਵੱਖ-ਵੱਖ ਮੌਕਿਆਂ 'ਤੇ ਵੱਡੀ ਕਿਰਪਾਨ ਦੀ ਵਰਤੋਂ ਕੀਤੀ ਜਾਂਦੀ ਹੈ, ਖ਼ੁਸ਼ੀ ਹੈ ਕਿ ਸਬੰਧਿਤ ਮਹਿਕਮੇ ਨੇ ਸਿੱਖਾਂ ਦੀ ਇਸ ਭਾਵਨਾ ਨੂੰ ਸਮਝਦਿਆਂ ਬਿੱਲ 'ਚ ਸੋਧ ਕੀਤੀ ਹੈ। ਇਸ ਮਾਮਲੇ ਨੂੰ ਉਜਾਗਰ ਕਰਨ ਲਈ ਸਿੱਖ ਫੈਡਰੇਸ਼ਨ ਯੂ. ਕੇ. ਨੇ ਸਿੱਖ ਪੁਲਿਸ ਅਧਿਕਾਰੀ ਦਾ ਵੀ ਧੰਨਵਾਦ ਕੀਤਾ, ਜਿਸ ਨੇ ਸਭ ਤੋਂ ਪਹਿਲਾਂ ਇਸ ਬਾਰੇ ਸੂਚਿਤ ਕਰਕੇ ਸਿੱਖ ਫੈਡਰੇਸ਼ਨ ਯੂ. ਕੇ. ਨੂੰ ਸੁਚੇਤ ਕੀਤਾ। 

ਮੰਤਰੀ ਵਿਕਟੋਰੀਆ ਐਟਕਿਨਜ਼ ਨੇ ਵੀ ਇਸ ਮੌਕੇ ਕਿਰਪਾਨ ਨੂੰ ਪਾਬੰਦ ਹਥਿਆਰਾਂ ਦੀ ਸੂਚੀ 'ਚੋਂ ਬਾਹਰ ਰੱਖਣ ਦੀ ਹਮਾਇਤ ਕੀਤੀ। ਹਥਿਆਰਾਂ ਸੰਬੰਧੀ ਇਸ ਬਿੱਲ 'ਤੇ ਕੱਲ੍ਹ ਬਰਤਾਨੀਆ ਦੀ ਮਹਾਰਾਣੀ ਵਲੋਂ ਦਸਤਖ਼ਤ ਕਰਨ ਤੋਂ ਬਾਅਦ ਇਸ ਨੂੰ ਕਾਨੂੰਨੀ ਦਰਜਾ ਮਿਲ ਗਿਆ ਅਤੇ ਸਿੱਖਾਂ ਨੂੰ ਵੱਡੀ ਅਤੇ ਛੋਟੀ ਕਿਰਪਾਨ ਰੱਖਣ ਦੀ ਮੁਕੰਮਲ ਆਜ਼ਾਦੀ ਹੈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ