ਅਮਰੀਕਾ ਵਿਚ ਲਾਪਤਾ ਭਾਰਤੀ ਵਿਦਿਆਰਥੀ ਦੀ ਮਿਲੀ ਲਾਸ਼

ਅਮਰੀਕਾ ਵਿਚ ਲਾਪਤਾ ਭਾਰਤੀ ਵਿਦਿਆਰਥੀ ਦੀ ਮਿਲੀ ਲਾਸ਼
ਕੈਪਸ਼ਨ ਮੁਹੰਮਦ ਅਬਦੁਲ ਅਰਫਾਤ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਦੀ ਕਲੀਵਲੈਂਡ ਯੁਨੀਵਰਸਿਟੀ ਵਿਚ ਇਨਫਰਮੇਸ਼ਨ ਟੈਕਨਾਲੋਜੀ ਵਿਚ ਮਾਸਟਰ ਡਿਗਰੀ ਕਰ ਰਹੇ 21 ਸਾਲਾ ਭਾਰਤੀ ਵਿਦਿਆਰਥੀ ਮੁਹੰਮਦ ਅਬਦੁਲ ਅਰਫਾਤ ਜੋ ਪਿਛਲੇ ਮਹੀਨੇ ਤੋਂ ਲਾਪਤਾ ਸੀ, ਦੀ ਲਾਸ਼ ਮਿਲਣ ਦੀ ਖਬਰ ਹੈ। ਉਹ ਪਿਛਲੇ ਮਹੀਨੇ 7 ਮਾਰਚ ਤੋਂ ਆਪਣੇ ਪਰਿਵਾਰ ਦੇ ਸੰਪਰਕ ਵਿਚ ਨਹੀਂ ਸੀ ਤੇ ਉਸ ਨੂੰ ਛੱਡਣ ਬਦਲੇ ਭਾਰਤ ਵਿਚ ਉਸ ਦੇ ਪਰਿਵਾਰ ਤੋਂ ਫਿਰੌਤੀ ਮੰਗੀ ਸੀ। ਭਾਰਤ ਦੇ ਕੌਂਸਲੇਟ ਜਨਰਲ ਨਿਊਯਾਰਕ ਨੇ ਸੋਸ਼ਲ ਮੀਡੀਆ ਉਪਰ ਪਾਈ ਇਕ ਪੋਸਟ ਵਿਚ ਕਿਹਾ ਹੈ ਕਿ ''ਸਾਨੂੰ ਇਹ ਸੁਣ ਕੇ ਬਹੁਤ ਅਫਸੋਸ ਹੋਇਆ ਹੈ ਕਿ ਮਿਸਟਰ ਮੁਹੰਮਦ ਅਬਦੁਲ ਅਰਫਾਤ ਜਿਸ ਨੂੰ ਲੱਭਣ ਲਈ ਤਲਾਸ਼ੀ ਮੁਹਿੰਮ ਜਾਰੀ ਸੀ, ਕਲੀਵਲੈਂਡ, ਓਹੀਓ ਵਿਚ ਮ੍ਰਿਤਕ ਹਾਲਤ ਵਿਚ ਮਿਲਿਆ ਹੈ। ਅਸੀਂ ਅਰਫਾਤ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੇ ਹਾਂ।'' ਕੌਂਸਲੇਟ ਜਨਰਲ ਨੇ ਕਿਹਾ ਹੈ ਕਿ ਉਹ ਸਥਾਨਕ ਏਜੰਸੀਆਂ ਦੇ ਸੰਪਰਕ ਵਿਚ ਹਨ ਤਾਂ ਜੋ ਅਰਫਾਤ ਦੀ ਮੌਤ ਦੀ ਮੁਕੰਮਲ ਜਾਂਚ ਕਰਵਾਈ ਜਾ ਸਕੇ।

ਉਨਾਂ ਕਿਹਾ ਕਿ ਅਰਫਾਤ ਦੀ ਮ੍ਰਿਤਕ ਦੇਹ ਭਾਰਤ ਭੇਜਣ ਲਈ ਪੀੜਤ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਅਰਫਾਤ ਦਾ ਪਰਿਵਾਰ ਜੋ ਹੈਦਰਾਬਾਦ ਨੇੜੇ ਮਲਕਜਗਿਰੀ ਜਿਲੇ ਵਿਚ ਰਹਿੰਦਾ ਹੈ , ਨੂੰ ਆਏ ਫੋਨ 'ਤੇ ਦਾਅਵਾ ਕੀਤਾ ਗਿਆ ਸੀ ਕਿ ਅਰਫਾਤ ਨੂੰ ਡਰੱਗ ਤਸਕਰ ਗਿਰੋਹ ਵੱਲੋਂ ਅਗਵਾ ਕਰ ਲਿਆ ਗਿਆ ਹੈ। ਫੋਨ ਕਰਨ ਵਾਲੇ ਨੇ ਉਸ ਦੀ ਰਿਹਾਈ ਬਦਲੇ 1200 ਡਾਲਰ ਦੀ ਮੰਗ ਕੀਤੀ ਸੀ। ਅਰਫਾਤ ਦੇ ਪਿਤਾ ਮੁਹੰਮਦ ਸਲੀਮ ਨੇ ਕਿਹਾ ਕਿ ਉਸ ਨੂੰ 17 ਮਾਰਚ ਨੂੰ ਆਏ ਫੋਨ 'ਤੇ ਧਮਕੀ ਦਿੱਤੀ ਗਈ ਸੀ ਕਿ ਜੇਕਰ ਪੈਸੇ ਨਾ ਦਿੱਤੇ ਗਏ ਤਾਂ ਅਰਫਾਤ ਦੀਆਂ ਕਿਡਨੀਆਂ ਵੇਚ ਦਿੱਤੀਆਂ ਜਾਣਗੀਆਂ। ਅਰਫਾਤ ਪੜਨ ਲਈ ਮਈ 2023 ਵਿਚ ਅਮਰੀਕਾ ਆਇਆ ਸੀ।