ਨਿਸ਼ਾਨੇ 'ਤੇ ਢੇਸੀ: ਭਾਜਪਾ ਅਤੇ ਆਰਐੱਸਐੱਸ ਬਰਤਾਨੀਆ ਵਿੱਚ ਵੀ ਕੱਢ ਰਹੀ ਹੈ ਸਿੱਖਾਂ ਨਾਲ ਦੁਸ਼ਮਣੀ (ਖ਼ਾਸ ਰਿਪੋਰਟ)

ਨਿਸ਼ਾਨੇ 'ਤੇ ਢੇਸੀ: ਭਾਜਪਾ ਅਤੇ ਆਰਐੱਸਐੱਸ ਬਰਤਾਨੀਆ ਵਿੱਚ ਵੀ ਕੱਢ ਰਹੀ ਹੈ ਸਿੱਖਾਂ ਨਾਲ ਦੁਸ਼ਮਣੀ (ਖ਼ਾਸ ਰਿਪੋਰਟ)

ਲੰਡਨ, (ਸੁਖਵਿੰਦਰ ਸਿੰਘ): ਬਰਤਾਨੀਆ ਦੀ ਪਾਰਲੀਮੈਂਟ ਵਿੱਚ ਸਿੱਖ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਅਤੇ ਆਰਐੱਸਐੱਸ ਵੱਲੋਂ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਬਰਤਾਨੀਆ ਵਿੱਚ ਹੋਣ ਜਾ ਰਹੀਆਂ ਚੋਣਾਂ ਵਿੱਚ ਇਹ ਦੋਵੇਂ ਉਹਨਾਂ ਖਿਲਾਫ ਪ੍ਰਚਾਰ ਕਰ ਰਹੀਆਂ ਹਨ। ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਭਾਰਤ ਵਿੱਚ ਕਸ਼ਮੀਰੀਆਂ ਅਤੇ ਹੋਰ ਦਬਾਈਆਂ ਜਾ ਰਹੀਆਂ ਕੌਮਾਂ, ਭਾਈਚਾਰਿਆਂ ਦੇ ਹੱਕ ਵਿੱਚ ਉਹਨਾਂ ਵੱਲੋਂ ਅਵਾਜ਼ ਚੁੱਕਣ ਕਾਰਨ ਇਹ ਸਭ ਕੀਤਾ ਜਾ ਰਿਹਾ ਹੈ। 

ਦੱਸ ਦਈਏ ਕਿ ਤਨਮਨਜੀਤ ਸਿੰਘ ਢੇਸੀ ਬਰਤਾਨੀਆ ਦੀ ਪਾਰਲੀਮੈਂਟ ਦੇ ਪਹਿਲੇ ਦਸਤਾਰਧਾਰੀ ਮੈਂਬਰ ਬਣੇ ਸਨ ਜਦੋਂ ਤਿੰਨ ਸਾਲ ਪਹਿਲਾਂ ਉਹ ਲੇਬਰ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਜਿੱਤੇ ਸਨ। ਭਾਜਪਾ ਅਤੇ ਆਰਐੱਸਐੱਸ ਨਾਲ ਸਬੰਧਿਤ ਓਵਰਸੀਜ਼ ਫਰੈਂਡਸ ਆਫ ਬੀਜੇਪੀ (OFBJP) ਸੰਸਥਾ ਵੱਲੋਂ ਤਨਮਨਜੀਤ ਸਿੰਘ ਢੇਸੀ ਨੂੰ ਹਰਾਉਣ ਲਈ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ। ਢੇਸੀ ਤੋਂ ਇਲਾਵਾ ਇਸ ਸੰਸਥਾ ਉਹਨਾਂ 50 ਦੇ ਕਰੀਬ ਲੇਬਰ ਪਾਰਟੀ ਨਾਲ ਸਬੰਧਿਤ ਮੈਂਬਰਾਂ ਨੂੰ ਹਰਾਉਣ ਲਈ ਯਤਨਸ਼ੀਲ ਹੈ ਜਿਹਨਾਂ ਕਸ਼ਮੀਰੀ ਸੰਘਰਸ਼ ਦੀ ਹਮਾਇਤ ਕਰਦਿਆਂ ਕਸ਼ਮੀਰੀਆਂ ਲਈ ਸਵੈ-ਨਿਰਣੇ ਦੇ ਹੱਕ ਦੀ ਮੰਗ ਕੀਤੀ ਸੀ।

ਢੇਸੀ ਨੂੰ ਹਰਾਉਣ ਲਈ ਹਿੰਦੂਆਂ ਨੂੰ ਕੀਤੀ ਜਾ ਰਹੀ ਹੈ ਅਪੀਲ
ਭਾਜਪਾ ਅਤੇ ਆਰਐਸਐਸ ਵੱਲੋਂ ਢੇਸੀ ਦੇ ਹਲਕੇ ਸਲੋਹ ਵਿੱਚ ਪਰਚੇ ਵੰਡ ਕੇ ਹਿੰਦੂ ਵੋਟਰਾਂ ਨੂੰ ਢੇਸੀ ਦੇ ਖਿਲਾਫ ਵੋਟਾਂ ਪਾਉਣ ਲਈ ਕਿਹਾ ਜਾ ਰਿਹਾ ਹੈ। ਇਸ ਪਰਚੇ ਵਿੱਚ ਕਿਹਾ ਗਿਆ ਹੈ ਕਿ ਢੇਸੀ ਵੱਲੋਂ ਕਸ਼ਮੀਰ, ਫਲਸਤੀਨ ਅਤੇ ਮਿਆਂਮਾਰ ਵਿੱਚ ਮੁਸਲਮਾਨਾਂ ਦਾ ਸਮਰਥਨ ਕੀਤਾ ਗਿਆ।


(ਖੱਬੇ) ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੁਲਦੀਪ ਸ਼ੇਖਾਵਤ; (ਸੱਜੇ) ਤਨਮਨਜੀਤ ਸਿੰਘ ਢੇਸੀ

ਜੀਓ ਨਿਊਜ਼ ਵੱਲੋਂ ਛਾਪੀ ਖਬਰ ਵਿੱਚ ਢੇਸੀ ਨੇ ਕਿਹਾ ਕਿ ਭਾਰਤੀ ਕੱਟੜਪੰਥੀ ਸੰਸਥਾਵਾਂ ਆਰਐਸਐਸ ਅਤੇ ਭਾਜਪਾ ਨਾਲ ਸਬੰਧਿਤ ਬ੍ਰਿਟੇਨ ਵਿੱਚ ਮੋਜੂਦ ਭਾਰਤੀ ਕੱਟੜਪੰਥੀ ਲੇਬਰ ਪਾਰਟੀ ਦੇ ਸੰਸਦ ਮੈਂਬਰਾਂ ਖਿਲਾਫ ਨਫਰਤ ਅਤੇ ਸੰਪਰਦਾਇਕਤਾ ਫੈਲਾ ਰਹੇ ਹਨ। 

ਉਹਨਾਂ ਕਿਹਾ, "ਆਰਐੱਸਐੱਸ ਨਹੀਂ ਚਾਹੁੰਦੀ ਕਿ ਮੈਂ ਬਰਤਾਨਵੀ ਪਾਰਲੀਮੈਂਟ ਵਿੱਚ ਜਾਵਾਂ ਕਿਉਂਕਿ ਮੈਂ ਮਨੁੱਖੀ ਹੱਕਾਂ ਲਈ ਨਿਡਰ ਹੋ ਕੇ ਬੋਲਦਾ ਹਾਂ।"

ਢੇਸੀ ਨੇ ਕਿਹਾ, "ਉਹ ਲੇਬਰ ਪਾਰਟੀ ਖਿਲਾਫ ਅਤੇ ਖਾਸ ਕਰਕੇ ਉਹਨਾਂ ਮੈਬਰਾਂ ਖਿਲਾਫ ਨਫਰਤ ਪੈਦਾ ਕਰ ਰਹੇ ਹਨ ਜਿਹਨਾਂ ਨੇ ਕਸ਼ਮੀਰ, ਫਲਸਤੀਨ, ਮਿਆਂਮਾਰ ਅਤੇ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਹੋ ਰਹੇ ਜ਼ੁਲਮਾਂ ਅਤੇ ਮਨੁੱਖੀ ਹੱਕਾਂ ਦੇ ਘਾਣ ਖਿਲਾਫ ਅਵਾਜ਼ ਚੁੱਕੀ।"

ਸਿੱਖ ਆਗੂ ਨੇ ਇਹਨਾਂ ਧਮਕੀਆਂ ਅੱਗੇ ਨਾ ਝੁਕਣ ਦਾ ਅਹਿਦ ਕਰਦਿਆਂ ਕਿਹਾ, "ਮੈਂ ਆਪਣੇ ਰਾਹ 'ਤੇ ਨਿਡਰ ਹੋ ਕੇ ਤੁਰਦਾ ਰਹਾਂਗਾ। ਭਾਜਪਾ ਅਤੇ ਆਰਐੱਸਐੱਸ ਦੇ ਨਿਸ਼ਾਨਿਆਂ ਵਾਲੀ ਸੂਚੀ ਵਿੱਚ ਆਪਣਾ ਨਾਂ ਹੋਣ ਦੀ ਮੈਨੂੰ ਕੋਈ ਪ੍ਰਵਾਹ ਨਹੀਂ ਹੈ। ਮੈਂ ਸੱਚ ਲਈ ਹਮੇਸ਼ਾ ਅਵਾਜ਼ ਚੁੱਕਦਾ ਰਹਾਂਗਾ। ਕਸ਼ਮੀਰ, ਮਿਆਂਮਾਰ, ਫਲਸਤੀਨ ਦੇ ਲੋਕਾਂ ਲਈ ਬੋਲਣਾ ਸਾਡੀ ਜ਼ਿੰਮੇਵਾਰੀ ਹੈ।"

ਉਹਨਾਂ ਕਿਹਾ, "ਬੜੀ ਮੰਦਭਾਗੀ ਗੱਲ ਹੈ ਕਿ ਭਾਜਪਾ ਵਰਗੀ ਸੰਸਥਾ ਬਰਤਾਨੀਆ ਵਰਗੇ ਦੇਸ਼ਾਂ ਵਿੱਚ ਵੀ ਨਫਰਤ ਫੈਲਾ ਰਹੀ ਹੈ ਜਿੱਥੇ ਸਿਵਲ ਅਤੇ ਰਾਜਨੀਤਕ ਵਿਚਾਰ ਪ੍ਰਵਾਹ ਸਹਿਣਸ਼ੀਲਤਾ ਅਤੇ ਸਦਭਾਵਨਾ ਨਾਲ ਪ੍ਰਭਾਸ਼ਿਤ ਕੀਤੇ ਜਾਂਦੇ ਹਨ।"

ਉਹਨਾਂ ਕਿਹਾ ਕਿ ਅਜਿਹਾ ਪ੍ਰਤੀਤ ਹੋ ਰਿਹਾ ਹੈ ਜਿਵੇਂ ਭਾਜਪਾ ਅਤੇ ਆਰਐੱਸਐੱਸ ਇਹ ਨਫਰਤ ਭਰੀਆਂ ਕਾਰਵਾਈਆਂ ਕੰਜ਼ਰਵੇਟਿਵ ਪਾਰਟੀ ਦੀ ਮਦਦ ਨਾਲ ਕਰ ਰਹੀਆਂ ਹਨ। 
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।