ਸਾਡੇ ਕੋਲ ਕੋਈ ਅੰਕੜਾ ਨਹੀਂ ਕਿ ਬਾਲਾਕੋਟ ਹਮਲੇ ਵਿਚ ਕਿੰਨੀਆਂ ਮੌਤਾਂ ਹੋਈਆਂ: ਭਾਰਤੀ ਹਵਾਈ ਫੌਜ ਮੁਖੀ

ਸਾਡੇ ਕੋਲ ਕੋਈ ਅੰਕੜਾ ਨਹੀਂ ਕਿ ਬਾਲਾਕੋਟ ਹਮਲੇ ਵਿਚ ਕਿੰਨੀਆਂ ਮੌਤਾਂ ਹੋਈਆਂ: ਭਾਰਤੀ ਹਵਾਈ ਫੌਜ ਮੁਖੀ
ਏਅਰ ਚੀਫ ਮਾਰਸ਼ਲ ਬੀ ਐਸ ਧਨੋਆ

ਨਵੀਂ ਦਿੱਲੀ: ਭਾਰਤ ਵਲੋਂ ਪਾਕਿਸਤਾਨ ਦੇ ਪ੍ਰਬੰਧ ਹੇਠਲੇ ਕਸ਼ਮੀਰ ਦੇ ਬਾਲਾਕੋਟ ਖੇਤਰ ਵਿਚ ਕੀਤੇ ਗਏ ਹਵਾਈ ਹਮਲੇ ਸਬੰਧੀ ਭਾਰਤੀ ਮੀਡੀਆ ਅਤੇ ਸਿਆਸਤਦਾਨਾਂ ਵਲੋਂ ਮਾਰੇ ਜਾ ਰਹੇ ਦਗਮਜਿਆਂ ਨੂੰ ਭਾਰਤੀ ਹਵਾਈ ਫੌਜ ਮੁਖੀ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਅੱਜ ਪੱਤਰਕਾਰਾਂ ਨਾਲ ਗੱਲ ਕਰਦਿਆਂ ਏਅਰ ਚੀਫ ਮਾਰਸ਼ਲ ਬੀ ਐਸ ਧਨੋਆ ਨੇ ਕਿਹਾ ਕਿ ਸਾਡੇ ਕੋਲ ਸਿਰਫ ਉਨ੍ਹਾਂ ਨਿਸ਼ਾਨਿਆਂ ਦੀ ਗਿਣਤੀ ਹੈ ਜਿਹਨਾਂ 'ਤੇ ਬੰਬ ਸੁੱਟੇ ਗਏ ਪਰ ਇਸ ਹਮਲੇ ਵਿਚ ਕਿੰਨੇ ਲੋਕਾਂ ਦੀ ਮੌਤ ਹੋਈ ਇਸ ਬਾਰੇ ਹਵਾਈ ਫੌਜ ਨੂੰ ਕੁੱਝ ਨਹੀਂ ਪਤਾ। 

ਉਨ੍ਹਾਂ ਕਿਹਾ, "ਭਾਰਤੀ ਹਵਾਈ ਫੌਜ ਹਮਲੇ ਵਿਚ ਹੋਈਆਂ ਮੌਤਾਂ ਦੀ ਗਿਣਤੀ ਦੱਸਣ ਦੀ ਸਥਿਤੀ ਵਿਚ ਨਹੀਂ ਹੈ। ਇਸ ਬਾਰੇ ਸਰਕਾਰ ਹੀ ਦੱਸੇਗੀ।"

ਗੌਰਤਲਬ ਹੈ ਕਿ ਬੀਤੇ ਦਿਨ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਨੇ ਇਹਨਾਂ ਹਮਲਿਆਂ ਤੋਂ ਚੋਣਾਂ ਵਿਚ ਲਾਹਾ ਲੈਣ ਲਈ ਬਿਆਨ ਦਿੱਤਾ ਸੀ ਕਿ ਪੁਲਵਾਮਾ ਹਮਲੇ ਤੋਂ ਬਾਅਦ ਮੋਦੀ ਨੇ ਬਾਲਾਕੋਟ ਵਿਚ 250 ਤੋਂ ਵੱਧ ਅੱਤਵਾਦੀਆਂ ਨੂੰ ਮਾਰ ਕੇ ਜਵਾਬ ਦਿੱਤਾ ਹੈ।

ਪਾਕਿਸਤਾਨ ਵਲੋਂ ਸੁੱਟੇ ਗਏ ਭਾਰਤ ਦੇ ਮਿਗ-21 ਜਹਾਜ਼ 'ਤੇ ਉੱਠ ਰਹੇ ਸਵਾਲਾਂ ਬਾਰੇ ਬੋਲਦਿਆਂ ਧਨੋਆ ਨੇ ਕਿਹਾ ਕਿ ਮਿਗ-21 ਨੂੰ ਤਕਨੀਕੀ ਪੱਖ ਤੋਂ ਅਪਗ੍ਰੇਡ ਕੀਤਾ ਗਿਆ ਹੈ ਤੇ ਇਹ ਇਕ ਚੰਗਾ ਜੰਗੀ ਜਹਾਜ਼ ਹੈ। 

ਪਾਕਿਸਤਾਨ ਵਲੋਂ ਸ਼ਾਂਤੀ ਦੇ ਸੁਨੇਹੇ ਵਜੋਂ ਰਿਹਾਅ ਕੀਤੇ ਗਏ ਭਾਰਤੀ ਪਾਇਲਟ ਅਭਿਨੰਦਨ ਵਰਥਮਾਨ ਸਬੰਧੀ ਧਨੋਆ ਨੇ ਕਿਹਾ ਕਿ ਉਨ੍ਹਾਂ ਦੀ ਸ਼ਰੀਰਕ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਉਹ ਦੁਬਾਰਾ ਜੰਗੀ ਜਹਾਜ਼ ਉਡਾ ਸਕਣਗੇ ਜਾ ਨਹੀਂ। 

ਗੌਰਤਲਬ ਹੈ ਕਿ ਪਾਕਿਸਤਾਨ ਵਲੋਂ ਭਾਰਤੀ ਮੀਡੀਆ ਅਤੇ ਸਿਆਸਤਦਾਨਾਂ ਦੇ ਉਨ੍ਹਾਂ ਦਾਅਵਿਆਂ ਨੂੰ ਪਹਿਲਾਂ ਹੀ ਰੱਦ ਕੀਤਾ ਜਾ ਚੁੱਕਿਆ ਹੈ ਜਿਹਨਾਂ ਵਿਚ ਕਿਹਾ ਜਾ ਰਿਹਾ ਸੀ ਕਿ ਬਾਲਾਕੋਟ ਹਮਲੇ ਵਿਚ 300 ਦੇ ਕਰੀਬ ਲੋਕ ਮਾਰੇ ਗਏ ਹਨ। ਅੰਤਰਰਾਸ਼ਟਰੀ ਖ਼ਬਰ ਅਦਾਰਿਆਂ ਨੇ ਵੀ ਅਜਿਹੇ ਦਾਅਵਿਆਂ ਨੂੰ ਨਕਾਰਿਆ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ