ਨਕੋਦਰ ਬੇਅਦਬੀ ਕਾਂਡ ਵਰਗੇ ਕਾਂਡ ਤਾਂ ਵਾਪਰਦੇ ਹੀ ਰਹਿੰਦੇ ਹਨ: ਬਾਦਲ

ਨਕੋਦਰ ਬੇਅਦਬੀ ਕਾਂਡ ਵਰਗੇ ਕਾਂਡ ਤਾਂ ਵਾਪਰਦੇ ਹੀ ਰਹਿੰਦੇ ਹਨ: ਬਾਦਲ

ਜਲੰਧਰ: ਸਿਆਸੀ ਚਲਾਕੀ ਦੇ ਮਹਾਰਥੀ ਮੰਨੇ ਜਾਂਦੇ ਬਾਦਲ ਦਲ ਦੇ ਰਹਿਨੁਮਾ ਪ੍ਰਕਾਸ਼ ਸਿੰਘ ਬਾਦਲ ਨੇ ਬੀਤੇ ਕੱਲ੍ਹ ਪੱਤਰਕਾਰਾਂ ਵੱਲੋਂ ਪੁੱਛੇ ਨਕੋਦਰ ਸਾਕੇ ਸਬੰਧੀ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਇਹੋ ਜਿਹੇ ਕਾਂਡ ਤਾਂ ਵਾਪਰਦੇ ਹੀ ਰਹਿੰਦੇ ਹਨ। 

ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਮੌਕੇ 1986 ਵਿੱਚ ਨਕੋਦਰ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਵਾਪਰੀ ਸੀ ਜਿਸ ਖਿਲਾਫ ਰੋਸ ਕਰ ਰਹੀਆਂ ਸਿੱਖ ਸੰਗਤਾਂ 'ਤੇ ਪੁਲਿਸ ਨੇ ਗੋਲੀ ਚਲਾ ਦਿੱਤੀ ਸੀ ਜਿਸ ਵਿੱਚ ਚਾਰ ਸਿੱਖ ਨੌਜਵਾਨ ਵਿਦਿਆਰਥੀ ਸ਼ਹੀਦ ਹੋ ਗਏ ਸਨ। ਇਸ ਮਾਮਲੇ ਵਿੱਚ ਇੱਕ ਦੋਸ਼ੀ ਦੇ ਬਤੌਰ ਦਰਬਾਰਾ ਸਿੰਘ ਗੁਰੂ ਦਾ ਨਾ ਆਉਂਦਾ ਹੈ ਜੋ ਉਸ ਸਮੇਂ ਨਕੋਦਰ ਵਿਖੇ ਬਤੌਰ ਪ੍ਰਸ਼ਾਸਨਿਕ ਅਧਿਕਾਰੀ ਤੈਨਾਤ ਸੀ ਅਤੇ ਸਿੱਖ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਪਰਿਵਾਰਾਂ ਨੂੰ ਦਿੱਤੇ ਬਿਨ੍ਹਾਂ ਪ੍ਰਸ਼ਾਸਨ ਨੇ ਲਵਾਰਿਸ ਲਾਸ਼ਾਂ ਦੱਸ ਕੇ ਸਾੜ ਦਿੱਤੀਆਂ ਸਨ। ਇਹ ਸਾਰੀ ਕਾਰਵਾਈ ਦਰਬਾਰਾ ਸਿੰਘ ਗੁਰੂ ਦੀ ਦੇਖਰੇਖ ਹੇਠ ਹੋਈ ਸੀ, ਜਿਸ ਨੂੰ ਬਾਦਲ ਦਲ ਨੇ ਫਤਹਿਗੜ੍ਹ ਸਾਹਿਬ ਹਲਕੇ ਤੋਂ ਆਪਣਾ ਉਮੀਦਵਾਰ ਬਣਾਇਆ ਹੈ।

ਜਦੋਂ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਬਾਰੇ ਸਵਾਲ ਕੀਤਾ ਗਿਆ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਹੋ ਜਿਹੇ ਕਾਂਡ ਮਾੜੇ ਤਾਂ ਹਨ ਪਰ ਅਜਿਹੇ ਕਾਂਡ ਵਾਪਰਦੇ ਰਹਿੰਦੇ ਹਨ। ਪੱਤਰਕਾਰਾਂ ਦੇ ਸਵਾਲਾਂ ਵਿੱਚ ਘਿਰੇ ਹੋਏ ਬਾਦਲ ਨੂੰ ਬਚਾਉਣ ਲਈ ਅਕਾਲੀ ਦਲ ਦੇ ਸਮਰਥਕ ਉੱਚੀ- ਉੱਚੀ ਜੈਕਾਰੇ ਲਾਉਣ ਲੱਗ ਪਏ।

ਲੋਕ ਸਭਾ ਚੋਣਾਂ ’ਚ ਬੇਅਦਬੀ ਕਾਂਡ ਚੋਣ ਮੁੱਦਾ ਹੋਣ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਵੀ ਬਾਦਲ ਨੇ ਕਿਹਾ ਕਿ ਹੁਣ ਬੇਅਦਬੀ ਕੋਈ ਮੁੱਦਾ ਨਹੀਂ ਰਹਿ ਗਿਆ। ਉਨ੍ਹਾਂ ਕਿਹਾ ਕਿ ਬਾਲਾਕੋਟ ਵੱਡਾ ਮੁੱਦਾ ਬਣ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਲਾਕੋਟ ਵਰਗੀ ਕਾਰਵਾਈ ਕਰਕੇ ਕਮਾਲ ਕਰ ਦਿੱਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬੇਅਦਬੀ ਅਸੀਂ ਨਹੀਂ ਕੀਤੀ ਸਗੋਂ ਕਾਂਗਰਸ ਨੇ ਕੀਤੀ ਹੈ। ਸ੍ਰੀ ਦਰਬਾਰ ਸਾਹਿਬ ’ਤੇ ਫੌਜਾਂ ਚਾੜ੍ਹੀਆਂ, ਨਵੰਬਰ ’84 ’ਚ ਬੇਗੁਨਾਹ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਇਹ ਸਾਰਾ ਕੁਝ ਕਾਂਗਰਸ ਨੇ ਹੀ ਕੀਤਾ ਸੀ।

ਪੰਜਾਬ ਵਿੱਚ ਹੋਏ ਝੂਠੇ ਪੁਲੀਸ ਮੁਕਾਬਲਿਆਂ ਬਾਰੇ ਪੁੱਛੇ ਸਵਾਲਾਂ ਦਾ ਸਿੱਧਾ ਜਵਾਬ ਦਿੰਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਜਿਨ੍ਹਾਂ ਪੁਲੀਸ ਅਫਸਰਾਂ ਨੇ ਝੂਠੇ ਮੁਕਾਬਲੇ ਕੀਤੇ ਸਨ, ਉਨ੍ਹਾਂ ਨੂੰ 10-10 ਸਾਲ ਦੀ ਸਜ਼ਾ ਵੀ ਹੋਈ ਸੀ। ਸ਼੍ਰੋਮਣੀ ਅਕਾਲੀ ਦਲ ਦੇ ਮਨੁੱਖੀ ਅਧਿਕਾਰ ਵਿੰਗ ਦੇ ਜਨਰਲ ਸਕੱਤਰ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਪੰਜਾਬ ਵਿੱਚ 25 ਹਜ਼ਾਰ ਲਾਸ਼ਾਂ ਦਾ ਮੁੱਦਾ ਉਠਾਇਆ ਸੀ ਅਤੇ ਇਸ ਬਾਅਦ ਪੰਜਾਬ ਪੁਲੀਸ ਨੇ ਉਨ੍ਹਾਂ ਨੂੰ ਵੀ ਘਰੋਂ ਚੁੱਕ ਕੇ ਝੂਠੇ ਮੁਕਾਬਲੇ ਵਿੱਚ ਮਾਰ ਦਿੱਤਾ ਸੀ,ਦੀ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਜੋ ਖਡੂਰ ਸਾਹਿਬ ਤੋਂ ਚੋਣ ਲੜ ਰਹੀ ਹੈ, ਨੇ ਦਾਅਵਾ ਕੀਤਾ ਸੀ ਕਿ 1997 ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਪੁਲੀਸ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ। ਇਸ ਮਾਮਲੇ ’ਤੇ ਟਿੱਪਣੀ ਕਰਦਿਆਂ ਬਾਦਲ ਨੇ ਕਿਹਾ ਕਿ ਉਨ੍ਹਾਂ ਕੋਲ ਜਿਹੜਾ ਵੀ ਆਇਆ ਉਸ ਦੀ ਉਨ੍ਹਾਂ ਨੇ ਮਦਦ ਜ਼ਰੂਰ ਕੀਤੀ ਹੈ। ਬੀਬੀ ਖਾਲੜਾ ਬਾਰੇ ਕਿਹਾ ਕਿ ਉਨ੍ਹਾਂ ਦੀ ਵੀ ਜ਼ਰੂਰ ਮਦਦ ਕੀਤੀ ਹੋਵੇਗੀ।  ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਕਿਸੇ ਨਾਲ ਧੱਕਾ ਨਹੀਂ ਕੀਤਾ।

ਕਾਂਗਰਸ ’ਤੇ ਪੰਜਾਬ ਦੇ ਪਾਣੀ ਅਤੇ ਪੰਜਾਬੀ ਬੋਲਦੇ ਇਲਾਕੇ ਖੋਹਣ, ਰਾਜਧਾਨੀ ਨਾ ਦੇਣ ਸਮੇਤ ਹੋਰ ਕਈ ਤਰ੍ਹਾਂ ਦੇ ਚੋਣ ਰੈਲੀ ਵਿੱਚ ਲਾਏ ਦੋਸ਼ਾਂ ਬਾਰੇ ਜਦੋਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਤਾਂ ਇਨ੍ਹਾਂ ਮਸਲਿਆਂ ਦਾ ਹੱਲ ਕਰਾਉਣ ਲਈ ਉਨ੍ਹਾਂ ਨੇ ਛੇ ਸਾਲ ਵਾਜਪਾਈ ਦੀ ਸਰਕਾਰ ਅਤੇ ਪੰਜ ਸਾਲ ਮੋਦੀ ਦੀ ਸਰਕਾਰ ਵੇਲੇ ਯਤਨ ਕਿਉਂ ਨਹੀਂ ਕੀਤੇ? ਇਸ ਸਵਾਲ ਦਾ ਸਿੱਧਾ ਜਵਾਬ ਦੇਣ ਦੀ ਥਾਂ ਉਨ੍ਹਾਂ ਨੇ ਕਾਂਗਰਸ ’ਤੇ ਦੋਸ਼ ਮੜ੍ਹਦਿਆਂ ਕਿਹਾ ਕਿ ਉਨ੍ਹਾਂ ਨੇ ਹਰਿਆਣੇ ਵਿੱਚ ਸ਼੍ਰੋਮਣੀ ਕਮੇਟੀ ਨੂੰ ਤੋੜਨ ਦਾ ਯਤਨ ਕੀਤਾ ਸੀ। ਪੱਤਰਕਾਰਾਂ ਦੇ ਸਵਾਲਾਂ ਵਿੱਚ ਘਿਰੇ ਹੋਏ ਬਾਦਲ ਨੂੰ ਬਚਾਉਣ ਲਈ ਅਕਾਲੀ ਦਲ ਦੇ ਸਮਰਥਕ ਉੱਚੀ ਉੱਚੀ ਜੈਕਾਰੇ ਲਾਉਣ ਲੱਗ ਪਏ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ