ਸੂਰਮਤਾਈ ਦਾ ਮੁਜੱਸਮਾ ਬਾਬਾ ਬੰਦਾ ਸਿੰਘ ਬਹਾਦਰ ਜੀ

ਸੂਰਮਤਾਈ ਦਾ ਮੁਜੱਸਮਾ ਬਾਬਾ ਬੰਦਾ ਸਿੰਘ ਬਹਾਦਰ ਜੀ

 ਜੰਗ ਦੇ ਮੈਦਾਨ ਵਿਚ ਉਹ ਸੱਭ ਬਹਾਦਰਾਂ ਅਤੇ ਜੁਰਅਤ-ਭਰਿਆਂ ਵਿਚੋਂ ਇਕ ਹੁੰਦਾ ਅਤੇ ਕਦੇ ਤਾਂ ਜਾਨ ਦੀ ਪਰਵਾਹ ਹੀ ਨ ਕਰਦਾ

ਸਿੱਖ ਇਤਿਹਾਸ ਵਿਚ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਰਾਜ ਦਾ ਮੋਢੀ ਸੀ ਜੋ ਇਕ ਸੂਰਬੀਰ ਯੋਧਾ ਤੇ ਕੌਮ 'ਤੇ ਆਪਣਾ ਆਪਾ ਵਾਰਨ ਵਾਲਾ ਗੁਰੂ ਦਾ ਬਹਾਦਰ ਸਪੂਤ ਹੈ । ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਉਹ ਗੁਰੂ ਦੇ ਮੇਲ ਹੈ ਤੋਂ ਹੀ ਬੰਦਾ ਬਣਿਆ ਸੀ । 'ਬਾਬਾ ਬੰਦਾ ਸਿੰਘ ਬਹਾਦਰ ਆਪਣੇ ਸਮੇਂ ਦਾ ਇਕ ਉਤਮ ਦਰਜੇ ਦਾ ਸਿੱਖ ਯੋਧਾ ਸੀ । ਪ੍ਰਸਿੱਧ ਇਤਿਹਾਸਕਾਰ ਮੈਕਲੇਗਰ ਅਨੁਸਾਰ, "ਬੰਦਾ ਸਿੰਘ ਬਹਾਦਰ ਬਹਾਦਰਾਂ ਤੇ ਜਰਨੈਲਾਂ ਵਿਚ ਉੱਚੀ ਥਾਂ ਰੱਖਦਾ ਸੀ ।"  ਜੇਕਰ ਗੱਲ ਬੰਦਾ ਸਿੰਘ ਬਹਾਦਰ ਜੀ ਦੇ ਬਚਪਨ ਦੀ ਕੀਤੀ ਜਾਵੇ ਤਾਂ ਉਨ੍ਹਾਂ ਦਾ ਨਾਂ 'ਲਛਮਣ ਦੇਵ' ਸੀ, ਪਿਤਾ ਦਾ ਨਾਮ 'ਰਾਮ ਦੇਵ' ਸੀ, ਜੋ ਭਾਰਦਵਾਜ ਰਾਜਪੂਤ ਸੀ । ਬੰਦਾ ਸਿੰਘ ਦੀ ਹਾਲਤ ਆਂਮ ਲੋਕਾਂ ਵਾਂਗ ਹੀ ਸੀ, ਪਰ ਰਾਜਪੂਤ ਦਾ ਪੁੱਤਰ ਹੋਣ ਕਰਕੇ ਨਿੱਕਿਆਂ ਹੁੰਦਿਆਂ ਹੋਇਆ  ਹੀ ਉਹ ਸੱਭ ਹੁਨਰ ਸਿੱਖ ਲਏ, ਜੋ ਰਾਜਪੂਤਾ ਲਈ ਜ਼ਰੂਰੀ ਸਨ।  ਬੰਦਾ ਸਿੰਘ ਬਹਾਦਰ ਨੂੰ ਸ਼ਿਕਾਰ ਦਾ ਬਹੁਤ ਸ਼ੌਕ ਸੀ, ਅਤੇ ਉਸ ਸਮੇਂ ਤੀਰ ਕਮਾਨ ਦਾ ਵੀ ਬਹੁਤ ਰਿਵਾਜ ਸੀ। ਬੰਦਾ ਸਿੰਘ ਬਹਾਦਰ ਨੂੰ ਆਪਣਾ ਸ਼ੋਕ ਪੂਰਾ ਕਰਨ ਲਈ ਬਹੁਤ ਮੌਕੇ ਮਿਲਦੇ ਸਨ । ਕਿਸ ਨੂੰ ਪਤਾ ਸੀ ਕਿ ਇਸ ਸ਼ਿਕਾਰੀ ਦਾ ਦਿਲ ਐਸਾ ਕਮਜ਼ੋਰ ਹੋ ਜਾਵੇਗਾ ਜੋ ਇਕ ਸੱਟ ਨੂੰ ਦੇਖ ਕੇ ਵੈਰਾਗੀ ਬਣ ਜਾਵੇਗਾ । ਗੱਲ ਉਸ ਸਮੇਂ ਦੀ ਹੈ ਜਦੋ ਲਛਮਣ ਦਾਸ ਸ਼ਿਕਾਰ ਲਈ ਜੰਗਲ ਗਿਆ ਤੇ ਸ਼ਿਕਾਰ ਵਿਚ ਹਰਨੀ ਮਾਰੀ ਗਈ, ਜਦੋਂ ਉਸ ਦਾ ਢਿੱਡ ਚੀਰਿਆ ਗਿਆ ਤਾ ਉਸ ਵਿਚੋਂ ਦੋ ਬੱਚੇ ਨਿਕਲੇ, ਜੋ ਅੱਖਾਂ ਸਾਹਮਣੇ ਹੀ ਤੜਪ ਕੇ ਮਰ ਗਏ ।  ਇਸ ਘਟਨਾ ਨਾਲ ਸ਼ਿਕਾਰੀ ਮਨ ਨੇ ਠੋਕਰ ਖਾਧੀ ਤੇ ਦੁਨੀਂਆ ਤੋਂ ਉਦਾਸ ਹੋ ਗਿਆ ਇਸ ਦੇ ਨਾਲ ਹੀ ਉਸ ਦੀ ਹਰ ਇਕ ਚੀਜ਼ ਤੋਂ ਉਪਰਮਤਾ ਜਹੀ ਹੋ ਗਈ । ਅਜਿਹੇ ਸਮੇਂ ਵਿਚ ਜਾਨਕੀ ਪ੍ਰਸ਼ਾਦ ਨਾਲ ਮੁਲਾਕਾਤ ਹੋ ਗਈ, ਜਿਸ ਦੀ ਸਿੱਖਿਆ ਨਾਲ ਅਜਿਹਾ ਅਸਰ ਲਛਮਨ ਦਾਸ ਦੇ ਮਨ ਤੇ ਹੋਇਆ ਕਿ ਉਹ ਘਰ ਬਾਰ ਛੱਡ ਕੇ ਵੈਰਾਗੀ ਬਣ ਗਿਆ  ਤੇ ਇਸ ਵੈਰਾਗੀ ਭੇਖ ਵੱਲੋਂ ਆਪ ਦਾ ਨਾਂ ਮਾਧੋ ਦਾਸ ਪੈ ਗਿਆ । '  'ਇਸ ਮਾਧੋ ਦਾਸ ਦਾ ਮਿਲਾਪ ਜਦੋਂ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਇਆ ਤਾਂ ਉਸ ਦੇ ਦਿਲ ਨੂੰ ਠੋਕਰ ਲੱਗੀ ਅਤੇ ਮਨ ਮੰਨ ਗਿਆ ਕਿ ਇਹ ਮੇਰੇ ਸਾਹਿਬ ਹਨ ਅਤੇ ਮੈਂ ਇਨ੍ਹਾਂ ਦਾ ਬੰਦਾ ਹਾਂ , ਬੰਦਾ ਸਿੰਘ ਬਹਾਦਰ ਜਿਸ ਤਰ੍ਹਾਂ ਤੂਫਾਨ ਬਣ ਕੇ ਪੰਜਾਬ ਵਿਚ ਵਿਚਰਿਆ ਸੀ ਉਸ ਨੇ ਪੰਜਾਬ ਦੀ ਮੁਗਲ ਹਕੂਮਤ ਨੂੰ ਦੇਖਦਿਆਂ ਹੀ ਦੇਖਦਿਆਂ ਉਲਟਾ ਦਿੱਤਾ ।  ਇਸ ਤਰ੍ਹਾਂ ਦਾ ਕੰਮ ਕੋਈ ਸੂਖਮ ਸੋਚ ਵਾਲਾ ਜੁਝਾਰੂ ਯੋਧਾ ਤੇ ਜੰਗੀ ਜਰਨੈਲ ਹੀ ਕਰ ਸਕਦਾ ਹੈ । ਬਾਬਾ ਬੰਦਾ ਸਿੰਘ ਬਹਾਦਰ ਇਕ ਅਜਿਹਾ ਸੂਰਬੀਰ ਬਹਾਦਰ ਸੀ ਜੋ ਆਪਣੀ  ਕਹਿਣੀ ਤੇ ਕਰਨੀ ਦਾ ਪਰਪੱਕ ਤੇ ਅਕਿਦੇ ਦਾ ਧਾਰਨੀ ਗੁਰੂ ਦਾ ਸਿੱਖ ਸੀ । ਬਾਬਾ ਬੰਦਾ ਸਿੰਘ ਬਹਾਦਰ ਉਹ ਸੂਰਮਾ ਸੀ ਜਿਸ ਵਿਚ ਵੀਰ ਨਾਇਕ ਦੀਆਂ ਉਹ ਸਾਰੀਆਂ ਵਿਸ਼ੇਸ਼ਤਾਵਾਂ ਸਨ ਜੋ ਉਸ ਦੇ ਨਾਇਕਤਵ ਨੂੰ ਰੋਸ਼ਨ ਕਰਦੀਆਂ ਸਨ ਇਨ੍ਹਾਂ ਗੁਣਾ ਸਦਕੇ ਹੀ ਸਿੱਖ ਧਰਮ ਦੇ ਇਤਿਹਾਸ ਵਿਚ ਉਸ ਨੂੰ ਸਿੱਖ ਰਾਜ ਦਾ ਮੋਢੀ ਕਿਹਾ ਜਾਂਦਾ ਹੈ ।

ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਦੀ ਦਾਸਤਾਨ ਅਜਿਹੀ ਸੀ ਜਿਸ ਨੂੰ ਸੁਣ ਕੇ ਮਨੋ ਵਿਸ਼ਵਾਸ ਨਹੀਂ ਹੁੰਦਾ ਕਿ ਕੋਈ ਇਨ੍ਹਾਂ ਵੀ ਜਾਲਮ ਹੁੰਦਾ ਹੈ । "ਮਾਰਚ 1715 ਈ: ਨੂੰ ਜਦੋਂ ਬਾਦਸ਼ਾਹ ਫ਼ਰਖ਼ਸੀਅਰ ਨੇ ਬੰਦਾ ਸਿੰਘ ਬਹਾਦਰ ਦੀ ਗ੍ਰਿਫ਼ਤਾਰੀ ਦਾ ਬੜਾ ਸਖ਼ਤ ਹੁਕਮ ਜਾਰੀ ਕੀਤਾ ਤਦ ਅਬਦੁੱਸਮੱਦ ਖ਼ਾਂ ਦਲੇਰੇ-ਜੰਗ ਪੰਜਾਬ ਦੇ ਸਾਰੇ ਫ਼ੌਜਦਾਰਾਂ ਤੇ ਚੌਧਰੀਆਂ ਨੂੰ ਨਾਲ ਲੈ ਕੇ ਬੰਦਾ ਸਿੰਘ ਤੇ ਉਸ ਦੇ ਸਾਥੀਆਂ ਨੂੰ ਫੜਨ ਲਈ ਚੜ੍ਹਿਆ । ਕੋਟ ਮਿਰਜ਼ਾ ਜਾਨ ਕੋਲ ਆਪਸੀ ਝੜਪ ਵਿਚ ਥੋੜੀ ਜੇਹੀ ਲੜਾਈ ਪਿਛੋਂ ਸਿੱਖ ਗੁਰਦਾਸ ਨੰਗਲ ਦੀ ਗੜ੍ਹੀ ਚਲੇ ਗਏ । ਇਹ ਗੜ੍ਹੀ ਗੁਰਦਾਸਪੁਰ ਜ਼ਿਲ੍ਹੇ ਵਿਚ ਗੁਰਦਾਸ ਨੰਗਲ ਦੀ ਗੜ੍ਹੀ ਨਾਲ ਮਸ਼ਹੂਰ ਸੀ ਜਿਸ ਦੇ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਸਿੰਘ ਸੂਰਮੇ ਬੇਠੈ ਸਨ ਜਿਨ੍ਹਾਂ ਨੂੰ ਦੁਸ਼ਮਣਾ ਦੀ ਲੱਖਾਂ ਗਿਣਤੀ ਨੇ ਇਸ ਗੜ੍ਹੀ ਵਿਚ ਘੇਰਾ ਪਾ ਲਿਆ ਸੀ । ਦਲੇਰੇ-ਜੰਗ ਦੇ ਇਸ ਘੇਰੇ ਦੀ ਖ਼ਬਰ ਬਾਦਸ਼ਾਹ ਕੋਲ  17 ਅਪ੍ਰੈਲ 1715 ਈ ਨੂੰ ਪੁੱਜ ਗਈ । ਸਿੰਘ ਸੈਂਕੜਿਆਂ ਦੀ ਗਿਣਤੀ ਵਿਚ ਸਨ ਤੇ ਮੁਗ਼ਲ ਸੈਨਾ ਲੱਖਾਂ ਵਿਚ ਦੀ ਗਿਣਤੀ ਮੋਜੂਦ ਸੀ, ਇਤਿਹਾਸ ਵਿਚ ਇਹ ਘੇਰਾ ਸੱਭ ਤੋਂ ਲੰਮਾ ਘੇਰਾ ਸੀ ਜੋ ਤਕਰੀਬਨ ਅੱਠ ਮਹੀਨੇ ਕਾਇਮ ਰਿਹਾ ।"  ਘੇਰਾ ਹੋਣ ਦੇ ਬਾਵਜੂਦ ਵੀ ਕੋਈ ਮੁਗਲ ਸੈਨੀਕ ਗੜ੍ਹੀ ਦੇ ਅੰਦਰ ਦਾਖ਼ਲ ਹੋਣ ਦੀ ਹਿੰਮਤ ਨਹੀਂ ਸੀ ਕਰ ਸਕਿਆ । ਇਸ ਤੋਂ ਪਤਾ ਚੱਲ ਜਾਂਦਾ ਹੈ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਧਰਮ ਦਾ ਉਹ ਨਾਇਕ ਸੀ ਜਿਸ ਦੀ ਅਗਵਾਹੀ ਵਿਚ ਸਿੱਖ ਕੌਮ ਨੇ ਸੂਰਬੀਰਾਂ ਦੀ ਕੌਮ ਦਾ ਇਤਿਹਾਸ ਸਿਰਜਿਆ । ਇਤਿਹਾਸ ਦਾ ਇਹ ਉਹ ਘੇਰਾ ਸੀ ਜਿਸ ਵਿਚ ਸਿੱਖ ਕੌਮ ਦੇ ਵੀਰ ਨਾਇਕਾ ਦੇ ਸਬਰ ਤੇ ਸਿਦਕ ਨੂੰ ਪਰਖਿਆ ਗਿਆ ਸੀ; ਜਿਸ ਨੂੰ ਦੇਣ ਵਿਚ ਉਹ ਕਾਮਯਾਬ ਵੀ ਹੋਏ । "ਅੰਤ ਮੁਗ਼ਲ ਸੈਨਾਂ ਨੇ ਇਸ ਕੂਟ ਨੀਤੀ ਦਾ ਆਸਰਾ ਲੈ ਕੇ ਸਿੱਖ ਯੋਧਿਆ ਨਾਲ ਧੋਖਾ ਕੀਤਾ । ਉਨ੍ਹਾਂ ਨੇ ਬੰਦਾ ਸਿੰਘ ਨੂੰ ਕੁਝ ਸ਼ਰਤਾਂ ਭੇਜੀਆਂ, ਇਨ੍ਹਾਂ ਸ਼ਰਤਾਂ ਦੀ ਪੁਸ਼ਟੀ ਵਾਸਤੇ ਉਨ੍ਹਾਂ  ਨੇ ਕੁਰਾਨ ਸ਼ਰੀਫ਼ ਦੀਆਂ ਕਸਮਾਂ ਖਾਧੀਆਂ ਤੇ ਬੰਦਾ ਸਿੰਘ ਵਾਸਤੇ ਕੁਝ ਨਜ਼ਰਾਨਾ ਭੇਜਿਆ, ਵਿਸ਼ਵਾਸ਼ ਕਰ ਕੇ ਬੰਦਾ ਸਿੰਘ ਨੇ ਹਾਲਾਤਾ ਨੂੰ ਵੇਖਦੇ ਹੋਏ ਸ਼ਰਤਾ ਮੰਨ ਲਈ ਤੇ 17ਦਸੰਬਰ 1715 ਈ: ਨੂੰ ਬਾਬਾ ਬੰਦਾ ਸਿੰਘ ਬਹਾਦਰ  ਨੇ ਗੜ੍ਹੀ ਦਾ ਬੂਹਾ ਖੋਲ੍ਹ ਦਿੱਤਾ ਪਰ ਮੁਗ਼ਲਾਂ ਨੇ ਸਭ ਕਸਮਾਂ ਭੁਲਾ ਕੇ ਬੰਦਾ ਸਿੰਘ ਨੂੰ ਤੇ ਉਨ੍ਹਾਂ ਨਾਲ ਭੁੱਖੇ ਤਿਹਾਏ ਲਗਭਗ ਸਾਢੇ ਸੱਤ ਸੌ ਸਿੰਘਾਂ ਸਮੇਤ ਗ੍ਰਿਫਤਾਰ ਕੀਤਾ ਗਿਆ ।" ਗ੍ਰਿਫਤਾਰੀ ਮਗਰੋ ਲਾਹੌਰ ਤੋਂ ਜ਼ਕਰੀਆ ਖਾਂ ਦੀ ਨਿਗਰਾਨੀ ਵਿਚ ਬਾਬਾ ਬੰਦਾ ਸਿੰਘ ਬਹਾਦਰ ਦਿੱਲੀ ਨੂੰ ਤੌਰ ਦਿੱਤਾ।  ਬੰਦਾ ਸਿੰਘ ਨੂੰ ਇਸ ਤਰ੍ਹਾਂ ਜਕੜਿਆ ਹੋਇਆ ਸੀ ਜਿਵੇਂ ਕਿਸੇ ਸ਼ੇਰ ਨੂੰ ਕੈਦ ਕੀਤਾ ਗਿਆ ਸੀ, ਪੈਂਰੀ ਬੇੜੀਆਂ, ਗੋਡਿਆਂ ਛੱਲੇ, ਲੱਕ ਦੁਆਲੇ ਸੰਗਲ ਤੇ ਗੱਲ ਵਿਚ ਕੁੰਡਲ ਪਾਏ ਹੋਏ ਸਨ । ਇਨ੍ਹਾਂ ਨੂੰ ਲੱਕੜੀ ਦੇ ਡੰਡਿਆਂ ਨਾਲ ਗੰਢਿੰਆਂ ਹੋਇਆ ਸੀ । ਜ਼ੰਜ਼ੀਰਾਂ ਵਿਚ ਜਕੜੇ ਹੋਏ ਜਰਨੈਲ ਨੂੰ ਪਿੰਜਰੇ ਵਿਚ ਬੰਦ ਕਰਕੇ ਹਾਥੀ ਉੱਤੇ ਬੈਠਾਇਆ ਹੋਇਆ ਸੀ । ਇਕ ਨੰਗੀ ਤਲਵਾਰ ਸਿਪਾਈ ਨੂੰ ਫੜਾਈ ਗਈ ਸੀ ਤਾਂ ਜੋ ਬਾਬਾ ਬੰਦਾ ਸਿੰਘ ਬਹਾਦਰ ਉਸ ਪਿੰਜਰੇ ਤੋਂ ਬਾਹਰ ਨਾ ਨਿਕਲਣ । ਇਹ ਇਸ ਗੱਲ ਦਾ ਸਬੂਤ ਸੀ ਕਿ ਅਜੇ ਵੀ ਮੁਗਲ ਸੈਨਾ ਦੇ ਮਨਾ ਵਿਚ ਬਾਬਾ ਬੰਦਾ ਸਿੰਘ ਬਹਾਦਰ ਦਾ ਏਨਾ ਖ਼ੋਫ ਸੀ  । 

  "ਔਰਗਾਬਾਦੀ ਅਨੁਸਾਰ ਜਦ ਸਿੱਖਾਂ ਨੇ ਇਸਲਾਮ ਧਾਰਨ ਕਰਨ ਤੌ ਇਨਕਾਰ ਕਰ ਦਿੱਤਾ ਤਾਂ ਸ਼ਾਹੀ ਹੁਕਮ ਜਾਰੀ ਹੋਇਆ ਕਿ ਰੋਜ਼ਾਨਾ ਸੌ-ਸੌ ਸਿੱਖਾਂ ਨੂੰ ਕਤਲ ਕਰ ਕੇ ਸ਼ਹਿਰ ਘੁਮਾਇਆ ਜਾਏ । "ਪਰ ਇਨ੍ਹਾਂ ਸਿੰਘਾਂ ਵਿਚ ਵੀ ਇਕ ਅਨੋਖੀ ਗੱਲ ਇਹ ਸੀ ਕਿ ਜਦੋਂ ਇਨ੍ਹਾਂ ਸਿੱਖਾਂ ਨੂੰ ਕਤਲ ਕਰਨ ਵਾਸਤੇ ਲਿਆਉਂਦੇ ਸਨ ਤਾਂ ਉਨ੍ਹਾਂ 'ਚੋ ਹਰ ਸਿੰਘ ਖ਼ੁਸ਼ੀ-ਖ਼ੁਸ਼ੀ ਅੱਗੇ ਵੱਧ ਰਿਹਾ ਸੀ ਜਾਂਨ ਜਾਉਣ ਦਾ ਡਰ ਕਿਸੇ ਵੀ ਸਿੰਘ ਸੂਰਮੇ ਦੇ ਦਿਲ ਵਿਚ ਨਹੀਂ ਸੀ । ਇਸੇ ਤਰ੍ਹਾਂ ਜਦੋਂ ਉਹ ਮੌਤ ਦੇ ਜੰਗਲ ਵਿਚਲੇ  ਪਾਂਧੀ ਬਣ ਗਏ ਤਦ ਵੀ ਉਨ੍ਹਾਂ ਅੰਦਰੋਂ ਕੋਈ ਕਮਜ਼ੋਰੀ ਦੀ ਆਵਾਜ਼ ਨਾ ਆਈ ।"  ਇਸ ਤਰ੍ਹਾਂ "5 ਮਾਰਚ 1716 ਈ: ਨੂੰ ਸਿੰਘਾਂ ਦਾ ਕਤਲ ਸ਼ੁਰੂ ਹੋ ਗਿਆ, ਸੌ ਸਿੰਘ ਹਰ ਰੋਜ ਕਤਲ ਕੀਤਾ ਜਾਣ ਲੱਗਾ । ਹੋਲੀ-ਹੋਲੀ ਸਾਰੇ ਸਿੰਘ ਸੂਰਮੀਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਕਿਉਂਕਿ ਉਨ੍ਹਾਂ ਵਿਚੋਂ ਕਿਸੇ ਨੇ ਵੀ ਆਪਣੇ ਧਰਮ ਨੂੰ ਛੱਡ ਕੇ ਇਸਲਾਮ ਕਬੂਲ ਨਹੀਂ ਕੀਤਾ ।  ਅੰਤ 19 ਜੂਨ 1716 ਨੂੰ  ਸਾਰੇ ਸਿੱਖ ਸੂਰਮਿਆ ਨੂੰ ਸ਼ਹੀਦ ਕਰਨ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਨ ਦਾ ਫੈਸਲਾ ਕੀਤਾ ਗਿਆ । ਖ਼ਵਾਜਾ ਕੁਤਬੁੱਦੀਨ ਬਖ਼ਤਿਆਰ ਕਾਕੀ ਦੀ ਦਰਗਾਹ ਕੋਲ ਬੰਦਾ ਸਿੰਘ ਨੂੰ ਲੈ ਜਾ ਕੇ ਬਿਠਾਇਆ ਗਿਆ ਤਾ ਜੋ ਸ਼ਹੀਦ ਕਰਨ ਤੋਂ ਪਹਿਲਾ ਉਨ੍ਹਾਂ ਨੂੰ ਇਸਲਾਮ ਕਬੂਲ ਕਰਵਾਉਣ ਲਈ ਕਈ ਤਰ੍ਹਾਂ ਦੇ ਤਸੀਹੇ ਦਿੱਤੇ ਗਏ ਪਰ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਸਿਦਕੀ ਸਿੰਘ ਨੇ ਧਰਮ ਤਿਆਗਣ ਦੀ ਥਾਂ ਆਪਣੀ ਜਾਨ ਕੁਰਬਾਨ ਕਰਨੀ ਪਰਵਾਨ ਕਰ ਲਈ । ਬੰਦਾ ਸਿੰਘ ਬਹਾਦਰ ਦਾ ਚਾਰ ਸਾਲਾ ਪੁੱਤਰ ਅਜੈ ਸਿੰਘ ਨੂੰ ਉਸ ਦੀ ਗੋਦੀ ਵਿਚ ਬਿਠਾ ਦਿੱਤਾ ਅਤੇ ਬੰਦਾ ਸਿੰਘ ਬਹਾਦਰ ਨੂੰ ਕਿਹਾ ਗਿਆ ਕਿ ਉਹ ਆਪਣੇ ਪੁੱਤਰ ਨੂੰ ਕਤਲ ਕਰ ਦੇਵੇ ਪਰ ਕੋਈ ਵੀ ਪਿਤਾ ਆਪਣੀ ਔਲਾਦ ਨੂੰ ਆਪਣੇ ਹੱਥੀ ਨਹੀਂ ਸੀ ਮਾਰ ਸਕਦਾ । ਬੰਦਾ ਸਿੰਘ ਬਹਾਦਰ ਨੂੰ ਫਿਰ ਇਸਲਾਮ ਕਬੂਲ ਕਰਨ ਨੂੰ ਕਿਹਾ ਪਰ ਗੁਰੂ ਦੇ ਸ਼ੇਰ ਨੇ ਫਿਰ ਮਨ੍ਹਾਂ ਕਰ ਦਿੱਤਾ । ਜੱਲਾਦ ਨੇ ਬੱਚੇ ਨੂੰ ਗੋਦੀ ਤੋਂ ਚੁੱਕਿਆ ਇਕ ਲੰਬੇ ਛੁਰੇ ਨਾਲ ਬੱਚੇ ਦੇ ਟੋਟੇ-ਟੋਟੇ ਕਰ ਦਿੱਤੇ ਤੇ ਉਸ ਬੱਚੇ ਦਾ ਤੜਫ਼ਦਾ ਦਿਲ ਕੱਢ ਕੇ ਬੰਦਾ ਸਿੰਘ ਦੇ ਮੂੰਹ ਵਿਚ ਪਾਇਆ ਗਿਆ ਪੁੱਤਰ ਦੀ ਰੱਤ ਦੇ ਛੱਟੇ ਬੰਦਾ ਸਿੰਘ ਦੇ ਚੇਹਰੇ 'ਤੇ ਮਾਰੇ ਗਏ, ਪਰ ਇਸ ਗੁਰੂ ਦੇ ਸਿੰਘ ਨੇ ਜੋ ਉਸ ਅਕਾਲਪੁਰਖ ਦੀ ਰਜ਼ਾ ਵਿਚ ਪੱਥਰ ਦੀ ਮੂਰਤ ਦੀ ਤਰ੍ਹਾਂ ਅਡੋਲ ਖੜੋਤਾ ਰਿਹਾ ।" ਇਸ ਬਾਰੇ ਔਰੰਗਾਬਾਦੀ ਲਿਖਦਾ ਹੈ ਕਿ, "ਸਿੰਘ ਸੂਰਮਿਆਂ ਦੀ ਜਮਾਤ ਦਾ ਇਕ ਆਗੂ (ਬਾਬਾ ਬੰਦਾ ਸਿੰਘ ਬਹਾਦਰ) ਦਾ ਇਕ ਪੁੱਤਰ ਬਾਕੀ ਰਹਿੰਦਾ ਸੀ । ਪਹਿਲਾ ਖ਼ੁਦ ਉਸ ਦੇ ਸਾਹਮਣੇ ਉਸ ਦੇ ਬੇਟੇ ਦਾ ਬੰਦ-ਬੰਦ ਕੱਟਿਆ ਗਿਆ ਪਰ ਉਸ ਨੇ ਕੋਈ ਹਰਫ਼ ਆਪਣੀ ਜ਼ੁਬਾਨ 'ਤੇ ਨਾ ਲਿਆਂਦਾ ਤੇ ਆਪਣੀ ਅੱਖ 'ਚੋ ਹੰਝੁ ਕੇਰਨਾ ਤਾਂ ਇਕ ਪਾਸੇ ਰਿਹਾ, ਬਲਕਿ ਮੱਥੇ ਵੱਟ ਤੱਕ ਨਾ ਪਾਇਆ ਤੇ ਮੁਸਕਰਾਉਣ ਵਾਲਾ ਮੂੰਹ ਬਣਾਇਆ ਹੋਇਆ ਸੀ ।" ਫਿਰ ਜਦੋਂ ਬੰਦਾ ਸਿੰਘ ਦੀ ਵਾਰੀ ਆਈ ਤਾਂ ਇਸ ਗ਼ਾਜੀ ਨੂੰ ਬਹੁਤ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਜਿਸ ਨੂੰ ਲਿਖਣ ਲਈ ਵੀ ਇਕ ਕਾਤਿਬ ਦੇ ਹੱਥ ਕੰਬਦੇ ਹਨ । ਪਹਿਲਾ ਜੱਲਾਦ ਨੇ ਛੁਰੇ ਨਾਲ ਉਨ੍ਹਾਂ ਦੀ ਸੱਜੀ ਅੱਖ ਕੱਢ ਦਿੱਤੀ ਫੇਰ ਖੱਬੀ । ਇਸ ਤੋਂ ਬਾਅਦ ਪੈਰ ਵੱਡ ਦਿੱਤੇ ਉਸ ਮਗਰੋਂ ਭਖਦੇ ਲਾਲ ਗਰਮ ਲੋਹੇ ਦਿਆਂ ਚਿਮਟਿਆਂ ਨੂੰ ਉਸ ਦੇ ਪਿੰਡੇ ਦੇ ਮਾਸ ਦੀਆਂ ਬੋਟੀਆਂ ਖਿੱਚ-ਖਿੱਚ ਕੇ ਤੋੜੀਆਂ ਗਿਆ । ਸਰੀਰ ਦਾ ਬੰਦ-ਬੰਦ ਕੱਟ ਦਿੱਤਾ ਗਿਆ ਅੰਤ ਸਿਰ ਨੂੰ ਧੜ ਤੋਂ ਅੱਲਗ ਕਰ ਦਿੱਤਾ ਗਿਆ । ਇਉਂ ਇਸ ਗੁਰੂ ਦੁਲਾਰੇ ਨੇ ਸ਼ਹੀਦੀ ਪਾਈ, ਤੇ ਆਪਣੀ ਜਾਨ ਨੂੰ ਕੌਮ ਲੇਖੇ ਲਾ ਦਿੱਤਾ । " ਮੁਹੰਮਦ ਕਾਸਿਮ ਔਰੰਗਾਬਾਦੀ ਬੰਦਾ ਸਿੰਘ ਬਹਾਦਰ ਨੂੰ "ਕਾਲੀ ਕੰਬਲੀ ਵਾਲਾ" ਤੇ ਕਾਲੇ ਵਾਲਾਂ ਵਾਲਾ ਯਾਕ" ਨਾਲ ਤਸ਼ਬੀਹ ਦਿੰਦਾ ਹੈ। ਉਕਤ ਤੋਂ ਉਸ ਦੇ ਕੇਸਾਧਾਰੀ ਹੌਣ ਦੀ ਗਵਾਹੀ ਮਿਲਦੀ ਹੈ ਅਤੇ ਸਿੱਖ ਸੂਰਬੀਰਾਂ ਦੇ ਲਿਬਾਸ  ਵਿਚ ਵਿਸ਼ੇਸ਼ ਤੌਰ 'ਤੇ ਕਾਲੇ ਰੰਗ ਦੀ ਕੰਬਲ ਦੇ ਪ੍ਰਯੋਗ ਦੀ ਸੂਹ ਮਿਲਦੀ ਹੈ ।"ਇਸ ਦੇ ਨਾਲ ਹੀ ਉਹ ਬਾਬਾ ਬੰਦਾ ਸਿੰਘ ਬਾਰੇ ਅੱਗੇ ਹੋਰ ਲਿਖਦਾ ਹੈ, "ਉਹ ਖ਼ੁਦ ਦੂਰ-ਦੂਰ ਤਕ ਦੇ ਇਲਾਕੇ ਦਾ ਵਾਕਿਫ਼ ਹੈ।" ਉਹ ਇਕ  ਐਸਾ ਸੂਰਮਾ ਨੇਤਾ ਸੀ ਜਿਸ ਦੇ ਇਕ ਇਸ਼ਾਰੇ 'ਤੇ ਉਸ ਦੇ ਸਾਥੀ ਸਿੱਖ ਆਪਣੀ ਜਾਨ ਜੋਖ਼ਮ ਵਿਚ ਪਾਉਣ ਤੋਂ ਵੀ ਨਹੀਂ ਸਨ ਝਿਜਕਦੇ।" ਬਾਬਾ ਬੰਦਾ ਸਿੰਘ ਬਹਾਦਰ ਇਕ ਅਜਿਹਾ ਜੁਝਾਰੂ ਯੋਧਾ ਸੀ ਜੋ ਧਰਮ ਦੀ ਖ਼ਾਤਰ ਸ਼ਹੀਦ ਹੋ ਗਿਆ। ਉਸ ਅਕਾਲ ਪੁਰਖ ਦੀ ਰਜ਼ਾ ਵਿਚ ਇਸ ਜਰਨੈਲ ਨੇ ਆਪਣੇ ਜੀਵਨ ਦੇ ਆਖਰੀ ਸਾਹ ਲਏ। ਬਾਬਾ ਬੰਦਾ ਸਿੰਘ ਬਹਾਦਰ ਵਰਗੀ ਲਾਸਾਨੀ ਸ਼ਹੀਦੀ ਕਿਸੇ ਵਿਰਲੇ ਦੇ ਨਸੀਬ ਵਿਚ ਹੀ ਆਉਂਦੀ ਹੈ । ਉਹ ਕੌਮਾਂ ਵੀ ਮਹਾਂਨ ਹਨ ਜਿਨ੍ਹਾਂ ਵਿਚ ਅਜਿਹੇ ਜੁਝਾਰੂ ਸ਼ਹੀਦ ਨਸੀਬ ਹਨ । "ਮਹੁੰਮਦ ਕਾਸਿਮ ਔਰਗਾਬਾਦੀ ਸਿੱਖ ਪੰਥ ਨੂੰ" ਸੰਘਰਸ਼ ਕਰਨ ਵਾਲੀ ਤੇ ਸ਼ਾਤ ਸੁਭਾਅ ਕੌਮ ਦਾ ਖ਼ਿਤਾਬ ਦਿੰਦਾ ਹੈ।" ਬੇਸ਼ਕ ਬਹੁਤ ਘੱਟ ਸਮਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਰਾਜ ਕਰਨ ਦਾ ਮਿਲਿਆ ਪਰ ਲੰਮਾ ਸਮਾਂ ਰਾਜ ਕਰਨ ਵਾਲਿਆਂ ਨਾਲੋਂ ਕੀਤੇ ਜਿਆਦਾ ਲੋਕਾਂ ਦੇ ਦਿਲਾਂ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਦਾ ਆਪਣਾ ਸੀਦਵੀ ਸਥਾਨ ਕਾਇਮ ਹੈ ।

ਇਸ ਵਿਚ ਕੋਈ ਸ਼ਕ ਨਹੀਂ ਕਿ ਸਾਰੇ ਸਿੱਖ ਬੰਦਾ ਸਿੰਘ ਦੀ ਅਗਵਾਈ ਵਿਚ ਇਕ ਮੁੱਠ ਇਕੱਠੇ ਸਨ। ਉਸ ਨੇ ਇਨਸਾਫ਼ ਦੀ ਇਕ ਅਜਿਹੀ ਸੱਤਾ ਸਥਾਪਿਤ ਕੀਤੀ ਜੋ ਗਰੀਬ ਅਤੇ ਲਿਤਾੜੇ ਲੋਕਾਂ ਨੂੰ ਨਿਆਂ ਪ੍ਰਦਾਨ ਕਰ ਸਕੇ ਅਤੇ ਜ਼ੁਲਮ ਤੇ ਜਬਰ ਕਰਨ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆ ਜਾਣ। "ਯੋਧੇ ਦੇ ਤੋਰ 'ਤੇ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਟਿੱਪਣੀ ਕਰਦਿਆਂ ਡਾ. ਗੰਡਾ ਸਿੰਘ ਲਿਖਦਾ ਹੈ ਕਿ "ਜੰਗ ਦੇ ਮੈਦਾਨ ਵਿਚ ਉਹ ਸੱਭ ਬਹਾਦਰਾਂ ਅਤੇ ਜੁਰਅਤ-ਭਰਿਆਂ ਵਿਚੋਂ ਇਕ ਹੁੰਦਾ ਅਤੇ ਕਦੇ ਤਾਂ ਜਾਨ ਦੀ ਪਰਵਾਹ ਹੀ ਨ ਕਰਦਾ ।" ਬਾਬਾ ਬੰਦਾ ਸਿੰਘ ਬਹਾਦਰ ਨੂੰ ਜਿੱਥੇ ਇੱਕ ਨਿਧੜਕ ਯੋਧੇ ਅਤੇ ਸਿਦਕੀ ਸੈਨਿਕ ਕਮਾਂਡਰ ਵਜੋਂ ਮਾਨਤਾ ਹਾਸਿਲ ਹੈ ਉੱਥੇ ਹੀ ਸ਼ਹੀਦੀ ਪਰੰਪਰਾ ਵਿਚ ਵੀ ਉਸ ਦਾ ਨਾਂ ਇਕ ਰੋਸ਼ਨ ਸਿਤਾਰੇ ਵਾਂਗ ਚਮਕਦਾ ਹੈ ਸਿੱਖ ਕੌਮ ਦਾ ਉਹ ਕੌਮੀ ਨਾਇਕ ਹੈ ਜਿਸ ਏ ਨਾਇਕਤਵ ਅੱਗੇ ਸਮੁੱਚੀ ਦੁਨੀਆ ਦਾ ਸਤਿਕਾਰ ਵਜੋ ਸਿਰ ਝੁਕਦਾ ਹੈ ।'

 

ਸਰਬਜੀਤ ਕੌਰ "ਸਰਬ"