ਨਿਊ ਯੌਰਕ ਵਿਚ ਸਿੱਖ ਟੈਕਸੀ ਡਰਾਈਵਰ ਪ੍ਰਭਦੀਪ ਸਿੰਘ ਤੇ ਹਮਲਾ, ਕਿਹਾ ਹਿੰਦੁਸਤਾਨ ਵਾਪਿਸ ਜਾਓ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ 3 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):- ਬੀਤੇ ਕੁਝ ਦਿਨ ਪਹਿਲਾਂ ਅਮਰੀਕਾ ਨਿਊ ਯੌਰਕ ਤੇ ਮਨਹਟਨ ਵਿਖ਼ੇ ਨਿੱਜੀ ਕਾਰ ਚਲਾ ਕੇ ਗੁਜ਼ਾਰਾ ਕਰ ਰਹੇ ਸਿੱਖ ਟੈਕਸੀ ਡਰਾਈਵਰ ਉਪਰ ਅਣਪਛਾਤੇ ਹਮਲਾਵਰ ਵਲੋਂ ਹਮਲਾ ਕਰਕੇ ਜਖਮੀ ਕੀਤਾ ਗਿਆ ਹੈ । ਮਾਮਲੇ ਦੀ ਜਾਣਕਾਰੀ ਦੇਂਦਿਆ ਭਾਈ ਹਰਪ੍ਰੀਤ ਸਿੰਘ ਤੂਰ ਨੇ ਦਸਿਆ ਕਿ ਪ੍ਰਭਦੀਪ ਸਿੰਘ ਜੋ ਕਿ 40 ਸਾਲਾਂ ਅੰਮ੍ਰਿਤਧਾਰੀ ਸਿੰਘ ਹਨ ਤੇ ਪਿਛਲੇ 14 ਸਾਲਾਂ ਤੋਂ ਅਮਰੀਕਾ ਵਿਚ ਨਿੱਜੀ ਟੈਕਸੀ ਚਲਾ ਰਹੇ ਹਨ, ਮਨਹਟਨ ਵਿਖ਼ੇ ਸਵਾਰੀ ਦੇਖਣ ਲਈ ਜਦੋ ਆਪਣੀ ਕਾਰ ਤੋਂ ਬਾਹਰ ਨਿਕਲਿਆ ਕਿਸੇ ਅਣਪਛਾਤੇ ਹਮਲਾਵਰ ਨੇ ਇਹ ਕਹਿੰਦੀਆਂ ਕਿ "ਗੋ ਬੈਕ ਇੰਡੀਆ" (ਹਿੰਦੁਸਤਾਨ ਵਾਪਿਸ ਜਾਓ) ਤੇ ਬਹੁਤ ਤੇਜੀ ਨਾਲ ਉਨ੍ਹਾਂ ਦੇ ਮੂੰਹ ਤੇ ਮੁੱਕਾ ਮਾਰ ਦਿੱਤਾ ਜਿਸ ਨਾਲ ਉਨ੍ਹਾਂ ਦਾ ਮੂੰਹ ਸੁਜ ਗਿਆ ਅਤੇ ਨੱਕ 'ਚੋਂ ਤੇਜੀ ਨਾਲ ਖੂਨ ਨਿਕਲਣ ਲਗ ਪਿਆ ਸੀ । ਮੂੰਹ ਤੇ ਮੁੱਕਾ ਲਗਣ ਕਰਕੇ ਉਨ੍ਹਾਂ ਦੀ ਚੇਤਨਾ ਕੁਝ ਸਮੇਂ ਲਈ ਗੁੰਮ ਹੋ ਗਈ ਜਿਸ ਕਰਕੇ ਓਹ ਹਮਲਾਵਰ ਨੂੰ ਦੇਖ ਨਹੀਂ ਸਕੇ ਜਿਸਦਾ ਲਾਭ ਚਕਦਿਆ ਹਮਲਾਵਰ ਓਥੋਂ ਭੱਜ ਨਿਕਲਿਆ।
ਭਾਈ ਹਰਪ੍ਰੀਤ ਸਿੰਘ ਤੂਰ ਨੇ ਦਸਿਆ ਕਿ ਇਸ ਮਾਮਲੇ ਦੀ ਉਨ੍ਹਾਂ ਵਲੋਂ ਪੁਲਿਸ ਅੰਦਰ ਸ਼ਿਕਾਇਤ ਦਰਜ਼ ਕਰਵਾਈ ਗਈ ਹੈ ਤੇ ਮੀਡੀਆ ਵਿਚ ਖ਼ਬਰ ਆਣ ਕਰਕੇ ਪੁਲਿਸ ਵਲੋਂ ਮਾਮਲੇ ਦੀ ਜਾਂਚ ਅੰਦਰ ਤੇਜੀ ਲਿਆਂਦੀ ਜਾ ਰਹੀ ਹੈ । ਅਮਰੀਕਾ ਦੀਆਂ ਸਿੱਖ ਜਥੇਬੰਦੀਆਂ ਨੇ ਇਸ ਗੱਲ ਤੇ ਚਿੰਤਾ ਪ੍ਰਗਟ ਕਰਦਿਆਂ ਸਰਕਾਰ ਨੂੰ ਸਿੱਖਾਂ ਅਤੇ ਘੱਟ ਗਿਣਤੀਆਂ ਦੀ ਸੁਰੱਖਿਆ ਬਾਰੇ ਲੋੜੀਂਦੇ ਕਦਮ ਚੁੱਕਣ ਲਈ ਕਿਹਾ ਹੈ ।
Comments (0)