ਕੈਨੇਡਾ ਦਾ ਦੱਖਣੀ ਏਸ਼ੀਆਈ ਭਾਈਚਾਰਾ ਸੰਘ ਵਿਰੁੱਧ

ਕੈਨੇਡਾ ਦਾ ਦੱਖਣੀ ਏਸ਼ੀਆਈ ਭਾਈਚਾਰਾ ਸੰਘ ਵਿਰੁੱਧ

 ਸੰਘ ਸੰਗਠਨਾਂ ਨੂੰ ਕੱਟੜਪੰਥੀ ਸਮੂਹ ਐਲਾਨੋ : 

*ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇੱਕ ਖੁੱਲ੍ਹਾ ਪੱਤਰ ਲਿਖਿਆ

ਕੈਨੇਡਾ ਵਿੱਚ ਦੱਖਣੀ ਏਸ਼ੀਆਈ ਭਾਈਚਾਰੇ ਦੇ 25 ਮੈਂਬਰਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇੱਕ ਖੁੱਲ੍ਹਾ ਪੱਤਰ ਲਿਖ ਕੇ ਕੈਨੇਡੀਅਨ ਸਰਕਾਰ ਨੂੰ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਅਤੇ ਇਸ ਦੇ ਸਹਿਯੋਗੀ ਸੰਗਠਨਾਂ ਨੂੰ ਨਫ਼ਰਤੀ ਸਮੂਹਾਂ ਅਤੇ ਕੱਟੜਪੰਥੀ ਸੰਗਠਨਾਂ ਵਜੋਂ ਸੂਚੀਬੱਧ ਕਰਨ ਦੀ ਅਪੀਲ ਕੀਤੀ ਹੈ।

ਰਿਪੋਰਟ ਮੁਤਾਬਕ ਇਹ ਘਟਨਾਕ੍ਰਮ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਖਾਲਿਸਤਾਨ ਪੱਖੀ ਨੇਤਾ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਾਲੇ ਤਣਾਅ ਵਿਚ ਬੇਮਿਸਾਲ ਵਾਧਾ ਹੋਇਆ ਹੈ। ਕੈਨੇਡਾ ਨੇ ਦੋਸ਼ ਲਾਇਆ ਹੈ ਕਿ ਨਿੱਝਰ ਦੇ ਕਤਲ ਵਿੱਚ ਭਾਰਤ ਸਰਕਾਰ ਦੇ ਏਜੰਟ ਸ਼ਾਮਲ ਸਨ।

ਪਤਾ ਲੱਗਾ ਹੈ ਕਿ ਇਸ ਸਬੰਧ ਵਿਚ ਦੱਖਣੀ ਏਸ਼ੀਆਈ ਭਾਈਚਾਰੇ ਦੇ ਮੈਂਬਰਾਂ ਨੇ ਇਕ ਬਿਆਨ ਜਾਰੀ ਕੀਤਾ ਹੈ, ਜਿਸ ਵਿਚ ਨੈਸ਼ਨਲ ਕੌਂਸਲ ਆਫ ਕੈਨੇਡੀਅਨ ਮੁਸਲਿਮ ਦੁਆਰਾ ਪ੍ਰਕਾਸ਼ਿਤ 2023 ਦੀ ਰਿਪੋਰਟ ਦਾ ਹਵਾਲਾ ਦਿੱਤਾ ਗਿਆ ਹੈ। ਇਸ ਵਿੱਚ ਕੈਨੇਡਾ ਵਿੱਚ ਹੋਈ ਸਿੱਖ ਵਿਰੋਧੀ ਹਿੰਸਾ ਨੂੰ ਆਰਐਸਐਸ ਅਤੇ ਸੰਘ ਪਰਿਵਾਰ ਨਾਲ ਜੋੜਿਆ ਗਿਆ ਹੈ।

ਇਸ 2023 ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਫ਼ਸੋਸ ਦੀ ਗੱਲ ਹੈ ਕਿ ਪਰ ਅਨੁਮਾਨਤ ਤੌਰ 'ਤੇ, ਸੰਘ ਪਰਿਵਾਰ ਅਤੇ ਆਰਐਸਐਸ ਨਾਲ ਸਬੰਧਤ ਸਮੂਹਾਂ ਦੀ ਮੌਜੂਦਗੀ ਹਿੰਦੂ ਫਾਸ਼ੀਵਾਦ ਦੀ ਬਿਆਨਬਾਜ਼ੀ ਅਤੇ ਕੈਨੇਡਾ ਵਿੱਚ ਵੱਖ-ਵੱਖ ਘਟਨਾਵਾਂ ਨਾਲ ਜੁੜੀ ਹੋਈ ਹੈ।

ਦੱਖਣੀ ਏਸ਼ੀਆਈ ਭਾਈਚਾਰੇ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਆਰਐਸਐਸ ਦਾ ਸਿਆਸੀ ਵਿੰਗ ਹੈ, ਜੋ ਯੂਰਪੀਅਨ ਹਿਟਲਰੀ ਫਾਸ਼ੀਵਾਦ ਤੋਂ ਪ੍ਰੇਰਿਤ ਅਰਧ ਸੈਨਿਕ ਸੰਗਠਨ ਵਜੋਂ 'ਹਿੰਦੂਤਵ' ਜਾਂ ਹਿੰਦੂ ਰਾਸ਼ਟਰਵਾਦ ਨੂੰ ਉਤਸ਼ਾਹਿਤ ਕਰਦਾ ਹੈ।

ਬਿਆਨ ਵਿੱਚ ਕਿਹਾ ਗਿਆ ਹੈ, 'ਆਰਐਸਐਸ ਦੇ ਸੰਸਥਾਪਕਾਂ ਨੇ ਸਪਸ਼ਟ ਤੌਰ 'ਤੇ ਹਿਟਲਰੀ ਫਾਸ਼ੀਵਾਦੀ ਵਿਚਾਰਧਾਰਾ ਦਾ ਸਮਰਥਨ ਕੀਤਾ ਹੈ। ਅਸੀਂ ਭਾਰਤ ਵਿਚ ਭਾਜਪਾ ਦੇ 10 ਸਾਲਾਂ ਦੇ ਸ਼ਾਸਨ ਵਿਚ ਇਸ ਦੀਆਂ ਸਪੱਸ਼ਟ ਉਦਾਹਰਣਾਂ ਦੇਖੀਆਂ ਹਨ ਕਿਉਂਕਿ ਇਹ ਸਰਕਾਰ 20 ਕਰੋੜ ਮੁਸਲਿਮ ਆਬਾਦੀ ਦੇ ਨਾਲ-ਨਾਲ ਹੋਰ ਘੱਟ ਗਿਣਤੀ ਆਬਾਦੀ ਜਿਵੇਂ ਕਿ ਸਿੱਖਾਂ, ਦਲਿਤਾਂ, ਆਦਿਵਾਸੀਆਂ ਨਾਲ ਮਾੜਾ ਵਿਹਾਰ ਕਰ ਰਹੀ ਹੈ।ਦੂਜੇ ਨੰਬਰ ਦਾ ਨਾਗਰਿਕ ਸਮਝ ਰਹੀ ਹੈ।ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਆਪਣੇ ਟੀਚੇ ਵੱਲ ਵਧ ਰਹੀ ਹੈ। 

 ਪੱਤਰ ਦੇ ਵੱਖ-ਵੱਖ ਹਸਤਾਖਰ ਕਰਨ ਵਾਲਿਆਂ ਵਿੱਚ ਹਿੰਦੂਜ਼ ਫਾਰ ਹਿਊਮਨ ਰਾਈਟਸ, ਕੈਨੇਡੀਅਨ ਕੌਂਸਲ ਆਫ ਇੰਡੀਅਨ ਮੁਸਲਿਮ (ਸੀਸੀਆਈਐਮ), ਕੈਨੇਡੀਅਨ ਕੌਂਸਲ ਆਫ ਮੁਸਲਿਮ ਵੂਮੈਨ, ਮਾਂਟਰੀਅਲ, ਕੈਨੇਡੀਅਨ ਫੋਰਮ ਫਾਰ ਹਿਊਮਨ ਰਾਈਟਸ ਐਂਡ ਡੈਮੋਕਰੇਸੀ ਇਨ ਇੰਡੀਆ, ਕੈਨੇਡੀਅਨਜ਼ ਅਗੇਂਸਟ ਅਪਰੇਸ਼ਨ ਐਂਡ ਪਰਸੀਕਿਊਸ਼ਨ (ਸੀਏਓਪੀ), ਕੈਨੇਡੀਅਨਜ਼ ਫਾਰ ਇੰਡੀਅਨ ਡੈਮੋਕਰੇਸੀ   (ਸੀਆਈਡੀ) ਅਤੇ ਫਲਸਤੀਨ ਐਂਡ ਜੂਰੀਸ ਯੂਨਿਟੀ (ਪੀਏਜੇਯੂ)ਸ਼ਾਮਲ ਹਨ।

ਬਿਆਨ ਵਿੱਚ ਅੱਗੇ ਕਿਹਾ ਗਿਆ ਹੈ, 'ਭਾਰਤ ਵਿੱਚ ਹਿੰਦੂ ਰਾਸ਼ਟਰਵਾਦੀ ਸਰਕਾਰ ਦੀ ਸਰਪ੍ਰਸਤੀ ਹੇਠ, ਘੱਟ ਗਿਣਤੀਆਂ ਵਿਰੁੱਧ ਅੱਤਿਆਚਾਰ ਅਕਸਰ ਸਰਕਾਰ ਅਤੇ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਕੀਤੇ ਜਾਂਦੇ ਹਨ ਅਤੇ ਇਸ ਲਈ ਕੋਈ ਸਜ਼ਾ ਨਹੀਂ ਦਿੱਤੀ ਜਾਂਦੀ ਹੈ। ਹਾਲੀਆ ਰਿਪੋਰਟਾਂ ਦੇ ਸਬੂਤ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਇਹਨਾਂ ਕੱਟੜਪੰਥੀ ਸਮੂਹਾਂ ਦਾ ਇੱਕ ਨੈਟਵਰਕ ਕੈਨੇਡਾ ਅਤੇ ਅਮਰੀਕਾ ਵਿੱਚ ਸਿੱਖਾਂ ਅਤੇ ਹੋਰ ਪ੍ਰਵਾਸੀ ਘੱਟ ਗਿਣਤੀ ਭਾਈਚਾਰਿਆਂ ਅਤੇ ਕਾਰਕੁਨਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਹਿੰਦੂ ਰਾਸ਼ਟਰਵਾਦੀਆਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੇ ਵਿਆਪਕ ਨੈਟਵਰਕ ਨੂੰ ਕੈਨੇਡਾ ਅਤੇ ਦੁਨੀਆ ਭਰ ਵਿੱਚ ਦਸਤਾਵੇਜ਼ੀ ਰੂਪ ਵਿੱਚ ਦਰਜ ਕੀਤਾ ਗਿਆ ਹੈ, ਅਤੇ ਅਸੀਂ ਹੁਣ ਜਾਣਦੇ ਹਾਂ ਕਿ ਕੈਨੇਡਾ ਵਿੱਚ ਇਹ ਨੈਟਵਰਕ ਜ਼ਬਰਦਸਤੀ, ਸੰਗਠਿਤ ਅਪਰਾਧ ਅਤੇ ਮਾਰੂ ਹਿੰਸਾ ਦੇ ਇੱਕ ਪਰੇਸ਼ਾਨ ਕਰਨ ਵਾਲੇ ਪੈਟਰਨ ਵਿੱਚ ਰੁੱਝਿਆ ਹੋਇਆ ਹੈ।"

ਕੈਨੇਡਾ ਸਰਕਾਰ ਨੂੰ ਲਿਖੇ ਇਸ ਖੁੱਲ੍ਹੇ ਪੱਤਰ ਵਿੱਚ ਦੱਖਣੀ ਏਸ਼ੀਆਈ ਸਮੂਹ ਦੇ ਲੋਕਾਂ ਨੇ ਕੁਝ ਮੰਗਾਂ ਵੀ ਰੱਖੀਆਂ ਹਨ, ਜਿਨ੍ਹਾਂ ਵਿੱਚ ਘੱਟ ਗਿਣਤੀ ਭਾਈਚਾਰਿਆਂ ਨੂੰ ਸੁਰੱਖਿਆ ਮੁਹੱਈਆ ਕਰਵਾਉਣਾ, ਕੈਨੇਡਾ ਵਿੱਚ ਆਰਐਸਐਸ ਅਤੇ ਇਸ ਦੀਆਂ ਜਥੇਬੰਦੀਆਂ ਦੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਅਤੇ ਇਸ ਦੇ ਪ੍ਰਭਾਵਾਂ ਦੀ ਜਾਂਚ ਅਤੇ ਨਫ਼ਰਤੀ ਸਮੂਹਾਂ ਨੂੰ ਰੋਕਣਾ ਸ਼ਾਮਲ ਹੈ। ਆਰ.ਐਸ.ਐਸ. ਨਾਲ ਸਬੰਧਿਤ ਕੱਟੜਪੰਥੀ ਸਮੂਹਾਂ ਵਜੋਂ ਸੂਚੀਬੱਧ ਕੀਤੇ ਜਾਣ ਦੀ ਬੇਨਤੀ ਕੀਤੀ ਗਈ ਹੈ।