ਅਰਟੀਫੀਸ਼ੀਅਲ ਇੰਟੈਂਲੀਜੈਂਸ ਨਾਲ ਲੋਕਾਂ ਦੇ ਰੁਜ਼ਗਾਰ ਵਧਣਗੇ

ਅਰਟੀਫੀਸ਼ੀਅਲ ਇੰਟੈਂਲੀਜੈਂਸ ਨਾਲ ਲੋਕਾਂ ਦੇ ਰੁਜ਼ਗਾਰ ਵਧਣਗੇ

ਅਮਰਜੀਤ ਸਿੰਘ ਗਰੇਵਾਲ

ਇਹ ਠੀਕ ਹੈ ਕਿ ਪੇਚਕਸ ਹੱਥ ਦੀ ਥਾਂ ਲੈਣ ਲਈ ਨਹੀਂ ਸੀ ਆਇਆ। ਉਸ ਦੀ ਸਮਰੱਥਾ ਨੂੰ ਵਧਾਉਣ ਲਈ ਆਇਆ ਸੀ। ਪਰ ਹੌਲੀ ਹੌਲੀ ਹੱਥ ਦੇ ਕੰਮਾਂ ਨੂੰ ਆਟੋਮੇਟ ਕਰਕੇ ਬੁਧੀ ਨੇ ਆਪਣੇ ਕੰਟਰੋਲ ਅਧੀਨ ਕਰ ਲਿਆ ਹੈ। ਉਵੇਂ ਹੀ ਅੱਜ ਏ ਆਈ (ਆਰਟੀਫੀਸ਼ਲ ਇੰਟੈਲੀਜੈਂਸ) ਵੀ ਮਾਨਵ ਦੀਆਂ ਨਵੀਆਂ ਸੰਭਾਵਨਾਵਾਂ ਨੂੰ ਉਜਾਗਰ ਕਰਨ ਲਈ ਹੀ ਆਈ ਹੈ। ਪਰ ਲੋਕ ਸੁਆਲ ਕਰਦੇ ਹਨ ਕਿ ਜਿਵੇਂ ਹੱਥ ਦੇ ਕੰਮਾਂ ਨੂੰ ਬੁੱਧੀ ਨੇ ਆਪਣੇ ਕੰਟਰੋਲ ਅਧੀਨ ਕਰ ਲਿਆ ਸੀ, ਉਸੇ ਤਰ੍ਹਾਂ ਹੁਣ ਜਦੋਂ ਬੁਧੀ ਦੇ ਕੰਮ ਆਟੋਮੇਟ ਹੋਏ ਤਾਂ ਇਨ੍ਹਾਂ ਨੂੰ ਕਿਹੜੀ ਮਾਨਵੀ ਸਮਰੱਥਾ ਕੰਟਰੋਲ ਕਰੇਗੀ।

ਕੀ ਏ ਆਈ ਆਪਣੇ ਆਪ ਨੂੰ ਆਪ ਹੀ ਕੰਟਰੋਲ ਕਰੇਗੀ, ਜਾਂ ਫੇਰ ਕਿ ਮਨੁੱਖ ਦੀ ਤੀਸਰੀ ਸਮਰੱਥਾ, ਜਿਸ ਨੂੰ ਮਾਨਵ ਚੇਤਨਾ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ, ਇਸ ਨੂੰ ਆਪਣੇ ਕੰਟਰੋਲ ਅਧੀਨ ਲੈ ਲਵੇਗੀ। ਅਸੀਂ ਜਾਣਦੇ ਹਾਂ ਕਿ ਬੁਧੀ ਤਾਂ ਪਹਿਲਾਂ ਹੀ ਮਾਨਵ-ਚੇਤਨਾ ਦੀ ਨਿਗਰਾਨੀ ਹੇਠ ਕੰਮ ਕਰਦੀ ਹੈ। ਕਿਉਂਕਿ, ਲੱਖ ਕੋਸ਼ਿਸ਼ਾਂ ਦੇ ਬਾਵਯੂਦ, ਅਸੀਂ ਚੇਤਨਾ ਦੀ ਕੋਈ ਥਹੁ ਨਹੀਂ ਪਾ ਸਕੇ, ਇਸ ਲਈ ਅਸੀਂ ਇਸ ਨੂੰ ਬੁਧੀ ਦਾ ਹੀ ਭਾਗ ਮੰਨ ਕੇ ਨਜ਼ਰ ਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਗੱਲ ਨੂੰ ਝੁਠਲਾਇਆ ਨਹੀਂ ਜਾ ਸਕਦਾ ਕਿ ਏ ਆਈ ਦੀ ਸਵੈ-ਚਾਲਕਤਾ ਦਾ ਵਿਚਾਰ, ਸਾਡੀ ਮਾਨਵ-ਚੇਤਨਾ ਬਾਰੇ ਅਗਿਆਨਤਾ ਵਿਚੋਂ ਪੈਦਾ ਹੋਇਆ ਹੈ।

ਜਿਵੇਂ ਉਨੀਵੀਂ ਸਦੀ ਵਿਚ ਹੱਥ ਦੀ ਅਤੇ ਵੀਹਵੀਂ ਸਦੀ ਵਿਚ ਦਿਮਾਗ ਦੀ ਚੌਧਰ ਰਹੀ ਹੈ, ਉਸੇ ਤਰ੍ਹਾਂ ਇਕੀਵੀਂ ਸਦੀ ਵਿਚ ਉਸ ਮਾਨਵੀ ਸਮਰੱਥਾ ਦੀ ਚੌਧਰ ਹੋਵੇਗੀ ਜੋ ਆਪਣੀ ਹੋਂਦ ਨੂੰ ਅਰਥ ਦੇਣ ਲਈ ਸਰੀਰ ਅਤੇ ਬੁਧੀ ਦਾ ਸੰਦਾਂ ਵਾਂਗ ਇਸਤੇਮਾਲ ਕਰਦੀ ਹੈ। ਉਸ ਸਮਰੱਥਾ ਨੂੰ ਚੇਤਨਾ ਕਹਿਣਾ ਚਾਹੋ, ਤਾਂ ਕਹਿ ਸਕਦੇ ਹੋ। ਪਰ ਸੁਰਤ-ਸ਼ਬਦ ਵਧੇਰੇ ਢੁਕਵਾਂ ਨਾਮ ਹੈ। ਇਹ ਨਾਮ ਮਨੁੱਖੀ ਸਮਰੱਥਾ ਨੂੰ ਉਸਦੇ ਸੰਸਾਰ ਨਾਲੋਂ ਨਿਖੇੜ ਕੇ ਨਹੀਂ, ਉਸ ਨਾਲ ਜੋੜ ਕੇ ਸਮੁੱਚਤਾ ਵਿਚ ਦੇਖਦਾ ਹੈ।

ਸੁਰਤ-ਸ਼ਬਦ ਦੀ ਇਸ ਸਮਰੱਥਾ ਨੂੰ ਵਧਾਉਣ ਲਈ ਕਿਹੜੇ ਹੁਨਰਾਂ, ਕਿਹੜੀਆਂ ਗਿਆਨ ਪਰੰਪਰਾਵਾਂ ਅਤੇ ਕਿਸ ਕਿਸਮ ਦੀ ਵਿਦਿਅਕ ਤਕਨਾਲੋਜੀ ਦੀ ਜ਼ਰੂਰਤ ਹੈ, ਇਸ ਦੀ ਖੋਜ ਕਰਨੀ ਬਹੁਤ ਜ਼ਰੂਰੀ ਹੈ।

ਰਿਜ਼ਕ ਅਤੇ ਰੁਜ਼ਗਾਰ
ਜੀਣ ਲਈ ਰਿਜ਼ਕ ਦੀ ਲੋੜ ਹੁੰਦੀ ਹੈ। ਰਿਜ਼ਕ ਕੁਦਰਤ ਪੈਦਾ ਕਰਦੀ ਹੈ। ਜੀਵ ਕੇਵਲ ਸੰਘਰਸ਼ ਕਰਦੇ ਹਨ। ਪਰ ਰੁਜ਼ਗਾਰ ਕੁਦਰਤ ਦੀ ਨਹੀਂ, ਮਨੁੱਖ ਦੀ ਘਾੜਤ ਹੈ। ਰਿਜ਼ਕ ਜੈਵਿਕ ਵਰਤਾਰਾ ਹੈ ਅਤੇ ਰੁਜ਼ਗਾਰ ਸਭਿਆਚਾਰਕ। ਦੋਨਾਂ ਦਾ ਸਬੰਧ ਕਿਰਤ ਨਾਲ ਹੈ। ਰਿਜ਼ਕ ਦਾ ਸਬੰਧ ਜੀਵ ਦੀਆਂ ਜਿੰਦਾ ਰਹਿਣ ਲਈ ਮਹਿਜ਼ ਸ਼ਰੀਰਕ ਲੋੜਾਂ ਦੀ ਪੂਰਤੀ ਨਾਲ ਜੁੜਿਆ ਹੁੰਦਾ ਹੈ। ਇਸ ਲਈ ਰਿਜ਼ਕ ਨੂੰ ਸਮਝਣ ਵਾਸਤੇ ਡਾਰਵਿਨ ਦੇ ਸਿਧਾਂਤਾਂ ਦੀ ਲੋੜ ਪੈਂਦੀ ਹੈ। ਦੂਸਰੇ ਪਾਸੇ ਰੁਜ਼ਗਾਰ ਦਾ ਸਬੰਧ ਸਭਿਆਚਾਰ ਦੁਆਰਾ ਨਿਰਮਿਤ ਮਨੁਖ ਦੀਆਂ ਅਸੀਮ ਚਾਹਤਾਂ ਨਾਲ ਜੁੜਿਆ ਹੁੰਦਾ ਹੈ। ਇਸ ਲਈ ਰੁਜ਼ਗਾਰ ਦੇ ਮਸਲਿਆਂ ਨੂੰ ਸਮਝਣ ਵਾਸਤੇ, ਕਿਰਤ ਨਾਲ ਸਬੰਧਤ ਸਭਿਆਚਾਰਕ ਅਤੇ ਆਰਥਕ ਫੈਸਲੇ ਲੈਣ ਵਾਲੀ ਰਾਜਨੀਤੀ ਨੂੰ ਜਾਨਣ ਦੀ ਜ਼ਰੂਰਤ ਹੁੰਦੀ ਹੈ।

ਇਕ ਸੁਆਲ ਕਰਨਾ ਬਣਦਾ ਹੈ। ਜਦੋਂ ਸਰੀਰਕ ਲੋੜਾਂ ਦੀ ਪੂਰਤੀ ਨਾਲ ਜੀਵ ਸੰਸਾਰ ਦਾ ਕੰਮ ਵਧੀਆਂ ਚੱਲ ਰਿਹਾ ਸੀ, ਫੇਰ ਕੁਦਰਤ ਨੇ ਮਨੁੱਖ ਨੂੰ, ਉਸ ਅੰਦਰ ਚਾਹਤਾਂ ਦੀ ਅਸੀਮ ਹਵਸ ਜਗਾ ਕੇ, ਕੁਦਰਤੀ ਵਸੀਲਿਆਂ ਦੀ ਬਰਬਾਦ ਦੇ ਰਾਹੇ ਕਿਉਂ ਪਾ ਦਿੱਤਾ। ਦੂਸਰੇ ਜੀਵਾਂ ਵਾਂਗ, ਜੰਗਲਾ ਵਿਚੋਂ ਆਪਣਾ ਭੋਜਨ ਇਕੱਤਰ ਕਰਕੇ, ਮਨੁੱਖ ਵੀ ਚੰਗਾ ਭਲਾ ਜੀਵਨ ਬਤੀਤ ਕਰ ਹੀ ਰਿਹਾ ਸੀ। ਉਸ ਨੂੰ ਖੇਤੀ ਦੇ ਧੰਦੇ ਵਿਚ ਪੈ ਕੇ, ਵਾਧੂ ਅਨਾਜ ਉਤਪਾਦਨ ਰਾਹੀਂ, ਪੁਜਾਰੀਆਂ, ਸੈਨਿਕਾਂ, ਸ਼ਿਲਪੀਆਂ, ਸਿਆਸਤਦਾਨਾਂ ਅਤੇ ਵਿਉਪਾਰੀਆਂ ਆਦਿ ਦੀਆਂ ਪਰਜੀਵੀ ਜਮਾਤਾਂ ਖੜ੍ਹੀਆਂ ਕਰਨ ਦੀ ਕਿਉਂ ਲੋੜ ਪੈ ਗਈ। ਇਹ ਹੀ ਉਹ ਸਭਿਆਚਾਰਕ ਮੋੜ ਹੈ, ਜਦੋਂ ਮਨੁੱਖ ਦੀਆਂ ਜੈਵਿਕ ਲੋੜਾਂ ਮਾਨਵੀ ਚਾਹਤਾਂ ਵਿਚ ਅਤੇ ਰਿਜ਼ਕ ਰੁਜ਼ਗਾਰ ਵਿਚ ਤਬਦੀਲ ਹੁੰਦੇ ਹਨ। ਮਾਨਵਤਾ ਨੇ ਇਹ ਮੋੜ ਕਿਵੇਂ ਕੱਟਿਆ, ਇਹ ਵੱਡਾ ਸੁਆਲ ਨਹੀਂ।

ਵੱਡਾ ਸੁਆਲ ਤਾਂ ਇਹ ਹੈ ਕਿ ਇਸ ਸਭਿਆਚਾਰਕ ਮੋੜ ਪਿਛੇ ਕੁਦਰਤ ਦਾ ਕਿਹੜਾ ਨਿਸ਼ਾਨਾ ਅਤੇ ਡਿਜ਼ਾਈਨ ਕੰਮ ਕਰ ਰਿਹਾ ਸੀ। ਕੁਦਰਤ ਜਿਸ ਦਿਸ਼ਾ ਵੱਲ ਜਾ ਰਹੀ ਹੈ, ਉਹ ਹੈ, ਉਸ ਦੀ ਐਨਟਰਾਪੀ ਵਿਚ ਨਿਰੰਤਰ ਵਾਧੇ ਦੀ ਦਿਸ਼ਾ। ਊਰਜਾ ਦੀ ਵੱਧ ਤੋਂ ਵੱਧ ਖਪਤ ਰਾਹੀਂ, ਉਸ ਵਿਚੋਂ ਪੈਦਾ ਹੋਣ ਵਾਲੇ ਪ੍ਰਦੂਸ਼ਣ ਦੇ ਨਤੀਜੇ ਵਜੋਂ ਕੁਦਰਤ ਦਾ ਆਪਣੇ ਅੰਤ ਵੱਲ ਵਧਣਾ ਤਹਿ ਹੈ। ਪਰ ਡਾਰਵਿਨ ਦਾ ਸਿਧਾਂਤ ਸਰੀਰਾਂ ਦੇ ਵਿਨਾਸ਼ ਦੀ ਨਹੀਂ, ਉਨ੍ਹਾਂ ਦੇ ਵਿਕਾਸ ਦੀ ਕਹਾਣੀ ਪੇਸ਼ ਕਰਦਾ ਹੈ। ਇਹ ਕੋਈ ਵਿਰੋਧਾਭਾਸ ਨਹੀਂ। ਕੁਦਰਤ
ਜੈਵਿਕ ਸੰਸਾਰ ਦਾ ਇਸ ਲਈ ਨਿਰਮਾਣ ਕਰਦੀ ਹੈ, ਕਿਉਂਕਿ ਨਿਰਜੀਵ ਸੰਸਾਰ ਦੇ ਮੁਕਾਬਲੇ ਜੈਵਿਕ ਸੰਸਾਰ ਊਰਜਾ ਦੀ ਵਧੇਰੇ ਵਰਤੋਂ ਰਾਹੀਂ ਐਨਟਰਾਪੀ ਦੇ ਵਾਧੇ ਦੀ ਦਰ ਨੂੰ ਤੇਜ਼ ਕਰ ਦਿੰਦਾ ਹੈ। ਇਸੇ ਤਰ੍ਹਾਂ ਮਾਨਵ ਦੀਆਂ ਅਸੀਮ ਚਾਹਤਾਂ ਐਨਟਰਾਪੀ ਵਿਚ ਵਾਧੇ ਦੀ ਇਸ ਦਰ ਨੂੰ ਹੋਰ ਵੀ ਤੇਜ਼ ਕਰ ਦਿੰਦੀਆਂ ਹਨ। ਕੇਵਲ ਏਨਾ ਹੀ ਕਹਿਣ ਦੀ ਕੋਸ਼ਿਸ ਕੀਤੀ ਜਾ ਹਰੀ ਹੈ ਕਿ ਕੁਦਰਤ ਦੀ ਤਬਦੀਲੀ ਵਿਚ ਵਾਧੇ ਦੀ ਦਰ ਅਤੇ ਉਸਦੀ ਦਿਸ਼ਾ ਕੁਦਰਤ ਦੀ ਆਪਣੀ ਸੰਰਚਨਾ ਵਿਚ ਹੀ ਉਸਦੇ ਨਿਸ਼ਾਨੇ ਵਜੋਂ ਨਿਹਿਤ ਹੈ। ਵਾਪਿਸ ਨਹੀਂ ਮੁੜਿਆ ਜਾ ਸਕਦਾ ਹੈ। ਵਾਤਾਵਰਣ ਦੀ ਸਾਂਭ-ਸੰਭਾਲ ਦਾ ਮਾਰਗ ਵੀ ਹੁਣ ਤਕਨਾਲੋਜੀ ਦੇ ਵਿਕਾਸ ਵੱਲ ਹੀ ਜਾਂਦਾ ਹੈ। ਚਾਹਤਾਂ ਤੋਂ ਲੋੜਾਂ ਵੱਲ ਵਾਪਿਸ ਪਰਤਣਾ ਹੁਣ ਸੰਭਵ ਨਹੀਂ ਰਿਹਾ। ਰਿਜ਼ਕ ਵੱਲ ਵਾਪਿਸੀ ਨਹੀਂ, ਰੁਜ਼ਗਾਰ ਦੀਆਂ ਅਨੰਤ ਸੰਭਾਵਨਾਵਾਂ ਨਾਲ ਅੱਗੇ ਵਧਣ ਦੀ ਚੁਣੌਤੀ ਹੀ ਮਾਨਵਤਾ ਦੀ ਹੋਣੀ ਹੈ।

ਕਾਢ ਰੁਜ਼ਗਾਰ ਦੀ ਮਾਂ ਹੈ
ਇਸ ਡਰ ਅਧੀਨ, ਕਿ ਮਸ਼ੀਨੀ ਖੱਡੀਆਂ ਉਨ੍ਹਾਂ ਦੀ ਰੋਜ਼ੀ-ਰੋਟੀ ਖਾ ਜਾਣਗੀਆਂ, ਇੰਗਲੈਂਡ ਦੇ ਜੁਲਾਹਿਆਂ ਨੇ 1811 ਵਿਚ ਮਸ਼ੀਨੀਕਰਨ ਵਿਰੁਧ ਸੰਘਰਸ਼ ਦੌਰਾਨ, ਇਨ੍ਹਾਂ ਮਸ਼ੀਨੀ ਖੱਡੀਆਂ ਦੀ ਬਹੁਤ ਤੋੜ ਭੰਨ ਕੀਤੀ। ਉਨ੍ਹਾਂ ਦਾ ਡਰ ਏਨਾ ਗਲਤ ਵੀ ਨਹੀਂ ਸੀ। ਮਸ਼ੀਨ ਉਨ੍ਹਾਂ ਨੂੰ ਵਿਹਲੇ ਕਰ ਰਹੀ ਸੀ। ਕਈ ਸਾਲ ਉਨ੍ਹਾਂ ਨੂੰ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਨਵੀਆਂ ਪ੍ਰਸਥਿਤੀਆਂ ਅਨੁਸਾਰ ਢਲਣ ਵਿਚ ਸਮਾਂ ਤਾਂ ਲੱਗਿਆ, ਪਰ ਹੌਲੀ ਹੌਲੀ ਜੁਲਾਹਾ ਕੰਮ ਕਰਨ ਵਾਲੇ ਲੋਕਾਂ ਦੀ ਮੰਗ ਘਟਣ ਦੀ ਥਾਂ ਵਧਣ ਲੱਗ ਪਈ। ਹੱਥੀਂ ਕੰਮ ਕਰਨ ਦੀ ਥਾਂ, ਜਦੋਂ ਉਹੋ ਕੰਮ ਮਸ਼ੀਨਾਂ ਦੀ ਸਹਾਇਤਾ ਨਾਲ ਕੀਤਾ ਜਾਂਦਾ ਹੈ, ਤਾਂ ਕੰਮ ਦੀ ਕਾਰਜ-ਕੁਸ਼ਲਤਾ ਵਧ ਜਾਂਦੀ ਹੈ। ਪੈਦਾਵਾਰ ਵਧਣ ਨਾਲ ਕੀਮਤਾਂ ਘਟ ਜਾਂਦੀਆਂ ਹਨ। ਮੰਗ ਵਧ ਜਾਂਦੀ ਹੈ। ਉਨੀਵੀਂ ਸਦੀ ਦੇ ਸ਼ੁਰੂ ਸ਼ੁਰੂ ਵਿਚ, ਜਦੋਂ ਕੱਪੜਾ ਹਾਲੇ ਹੱਥੀਂ ਬਣਾਇਆ ਜਾਂਦਾ ਸੀ, ਲੋਕਾਂ ਕੋਲ ਬਹੁਤ ਘੱਟ ਕੱਪੜੇ ਹੁੰਦੇ ਸਨ। ਪਰ ਸਦੀ ਦੇ ਅੰਤ ਤੱਕ, ਮਸ਼ੀਨਾਂ ਦੇ ਆਉਣ ਨਾਲ ਕੱਪੜੇ ਦੀ ਪੈਦਾਵਾਰ ਵਧਣ ਅਤੇ ਕੀਮਤਾਂ ਘਟਣ ਕਾਰਨ ਕੱਪੜੇ ਦੀ ਖਪਤ ਵਿਚ ਤੇਜ਼ੀ ਨਾਲ ਵਾਧਾ ਹੋਣਾ ਸ਼ੁਰੂ ਹੋ ਗਿਆ। ਲੋਕਾਂ ਨੇ ਵੰਨ ਸਵੰਨੇ ਕੱਪੜਿਆ ਦੇ ਕਈ ਕਈ ਸੈਟ ਖਰੀਦਣੇ ਸ਼ੁਰੂ ਕਰ ਦਿੱਤੇ। ਖਿੜਕੀਆਂ ਤੇ ਪਰਦੇ, ਫਰਸ਼ਾਂ ਤੇ ਗਲੀਚੇ ਅਤੇ ਫਰਨੀਚਰ ਉਪਰ ਗਿਲਾਫ ਚੜ੍ਹਨੇ ਸ਼ੁਰੂ ਹੋ ਗਏ। ਕੱਪੜੇ ਦੀ ਮੰਗ ਦੇ ਤੇਜ਼ੀ ਨਾਲ ਵਧਣ ਕਰਕੇ ਮਸ਼ੀਨਾਂ ਅਤੇ ਮਸ਼ੀਨਾਂ ਉਪਰ ਕੰਮ ਕਰਨ ਵਾਲੇ ਮਜ਼ਦੂਰਾਂ, ਫੋਰਮੈਨਾਂ, ਸੁਪਰਵਾਈਜ਼ਰਾਂ ਅਤੇ ਮਿਲ ਮਨੇਜਰਾਂ, ਆਦਿ ਦੀ ਮੰਗ ਵੀ ਵਧਣ ਲੱਗੀ। ਕੱਪੜੇ ਦੇ ਵਪਾਰ ਵਿਚ ਹੀ ਨਹੀਂ, ਰੁਜ਼ਗਾਰ ਵਿਚ ਵੀ ਵਾਧਾ ਹੋਇਆ।

ਜਦੋਂ ਅਸੀਂ ਵੱਖੋ-ਵੱਖਰੇ ਖੇਤਰਾਂ ਵਿਚ ਮਸ਼ੀਨੀਕਰਨ ਦੇ ਰੋਲ ਬਾਰੇ ਸੋਚਦੇ ਹਾਂ, ਤਾਂ ਸਿਰ ਘੁੰਮ ਜਾਂਦਾ ਹੈ। ਜੁਲਾਹੇ ਕਲਪਨਾ ਵੀ ਨਹੀਂ ਸਨ ਕਰ ਸਕਦੇ ਕਿ ਮਸ਼ੀਨੀ ਯੁਗ ਵਿਚ ਲੋਕਾਂ ਕੋਲ ਕਿੰਨਾ ਕੱਪੜਾ ਅਤੇ ਕਿੰਨਾ ਭੋਜਨ ਹੋਵੇਗਾ। ਪਹਾੜਾਂ ਵਿਚ ਸੁਰੰਗਾਂ ਬਨਾਉਣੀਆ ਅਤੇ ਹਵਾਈ ਜਹਾਜ਼ਾਂ ਰਾਹੀਂ ਘੰਟਿਆਂ ਵਿੱਚ ਮਹਾਂਦੀਪਾਂ ਨੂੰ ਪਾਰ ਕਰ ਲੈਣਾ ਇਹਨਾ ਦੀ ਕਲਪਨਾ ਵਿਚ ਵੀ ਨਹੀਂ ਸੀ ਆ ਸਕਦਾ।

ਕੀ ਇਹ ਲੋਕ ਕਦੀ ਮਾਰੂਥਲਾਂ ਵਿਚ ਅੱਧੀ ਅੱਧੀ ਮੀਲ ਉਚੀਆਂ ਇਮਾਰਤਾਂ ਖੜ੍ਹੀਆਂ ਕਰਨ ਅਤੇ ਪੁਲਾੜ ਵਿਚ ਦੂਸਰੇ ਗ੍ਰਹਿਆ ਦੁਆਲੇ ਚੱਕਰ ਲਗਾਉਣ ਵਾਲੇ ਸੈਟੇਲਾਈਟ ਭੇਜਣ ਬਾਰੇ ਸੋਚ ਸਕਦੇ ਸਨ। ਉਨ੍ਹਾਂ ਲਈ ਇਹ ਅਨੁਮਾਨ ਲਗਾਉਣਾ ਸੰਭਵ ਹੀ ਨਹੀਂ ਸੀ ਕਿ, ਇਸ ਤਰ੍ਹਾਂ ਦੇ ਅਣਗਿਣਤ ਕਾਰਜਾਂ ਲਈ, ਭਵਿੱਖ ਵਿਚ ਉਨ੍ਹਾਂ ਦੇ ਬੱਚਿਆ ਕੋਲ ਕਿੰਨਾ ਅਰਥ-ਭਰਪੂਰ ਰੁਜ਼ਗਾਰ ਹੋਵੇਗਾ। ਵਰਤਮਾਨ ਸਮਿਆਂ ਵਿਚ ਰੁਜ਼ਗਾਰ ਉਪਰ ਕੰਪਿਊਟਰੀਕਰਣ ਦੇ ਪ੍ਰਭਾਵ ਨੂੰ ਸਮਝਣ ਲਈ ਏ ਟੀ ਐਮ ਦੀ ਉਦਾਹਰਣ ਲਈ ਜਾ ਸਕਦੀ ਹੈ। ਏ ਟੀ ਐਮ ਦੇ ਆਉਣ ਨਾਲ ਬੈਂਕਾਂ ਦੇ ਖਰਚੇ ਘਟੇ ਤਾਂ ਉਨ੍ਹਾਂ ਨੇ ਵਧੇਰੇ ਬ੍ਰਾਂਚਾਂ ਖੋਲ੍ਹ ਕੇ ਆਪਣਾ ਬਿਜ਼ਨਸ ਵਧਾ ਲਿਆ। ਇਸ ਤਰ੍ਹਾਂ ਬੈਂਕਾਂ ਵਿਚ ਰੁਜ਼ਗਾਰ ਦੀਆਂ ਨਵੀਆਂ ਸੰਭਾਵਨਾਵਾਂ ਪੈਦਾ ਹੋਣ
ਲੱਗ ਪਈਆਂ।

ਬਚਪਨ ਵਿਚ ਅਸੀ ਪਿਆਸੇ ਕਾਂ ਦੀ ਕਹਾਣੀ ਸੁਣਦੇ ਹੁੰਦੇ ਸੀ ਕਿ ਸਮੱਸਿਆ ਕਾਢ ਦੀ ਮਾਂ ਹੈ। ਪਰ ਉਪ੍ਰੋਕਤ ਚਰਚਾ ਉਪ੍ਰੰਤ, ਇਹ ਜਾਨਣ ਬਾਅਦ ਕਿ ਕਾਢ ਰੁਜ਼ਗਾਰ ਦੀ ਮਾਂ ਹੈ, ਪਿਆਸੇ ਕਾਂ ਦੀ ਕਹਾਣੀ ਅੱਗੇ ਤੁਰਦੀ ਹੈ: ‘ਸਮੱਸਿਆ ਕਾਢ ਦੀ ਮਾਂ ਹੈ ਅਤੇ ਕਾਢ ਰੁਜ਼ਗਾਰ ਦੀ ਮਾ।’ ਮਾਨਵ ਸਮਾਜ ਦੀ ਖੁਸ਼ਹਾਲੀ ਉਸਦੀਆਂ ਸਮਸਿਆਵਾਂ ਦੇ ਹੱਲ ਨਾਲ ਜੁੜੀ ਹੁੰਦੀ ਹੈ। ਜਿੰਨੀਆਂ ਵੱਡੀਆਂ ਸਮੱਸਿਆਵਾਂ ਹੋਣਗੀਆਂ, ਉਸ ਵਿਚੋਂ ਓਨੇ ਹੀ ਵੱਧ ਰੁਜ਼ਗਾਰ ਦੀਆਂ ਸੰਭਾਵਨਾਵਾਂ ਜਾਗਣਗੀਆਂ।

ਜਿੰਨੀ ਦੇਰ ਤੱਕ ਮਾਨਵ ਅਤੇ ਉਸਦੇ ਸਮਾਜਾਂ ਦੀਆਂ ਸਮਸਿਆਵਾਂ ਖਤਮ ਨਹੀਂ ਹੋ ਜਾਂਦੀਆਂ, ਓਨੀ ਦੇਰ ਤੱਕ ਰੁਜ਼ਗਾਰ ਦੀਆਂ ਨਵੀਆਂ ਤੋਂ ਨਵੀਆਂ ਸੰਭਾਵਨਾਵਾਂ ਵੀ ਜਨਮਦੀਆਂ ਰਹਿਣਗੀਆਂ। ਸਮੱਸਿਆਵਾਂ ਦਿਨੋ ਦਿਨ ਵਧ ਹੀ ਨਹੀਂ ਰਹੀਆਂ ਗੰਭੀਰ ਵੀ ਹੁੰਦੀਆਂ ਜਾ ਰਹੀਆਂ ਹਨ। ਰੁਜ਼ਗਾਰ ਵੀ ਵਧਣ ਦੇ ਨਾਲ ਨਾਲ ਵੱਡਾ ਹੋ ਰਿਹਾ ਹੈ।

ਜੇਕਰ ਖਪਤ ਦੀਆਂ ਦੂਸਰੀਆਂ ਵਸਤਾਂ ਅਤੇ ਸੇਵਾਵਾਂ ਦੇ ਨਿਰਮਾਣ ਦੀ ਕਹਾਣੀ ਨੂੰ ਪਾਸੇ ਰੱਖ ਲਈਏ, ਤਾਂ ਵੀ ਜਲਵਾਯੂ ਵਿਚ ਆ ਰਹੇ ਪਰਿਵਰਤਨਾਂ ਨੂੰ ਨਜਿਠਣ ਵਾਸਤੇ ਊਰਜਾ ਦੇ ਬੁਨਿਆਦੀ ਢਾਂਚੇ ਦੀ ਪੁਨਰ-ਉਸਾਰੀ ਕਰਨ, ਕੋਰੋਨਾਵਾਇਰਸ ਵਰਗੀਆਂ ਛੂਤ ਦੀਆਂ ਬਿਮਾਰੀਆਂ ਦੇ ਟਾਕਰੇ ਲਈ ਜਨਤਕ ਸਿਹਤ-ਸੁਰੱਖਿਆ ਪ੍ਰਬੰਧ ਦੇ ਰੂਪਾਂਤਰਣ ਅਤੇ ਹਰ ਕਿਸੇ ਨੂੰ ਸਾਫ ਹਵਾ, ਸਾਫ ਪਾਣੀ, ਸਾਫ ਊਰਜਾ ਅਤੇ ਸਾਫ ਵਾਤਾਵਰਣ ਦੀਆਂ ਸਹੂਲਤਾਂ ਪ੍ਰਦਾਨ ਕਰਨ ਦੇ ਨਾਲ ਨਾਲ ਦੁਨੀਆਂ ਦੇ ਨੌ ਅਰਬ ਲੋਕਾਂ ਲਈ ਰੋਜ਼ੀ ਰੋਟੀ, ਕੱਪੜੇ, ਮਕਾਨ, ਸਿਹਤ ਸੰਭਾਲ, ਮਨਪ੍ਰਚਾਵੇ ਅਤੇ ਸਿਖਿਆ ਦਾ ਪ੍ਰਬੰਧ ਕਰਨ ਵਾਸਤੇ ਹੀ ਕਿੰਨੇ ਮਾਨਵੀ ਵਸੀਲਿਆਂ ਦੀ ਜ਼ਰੂਰਤ ਰਹੇਗੀ, ਅਨੁਮਾਨ ਲਗਾਉਣਾ ਵੀ ਮੁਸ਼ਕਲ ਹੋਵੇਗਾ। ਮਾਨਵੀ ਕਿਰਤ ਨੂੰ ਮਸ਼ੀਨੀ ਅਤੇ ਬੌਧਿਕ ਤਕਨਾਲੋਜੀ ਨਾਲ ਲੈਸ ਕੀਤੇ ਬਿਨਾ ਤਾਂ ਅਜਿਹਾ ਕਰਨ ਬਾਰੇ ਸੋਚਿਆ ਵੀ ਨਹੀਂ ਜਾ
ਸਕਦਾ।

ਕਿਰਤ ਦਾ ਮਹੱਤਵ ਅਤੇ ਉਸ ਦੀ ਮੰਗ ਘਟੇ ਨਹੀਂ ਵਧੇ ਹਨ। ਕਿਰਤ ਦੀ ਪ੍ਰਕਿਰਤੀ ਜ਼ਰੂਰ ਬਦਲ ਰਹੀ ਹੈ। ਕਿਰਤ ਹੁਣ ਕਠਿਨ ਮੁਸ਼ੱਕਤ ਨਹੀਂ ਰਹੀ। ਨਾ ਹੀ ਕਿਰਤੀ ਮਸ਼ੀਨ ਦਾ ਪੁਰਜ਼ਾ ਹੈ। ਮਨੇਜਰ ਕਿਰਤੀਆਂ ਨੂੰ ਹੱਕਣ ਵਾਲਾ ਮਾਸਟਰ ਵੀ ਨਹੀਂ ਹੈ। ਕਿਰਤ ਅਜਿਹੀ ਨਵੀਨਤਾਕਾਰੀ ਸਿਰਜਣਾ ਵਿਚ ਰੂਪਾਂਤ੍ਰਿਤ ਹੋ ਰਹੀ ਹੈ, ਜਿਸਨੂੰ ਕਿਰਤੀ ਪਿਆਰ ਕਰਨਗੇ। ਜੋ ਉਨ੍ਹਾਂ ਦੇ ਅਨੰਦ ਦਾ ਮਾਧਿਅਮ ਹੋਵੇਗੀ।

ਜ਼ਰੂਰੀ ਨਹੀਂ ਕਿ ਕਿਰਤ ਨੌਕਰੀ ਦਾ ਰੂਪ ਧਾਰ ਕੇ ਹੀ ਆਵੇ। ਕੰਮ ਦੀ ਕੋਈ ਘਾਟ ਨਹੀਂ ਹੋਵੇਗੀ। ਨੋਕਰੀਆਂ ਦੀ ਘਾਟ ਹੋ ਸਕਦੀ ਹੈ। ਨੌਕਰੀ ਕੰਮ ਦੇ ਪ੍ਰਬੰਧਨ ਲਈ ਕੀਤੀ ਜਾਣ ਵਾਲੀ ਇਕ ਨਕਲੀ ਉਸਾਰੀ ਹੁੰਦੀ ਹੈ। ਇਸ ਲਈ, ਜ਼ਰੂਰੀ ਨਹੀਂ ਕਿ ਕੰਮ ਹਮੇਸ਼ਾ ਨੌਕਰੀ ਦੇ ਰੂਪ ਵਿਚ ਹੀ ਆਵੇ। ਕੰਮ ਦੀ ਪ੍ਰਕਿਰਤੀ ਅਤੇ ਮਹੌਲ ਬਦਲ ਰਹੇ ਹਨ। ਸੰਭਾਵਨਾ ਇਸੇ ਗੱਲ ਦੀ ਹੈ ਕਿ ਇਹ ਹੁਣ ਨਵੇਂ ਰੂਪਾਂ ਵਿਚ ਹੀ ਪ੍ਰਗਟ ਹੋਵੇ।

ਤੁਸੀਂ ਕਾਲਿਜ ਗਏ, ਪੱਤਰਕਾਰੀ ਦੀ ਐਮ ਏ ਕੀਤੀ ਅਤੇ ਸਾਰੀ ਉਮਰ ਇਕੋ ਅਖਬਾਰ ਲਈ ਖਬਰਾਂ ਲਿਖਦਿਆਂ ਕੱਢ ਦਿੱਤੀ। ਪਰ ਤੁਹਾਡੇ ਬੱਚੇ ਇਸ ਤਰ੍ਹਾਂ ਨਹੀਂ ਕਰ ਸਕਣਗੇ। ਉਹਨਾ ਨੂੰ ਤਾਂ ਆਪਣੇ ਆਪ ਨੂੰ ਲਗਾਤਾਰ ਖੋਜਦੇ ਰਹਿਣਾ ਹੋਵੇਗਾ। ਨਿਤ ਨਵੀਂ ਤਕਨਾਲੋਜੀ, ਨਵੀਆਂ ਸੰਭਾਵਨਾਵਾਂ, ਨਵੀਂ ਟ੍ਰੇਨਿੰਗ ਅਤੇ ਨਵਾਂ ਕੰਮ। ਕੇਵਲ ਇਕ ਦੋ ਜਾਂ ਤਿੰਨ ਵਾਰ ਹੀ ਨਹੀਂ। ਹੋ ਸਕਦਾ ਹੈ ਕਿ ਵਧੇਰੇ ਸਿਰਜਣਾਤਮਕ ਅਤੇ ਉਪਯੋਗੀ ਕੰਮਾਂ ਲਈ, ਆਪਣੇ ਆਪ ਨੂੰ ਇਸੇ ਤਰ੍ਹਾਂ ਉਮਰ ਭਰ ਅਪਡੇਟ ਕਰਦੇ ਰਹਿਣਾ ਪਵੇ। ਜਿਵੇਂ ਤੁਸੀਂ ਆਪਣੇ ਆਪ ਵਿਚ ਆਪ ਹੀ ਇਕ ਸਟਾਰਟ-ਅਪ ਕੰਪਨੀ ਹੋਵੋ।

ਇਹ ਤਦ ਹੀ ਸੰਭਵ ਹੈ, ਜੇਕਰ ਦੁਨੀਆਂ ਭਰ ਵਿਚ ਹਰ ਕਿਸੇ ਨੂੰ, ਹਰ ਥਾਂ ਅਤੇ ਹਰ ਵੇਲੇ ਹਰ ਨਵੇਂ ਪੁਰਾਣੇ ਹੁਨਰ ਦੀ, ਕਫਾਇਤੀ ਮੁੱਲ ਤੇ ਹਰ ਤਰ੍ਹਾਂ ਦੀ ਅਪਡੇਟਿਡ ਸਿਖਿਆ ਉਪਲਬਧ ਹੋਵੇ। ਹਾਰਵਰਡ, ਐਮ ਆਈ ਟੀ, ਸਟੈਨਫੋਰਡ, ਪਰਿੰਸਟਨ ਅਤੇ ਯੌਰਜੀਆ ਟੈਕਨਾਲੋਜੀ ਵਰਗੀਆਂ ਵੱਕਾਰੀ ਯੂਨੀਵਰਸਟੀਆਂ ਨੇ ਤਾਂ ਇਹ ਕੰਮ ਕਈ ਸਾਲ ਪਹਿਲਾਂ ਸ਼ੁਰੂ ਕਰ ਦਿੱਤਾ ਸੀ, ਅਤੇ ਇਕ ਇਕ ਕੋਰਸ ਵਿਚ ਲੱਖਾਂ ਵਿਦਿਆਰਥੀ ਦਾਖਲਾ ਲੈ ਰਹੇ ਹਨ। ਇਹ ਵੱਖਰੀ ਗੱਲ ਹੈ ਕਿ ਅਸੀਂ ਆਪਣੇ ਨਿਜੀ/ਵਿਉਪਾਰਕ ਹਿਤਾਂ ਦੀ ਪੂਰਤੀ ਲਈ, ਵਿਦਿਆਰਥੀਆਂ ਨੂੰ ਇਸ ਕ੍ਰਾਂਤੀ ਦਾ ਲਾਭ ਨਹੀਂ ਉਠਾਉਣ ਦੇ ਰਹੇ।