ਸ਼੍ਰੋਮਣੀ ਕਮੇਟੀ ਨੇ ਇੰਦੌਰ ਵਿਚ ਸਿੰਧੀ ਸਮਾਜ ਨੂੰ ਸਿਖ ਧਰਮ ਨਾਲ ਪੁਨਰ ਜੋੜਕੇ ਉਸਾਰੂ ਨੀਤੀ ਅਪਨਾਈ

ਸ਼੍ਰੋਮਣੀ ਕਮੇਟੀ ਨੇ ਇੰਦੌਰ ਵਿਚ ਸਿੰਧੀ ਸਮਾਜ ਨੂੰ ਸਿਖ ਧਰਮ ਨਾਲ ਪੁਨਰ ਜੋੜਕੇ ਉਸਾਰੂ ਨੀਤੀ ਅਪਨਾਈ

*ਸਿੰਧੀ ਆਗੂਆਂ ਨਾਲ ਕੀਤੀ ਮੀਟਿੰਗ ਤੇ ਸਿਖ ਮਰਿਯਾਦਾ ਦਿ੍ੜ ਕਰਵਾਉਣ ਲਈ ਦਿਤੇ ਪ੍ਰਚਾਰਕ                                                                                                     

*    ਸਿੰਧੀ ਭਾਈਚਾਰਾ ਅਕਾਲ ਤਖਤ ਸਾਹਿਬ ਜਾਵੇਗਾ ਤੇ ਜਥੇਦਾਰ ਨੂੰ ਮਿਲੇਗਾ   

                                                                                                                             ਬੀਤੇ ਦਿਨੀਂ ਮੱਧ ਪ੍ਰਦੇਸ਼ ਵਿਖੇ ਬੀਤੇ ਦਿਨੀਂ ਕੁਝ ਸਿਖ ਜਥੇਬੰਦੀਆਂ ਵਲੋਂ ਮਰਿਯਾਦਾ ਦੇ ਨਾਮ ਉਪਰ ਸਿੰਧੀ ਸਮਾਜ ਦੇ ਅਸਥਾਨਾਂ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਚੁੱਕਣ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਫ਼ਦ ਨੇ ਬੀਤੇ ਦਿਨੀਂ ਇੰਦੌਰ ਪੁਜਕੇ ਇੱਥੇ ਵਾਪਰੀਆਂ ਘਟਨਾਵਾਂ ਸੰਬੰਧੀ ਸਮੁੱਚੀ ਜਾਣਕਾਰੀ ਪ੍ਰਾਪਤ ਕਰਕੇ ਸ੍ਰੀ ਗੁਰੂ ਸਿੰਘ ਸਭਾ, ਇੰਦੌਰ ਅਤੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਛੱਤੀਸਗੜ੍ਹ ਮੱਧ ਪ੍ਰਦੇਸ਼ ਦੇ ਸਹਿਯੋਗ ਨਾਲ ਸਵਾਮੀ ਪ੍ਰੀਤਮ ਦਾਸ ਸਭਾ ਗ੍ਰਹਿ, ਸਿੰਧੀ ਕਾਲੋਨੀ, ਇੰਦÏਰ ਵਿਖੇ ਅਖਿਲ ਭਾਰਤੀਯ ਸਿੰਧੂ ਸੰਤ ਸਮਾਜ ਟ੍ਰਸਟ ਦੇ ਮਹਾਮੰਡਲੇਸ਼ਵਰ ਸਵਾਮੀ ਹੰਸ ਰਾਮ (ਭੀਲਵਾੜਾ, ਰਾਜਸਥਾਨ) ਸਮੇਤ 20 ਦੇ ਕਰੀਬ ਸਨਾਤਨੀ ਮੱਤ ਵਾਲੇ ਸਿੰਧੀ ਆਗੂਆਂ ਨਾਲ  ਸੁਖਾਂਵੇ ਮਹੌਲ ਵਿਚ ਮੁਲਾਕਾਤ ਕਰਕੇ ਸਿੰਧੀ ਭਾਈਚਾਰੇ ਨੂੰ ਸਿਖ ਧਰਮ ਨਾਲ ਮੁੜ ਜੋੜਨ ਵਿਚ ਸਫਲ ਹੋਏ ਹਨ।ਅਕਾਲ ਤਖਤ ਸਾਹਿਬ ਦਾ ਇਹ ਸੰਦੇਸ਼ ਵੀ ਸਾਂਝਾ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਮਰਿਯਾਦਾ ਅਨੁਸਾਰ ਰੱਖਣਾ ਸਾਡਾ ਸਭ ਤੋਂ ਪਹਿਲਾ ਫਰਜ਼ ਹੈ। ਇਕੱਤਰਤਾ 'ਵਿਚ ਹਾਜ਼ਰ ਸਿੰਧੀ ਸਮਾਜ ਦੇ ਆਗੂਆਂ ਨੇ ਤਸੱਲੀ ਪ੍ਰਗਟ ਕਰਦਿਆਂ ਗੱਲਬਾਤ ਨੂੰ ਅੱਗੇ ਵਧਾਉਣ ਦੀ ਗੱਲ ਆਖੀ ਹੈ ਅਤੇ ਜਲਦ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਾਣ ਤੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਮਿਲਣ ਦੀ ਗੱਲ ਆਖੀ । ਸਿੰਧੀ ਆਗੂਆਂ ਦਾ ਮੰਨਣਾ ਹੈ ਕਿ 'ਅਸੀਂ ਵੱਡ-ਵਡੇਰਿਆਂ ਤੋਂ ਬਾਬਾ ਗੁਰੂ ਨਾਨਕ ਜੀ ਦੇ ਸ਼ਰਧਾਲੂ ਹਾਂ ਅਤੇ ਸਾਡਾ ਗੁਰਬਾਣੀ ਵਿਚ ਅਟੁੱਟ ਵਿਸ਼ਵਾਸ ਹੈ। ਯਾਦ ਰਹੇ ਕਿ ਪਿਛਲੇ ਦਿਨੀਂ ਇੰਦੌਰ ਵਿਚ, ਸਿੰਧੀ ਪਰਿਵਾਰਾਂ ਕੋਲੋਂ ਸਤਿਕਾਰ ਕਮੇਟੀ ਦੁਆਰਾ ਮਰਿਆਦਾ ਦੇ ਨਾਂਅ 'ਤੇ ਡਰਾ-ਧਮਕਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵਾਪਸ ਲੈਣ ਦੀ ਕਾਰਵਾਈ ਤੋਂ ਬਾਅਦ, ਸਿੰਧੀ ਭਾਈਚਾਰਾ ਆਪਣੇ ਆਪ ਨੂੰ ਸਿਖ ਧਰਮ ਤੋਂ ਬੇਗਾਨਾ ਮਹਿਸੂਸ ਕਰ ਰਿਹਾ ਸੀ। ਪਰ ਅਕਾਲ ਤਖਤ ਸਾਹਿਬ ਦੇ ਹੁਕਮ ਤਹਿਤ ਸ੍ਰੋਮਣੀ ਕਮੇਟੀ ਉਹਨਾਂ ਨੂੰ ਸਿਖ ਧਰਮ ਨਾਲ ਪੁਨਰ ਜੋੜਨ ਵਿਚ ਸਫਲ  ਰਹੀ ਹੈ। ਇਸ ਤੋਂ ਪਹਿਲਾਂ ਪੰਜਾਬ ਤੋਂ ਗਈ ਇਕ ਸਤਿਕਾਰ ਕਮੇਟੀ ਨੇ ਇੰਦੌਰ ਦੀ ਇਕ ਸਿੰਧੀ ਧਰਮਸ਼ਾਲਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਕਰਮ-ਕਾਂਡ ਅਤੇ ਮਨਮਤਿ ਹੋਣ ਦੀ ਸ਼ਿਕਾਇਤ ਮਿਲਣ ਤੋਂ ਬਾਅਦ, ਇੰਦੌਰ ਦੇ ਸਮੁੱਚੇ ਸਿੰਧੀ ਪਰਿਵਾਰਾਂ ਨੂੰ ਚਿਤਾਵਨੀ ਦੇ ਦਿੱਤੀ ਸੀ ਕਿ ਉਹ ਮਰਿਆਦਾ ਦਾ ਪਾਲਣ ਨਹੀਂ ਕਰ ਰਹੇ, ਜਿਸ ਕਾਰਨ ਘਰਾਂ ਵਿਚ ਰੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵਾਪਸ ਕਰ ਦੇਣ।  ਸਿੰਧੀ ਸਮਾਜ ਦੇ ਅਨੇਕਾਂ ਪਰਿਵਾਰਾਂ ਨੇ 92 ਦੇ ਕਰੀਬ ਪਾਵਨ ਸਰੂਪ ਗੁਰਦੁਆਰਾ ਇਮਲੀ ਸਾਹਿਬ ਪਹੁੰਚਾ ਦਿੱਤੇ, ਜਿਨ੍ਹਾਂ ਵਿਚੋਂ ਬਹੁਤ ਸਾਰੇ ਪੁਰਾਤਨ ਹੱਥ-ਲਿਖਤ ਸਨ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਉਕਤ ਘਟਨਾ ਦਾ ਸਖ਼ਤ ਨੋਟਿਸ ਲੈਂਦਿਆਂ ਸਿੰਧੀ ਸਮਾਜ ਨੂੰ ਖੌਫ਼ਜ਼ਦਾ ਕਰਨ ਵਾਲੇ ਸਿੱਖ ਆਗੂਆਂ ਨੂੰ ਤਲਬ ਕੀਤਾ ਸੀ। ਸ਼੍ਰੋਮਣੀ ਕਮੇਟੀ ਨੇ ਵੀ ਆਪਣਾ ਵਫ਼ਦ ਭੇਜ ਕੇ ਜਿੱਥੇ ਸਿੰਧੀ ਪਰਿਵਾਰਾਂ ਨੂੰ ਭਰੋਸੇ ਵਿਚ ਲਿਆ ਸੀ, ਉੱਥੇ ਉਨ੍ਹਾਂ ਨੂੰ ਦੇਪਾਵਨ ਸਰੂਪ ਵਾਪਸ ਵੀ ਕਰਵਾ ਦਿੱਤੇ ਸਨ। ਸ਼੍ਰੋਮਣੀ ਕਮੇਟੀ  ਨੇ  5 ਪ੍ਰਚਾਰਕ ਸਿੰਧੀ ਸਮਾਜ ਲਈ ਨਿਯੁਕਤ ਕਰ ਦਿਤੇ ਹਨ ਜੋ ਸਿੰਧੀ ਸਮਾਜ  ਸਿੱਖ ਰਹਿਤ ਮਰਿਆਦਾ ਬਾਰੇ ਜਾਗਰੂਕਤਾ ਲਿਆਉਣ ਦੀ ਜ਼ਿੰਮੇਵਾਰੀ ਨਿਭਾਉਣਗੇ।

ਸਿੰਧੀ ਸਮਾਜ ਦਾ ਸਿੱਖ ਧਰਮ ਨਾਲ ਰਿਸ਼ਤਾ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਜੁੜਿਆ ਹੋਇਆ ਹੈ।   ਜਦੋਂ ਗੁਰੂ ਨਾਨਕ ਦੇਵ ਜੀ ਮੱਕਾ ਤੇ ਮਦੀਨਾ ਨੂੰ ਜਾਂਦੇ ਹੋਏ ਭੁਜ ਅਤੇ ਕੱਛ ਗਏ ਸਨ ਤਾਂ ਉਸ ਦੌਰਾਨ ਉੱਥੇ ਬਹੁਤ ਸਾਰੇ ਸਿੰਧੀ  ਗੁਰੂ ਨਾਨਕ ਸਾਹਿਬ ਦੇ ਸ਼ਰਧਾਲੂ  ਬਣ ਗਏ ਸਨ।  ਸਿੰਧੀਆਂ ਵਲੋਂ ਗੁਰੂ ਸਾਹਿਬਾਨਾਂ ਦੇ ਸਮੇਂ ਤੋਂ ਆਪਣੀਆਂ ਧਰਮਸ਼ਾਲਾਵਾਂ ਵਿਚ ਵੀ ਗੁਰਬਾਣੀ ਦਾ ਪ੍ਰਚਾਰ ਅਤੇ ਗਾਇਨ ਕੀਤਾ ਜਾਂਦਾ ਹੈ।  ਸਿੰਧੀਆਂ ਦੀ ਆਬਾਦੀ ਕੱਛ ਅਤੇ ਭੁਜ ਤੋਂ ਕਰਾਚੀ, ਹੈਦਰਾਬਾਦ,ਗੁਜਰਾਤ, ਰਾਜਸਥਾਨ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਤੱਕ ਫੈਲੀ ਹੋਈ ਹੈ।  ਭਾਰਤ ਵਿਚ ਇਸ ਵੇਲੇ ਸਿੰਧੀ ਭਾਈਚਾਰੇ ਦੀ ਆਬਾਦੀ 2 ਲੱਖ ਦੇ ਕਰੀਬ ਹੈ।ਮੁੰਬਈ ਦੇ ਨਾਲ ਲੱਗਦੇ ਖੇਤਰ ਉਲਹਾਸਨਗਰ ਨੂੰ ਹਾਲ ਹੀ ਦੇ ਸਮੇਂ ਵਿਚ ਸਿੰਧੀ ਸਿੱਖਾਂ ਨੇ ਇਕ ਵਿਸ਼ੇਸ਼ ਹੈੱਡਕੁਆਰਟਰ ਵਜੋਂ ਰੱਖਿਆ ਹੋਇਆ ਹੈ। ਇੱਥੋਂ ਦਾ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੇਸ਼-ਵਿਦੇਸ਼ ਦੇ ਸਿੱਖਾਂ ਵਿਚ ਵਿਸ਼ੇਸ਼ ਖਿੱਚ ਦਾ ਕੇਂਦਰ ਬਣ ਰਿਹਾ ਹੈ।ਭਾਰਤ ਵਿਚ ਆਏ ਸਿੰਧੀਆਂ ਵਿੱਚੋਂ ਦਾਦਾ ਚੇਲਾਰਾਮ ਦਿੱਲੀ ਵਿਚ ਆ ਕੇ ਵਸਿਆ ਅਤੇ ਪੂਸਾ ਰੋਡ, ਦਿੱਲੀ ਉੱਤੇ ‘ਨਿਜ ਟਾਊਨ’ ਨਾਮ ਦਾ ਆਪਣਾ ਆਸ਼ਰਮ ਸਥਾਪਿਤ ਕੀਤਾ।  ਦਾਦਾ ਚੇਲਾ ਰਾਮ ਦੇ  ਅਕਾਲ ਚਲਾਣੇ ਤੋਂ ਬਾਅਦ ਉਨ੍ਹਾਂ ਦੀ ਬੇਟੀ ਕਮਲਾ ਨੇ ਧਰਮ ਪ੍ਰਚਾਰ ਦੀ ਸੇਵਾ ਸੰਭਾਲੀ ਅਤੇ ਹੁਣ ਦਾਦਾ ਜੀ ਦਾ ਪੁੱਤਰ ਲਛਮਣ ਚੇਲਾਰਾਮ ਗੁਰੂ ਨਾਨਕ ਦੇਵ ਜੀ ਦੇ ਧਰਮ ਦੇ ਪ੍ਰਚਾਰ ਵਿਚ ਰੁਚੀ ਰੱਖਦਾ ਹੈ। ਇਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੰਧੀ ਅਤੇ ਹਿੰਦੀ ਵਿਚ ਸਾਹਿਤ ਤਿਆਰ ਕੀਤਾ ਹੈ ਅਤੇ ਦੇਸ਼ ਦੀਆਂ ਹੋਰ ਪ੍ਰਮੁੱਖ ਭਾਸ਼ਾਵਾਂ ਵਿਚ ਅੰਗਰੇਜ਼ੀ, ਗੁਜਰਾਤੀ, ਬੰਗਾਲੀ, ਦੇਵ ਨਗਰੀ ਅਤੇ ਸਿੰਧੀ ਵਿਚ ਟੀਕਾਕਰਨ ਦਾ ਉੱਦਮ ਕੀਤਾ ਹੈ। ਇਸ ਨੇ ਹਿਮਾਚਲ ਪ੍ਰਦੇਸ਼ ਦੇ ਸੋਲਨ ਨੇੜੇ ਸਪਰੂਨ ਵਿਖੇ ‘ਦਾਦਾ ਚੇਲਾ ਰਾਮ ਆਸ਼ਰਮ’ ਵੀ ਸਥਾਪਿਤ ਕੀਤਾ ਹੈ। ਉਨ੍ਹਾਂ ਸੁਖਮਨੀ ਸਾਹਿਬ ਬਾਣੀ ਨੂੰ ਉੜੀਆ, ਤੇਲਗੂ, ਤਾਮਿਲ ਅਤੇ ਰੋਮਨ ਲਿਪੀ ਵਿਚ ਛਾਪਣ ਦਾ ਵੀ ਪ੍ਰਬੰਧ ਕੀਤਾ ਹੈ।ਖਾਲਸਾ ਰਾਜ ਦੇ ਅੰਤ ਬਾਅਦ ਪੰਥਕ ਸੰਸਥਾਵਾਂ ਸਿੰਧੀ ਭਾਈਚਾਰੇ ਸਿੱਖ ਧਰਮ ਦੀ ਮੁੱਖ ਧਾਰਾ ਨਾਲ ਜੋੜਨ  ਵਿਚ ਅਸਮਰਥ ਰਹੀਆਂ ਹਨ।  ਸਿੰਧੀਆਂ ਤੋਂ ਇਲਾਵਾ ਸਤਿਨਾਮੀਏ,  ਉਦਾਸੀ, ਸਿਕਲੀਗਰ ਅਤੇ ਵਣਜਾਰੇ ਆਦਿ ਵੀ ਸਿੱਖ ਪੰਥ ਦੀ ਮੁੱਖ ਧਾਰਾ  ਟੁੱਟ ਚੁਕੇ ਹਨ। ਜੇਕਰ ਪੰਥਕ ਜਥੇਬੰਦੀਆਂ ਇਸ ਵਲ ਧਿਆਨ ਦਿੰਦੀਆਂ ਤਾਂ ਸਿਖਾਂ ਦੀ ਆਬਾਦੀ ਸਤ ਗੁਣਾਂ ਹੋਣੀ ਸੀ। 

ਸਿੰਧੀ ਸਿੱਖ ਬੇਸ਼ੱਕ ਕੇਸਾਂ ਦੀ ਰਹਿਤ ਰੱਖਣ ਵਿਚ ਪ੍ਰਪੱਕ ਨਾ ਹੋਣ,ਪਰ ਉਹ ਸ਼ਰਧਾ ਪਖ ਤੋਂ ਕਿਸੇ ਤੋਂ ਘਟ ਨਹੀਂ ਹਨ।  ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਚ ਸਿੰਧੀ ਸੰਗਤਾਂ ਵਡੀ ਗਿਣਤੀ ਵਿਚ ਸੇਵਾ ਕਰਦੀਆਂ ਹਨ।ਇਹ ਆਰਥਿਕ ਤੌਰ ਉਪਰ ਮਜਬੂਤ ਭਾਈਚਾਰਾ ਹੈ।ਗੁਰਮਤਿ ਦਾ  ਪ੍ਰਚਾਰ ਕਰਕੇ ਸਿੰਧੀ ਨੌਜਵਾਨ ਪੀੜੀ ਨੂੰ ਪੂਰਨ ਸਿਖੀ ਵਲ ਤੌਰਨ ਦੀ ਲੋੜ ਹੈ। ਸਤਿਕਾਰ ਕਮੇਟੀਆਂ ਨੂੰ ਅਕਾਲ ਤਖਤ ਸਾਹਿਬ ਵਲੋਂ ਕੰਟਰੋਲ ਕੀਤਾ ਜਾਣਾ ਚਾਹੀਦਾ ਹੈ। ਸਿੰਧੀ ਭਾਈਚਾਰੇ,ਸਿਕਲੀਗਰ, ਵਣਜਾਰਿਆਂ ,ਦਲਿਤ ਭਾਈਚਾਰੇ ਨੂੰ ਸਿਖੀ ਨਾਲ ਜੋੜਿਆ ਜਾਣਾ ਚਾਹੀਦਾ ਹੈ।

 

ਰਜਿੰਦਰ ਸਿੰਘ ਪੁਰੇਵਾਲ