ਭੁੱਲ ਬਖ਼ਸ਼ਵਾਉਣ ਦਾ ਅਰਥ...

ਭੁੱਲ ਬਖ਼ਸ਼ਵਾਉਣ ਦਾ ਅਰਥ...

ਸ੍ਰੀ ਅਕਾਲ ਤਖ਼ਤ ਸਾਹਿਬ ਸਮੁੱਚੀ ਸਿੱਖ ਕੌਮ ਦਾ ਕੇਂਦਰੀ ਸਥਾਨ ਹੈ ਅਤੇ ਇੱਥੋਂ ਜਾਰੀ ਹੋਣ ਵਾਲੇ ਹੁਕਮਨਾਮੇ ਅਤੇ ਫ਼ੈਸਲੇ ਸਮੂਹ ਸਿੱਖ ਸੰਗਤ ’ਤੇ ਲਾਗੂ ਹੁੰਦੇ ਹਨ। ਇਹ ਸਮਝਿਆ ਜਾਂਦਾ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਸਥਾਪਿਤ ਕੀਤਾ ਗਿਆ ਇਹ ਤਖ਼ਤ ਸਿੱਖ ਪੰਥ ਦੀ ਦਿਸ਼ਾ ਨਿਰਧਾਰਿਤ ਕਰਦਾ ਹੈ ਅਤੇ ਜਦੋਂ ਕੋਈ ਸਿੱਖ ਇਸ ਦੇ ਸਿਧਾਂਤ ਤੋਂ ਦੂਰ ਜਾਂਦਾ ਹੈ ਤਾਂ ਇਹ ਉਸ ਨੂੰ ਵਾਪਸ ਲਿਆਉਣ ਵਿਚ ਸਹਾਈ ਹੁੰਦਾ ਹੈ।

ਜਿਵੇਂ ਅੰਮ੍ਰਿਤ ਛਕਣ ਵਾਲਾ ਆਪਣੀ ਪਿਛਲੀ ਕਿਰਤ, ਕਰਮ ਅਤੇ ਧਰਮ ਤੋਂ ਮੁਕਤ ਹੋ ਕੇ ਨਵੀਂ ਜੀਵਨਜਾਚ ਧਾਰਨ ਕਰ ਲੈਂਦਾ ਹੈ ਅਤੇ ਉਸੇ ਅਨੁਸਾਰ ਆਪਣਾ ਅਗਲਾ ਜੀਵਨ ਬਸਰ ਕਰਨ ਦਾ ਅਹਿਦ ਲੈਂਦਾ ਹੈ, ਇਸੇ ਤਰ੍ਹਾਂ ਜਦੋਂ ਕੋਈ ਸਿੱਖ ਆਪਣੇ ਧਾਰਮਿਕ, ਸਮਾਜਿਕ ਅਤੇ ਰਾਜਸੀ ਜੀਵਨ ਵਾਲੇ ਖ਼ੇਤਰ ਵਿਚ ਕੋਈ ਅਜਿਹਾ ਕਾਰਜ ਕਰਦਾ ਹੈ ਜਿਹੜਾ ਕਿ ਗੁਰਮਤਿ ਦੇ ਅਨੁਕੂਲ ਨਹੀਂ ਹੈ ਤਾਂ ਉਹ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਕੇ ਆਪਣੀ ਭੁੱਲ ਬਖ਼ਸ਼ਵਾਉਂਦਾ ਹੈ। ਵਿਧੀਵਤ ਢੰਗ ਨਾਲ ਪੰਥ ਵਿਚ ਦੁਬਾਰਾ ਸ਼ਾਮਲ ਕਰਕੇ ਉਸ ਨੂੰ ਅੱਗੇ ਤੋਂ ਗੁਰਮਤਿ ਸਿਧਾਂਤ ਅਨੁਸਾਰ ਜੀਵਨ ਬਸਰ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ। 
 ਭੁੱਲ ਮਨੁੱਖ ਦੇ ਦੁਨਿਆਵੀ ਜੀਵਨ ਨਾਲ ਜੁੜੀ ਹੋਈ ਹੈ ਅਤੇ ਦੁਨੀਆ ’ਤੇ ਕੋਈ ਵੀ ਮਨੁੱਖ ਅਜਿਹਾ ਨਹੀਂ ਜਿਹੜਾ ਗਲਤੀ ਨਾਲ ਕਰਦਾ ਹੋਵੇ। ਹਰ ਧਰਮ ਵਿਚ ਉਸ ਦੇ ਪੈਰੋਕਾਰਾਂ ਨੂੰ ਗਲਤੀ ਦਾ ਅਹਿਸਾਸ ਕਰਾੳਣ ਦੀ ਵਿਧੀ ਦੱਸੀ ਗਈ ਹੈ। ਗੁਰੂ ਨਾਨਕ ਦੇਵ ਜੀ ਮਨੁੱਖ ਨੂੰ ਭੁੱਲਣਹਾਰ ਮੰਨਦੇ ਹੋਏ ਕਹਿੰਦੇ ਹਨ - ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ॥ ਇਸ ਦਾ ਭਾਵ ਇਹ ਨਹੀਂ ਹੈ ਕਿ ਮਨੁੱਖ ਆਪਣੀ ਭੁੱਲ ਤੋਂ ਮੁਕਤ ਨਹੀਂ ਹੋ ਸਕਦਾ ਅਤੇ ਜੇਕਰ ਇਹ ਸੰਭਵ ਨਾ ਹੋਵੇ ਤਾਂ ਉਹ ਸਦਮੇ ਵਿਚ ਜਾ ਸਕਦਾ ਹੈ ਜਿਸ ਵਿਚੋਂ ਬਾਹਰ ਨਿਕਲਣਾ ਕਈ ਵਾਰੀ ਮੁਸ਼ਕਲ ਹੋ ਜਾਂਦਾ ਹੈ। ਗੁਰਬਾਣੀ ਮਨੁੱਖ ਨੂੰ ਜੀਵਨ ਦੇ ਖੇੜੇ ਅਤੇ ਅਨੰਦ ਦਾ ਅਹਿਸਾਸ ਕਰਵਾਉਣ ਲਈ ਹਮੇਸ਼ਾਂ ਪ੍ਰੇਰਿਤ ਕਰਦੀ ਹੈ ਤਾਂ ਕਿ ਉਹ ਹਮੇਸ਼ਾਂ ਪ੍ਰਭੂ-ਮੁਖੀ ਦਿਸ਼ਾ ਵਿਚ ਕਾਰਜਸ਼ੀਲ ਰਹਿਣ ਦਾ ਯਤਨ ਕਰੇ। ਗਲਤੀ ਕਰਨਾ ਅਤੇ ਗਲਤੀ-ਮੁਕਤ ਹੋਣਾ ਦੋਵੇਂ ਗੱਲਾਂ ਨਾਲ-ਨਾਲ ਚੱਲਦੀਆਂ ਹਨ। 
ਕਈ ਵਾਰੀ ਗਲਤੀਆਂ ਵੀ ਸਿੱਖਿਆ ਪ੍ਰਦਾਨ ਕਰਦੀਆਂ ਹਨ। ਹਰ ਆਮ ਵਿਅਕਤੀ ਇਹ ਚਾਹੁੰਦਾ ਹੈ ਕਿ ਉਸ ਤੋਂ ਕੋਈ ਗਲਤੀ ਨਾ ਹੋ ਜਾਵੇ ਅਤੇ ਅਜਿਹਾ ਹੋ ਜਾਣ ਦੇ ਬਾਵਜੂਦ ਵੀ ਉਹ ਸਦਾਚਾਰੀ ਜੀਵਨ ਬਸਰ ਕਰਨ ਲਈ ਯਤਨਸ਼ੀਲ ਰਹਿੰਦਾ ਹੈ। ਗਲਤੀਆਂ ਹੋ ਜਾਣ ਦੇ ਬਾਵਜੂਦ ਵੀ ਸਦਾਚਾਰੀ ਜੀਵਨ ਕਿਵੇਂ ਬਸਰ ਕੀਤਾ ਜਾ ਸਕਦਾ ਹੈ? ਗੁਰਬਾਣੀ ਇਸ ਦੁਬਿਧਾ ਦਾ ਹੱਲ ਕਰਦੀ ਹੈ ਕਿ ਜਦੋਂ ਮਨੁੱਖ ਆਪਣੀ ਗਲਤੀ ਦਾ ਅਹਿਸਾਸ ਕਰਕੇ ਭੁੱਲ ਬਖ਼ਸ਼ਾ ਲੈਂਦਾ ਹੈ ਤਾਂ ਉਸ ਦੀ ਜੀਵਨ ਰੌਂਅ ਪਹਿਲਾਂ ਵਾਂਗ ਵਿਕਾਸ ਦੀ ਦਿਸ਼ਾ ਵਿਚ ਕਾਰਜਸ਼ੀਲ ਹੋ ਜਾਂਦੀ ਹੈ। ਗੁਰੂ ਨਾਨਕ ਦੇਵ ਜੀ ਸਿੱਖ ਦੇ ਮਨ ਵਿਚ ‘ਹਉ ਪਾਪੀ ਤੂੰ ਬਖਸਣਹਾਰੁ’ ਵਾਲੀ ਭਾਵਨਾ ਪੈਦਾ ਕਰਨ ਦਾ ਯਤਨ ਕਰਦੇ ਹਨ ਤਾਂ ਕਿ ਸਿੱਖ ਹਉਮੈ ਤੋਂ ਮੁਕਤ ਹੋ ਕੇ ਸਮਰਪਣ ਅਤੇ ਨਿਮਰਤਾ ਵਾਲਾ ਜੀਵਨ ਬਸਰ ਕਰੇ ਜਿਸ ਵਿਚੋਂ ਪਰਉਪਕਾਰ ਅਤੇ ਪਰਮਾਨੰਦ ਦੀ ਭਾਵਨਾ ਵਾਲਾ ਮਾਰਗ ਵਿਕਸਿਤ ਹੋਵੇ।
 ਮਾਇਆ ਨੂੰ ਮਨੁੱਖ ਦੇ ਜੀਵਨ ਦੀ ਭਟਕਣ ਦਾ ਕਾਰਨ ਮੰਨਿਆ ਜਾਂਦਾ ਹੈ ਜਿਹੜੀ ਕਿ ਨੂੰ ਦੈਵੀ ਜੀਵਨ ਨਾਲੋਂ ਤੋੜ ਕੇ ਦੁਨਿਆਵੀ ਜੀਵਨ ਨਾਲ ਜੋੜਦੀ ਹੈ ਅਤੇ ਜਿਹੜਾ ਮਨੁੱਖ ਇਸ ਤੋਂ ਮੁਕਤ ਹੋਣ ਲਈ ਯਤਨ ਨਹੀਂ ਕਰਦਾ ਉਹ ਸਰੀਰਕ ਅਤੇ ਮਾਨਸਿਕ ਪ੍ਰੇਸ਼ਾਨੀਆਂ ਨਾਲ ਘਿਰਦਾ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਮਾਇਆ ਦੇ ਪ੍ਰਭਾਵ ਅਧੀਨ ਮਨੁੱਖ ਦੀ ਬਦਲਦੀ ਮਾਨਸਿਕ ਦਿਸ਼ਾ ਅਤੇ ਸੰਕਟ ਦਾ ਵਰਨਨ ਕਰਦੇ ਹੋਏ ਕਹਿੰਦੇ ਹਨ :  


ਸਹਸ ਖਟੇ ਲਖ ਕਉ ਉਠਿ ਧਾਵੈ॥ 
ਤ੍ਰਿਪਤਿ ਨ ਆਵੈ ਮਾਇਆ ਪਾਛੈ ਪਾਵੈ॥ 
ਅਨਿਕ ਭੋਗ ਬਿਖਆ ਕੇ ਕਰੈ॥ 
ਨਹ ਤ੍ਰਿਪਤਾਵੈ ਖਪਿ ਖਪਿ ਮਰੈ ॥


 ਧਨ ਦੇ ਰੂਪ ਵਿਚ ਮਾਇਆ ਅਜਿਹੀ ਸ਼ਕਤੀ ਹੈ ਜਿਹੜੀ ਕਿ ਹੋਰਨਾਂ ਸਮੂਹ ਸ਼ਕਤੀਆਂ ਤੋਂ ਬਲਵਾਨ ਮੰਨੀ ਜਾਂਦੀ ਹੈ। ਜੀਵਨ ਦੀਆਂ ਸਮੂਹ ਪ੍ਰਾਪਤੀਆਂ ਦਾ ਆਧਾਰ ਬਣ ਚੁੱਕੀ ਇਹ ਸ਼ਕਤੀ ਮਨੁੱਖ ਨੂੰ ਬਾਹਰੀ ਤੌਰ ’ਤੇ ਬਲਵਾਨ ਅਤੇ ਅੰਦਰੂਨੀ ਤੌਰ ’ਤੇ ਪ੍ਰੇਸ਼ਾਨ ਕਰਦੀ ਹੈ। ਰਾਜ ਦੀ ਪ੍ਰਾਪਤੀ ਲਈ ਵੀ ਧਨ ਦੀ ਪ੍ਰਾਪਤੀ ਨੂੰ ਪ੍ਰਮੁੱਖ ਤੌਰ ’ਤੇ ਦੇਖਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਕ੍ਰਿਸ਼ਮਈ ਸ਼ਖ਼ਸੀਅਤ, ਧਾਰਮਿਕ ਰਹਿਤ, ਸਮਾਜਿਕ ਪ੍ਰਵਾਨਗੀ ਅਤੇ ਸਰੀਰਕ ਬਲ ਰਾਜ ਦੀ ਪ੍ਰਾਪਤੀ ਲਈ ਪ੍ਰਮੁੱਖ ਮੰਨੇ ਜਾਂਦੇ ਹਨ। ਇਹਨਾਂ ਸਾਰਿਆਂ ਦੇ ਨਾਲ-ਨਾਲ ਧਨ ਰਾਜ ਦੀ ਪ੍ਰਾਪਤੀ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਹਨਾਂ ਸ਼ਕਤੀਆਂ ਨੂੰ ਪ੍ਰਾਪਤ ਕਰਨ ਲਈ ਮਨੁੱਖ ਹਰ ਤਰ੍ਹਾਂ ਦੇ ਯੋਗ ਅਤੇ ਅਯੋਗ ਢੰਗ ਦੀ ਵਰਤੋਂ ਕਰਦਾ ਹੈ। ਇਸ ਮਾਰਗ ’ਤੇ ਚੱਲਦੇ ਹੋਏ ਜਦੋਂ ਉਹ ਅਜਿਹੇ ਕਾਰਜ ਕਰਨ ਲੱਗ ਪੈਂਦਾ ਹੈ ਜਾਂ ਉਸ ਦੇ ਅਯੋਗ ਢੰਗ-ਤਰੀਕਿਆਂ ਦੀ ਸਮਝ ਆਮ ਲੋਕਾਂ ਤੱਕ ਪੁੱਜਦੀ ਹੈ ਤਾਂ ਉਹ ਸੰਕਟ ਵਿਚ ਫਸ ਜਾਂਦਾ ਹੈ। 
 ਗੁਰੂ ਸਾਹਿਬਾਨ ਨੇ ਸਿੱਖ ਨੂੰ ਹਰ ਸੰਕਟ ਸਮੇਂ ਪਰਮਾਤਮਾ ਨਾਲ ਜੁੜਨ ਦੀ ਪ੍ਰੇਰਨਾ ਕੀਤੀ ਹੈ। ਇਸ ਲਈ ਘੋਰ ਸੰਕਟ ਦੇ ਸਮੇਂ ਉਹ ਕਿਸੇ ਨਾਲ ਵੀ ਗਿਲਾ ਨਹੀ ਕਰਦਾ ਬਲਕਿ ਹਰ ਅਵਸਥਾ ਨੂੰ ਪਰਮਾਤਮਾ ਦੀ ਰਜ਼ਾ ਸਮਝ ਕੇ ਪਾਰ ਹੋਣ ਦਾ ਯਤਨ ਕਰਦਾ ਹੈ। ਗੁਰੂ ਸਾਹਿਬਾਨ ਦੁਆਰਾ ਪ੍ਰਦਾਨ ਕੀਤਾ ਗਿਆ ਗੁਰੂ-ਗ੍ਰੰਥ ਅਤੇ ਗੁਰੂ-ਪੰਥ ਦਾ ਸਿਧਾਂਤ ਸਿੱਖ ਦੇ ਜੀਵਨ ਵਿਚ ਹਰ ਸਮੇਂ ਸਹਾਈ ਹੁੰਦਾ ਹੈ। ਇਸ ਸਿਧਾਂਤ ਨੂੰ ਇੰਨੀ ਬਰੀਕੀ ਨਾਲ ਬਿਆਨ ਕੀਤਾ ਗਿਆ ਹੈ ਕਿ ਇਸ ਰਾਹੀਂ ਛੋਟੀ ਤੋਂ ਛੋਟੀ ਅਤੇ ਵੱਡੀ ਤੋਂ ਵੱਡੀ ਗਲਤੀ ਨੂੰ ਦੂਰ ਕਰਨ ਦਾ ਰਾਹ ਖੁੱਲ੍ਹ ਜਾਂਦਾ ਹੈ। ਨਿਤਨੇਮ ਦੌਰਾਨ ਦਿਨ ਵਿਚ ਸਵੇਰੇ ਅਤੇ ਸ਼ਾਮ ਵੇਲੇ ਘੱਟੋ-ਘੱਟ ਦੋ ਵਾਰੀ ਅਰਦਾਸ ਕਰਦੇ ਸਮੇਂ ਸਿੱਖ ਆਪਣੀਆਂ ਗਲਤੀਆਂ ਲਈ ਮਾਫ਼ੀ ਮੰਗਦਾ ਹੈ। ਪੰਥਕ ਮਰਯਾਦਾ ਵਿਚ ਰਹਿਤ ਦੀ ਹੋਈ ਗਲਤੀ ਲਈ ਨੇੜੇ ਦੀ ਸੰਗਤ ਵਿਚ ਜਾ ਕੇ ਆਪਣੀ ਭੁੱਲ ਬਖ਼ਸ਼ਵਾ ਸਕਦਾ ਹੈ। ਸਿੱਖ ਰਹਿਤ ਮਰਯਾਦਾ ਵਿਚ ਇਹ ਸਪਸ਼ਟ ਕੀਤਾ ਗਿਆ ਹੈ ਕਿ ‘ਸੰਗਤ ਨੂੰ ਬਖ਼ਸ਼ਣ ਵੇਲੇ ਹਠ ਨਹੀਂ ਕਰਨਾ ਚਾਹੀਦਾ। ਨਾ ਹੀ ਤਨਖਾਹ ਲੁਆਉਣ ਵਾਲੇ ਨੂੰ ਦੰਡ ਭਰਨ ਵਿਚ ਅੜੀ ਕਰਨੀ ਚਾਹੀਦੀ ਹੈ। ਤਨਖਾਹ ਕਿਸੇ ਕਿਸਮ ਦੀ ਸੇਵਾ, ਖਾਸ ਕਰਕੇ ਜੋ ਹੱਥਾਂ ਨਾਲ ਕੀਤੀ ਜਾ ਸਕੇ, ਲਾਉਣੀ ਚਾਹੀਏ’।
ਤਨਖਾਹ ਨੂੰ ਧਰਮ-ਦੰਡ ਵੀ ਕਿਹਾ ਜਾਂਦਾ ਹੈ ਅਤੇ ਇਸ ਦਾ ਮਨੋਰਥ ਜੀਵਨ ਵਿਚ ਹੋਈਆਂ ਜਾਂ ਕੀਤੀਆਂ ਗਈਆਂ ਗਲਤੀਆਂ ਦਾ ਅਹਿਸਾਸ ਕਰਾਉਣਾ, ਅੱਗੇ ਤੋਂ ਧਾਰਮਿਕ ਮਰਯਾਦਾ ਦਾ ਧਿਆਨ ਰੱਖਣਾ ਅਤੇ ਜੀਵਨ ਵਿਚ ਅਧਿਆਤਮ ਅਤੇ ਸਦਾਚਾਰ ਦੀ ਭਾਵਨਾ ਪੈਦਾ ਕਰਨਾ ਹੁੰਦਾ ਹੈ। ਇਸ ਲਈ ਸਮਾਜਿਕ ਅਤੇ ਪੰਥਕ ਜੀਵਨ ਦੌਰਾਨ ਜਦੋਂ ਕੋਈ ਸਿੱਖ ਅਜਿਹੀ ਗਲਤੀ ਕਰ ਬੈਠਦਾ ਹੈ ਜਿਸ ਨਾਲ ਸਮੁੱਚੇ ਪੰਥ ਦੀਆਂ ਭਾਵਨਾਵਾਂ ਨੂੰ ਠੇਸ ਪੁੱਜਦੀ ਹੋਵੇ ਤਾਂ ਉਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋਣਾ ਪੈਂਦਾ ਹੈ। ਉੱਥੇ ਇਕੱਤਰ ਹੋਏ ਪੰਜ ਸਿੰਘ ਸਾਹਿਬਾਨ ਗੁਰੂ-ਗ੍ਰੰਥ ਅਤੇ ਗੁਰੂ-ਪੰਥ ਦੀਆਂ ਭਾਵਨਾਵਾਂ ਅਨੁਸਾਰ ਉਸ ਨੂੰ ਤਨਖਾਹ ਲਗਾਉਂਦੇ ਹਨ। 
ਤਨਖਾਹ ਲਾਉਣਾ ਦਰਅਸਲ ‘ਗਲਤੀ ਦਾ ਅਹਿਸਾਸ ਕਰਾਉਣ’ ਦੇ ਰੂਪ ਵਿਚ ਦੇਖਿਆ ਜਾਂਦਾ ਹੈ। ਨਾਮ-ਬਾਣੀ ਦਾ ਜਾਪ, ਜੋੜ੍ਹੇ ਝਾੜਨ, ਲੰਗਰ ਵਿਚ ਜੂਠੇ ਬਰਤਨ ਸਾਫ਼ ਕਰਨ, ਪਰਿਕਰਮਾ ਦੀ ਸਫ਼ਾਈ ਕਰਨ ਆਦਿ ਕਾਰਜਾਂ ਨੂੰ ਧਰਮ-ਦੰਡ ਦੇ ਰੂਪ ਵਿਚ ਦੇਖਿਆ ਜਾਂਦਾ ਹੈ। ਹਾਲਾਂਕਿ ਆਮ ਹਾਲਤਾਂ ਵਿਚ ਸਿੱਖ ਜਦੋਂ ਇਹ ਸੇਵਾ ਕਰਦਾ ਹੈ ਤਾਂ ਇਹ ਸਮਝਿਆ ਜਾਂਦਾ ਹੈ ਕਿ ਉਹ ਆਪਣੇ ਜੀਵਨ ਵਿਚ ਸੇਵਾ, ਨਿਮਰਤਾ ਅਤੇ ਅਧਿਆਤਮਿਕ ਗੁਣਾਂ ਦਾ ਵਿਕਾਸ ਕਰਦਾ ਹੈ ਪਰ ਜਦੋਂ ਧਰਮ-ਦੰਡ ਦੇ ਰੂਪ ਵਿਚ ਉਹ ਇਹ ਕਾਰਜ ਕਰਦਾ ਹੈ ਤਾਂ ‘ਪਿਛਲੇ ਅਉਗੁਣ ਬਖਸਿ ਲਏ ਪ੍ਰਭੁ ਆਗੈ ਮਾਰਗਿ ਪਾਵੈ’ ਦੀ ਭਾਵਨਾ ਨਾਲ ਜੁੜਿਆ ਹੁੰਦਾ ਹੈ। ਤਨਖਾਹ ਲਵਾਉਣ ਉਪਰੰਤ ਸੋਧ ਦੀ ਅਰਦਾਸ ਪਿੱਛੋਂ ਸਮੂਹ ਗਿਲੇ-ਸ਼ਿਕਵੇ ਦੂਰ ਹੋਏ ਸਮਝੇ ਜਾਂਦੇ ਹਨ।

 

ਡਾ. ਪਰਮਵੀਰ ਸਿੰਘ
ਸਿੱਖ ਵਿਸ਼ਵਕੋਸ਼ ਵਿਭਾਗ

ਪੰਜਾਬੀ ਯੁਨੀਵਰਸਿਟੀ, ਪਟਿਆਲਾ