ਪੰਜਾਬ ਦਾ ਬਿਜਲੀ ਸੰਕਟ ਬਨਾਮ ਬਿਜਲੀ ਚੋਰੀ

ਪੰਜਾਬ ਦਾ ਬਿਜਲੀ ਸੰਕਟ ਬਨਾਮ ਬਿਜਲੀ ਚੋਰੀ

ਪੰਜਾਬ ਨੂੰ ਪਾਵਰ ਕੱਟਾਂ ਨਾਲ ਜੂਝਣਾ ਪਵੇਗਾ

ਪਿਛਲੇ ਸਾਲ ਗਰਮੀਆਂ ਦੌਰਾਨ ਪੰਜਾਬ ਦੇ ਘਰੇਲੂ ਅਤੇ ਉਦਯੋਗਿਕ ਖਪਤਕਾਰਾਂ ਨੂੰ ਬਿਜਲੀ ਦੀ ਘਾਟ ਕਾਰਨ ਲਾਏ ਗਏ ਪਾਵਰ ਕੱਟਾਂ ਕਾਰਨ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ। ਇੱਥੋਂ ਤੱਕ ਕਿ ਅਕਤੂਬਰ ਮਹੀਨੇ ਵਿਚ ਵੀ ਕੋਲੇ ਦੀ ਘਾਟ ਕਾਰਨ ਸੂਬੇ ਦੇ ਪ੍ਰਾਈਵੇਟ ਸੈਕਟਰ ਦੇ ਥਰਮਲ ਪਲਾਂਟਾਂ ਤੋਂ ਘੱਟ ਬਿਜਲੀ ਪੈਦਾ ਹੋ ਸਕੀ ਤੇ ਪਾਵਰ ਕੱਟ ਲਾਉਣੇ ਪੈ ਗਏ। ਹਾਲਾਂਕਿ ਪੀਐੱਸਪੀਸੀਐੱਲ. ਦੀ ਮੈਨੇਜਮੈਂਟ ਨੇ ਸਰਕਾਰ ਅਤੇ ਲੋਕਾਂ ਨੂੰ ਇਹ ਭਰੋਸਾ ਦਿਵਾਇਆ ਹੈ ਕਿ ਇਸ ਸਾਲ ਹਰ ਵਰਗ ਨੂੰ ਪੂਰੀ ਬਿਜਲੀ ਪ੍ਰਦਾਨ ਕੀਤੀ ਜਾਵੇਗੀ ਤੇ ਪਾਵਰ ਕੱਟ ਨਹੀਂ ਲੱਗਣਗੇ। ਪਰ ਮਾਰਚ ਮਹੀਨੇ ਦੌਰਾਨ ਹੀ ਪਿਛਲੇ ਸਾਲ ਦੇ ਮੁਕਾਬਲੇ ਬਿਜਲੀ ਦੀ ਮੰਗ ਵਿਚ 1000-1200 ਮੈਗਾਵਾਟ ਦਾ ਵਾਧਾ ਰਿਕਾਰਡ ਹੋਣਾ ਆਉਣ ਵਾਲੇ ਗਰਮੀਆਂ ਦੇ ਭਰਪੂਰ ਸੀਜ਼ਨ ਵਿਚ ਬਿਜਲੀ ਦੀ ਵਧਦੀ ਲੋੜ ਦੀ ਦਿਸ਼ਾ ਵੱਲ ਮਹੱਤਵਪੂਰਨ ਸੰਕੇਤ ਹੈ। ਵੱਖ-ਵੱਖ ਥਾਵਾਂ 'ਤੇ ਪਾਵਰ ਕੱਟ ਲੱਗਣ ਦੀਆਂ ਖਬਰਾਂ ਵੀ ਆ ਰਹੀਆਂ ਹਨ। ਪਿਛਲੇ ਸਾਲ ਵੀ ਪੀ. ਐੱਸ. ਪੀ. ਸੀ. ਐੱਲ. ਦਾ ਇਹ ਅਨੁਮਾਨ ਕਿ ਹਰ ਵਰਗ ਨੂੰ ਪੂਰੀ ਬਿਜਲੀ ਮਿਲੇਗੀ ਗ਼ਲਤ ਸਾਬਤ ਹੋਇਆ ਸੀ।

ਇਸ ਲਈ ਇਸ ਸਾਲ ਦੀਆਂ ਗਰਮੀਆਂ ਵਿਚ ਬਿਜਲੀ ਦੀ ਸਥਿਤੀ ਕੀ ਰਹੇਗੀ, ਇਸ ਨੂੰ ਵਿਸਤਾਰ ਨਾਲ ਘੋਖਣ ਦੀ ਜ਼ਰੂਰਤ ਹੈ, ਕਿਉਂਕਿ ਇਸ ਨਾਲ ਆਮ ਲੋਕਾਂ ਦਾ ਜੀਵਨ ਜੁੜਿਆ ਹੋਇਆ ਹੈ।

ਸਰਪਲੱਸ ਬਿਜਲੀ ਦਾ ਦੌਰ

ਪੰਜਾਬ ਹੁਣ ਤੋਂ ਤਕਰੀਬਨ ਇਕ ਦਹਾਕਾ ਪਹਿਲਾਂ ਬਿਜਲੀ ਦੀ ਘਾਟ ਵਾਲਾ ਸੂਬਾ ਸੀ। ਸਾਲ 2011-12 ਦੌਰਾਨ ਪੰਜਾਬ ਵਿਚ ਬਿਜਲੀ ਉਤਪਾਦਨ ਸਮਰੱਥਾ 6918 ਮੈਗਾਵਾਟ ਸੀ ਤੇ ਮੰਗ (ਡਿਮਾਂਡ) 10471 ਮੈਗਾਵਾਟ ਸੀ। ਮੰਗ ਦਾ ਬਿਜਲੀ ਸਪਲਾਈ ਤੋਂ ਵੱਧ ਹੋਣ ਕਾਰਨ ਪਾਵਰ ਕੱਟ ਲਗਾਏ ਜਾਂਦੇ ਸਨ। ਫਿਰ ਬਿਜਲੀ ਉਤਪਾਦਨ ਸਮਰੱਥਾ ਨੂੰ ਵਧਾਉਣ ਦੇ ਉਪਰਾਲੇ ਕੀਤੇ ਗਏ ਅਤੇ ਸਾਲ 2015-16 ਤੱਕ ਇਹ ਸਮਰੱਥਾ 12711 ਮੈਗਾਵਾਟ ਕੀਤੀ ਗਈ। ਬਿਜਲੀ ਉਤਪਾਦਨ ਸਮਰੱਥਾ ਵਧਾਉਣ ਵਿਚ ਅਹਿਮ ਹਿੱਸੇਦਾਰੀ ਸੂਬੇ ਵਿਚ ਸਥਾਪਤ ਕੀਤੇ ਗਏ ਪ੍ਰਾਈਵੇਟ ਸੈਕਟਰ ਦੇ ਕੁੱਲ 3920 ਮੈਗਾਵਾਟ ਦੇ ਥਰਮਲ ਪਲਾਂਟਾਂ ਦੀ ਰਹੀ। ਇਹ ਪਲਾਂਟ ਰਾਜਪੁਰਾ (1400 ਮੈਗਾਵਾਟ), ਤਲਵੰਡੀ ਸਾਬੋ (1980 ਮੈਗਾਵਾਟ) ਤੇ ਗੋਇੰਦਵਾਲ ਸਾਹਿਬ (540 ਮੈਗਾਵਾਟ) ਵਿਖੇ ਸਥਿਤ ਹਨ। ਇਨ੍ਹਾਂ ਪਲਾਂਟਾਂ ਤੋਂ ਬਿਜਲੀ ਦੀ ਪੈਦਾਵਾਰ ਹੋਣ ਨਾਲ ਬਿਜਲੀ ਦੀ ਘਾਟ ਪੂਰੀ ਹੋ ਗਈ ਤੇ ਫਲਸਰੂਪ ਸਾਲ 2015-16 ਤੋਂ ਬਾਅਦ ਪਾਵਰ ਕੱਟ ਲਗਣੇ ਬੰਦ ਹੋ ਗਏ। ਪਰ ਪਿਛਲੇ ਸਾਲ ਪੰਜਾਬ ਵਿਚ ਕਈ ਸਾਲਾਂ ਬਾਅਦ ਫਿਰ ਤੋਂ ਪਾਵਰ ਕੱਟ ਲਾਉਣੇ ਪੈ ਗਏ ਅਤੇ ਇਹ ਕੱਟ ਪਿਛਲੇ ਸਾਲਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਸਨ। ਪਾਵਰ ਕੱਟਾਂ ਤੋਂ ਸਤਾਏ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਸੜਕਾਂ 'ਤੇ ਆਏ ਅਤੇ ਪ੍ਰਦਰਸ਼ਨ ਮੁਜ਼ਾਹਰੇ ਵੀ ਕੀਤੇ। ਸਨਅਤ ਨੂੰ ਤਿੰਨ ਚਾਰ ਹਫ਼ਤਿਆਂ ਲਈ ਪੂਰੀ ਤਰ੍ਹਾਂ ਬੰਦ ਕਰਨਾ ਪਿਆ, ਜੋ ਕਿ ਕਾਫੀ ਸਾਲਾਂ ਬਾਅਦ ਦੇਖਣ ਨੂੰ ਮਿਲਿਆ।

ਘੋਖਣ ਵਾਲੀ ਗੱਲ ਇਹ ਬਣਦੀ ਹੈ ਕਿ ਇਹੋ ਜਿਹੇ ਹਾਲਾਤ ਕਿਉਂ ਬਣੇ? ਸਾਲ 2020-21 ਦੌਰਾਨ ਪੰਜਾਬ ਵਿਚ ਵੱਧ ਤੋਂ ਵੱਧ ਮੰਗ 13148 ਮੈਗਾਵਾਟ ਰਹੀ ਅਤੇ ਇਸ ਮੰਗ ਨੂੰ ਪੂਰਾ ਕੀਤਾ ਗਿਆ। ਸਾਲ 2020 ਦੀਆਂ ਗਰਮੀਆਂ ਦੌਰਾਨ ਕੋਈ ਪਾਵਰ ਕੱਟ ਨਹੀਂ ਲਾਉਣੇ ਪਏ। ਸਾਲ 2020-21 ਦੀ ਮੰਗ ਨੂੰ ਆਧਾਰ ਮੰਨ ਕੇ ਸਾਲ 2021-22 (ਸਾਲ 2021 ਦੀਆਂ ਗਰਮੀਆਂ) ਦੌਰਾਨ ਵੱਧ ਤੋਂ ਵੱਧ ਮੰਗ ਦਾ ਅੰਦਾਜ਼ਨ 14000 ਮੈਗਾਵਾਟ ਦਾ ਸੀ ਅਤੇ ਪੀ.ਐੱਸ.ਪੀ.ਸੀ.ਐੱਲ. ਨੇ ਇਸ ਮੰਗ ਨੂੰ ਪੂਰਾ ਕਰਨ ਲਈ ਪੁਖਤਾ ਇੰਤਜ਼ਾਮ ਕੀਤੇ ਹੋਏ ਸਨ। ਪਰ ਇਹ ਅਨੁਮਾਨ ਪੂਰੇ ਤੌਰ 'ਤੇ ਗ਼ਲਤ ਸਾਬਤ ਹੋਇਆ ਅਤੇ ਮੰਗ ਤਕਰੀਬਨ 15400 ਮੈਗਾਵਾਟ ਤੱਕ ਪਹੁੰਚ ਗਈ, ਜਿਸ ਵਾਸਤੇ ਪੀ.ਐੱਸ.ਪੀ.ਸੀ.ਐੱਲ. ਵਲੋਂ ਕੋਈ ਤਿਆਰੀ ਨਹੀਂ ਸੀ। ਹਾਲਾਤ ਹੋਰ ਵਿਗੜ ਗਏ, ਕਿਉਂਕਿ ਸਪਲਾਈ ਸਾਈਡ ਤੋਂ ਨਿੱਜੀ ਖੇਤਰ ਦੇ ਤਲਵੰਡੀ ਸਾਬੋ ਥਰਮਲ ਪਲਾਂਟ ਦੀਆਂ ਇਕਾਈਆਂ ਵਿਚ ਨੁਕਸ ਪੈਣ ਕਾਰਨ ਬਿਜਲੀ ਉਤਪਾਦਨ ਹੋਰ ਘੱਟ ਗਿਆ। ਫਲਸਰੂਪ ਪੀ.ਐੱਸ.ਪੀ.ਸੀ.ਐੱਲ. ਵਲੋਂ ਕੇਵਲ 13431 ਮੈਗਾਵਾਟ ਹੀ ਸਪਲਾਈ ਹੋ ਸਕੀ। 1800-1900 ਮੈਗਾਵਾਟ ਦੀ ਘਾਟ ਕਾਰਨ ਪਾਵਰ ਕੱਟ ਲਗਾਉਣੇ ਪੈ ਗਏ।ਪਾਵਰ ਕੱਟਾਂ ਤੋਂ ਜੁਲਾਈ ਮਹੀਨੇ ਵਿਚ ਬਾਰਿਸ਼ਾਂ ਪੈਣ ਨਾਲ ਹੀ ਰਾਹਤ ਮਿਲ ਸਕੀ।

ਇਸ ਸਾਲ ਦੇ ਹਾਲਾਤ 'ਤੇ ਅਨੁਮਾਨ

ਇਸ ਸਾਲ ਮਾਰਚ ਮਹੀਨੇ ਦੌਰਾਨ ਹੀ ਮੰਗ 8500 ਮੈਗਾਵਾਟ ਤੱਕ ਪਹੁੰਚ ਗਈ ਹੈ, ਜੋ ਕਿ ਪਿਛਲੇ ਸਾਲ 7000 ਮੈਗਾਵਾਟ ਦੇ ਕਰੀਬ ਰਹੀ ਸੀ। ਵੱਧ ਮੰਗ ਦਾ ਇਸ ਦਿਸ਼ਾ ਵਿਚ ਸੰਕੇਤ ਹੈ ਕਿ ਜੂਨ ਮਹੀਨੇ ਵਿਚ ਪਿਛਲੇ ਸਾਲ ਦੇ ਮੁਕਾਬਲੇ ਮੰਗ ਵਿਚ ਕਾਫੀ ਵਾਧਾ ਹੋ ਸਕਦਾ ਹੈ। ਵਰਨਣਯੋਗ ਹੈ ਕਿ ਇਸ ਸਾਲ ਕੋਵਿਡ ਤੋਂ ਬਾਅਦ ਆਰਥਿਕਤਾ ਵਿਚ ਹੋਰ ਖੁੱਲ੍ਹਾਪਣ ਆਉਣ ਦੇ ਕਾਰਨ ਮੰਗ ਵਿਚ ਵੀ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ, ਕਿਉਂਕਿ ਪਿਛਲੇ ਸਾਲ ਵੱਧ ਤੋਂ ਵੱਧ ਮੰਗ 15400 ਮੈਗਾਵਾਟ ਰਹੀ ਹੈ, ਇਸ ਲਈ ਇਸ ਸਾਲ ਦੀ ਮੰਗ 16000 ਮੈਗਾਵਾਟ ਤੋਂ ਵੀ ਵਧ ਸਕਦੀ ਹੈ ਅਤੇ ਪੀ.ਐੱਸ.ਪੀ.ਸੀ.ਐੱਲ. ਦੀ ਮੈਨੇਜਮੈਂਟ ਵਲੋਂ ਅਨੁਮਾਨਿਤ ਮੰਗ 15000 ਮੈਗਾਵਾਟ ਗ਼ਲਤ ਸਾਬਤ ਹੋ ਸਕਦੀ ਹੈ। ਜੇਕਰ ਮੰਗ 16000 ਮੈਗਾਵਾਟ ਤੱਕ ਪਹੁੰਚ ਗਈ ਤੇ ਬਿਜਲੀ ਦੀ ਘਾਟ ਰਹੇਗੀ ਅਤੇ ਪਿਛਲੇ ਸਾਲ ਵਾਂਗ ਜੂਝਣਾ ਪਵੇਗਾ। ਹਾਲਾਂਕਿ ਇਸ ਸਾਲ ਪੰਜਾਬ ਤੋਂ ਬਾਹਰੋਂ ਬਿਜਲੀ ਲਿਆਉਣ ਲਈ ਸਮਰੱਥਾ 8000 ਮੈਗਾਵਾਟ ਤੋਂ ਵਧਾ ਕੇ 9000 ਮੈਗਾਵਾਟ ਕੀਤੀ ਜਾ ਰਹੀ ਹੈ ਪਰ ਚਿੰਤਾ ਦਾ ਵਿਸ਼ਾ ਪੰਜਾਬ ਦੇ ਅੰਦਰ ਦਾ ਬਿਜਲੀ ਉਤਪਾਦਨ ਬਣਿਆ ਰਹੇਗਾ। ਸਾਰੇ ਸਰੋਤਾਂ ਨੂੰ ਜੋੜ ਲਿਆ ਜਾਵੇ ਤਾਂ ਵੀ ਪੰਜਾਬ ਵਿਚ 6000 ਮੈਗਾਵਾਟ ਦੇ ਕਰੀਬ ਹੀ ਬਿਜਲੀ ਉਤਪਾਦਨ ਹੋ ਸਕਦਾ ਹੈ ਪਰ ਇਸ ਵਿਚ ਵੱਡੀ ਹਿੱਸੇਦਾਰੀ ਤਕਰੀਬਨ 3500 ਮੈਗਾਵਾਟ ਪ੍ਰਾਈਵੇਟ ਥਰਮਲ ਪਲਾਂਟਾਂ ਦੀ ਹੈ।ਕੀ ਪ੍ਰਾਈਵੇਟ ਸੈਕਟਰ ਦੇ ਥਰਮਲ ਪਲਾਂਟਾਂ ਤੋਂ ਪੂਰਾ ਬਿਜਲੀ ਉਤਪਾਦਨ ਮਿਲੇਗਾ ਇਸ ਬਾਰੇ ਵੀ ਪ੍ਰਸ਼ਨ ਚਿੰਨ੍ਹ ਬਣਿਆ ਹੋਇਆ ਹੈ। ਇਨ੍ਹਾਂ ਪਲਾਂਟਾਂ ਤੋਂ ਘੱਟ ਬਿਜਲੀ ਕਾਰਨ ਹੀ ਪਿਛਲੇ ਸਾਲ ਪਾਵਰ ਕੱਟ ਲਾਉਣੇ ਪਏ ਸਨ।

ਕੀ ਔਕੜਾਂ ਆਉਣਗੀਆਂ

ਪੰਜਾਬ ਵਿਚ ਇਸ ਸਾਲ ਹਰ ਵਰਗ ਨੂੰ ਨਿਰਵਿਘਨ ਅਤੇ ਪਾਵਰ ਕੱਟ ਰਹਿਤ ਬਿਜਲੀ ਮੁਹੱਈਆ ਕਰਵਾਉਣੀ ਇੱਕ ਬਹੁਤ ਵੱਡੀ ਚੁਣੌਤੀ ਹੋਵੇਗੀ। ਇਸ ਦਾ ਸਹੀ ਵਿਸ਼ਲੇਸ਼ਣ ਕਰਨ ਲਈ ਇਸ ਸਮੱਸਿਆ ਨੂੰ ਦੋ ਹਿੱਸਿਆਂ ਵਿਚ ਸਮਝਣਾ ਜ਼ਰੂਰੀ ਹੈ।

ਪਹਿਲੀ ਗੱਲ ਇਹ ਹੈ ਕਿ ਪੰਜਾਬ ਤੋਂ ਬਾਹਰਲੇ ਸਰੋਤਾਂ ਤੋਂ 8500-9000 ਮੈਗਾਵਾਟ ਬਿਜਲੀ ਲਿਆਉਣ ਦੀ ਯੋਜਨਾ ਹੈ। ਇਸ ਬਾਹਰਲੀ ਬਿਜਲੀ ਵਿਚ ਪਾਵਰ ਐਕਸਚੇਂਜ ਤੋਂ ਮਿਲਣ ਵਾਲੀ ਮਹਿੰਗੀ ਬਿਜਲੀ ਵੀ ਸ਼ਾਮਿਲ ਹੁੰਦੀ ਹੈ। ਇਸ ਸਾਲ ਮਾਰਚ ਮਹੀਨੇ ਦੌਰਾਨ ਵੀ ਬਾਹਰਲੇ ਸਰੋਤ (ਪਾਵਰ ਐਕਸਚੇਂਜ) ਤੋਂ 9 ਤੋਂ 10 ਰੁਪਏ ਪ੍ਰਤੀ ਯੂਨਿਟ ਨਾਲ ਬਿਜਲੀ ਖ਼ਰੀਦ ਕੀਤੀ ਜਾ ਰਹੀ ਹੈ, ਜੋ ਗਰਮੀ ਦੇ ਪੂਰੇ ਸੀਜ਼ਨ ਦੌਰਾਨ 18-20 ਰੁਪਏ ਪ੍ਰਤੀ ਯੂਨਿਟ ਹੋ ਸਕਦੀ ਹੈ। ਪਿਛਲੇ ਸਾਲ ਸਤੰਬਰ, 21 ਦੇ ਅੰਕੜਿਆਂ ਮੁਤਾਬਿਕ ਪੀ.ਐੱਸ.ਪੀ.ਸੀ.ਐੱਲ. ਨੇ ਤਕਰੀਬਨ ਉੱਤਰ ਪ੍ਰਦੇਸ਼ ਵਿਚ 278520 ਲੱਖ ਯੂਨਿਟ, ਰਾਜਸਥਾਨ ਵਿਚ 304470 ਲੱਖ ਯੂਨਿਟ ਅਤੇ ਇਸ ਦੇ ਮੁਕਾਬਲੇ ਪੰਜਾਬ ਵਿਚ ਸਿਰਫ 19670 ਲੱਖ ਯੂਨਿਟ ਬਿਜਲੀ ਉਤਪਾਦਨ ਹੋਇਆ। ਪੰਜਾਬ ਵਿਚ ਸਰਕਾਰੀ ਥਰਮਲ ਪਲਾਂਟਾਂ ਦੀ ਹਿੱਸੇਦਾਰੀ ਮਹਿਜ਼ 3 ਫ਼ੀਸਦੀ ਰਹਿ ਗਈ ਹੈ, ਜੋ ਕਿ ਕੌਮੀ ਪੱਧਰ 'ਤੇ 27 ਫ਼ੀਸਦੀ ਹੈ। ਪ੍ਰਾਈਵੇਟ ਸੈਕਟਰ ਦੇ ਥਰਮਲ ਪਲਾਂਟਾਂ ਤੋਂ ਬਿਜਲੀ ਉਤਪਾਦਨ ਹੀ ਸਿਰਦਰਦੀ ਦਾ ਕਾਰਨ ਬਣੇਗਾ। ਪਿਛਲੇ ਸਾਲ ਘੱਟ ਬਿਜਲੀ ਉਤਪਾਦਨ ਕਾਰਨ ਤਲਵੰਡੀ ਸਾਬੋ ਪਲਾਂਟ ਨੇ ਪਾਵਰ ਕੱਟ ਲਗਾਉਣ ਵਿਚ ਮੁੱਖ ਭੂਮਿਕਾ ਨਿਭਾਈ। ਇਸ ਸਾਲ ਵੀ ਪ੍ਰਾਈਵੇਟ ਪਲਾਂਟਾਂ ਤੋਂ ਕੋਲੇ ਦੀ ਘਾਟ ਕਾਰਨ ਸਮਰੱਥਾ ਮੁਤਾਬਕ ਬਿਜਲੀ ਦੀ ਪੈਦਾਵਾਰ ਹੋਣੀ ਸੰਭਵ ਨਹੀਂ ਜਾਪਦੀ। ਨੈਸ਼ਨਲ ਪਾਵਰ ਪੋਰਟਲ ਦੀ ਵੈੱਬਸਾਈਟ ਮੁਤਾਬਿਕ 30 ਮਾਰਚ ਤੱਕ ਤਲਵੰਡੀ ਸਾਬੋ ਅਤੇ ਗੋਇੰਦਵਾਲ ਸਾਹਿਬ ਪਲਾਂਟਾਂ ਕੋਲ ਮਹਿਜ਼ ਇਕ ਦਿਨ ਦਾ ਕੋਲਾ ਹੀ ਉਪਲੱਬਧ ਹੈ, ਜੋ ਕਿ ਨਿਯਮਾਂ ਮੁਤਾਬਕ 26 ਦਿਨਾਂ ਦਾ ਹੋਣਾ ਚਾਹੀਦਾ ਹੈ। ਇਸ ਕਾਰਨ ਇਹ ਪਲਾਂਟ ਆਪਣੀ ਸਮਰੱਥਾ ਤੋਂ ਅੱਧ ਤੋਂ ਵੀ ਘੱਟ ਬਿਜਲੀ ਪੈਦਾ ਕਰ ਰਹੇ ਹਨ, ਜਿਸ ਕਾਰਨ ਪੀ.ਐੱਸ.ਪੀ.ਸੀ.ਐੱਲ. ਨੂੰ ਰੋਜ਼ਾਨਾ 2 ਤੋਂ 3 ਕਰੋੜ ਰੁਪਏ ਦਾ ਵਿੱਤੀ ਨੁਕਸਾਨ ਹੋ ਰਿਹਾ ਹੈ।

ਦੂਜੇ ਪਾਸੇ ਪੰਜਾਬ ਦੀ ਆਪਣੀ ਪਛਵਾੜਾ ਸਥਿਤ ਕੋਲੇ ਦੀ ਖਾਣ ਤੋਂ ਗਰਮੀ ਦੇ ਸੀਜ਼ਨ ਵਿਚ ਕੋਲਾ ਮਿਲਣ ਦੀ ਸੰਭਾਵਨਾ ਬਹੁਤ ਘੱਟ ਹੈ। ਇਸ ਲਈ ਕੋਲਾ ਇਕ ਵੱਡਾ ਰੋੜਾ ਰਹੇਗਾ, ਜਿਸ ਕਾਰਨ ਪੰਜਾਬ ਵਿਚ ਬਿਜਲੀ ਸੰਕਟ ਪੈਦਾ ਹੋ ਸਕਦਾ ਹੈ।

ਇਸ ਸਥਿਤੀ 'ਤੇ ਕਾਬੂ ਪਾਉਣ ਲਈ ਬੇਹੱਦ ਜ਼ਰੂਰੀ ਹੈ ਕਿ ਮੰਗ ਨੂੰ ਨਾ ਵਧਣ ਦਿੱਤਾ ਜਾਵੇ ਅਤੇ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇ ਕਿ ਮੰਗ 15000 ਮੈਗਾਵਾਟ ਦੇ ਨੇੜੇ-ਤੇੜੇ ਹੀ ਰਹੇ। ਇਸ ਟੀਚੇ ਨੂੰ ਸਿਰੇ ਚੜ੍ਹਾਉਣ ਲਈ ਬਿਜਲੀ ਚੋਰੀ 'ਤੇ ਨਕੇਲ ਪਾਉਣੀ ਜ਼ਰੂਰੀ ਹੈ, ਕਿਉਂਕਿ ਬਿਜਲੀ ਚੋਰੀ ਵੱਧਣ ਨਾਲ ਮੰਗ ਵਿਚ ਚੋਖਾ ਵਾਧਾ ਹੁੰਦਾ ਹੈ। ਨਹੀਂ ਤਾਂ ਇਸ ਸਾਲ ਵੀ ਪੰਜਾਬ ਨੂੰ ਪਾਵਰ ਕੱਟਾਂ ਨਾਲ ਜੂਝਣਾ ਪਵੇਗਾ।

ਇੰਜੀਨੀਅਰ ਭੁਪਿੰਦਰ ਸਿੰਘ