*ਸ਼ਿਵਇੰਦਰਜੀਤ ਸਿੰਘ ਜੀ ਦੀ ਅਮਰੀਕਾ ਵਿਚ ਯੋਜਨਾ ਕਮਿਸ਼ਨਰ ਵਜੋਂ ਨਿਯੁਕਤੀ*

ਸਰਬਜੀਤ ਕੌਰ *ਸਰਬ*
ਸਿੱਖਾਂ ਦਾ ਇਤਿਹਾਸ ਅਤੇ ਵਰਤਮਾਨ ਉਨ੍ਹਾਂ ਦੁਆਰਾ ਕੀਤੇ ਗਏ ਨੇਕ ਕੰਮਾਂ ਉੱਤੇ ਹੀ ਆਧਾਰਿਤ ਹੈ । ਦੁਨੀਆ ਭਰ ਵਿਚ ਆਪਣੀ ਵੱਖਰੀ ਪਹਿਚਾਣ ਕਾਇਮ ਕਰਨ ਵਾਲੀ ਸਿੱਖ ਕੌਮ ਸਦਾ ਹੀ ਗੁਰੂ ਸ਼ਬਦ ਦਾ ਓਟ ਆਸਰਾ ਲੈ ਕੇ ਸੱਚ ਦੀ ਕਿਰਤ ਕਰਦੀ ਹੈ ਅਤੇ ਉਹ ਕਿਰਤ ਹੀ ਇਕ ਦਿਨ ਉਸ ਨੂੰ ਬਾਦਸ਼ਾਹੀ ਪ੍ਰਦਾਨ ਕਰ ਦਿੰਦੀ ਹੈ । ਅਜਿਹੀ ਹੀ ਸੱਚੀ ਅਤੇ ਨੇਕ ਕਿਰਤ ਸ਼ਿਵਇੰਦਰਜੀਤ ਸਿੰਘ ਨੇ ਬੇਗਾਨੀ ਧਰਤੀ ਉੱਤੇ ਕਰ ਕੇ ਆਪਣੀ ਸਿੱਖ ਕੌਮ ਦਾ ਨਾਮ ਪੂਰੀ ਦੁਨੀਆਂ ਵਿਚ ਰੁਸ਼ਨਾਇਆ ਹੈ । ਪੰਜਾਬੀਆਂ ਲਈ ਖ਼ਾਸ ਕਰ ਕੇ ਸਿੱਖ ਭਾਈਚਾਰੇ ਲਈ ਇਹ ਇੱਕ ਫ਼ਖਰ ਵਾਲੀ ਗੱਲ ਹੈ ਕਿ ਸ਼ਿਵਇੰਦਰਜੀਤ ਸਿੰਘ ਨੇ ਦੱਖਣੀ ਕੈਲੇਫੋਰਨੀਆ ਦੇ ਸ਼ਹਿਰ ਯੋਰਬਾ ਲਿੰਡਾ ਦੇ ਨਵੇਂ ਯੋਜਨਾ ਕਮਿਸ਼ਨਰ ਵਜੋਂ ਸਹੁੰ ਚੁੱਕੀ ।
ਦੱਸਣਯੋਗ ਹੈ ਕਿ ਸ਼ਿਵਇੰਦਰਜੀਤ ਸਿੰਘ ਨੂੰ ਨਵੇਂ ਯੋਜਨਾ ਕਮਿਸ਼ਨਰ ਵਜੋਂ ਕੌਂਸਲ ਦੇ 17 ਫ਼ਰਵਰੀ 2021 ਨੂੰ ਹੋਈ ਵਿਸ਼ੇਸ਼ ਮੀਟਿੰਗ ਵਿਚ ਨਿਯੁਕਤ ਕੀਤਾ ਗਿਆ ਸੀ । ਅੰਮ੍ਰਿਤਸਰ ਟਾਈਮਜ਼ ਨਾਲ ਹੋਈ ਇੰਟਰਵਿਊ ਵਿੱਚ ਸ਼ਿਵਇੰਦਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਬਚਪਨ ਪੰਜਾਬ ਦੀ ਧਰਤੀ ਉੱਤੇ ਹੀ ਬੀਤਿਆ ਸੀ । ਪੰਜਾਬ ਦੀਆਂ ਹਵਾਵਾਂ ਦਾ ਨਿੱਘ ਮਾਣਦੇ ਹੋਏ ਉਨ੍ਹਾਂ ਦੇ ਜੀਵਨ ਦੀ ਸ਼ੁਰੂਆਤ ਚੰਗੇ ਪਰਿਵਾਰ ਵਿਚ ਹੋਈ । ਉਨ੍ਹਾਂ ਦਾ ਜਨਮ ਹਿਮਾਚਲ ਪ੍ਰਦੇਸ਼ ਦੇ ਸੁੰਦਰ ਨਗਰ ਸ਼ਹਿਰ ਵਿੱਚ ਹੋਇਆ ਪਰ ਉਨ੍ਹਾਂ ਦੇ ਨਾਨਕੇ ਹੁਸ਼ਿਆਰਪੁਰ ਵਿਚ ਹਨ, ਇਹ ਉਹ ਇਲਾਕਾ ਹੈ ਜੋ ਹਿਮਾਚਲ ਦੇ ਨਾਲ ਹੀ ਲੱਗਦਾ ਹੈ । ਸ਼ਿਵਇੰਦਰਜੀਤ ਸਿੰਘ ਨੇ ਅੱਗੇ ਦੱਸਿਆ ਕਿ ਉਹਨਾ ਦੀ ਮੁਢਲੀ ਪੜ੍ਹਾਈ ਸੁੰਦਰ ਨਗਰ ਮਾਡਲ ਸਕੂਲ ਤੇ ਚਮਨ ਲਾਲ ਡੀ.ਏ.ਵੀ. ਸਕੂਲ ਪੰਚਕੂਲਾ ਵਿਚ ਹੋਈ ਤੇ ਉਨ੍ਹਾਂ ਨੇ (11 ਵੀਂ ਅਤੇ 12 ਵੀਂ) ਦੀ ਪੜ੍ਹਾਈ ਚੰਡੀਗੜ੍ਹ ਡੀ.ਏ.ਵੀ. ਕਾਲਜ ਤੋਂ (1986-88) ਵਿੱਚ ਪੂਰੀ ਕੀਤੀ ਸੀ । ਉਨ੍ਹਾਂ ਨੇ ਅੱਗੇ ਦੱਸਿਆ ਕਿ ਉਹ 1992 ਵਿਚ ਪੰਜਾਬ ਇੰਜੀਨੀਅਰਿੰਗ ਕਾਲਜ, ਚੰਡੀਗੜ੍ਹ ਤੋਂ ਇਲੈਕਟ੍ਰਾਨਿਕ ਇੰਜੀਨੀਅਰਿੰਗ ਕਰਕੇ 1992 ਅਗਸਤ ਵਿਚ ਲਾਸ ਏਂਜਲਸ, ਅਮਰੀਕਾ ਆ ਗਏ ਸਨ । ਜਿੱਥੇ ਆ ਕੇ ਉਨ੍ਹਾਂ ਨੇ ਆਪਣੇ ਜੀਵਨ ਦੀ ਇੱਕ ਨਵੀਂ ਸ਼ੁਰੂਆਤ ਕੀਤੀ ਪਰ ਦੱਸਣਯੋਗ ਹੈ ਕਿ ਇਹ ਸ਼ੁਰੂਆਤ ਇੱਕ ਨੇਕ ਕਿਰਤ ਕਮਾਈ ਦੀ ਸੀ ਜੋ ਕਿ ਇਕ ਸਿੱਖੀ ਸਰੂਪ ਵਿੱਚ ਰਹਿੰਦੇ ਹੋਏ ਉਨ੍ਹਾਂ ਨੇ ਸ਼ੁਰੂ ਕੀਤੀ ।ਸ਼ਿਵਇੰਦਰਜੀਤ ਸਿੰਘ ਨੇ ਇਲੈਕਟ੍ਰੋਨਿਕਾਲ ਤੇ ਕੰਪਿਊਟਰ ਇੰਜੀਨੀਅਰਿੰਗ ਵਿਚ ਮਾਸਟਰ ਡਿਗਰੀ ਲਾਸ ਏਂਜਲਸ ਤੋਂ ਕੀਤੀ |
ਸ਼ਿਵਇੰਦਰਜੀਤ ਸਿੰਘ ਜੀ ਵੱਲੋਂ ਅੰਮ੍ਰਿਤਸਰ ਟਾਈਮਜ਼ ਨਾਲ ਸਾਂਝਾ ਕੀਤਾ ਆਪਣਾ ਨਿਯੁਕਤੀ ਪੱਤਰ ਜਿਸ ਵਿਚ ਉਨ੍ਹਾਂ ਦੇ ਕੰਮਾਂ ਨੂੰ ਬਹੁਤ ਹੀ ਸ਼ਾਨ ਓ ਸ਼ੌਕਤ ਵਜੋਂ ਪੇਸ਼ ਕੀਤਾ ਗਿਆ ਸੀ । ਜਿਸ ਵਿੱਚ ਦੱਸਿਆ ਗਿਆ ਸੀ ਕਿ ਟ੍ਰੈਫਿਕ ਕਮਿਸ਼ਨਰ ਵਜੋਂ ਆਪਣੇ ਕਾਰਜਕਾਲ ਦੌਰਾਨ, ਸਿੰਘ ਨੇ ਮੁੱਖ ਭੂਮਿਕਾ ਨਿਭਾਈ ਸੀ। ਸ਼ਹਿਰ ਲਈ ਕਈ ਮਹੱਤਵਪੂਰਨ ਪ੍ਰਾਜੈਕਟ, ਜਿਵੇਂ ਕਿ: ਓ ਸੀ ਲੂਪ ਸੇਗਮੈਂਟ ਐਚ / ਫੇਅਰਮੋਂਟ ਕਨੈਕਟਰ ਬਾਈਕਵੇਅ, ਮੁਸਟਾਂਗ ਫੀਲਡਜ਼ ਵਿਖੇ ਫੇਅਰਮੋਂਟ ਬੁਲੇਵਾਰਡ ਨੌਰਥ ਬਾਉਂਡ ਖੱਬਾ ਮੋੜ, ਮੇਨ ਸਟ੍ਰੀਟ ਅਤੇ ਐਰੋਯੋ ਵੇਅ ਇੰਪਰੂਵਮੈਂਟ ਪ੍ਰੋਜੈਕਟ, ਨਵੀਂ ਲਾਇਬ੍ਰੇਰੀ ਅਤੇ ਆਰਟਸ ਕਮਿਊਨਿਟੀ ਸੈਂਟਰ ਟਰੈਫਿਕ ਪ੍ਰਭਾਵ ਦਾ ਵਿਸ਼ਲੇਸ਼ਣ ਆਦਿ ।
ਸਮੀਖਿਆ, ਅਤੇ ਸਾਵੀ ਰੈਂਚ ਗਤੀਸ਼ੀਲਤਾ ਸੰਭਾਵਨਾ ਅਧਿਐਨ ਵਿਚ ਸ਼ਿਵਇੰਦਰਜੀਤ ਸਿੰਘ ਦੀ ਸਰਗਰਮ ਭੂਮਿਕਾ ਕਾਰਨ ਬਹੁਤ ਸਾਰੀਆਂ ਮਹੱਤਵਪੂਰਨ ਚੀਜ਼ਾਂ ਨੂੰ ਮਨਜ਼ੂਰੀ ਲਈ ਵਿਚਾਰਿਆ ਗਿਆ । ਅਤੇ ਉਨ੍ਹਾਂ ਦੀ ਸਿਫ਼ਾਰਸ਼ ਕੀਤੀ ਗਈ ਟ੍ਰੈਫਿਕ ਕਮਿਸ਼ਨ ਦੀ ਨੀਤੀ ਨੰਬਰ 37 ਇਨਹਾਂਸਡ ਸਟਾਪ ਚਿੰਨ੍ਹ, ਸੈਨੇਟ ਬਿੱਲ (ਐਸਬੀ) 743 ਲਾਗੂ ਕਰਨ ਅਤੇ ਯੋਰਬਾ ਲਿੰਡਾ ਟ੍ਰੈਫਿਕ ਪ੍ਰਭਾਵ ਦਿਸ਼ਾ ਨਿਰਦੇਸ਼, ਸਿਟੀਵਾਇਡ ਇੰਜੀਨੀਅਰਿੰਗ ਅਤੇ ਟ੍ਰੈਫਿਕ ਸਰਵੇਖਣ, ਸ਼ਾਰਟ ਸਟ੍ਰੀਟ ਟ੍ਰੈਫਿਕ ਮੁੱਖ ਰੂਪ ਵਿੱਚ ਸ਼ਾਮਲ ਹਨ। ਇਸੇ ਲਈ ਅਜਿਹੀਆਂ ਸੇਵਾਵਾਂ ਵਿਚ ਭੂਮਿਕਾ ਨਿਭਾਉਣ ਵਾਲੇ ਕਮਿਸ਼ਨਰ ਸਿੰਘ ਨੂੰ ਸਰਬਸੰਮਤੀ ਨਾਲ ਟ੍ਰੈਫਿਕ ਕਮਿਸ਼ਨ ਦੇ ਚੇਅਰਮੈਨ ਵਜੋਂ ਸੇਵਾ ਕਰਨ ਲਈ ਚੁਣਿਆ ਗਿਆ ਸੀ ਅਤੇ ਸਿਟੀਜ਼ਨ ਆਫ ਦਿ ਈਅਰ ਕਮੇਟੀ ਵਿੱਚ ਟ੍ਰੈਫਿਕ ਕਮਿਸ਼ਨਰਾਂ ਦੀ ਨੁਮਾਇੰਦਗੀ ਕੀਤੀ ਗਈ ਸੀ। ਉਹ ਨਵੀਂ ਯੋਰਬਾ ਲਿੰਡਾ ਪਬਲਿਕ ਲਾਇਬ੍ਰੇਰੀ ਦੇ ਉਦਘਾਟਨ ਸਮਾਰੋਹਾਂ ਦਾ ਵੀ ਹਿੱਸਾ ਸੀ। ਯੋਰਬਾ ਲਿੰਡਾ ਦੇ ਮੇਅਰ, ਪੇਗੀ ਹੁਆਂਗ ਨੇ ਕਮਿਸ਼ਨਰ ਸਿੰਘ ਦੀ ਕਮਿਊਨਿਟੀ ਪ੍ਰਤੀ ਕੀਤੀ ਗਈ ਸੇਵਾ ਅਤੇ ਵਿਚਲੇ ਨੇਤਾਵਾਂ ਵਿਚੋਂ ਇਕ ਹੋਣ ਲਈ ਪ੍ਰਸ਼ੰਸਾ ਕੀਤੀ ਜਿਨ੍ਹਾਂ ਨੂੰ ਟ੍ਰੈਫਿਕ ਕਮਿਸ਼ਨਰ ਵਜੋਂ ਆਪਣੀਆਂ ਪ੍ਰਾਪਤੀਆਂ ਲਈ ਉਸ ਦੇ ਹਾਣੀਆਂ ਦੁਆਰਾ ਵੀ ਸਵੀਕਾਰ ਅਤੇ ਸਤਿਕਾਰਿਆ ਗਿਆ । ਮੇਅਰ ਪੇਗੀ ਹੁਆਂਗ ਨੇ ਸਿਟੀ ਕੌਂਸਲ ਦੇ ਮੈਂਬਰਾਂ, ਮੇਅਰ ਪ੍ਰੋ ਟੇਮ ਕਾਰਲੋਸ ਰੌਡਰਿਗਜ਼, ਕੌਂਸਲਮੈਂਬਰ ਤਾਰਾ ਕੈਂਪਬੈਲ, ਕੌਂਸਲਮੈਂਬਰ ਬੈਥ ਹੈਨੀ ਅਤੇ ਕੌਂਸਲਮੈਨ ਜੀਨ ਹਰਨਾਡੇਜ਼ ਨੇ ਕਮਿਸ਼ਨਰ ਟ੍ਰੈਫਿਕ ਕਮਿਸ਼ਨ ਦੀ ਅਸਾਧਾਰਣ ਸੇਵਾ ਅਤੇ ਸਮੁੱਚੇ ਭਾਈਚਾਰੇ ਵਿੱਚ ਉਨ੍ਹਾਂ ਦੇ ਸਥਾਈ ਪ੍ਰਭਾਵ ਲਈ ਮਾਨਤਾ ਦਿੱਤੀ । ਉਨ੍ਹਾਂ ਨੇ ਉਸ ਨੂੰ ਨਵੇਂ ਯੋਜਨਾ ਕਮਿਸ਼ਨਰ ਵਜੋਂ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਣ ਲਈ ਸ਼ੁਭ ਇਛਾਂਵਾ ਦੀ ਕਾਮਨਾ ਵੀ ਕੀਤੀ, ਤਾਂ ਜੋ ਭਵਿੱਖ ਵਿੱਚ ਵੀ ਸ਼ਿਵਇੰਦਰਜੀਤ ਸਿੰਘ ਦਾ ਅਜਿਹਾ ਹੀ ਯੋਗਦਾਨ ਕਮਿਊਨਿਟੀ ਪ੍ਰਤੀ ਰਹੇ ।
ਦੱਸਣਯੋਗ ਹੈ ਕਿ ਸ਼ਿਵ ਇੰਦਰਜੀਤ ਸਿੰਘ ਕੈਲੀਫੋਰਨੀਆ ਰਾਜ ਵਿੱਚ ਲਾਇਸੰਸਸ਼ੁਦਾ ਪੇਸ਼ੇਵਰ ਇਲੈਕਟ੍ਰੀਕਲ ਇੰਜੀਨੀਅਰ ਦੇ ਨਾਲ ਨਾਲ ਲਾਇਸੰਸਸ਼ੁਦਾ ਕੈਲੀਫੋਰਨੀਆ ਮੋਰਟਗੇਜ ਅਤੇ ਰੀਅਲ ਅਸਟੇਟ ਬ੍ਰੋਕਰ ਵੀ ਹਨ। ਸ਼ਿਵਇੰਦਰਜੀਤ ਸਿੰਘ ਆਪਣੇ ਪੂਰੇ ਕੈਰੀਅਰ ਦੌਰਾਨ ਸਰਵਜਨਕ ਸੇਵਾ ਵਿੱਚ ਰਹੇ ਹਨ| ੨੦੧੨-੨੦੧੬ ਵਿਚ ਉਹ ਸਿਟੀ ਓਫ ਬਰਿਆ ਦੇ ਟ੍ਰੈਫਿਕ ਕਮਿਸ਼ਨਰ ਦੀ ਸੇਵਾ ਨਿਭਾ ਚੁਕੇ ਹਨ ਤੇ ੨੦੧੭-੨੦੨੧ ਵਿਚ ਯੋਰਬਾ ਲਿੰਡਾ ਦੇ ਟ੍ਰੈਫਿਕ ਕੰਮਿਸਨਰ ਵੀ ਰਹੇ ਹਨ | ਇਸ ਸਮੇਂ ਕੈਲੀਫੋਰਨੀਆ ਰਾਜ ਦੇ ਓਰੈਂਜ ਕਾਉਂਟੀ ਵਿੱਚ ਟਰਾਂਸਪੋਰਟੇਸ਼ਨ ਮੈਨੇਜਮੈਂਟ ਸਿਸਟਮਸ ਮੇਨਟੇਨੈਂਸ ਇੰਜੀਨੀਅਰਿੰਗ ਡਿਵੀਜ਼ਨ ਦੇ ਚੀਫ਼ ਇੰਜੀਨੀਅਰ ਦੇ ਤੌਰ ਤੇ ਸੇਵਾ ਨਿਭਾ ਰਹੇ ਹਨ। ਓਹ ਆਪਣੀ 23+ ਸਾਲਾਂ ਦੀ ਵਿਲੱਖਣ ਸਟੇਟ ਸੇਵਾ ਦੇ ਦੌਰਾਨ, ਉਨ੍ਹਾਂ ਨੇ ਦੱਖਣੀ ਕੈਲੀਫੋਰਨੀਆ ਦੇ ਸਾਰੇ ਰਾਜਮਾਰਗਾਂ ਅਤੇ ਸੈਨ ਬਰਨਾਰਡੀਨੋ, ਰਿਵਰਸਾਈਡ, ਲਾਸ ਏਂਜਲਸ ਅਤੇ ਓਰੇਂਜ ਕਾਉਂਟੀਜ਼ ਸਮੇਤ ਸੜਕਾਂ 'ਤੇ ਖੁਫੀਆ ਟ੍ਰਾਂਸਪੋਰਟੇਸ਼ਨ ਪ੍ਰਣਾਲੀਆਂ ਦੀ ਨਵੀਂ ਤਕਨਾਲੋਜੀ, ਡਿਜ਼ਾਈਨ, ਨਿਰਮਾਣ ਅਤੇ ਦੇਖਭਾਲ ਵਿੱਚ ਬਹੁਮੁੱਲਾ ਯੋਗਦਾਨ ਪਾਇਆ। ਉਹ ਡ੍ਰੀਮਵਰਕਸ ਰੀਅਲ ਅਸਟੇਟ ਅਤੇ ਈਗਲ ਯੂਐਸ ਮੋਰਟਗੇਜ ਦੇ ਚਿਐਫ ਫਾਇਨੈਨਸ਼ੀਅਲ ਅਫਸਰ ਵੀ ਹਨ, ਅਤੇ ਹਜ਼ਾਰਾਂ ਵਸਨੀਕਾਂ ਨੂੰ ਉਨ੍ਹਾਂ ਦੀ ਕੰਪਨੀ ਦੇ ਨਵੀਨਤਮ ਰਿਵਾਜ ਅਨੁਸਾਰ ਬਣਾਏ ਵਿੱਤੀ ਪ੍ਰੋਗਰਾਮਾਂ ਦੁਆਰਾ ਘਰ ਖਰੀਦਣ ਦੇ ਉਨ੍ਹਾਂ ਦੇ ਸੁਪਨੇ ਨੂੰ ਸਾਕਾਰ ਕਰਨ ਵਿਚ ਵੀ ਸਹਾਇਤਾ ਕੀਤੀ ਹੈ।
ਸ਼ਿਵਇੰਦਰਜੀਤ ਸਿੰਘ ਖਾਲੀ ਸਮੇਂ ਵਿਚ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਸਮਾਂ ਬਤੀਤ ਕਰਨਾ ਪਸੰਦ ਕਰਦੇ ਹਨ । ਸ਼ਿਵਇੰਦਰਜੀਤ ਸਿੰਘ ਨੇ ਆਪਣੀ ਪਤਨੀ, ਡਾ. ਹਰਪ੍ਰੀਤ (ਗਿੰਨੀ) ਕੌਰ ਦਾ ਆਪਣੇ ਸਾਰੇ ਕੈਰੀਅਰ ਦੌਰਾਨ ਨਿਰਧਾਰਤ ਸਹਾਇਤਾ ਲਈ ਬਹੁਤ ਧੰਨਵਾਦ ਕੀਤਾ। ਡਾ. ਗਿੰਨੀ ਕੌਰ ਖ਼ੁਦ ਦੱਖਣੀ ਕੈਲੀਫੋਰਨੀਆ ਵਿਚ ਇਕ ਪ੍ਰੇਰਣਾਦਾਇਕ ਕਮਿਊਨਿਟੀ ਦੀ ਕਾਰਜਕਰਤਾ ਹਨ । ਉਹਨਾਂ ਨੇ ਬਹੁਤ ਸਾਰੀਆਂ ਗੈਰ-ਲਾਭਕਾਰੀ ਇੰਟਰਫੇਥ ਸੰਸਥਾਵਾਂ ਦੇ ਬੋਰਡਸ 'ਤੇ ਸੇਵਾਵਾਂ ਨਿਭਾਈਆਂ ਹਨ , ਅਤੇ ਇਸ ਵੇਲੇ ਪੰਥਕ ਡਿਜੀਟਲ ਆਵਾਜ਼ ਪ੍ਰੋਗਰਾਮ ਦੇ ਅੰਤਰਰਾਸ਼ਟਰੀ ਕਨਵੀਨਰ ਵਜੋਂ ਸ਼੍ਰੀ ਹੇਮਕੁੰਟ ਫਾਉਂਡੇਸ਼ਨ ਦੇ ਬੋਰਡ ਮੈਂਬਰ ਵਜੋਂ ਸੇਵਾ ਨਿਭਾ ਰਹੇ ਹਨ । ਇਹ ਉਹ ਪ੍ਰੋਗਰਾਮ ਹਨ ਜੋ ਨੌਜਵਾਨਾਂ ਨੂੰ ਡਿਜੀਟਲ ਫਿਲਮਾਂ ਬਣਾਉਣ ਦੁਆਰਾ ਆਪਣੀਆਂ ਕਹਾਣੀਆਂ ਸੁਣਾਉਣ ਲਈ ਉਤਸ਼ਾਹਤ ਕਰਦਾ ਹੈ। ਸ਼ਿਵਇੰਦਰਜੀਤ ਸਿੰਘ, ਉਨ੍ਹਾਂ ਦੀ ਪਤਨੀ ਤੇ ਉਨ੍ਹਾਂ ਦੇ ਦੋ ਬਹੁਤ ਹੀ ਪਿਆਰੇ ਅਤੇ ਸਿੱਖੀ ਸਰੂਪ ਵਾਲੇ ੨ ਬੱਚੇ ਹਨ , ਦੱਸਣਯੋਗ ਹੈ ਕਿ ਉਨ੍ਹਾਂ ਦੀ ਬੇਟੀ ਸਹਿਜ ਕੌਰ ਚਾਵਲਾ, ਜੋ ਕਿ ਯੂ. ਸੀ. ਐਲ. ਏ. ਗ੍ਰੈਜੂਏਟ ਹੈ, ਤੇ ਉਸਨੇ ਇੰਟਰਫੇਥ ਯੂਥ ਕਾਉਂਸਿਲ ਦੇ ਬੋਰਡ 'ਤੇ ਸਰਗਰਮੀ ਨਾਲ ਸੇਵਾ ਨਿਭਾਈ ਹੈ | ਉਨ੍ਹਾਂ ਦੇ ਬੇਟੇ ਅੰਮ੍ਰਿਤ ਸਿੰਘ ਚਾਵਲਾ ਵੀ ਪੂਰਨ ਸਿੱਖੀ ਰੂਪ ਵਿਚ ਹਿਊਮਨ ਰੇਲਾਸ਼ਨਸ ਦੇਹ ਬੋਰਡ ਵਿਚ ਸੇਵਾ ਕਰਦੇ ਆਏ ਹੁਣ , ਜੋ ਹਇਸੇ ਸਾਲ ਯੂਨੀਵਰਸਿਟੀ ਵਿੱਚ ਦਾਖ਼ਲਾ ਲੈਣਗੇ ।
ਸ਼ਿਵਇੰਦਰਜੀਤ ਸਿੰਘ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਲ ਨਾਲ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਦਾ ਸ਼ੁਕਰਗੁਜ਼ਾਰ ਕਰਦੇ ਹਨ ਜਿਨ੍ਹਾਂ ਨੇ ਆਪਣੇ ਜੀਵਨ ਦੌਰਾਨ ਇੱਕ ਵੱਡਾ ਸਮਰਥਨ ਦਿੱਤਾ ਅਤੇ ਉਨ੍ਹਾਂ ਨੇ ਆਪਣੀ ਕਮਿਊਨਿਟੀ ਦੀ ਸੇਵਾ ਜਾਰੀ ਰੱਖਣ ਦੀ ਯੋਜਨਾ ਨੂੰ ਸਿਦਕ ਸਬਰ ਅਤੇ ਦ੍ਰਿੜ੍ਹ ਵਿਸ਼ਵਾਸ ਨਾਲ ਬਣਾਈ ਰੱਖਿਆ।
ਦੱਸਣਯੋਗ ਹੈ ਕਿ ਸ਼ਿਵ ਇੰਦਰਜੀਤ ਸਿੰਘ ਨੂੰ 24 ਫਰਵਰੀ, 2021 ਨੂੰ ਯੋਰਬਾ ਸਿਟੀ ਲਈ ਯੋਜਨਾ ਕਮਿਸ਼ਨਰ ਵਜੋਂ ਸਹੁੰ ਚੁਕਾਈ ਗਈ। ਯੋਰਬਾ ਲਿੰਡਾ. ਦੇ ਕਮਿਸ਼ਨਰ ਸਿੰਘ ਨੂੰ ਮੇਅਰ ਅਤੇ ਸਿਟੀ ਕਾਉਂਸਿਲ ਦੇ ਮੈਂਬਰਾਂ ਅਤੇ ਸਟਾਫ ਵੱਲੋਂ ਵਧਾਈ ਦਿੱਤੀ ਗਈ। ਇਹ ਸਹੁੰ ਚੁੱਕ ਸਮਾਰੋਹ ਜ਼ੂਮ ਦੇ ਮਾਧਿਅਮ ਨਾਲ ਕੋਵੀਡ -19 ਪ੍ਰੋਟੋਕੋਲ ਕਾਰਨ ਕੀਤਾ ਗਿਆ ਸੀ ਜਿਸ ਵਿੱਚ ਉਨ੍ਹਾਂ ਦੀ ਪਤਨੀ ਡਾ: ਗਿੰਨੀ ਕੌਰ ਚਾਵਲਾ ਅਤੇ ਉਨ੍ਹਾਂ ਦੇ ਬੱਚਿਆਂ ਸਹਿਜ ਕੌਰ ਚਾਵਲਾ ਅਤੇ ਅੰਮ੍ਰਿਤ ਸਿੰਘ ਚਾਵਲਾ ਸਮੇਤ ਪਰਿਵਾਰਕ ਮੈਂਬਰਾਂ ਅਤੇ ਕੁਝ ਕੁ ਮਹਿਮਾਨਾਂ ਨੇ ਸ਼ਿਰਕਤ ਕੀਤੀ ।
ਸ਼ਿਵਇੰਦਰਜੀਤ ਸਿੰਘ ਦੀ ਆਪਣੇ ਕਮਿਊਨਿਟੀ ਪ੍ਰਤੀ ਅਜਿਹੀ ਸੇਵਾ ਇਸ ਗੱਲ ਦੀ ਪ੍ਰਤੀਕ ਹੈ ਕਿ ਸਿੱਖ ਕੌਮ ਜਿੱਥੇ ਵੀ ਰਹਿੰਦੀ ਹੈ ਉਹ ਸਰਬੱਤ ਦਾ ਭਲਾ ਹੀ ਮੰਗਦੀ ਹੈ । ਅਜਿਹੀ ਸੋਚ ਉਸ ਇਨਸਾਨ ਦੇ ਅੰਦਰ ਹੀ ਜਾਗਦੀ ਹੈ ਜਿਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਤੱਕਿਆ ਹੋਵੇ ।ਸਿੱਖ ਕੌਮ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕੀ ਸ਼ਿਵਇੰਦਰਜੀਤ ਸਿੰਘ ਅਜਿਹੀਆਂ ਰੱਬੀ ਰੂਹਾਂ ਉਨ੍ਹਾਂ ਦੀ ਕੌਮ ਦਾ ਹਿੱਸਾ ਹਨ ਜੋ ਦੁਨੀਆਂ ਦੇ ਇਤਿਹਾਸ ਵਿੱਚ ਆਪਣਾ ਨਾਮ ਦਰਜ ਕਰਵਾ ਰਹੀਆਂ ਹਨ.
Comments (0)