ਜਾਤੀਵਾਦ ਤੋਂ ਮੁਕਤ ਹੋਣ ਦੀ ਲੋੜ   

ਜਾਤੀਵਾਦ ਤੋਂ ਮੁਕਤ ਹੋਣ ਦੀ ਲੋੜ   

ਧਰਮ ਤੇ ਫਲਸਫਾ                           

ਤਲਵਿੰਦਰ ਸਿੰਘ ਬੁੱਟਰ (ਪੱਤਰਕਾਰ)   

 ਇਹ ਕੌੜੀ ਸੱਚਾਈ ਹੈ ਕਿ ਭਾਵੇਂ ਸਾਡੇ ਸਮਾਜ ਵਿਚ ਓਪਰੇ ਪੱਧਰ ‘ਤੇ ਜਾਤ-ਪਾਤ ਦਾ ਫਰਕ ਪਿਛਲੇ ਸਮਿਆਂ ਦੇ ਮੁਕਾਬਲੇ ਬਹੁਤ ਘਟਿਆ ਹੈ ਪਰ ਸੂਖਮ ਰੂਪ ਵਿਚ ਜਾਤੀਵਾਦ ਬਹੁਤ ਜ਼ਿਆਦਾ ਵੱਧ ਰਿਹਾ ਹੈ। ਸਾਡੇ ਸ਼ਹੀਦ, ਸਾਡੇ ਪੀਰ-ਪੈਗੰਬਰਾਂ ਤੋਂ ਲੈ ਕੇ ਸਾਡੇ ਸਿਆਸਤਦਾਨਾਂ ਤੱਕ ਨੂੰ ਜਾਤੀਵਾਦੀ ਪਛਾਣ ਵਜੋਂ ਵੇਖਿਆ ਜਾਣ ਲੱਗਾ ਹੈ। ਇਹ ਇਕ ਬਹੁਤ ਗੰਭੀਰ ਰੁਝਾਨ ਹੈ। ਕਹਿਣ ਨੂੰ ਦੱਬੇ-ਕੁਚਲੇ ਲੋਕ, ਜਾਤੀਵਾਦੀ ਵਿਤਕਰੇ ਵਿਰੁੱਧ ਲਾਮਬੰਦ ਹੋ ਰਹੇ ਹਨ ਪਰ ਅਸਲੀਅਤ ਵਿਚ ਉਹ ਜਾਤੀਵਾਦ ਤੋਂ ਉੱਪਰ ਨਹੀਂ ਉੱਠਣਾ ਚਾਹੁੰਦੇ ਬਲਕਿ ਜਾਤੀਵਾਦ ਨੂੰ ਜਾਤੀਵਾਦ ਰਾਹੀਂ ਕੱਟਣ ਦੀ ਕੋਸ਼ਿਸ਼ ਕਰ ਰਹੇ ਹਨ। ਉੱਚ ਜਾਤੀ ਅਭਿਮਾਨੀਆਂ ਵਿਰੁੱਧ ਲਾਮਬੰਦ ਹੋ ਕੇ ਇਕ ਬਰਾਬਰਤਾ ਵਾਲੇ ਸਮਾਜ ਦੀ ਸਿਰਜਣਾ ਦੀ ਬਜਾਇ, ਦੱਬੇ-ਕੁਚਲੇ ਲੋਕ ਵੀ ਹੁਣ ਆਪਣੀ ਜਾਤੀਵਾਦੀ ਹਉਮੈ ਨੂੰ ਪ੍ਰਚੰਡ ਕਰਕੇ ਸਵੈਮਾਣ ਹਾਸਲ ਕਰ ਦੇ ਰਾਹ ‘ਤੇ ਤੁਰ ਪਏ ਹਨ। ਦਹਾਕਾ-ਦੋ ਦਹਾਕੇ ਪਹਿਲਾਂ ਸਾਨੂੰ ਨਹੀਂ ਪਤਾ ਹੁੰਦਾ ਸੀ ਕਿ ਭਾਈ ਮਤੀ ਦਾਸ, ਭਾਈ ਸਤੀ ਦਾਸ ਕਿਹੜੀ ਜਾਤੀ ਦੇ ਸਨ। ਅਸੀਂ ਸਿਰਫ ਇਹੀ ਜਾਣਦੇ ਸਾਂ ਕਿ ਉਹ ਸੱਚ ਦੇ ਰਾਹ ‘ਤੇ ਤੁਰੇ ਉਹ ਪਾਂਧੀ ਸਨ, ਜਿਹੜੇ ਸੀਸ ਦੇ ਕੇ ਜ਼ੁਲਮ ਦਾ ਠੀਕਰਾ ਭੰਨਣ ਵਾਲੇ ਨੌਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਰਮ ਸਿੱਖ ਸਨ। ਅਸੀਂ ਕਦੇ ਇਹ ਜਾਨਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਸੀ ਕਿ ਬਾਬਾ ਦੀਪ ਸਿੰਘ ਕਿਹੜੀ ਕਥਿਤ ਜਾਤੀ ਦੇ ਸਨ। ਕਿਉਂਕਿ ‘ਪੰਜਾਬ ਗੁਰਾਂ ਦੇ ਨਾਮ ਤੇ ਵੱਸਦਾ’ ਹੈ ਅਤੇ ਗੁਰਮਤਿ ਸਾਨੂੰ ਇਹ ਦ੍ਰਿੜ੍ਹ ਕਰਵਾਉਂਦੀ ਹੈ ਕਿ : 

''ਜਾਣਹੁ ਜੋਤਿ ਨ ਪੂਛਹੁ ਜਾਤੀ, ਆਗੈ ਜਾਤਿ ਨ ਹੇ।।'' (ਅੰਗ: 349)

ਗੁਰੂ ਸਾਹਿਬਾਨ ਨੇ ਤਾਂ ਜਾਤ ਨਾਲੋਂ ਮਨੁੱਖ ਦੇ ਕਰਮਾਂ ਦੀ ਪ੍ਰਧਾਨਤਾ 'ਤੇ ਜ਼ੋਰ ਦਿੰਦਿਆਂ ਆਖਿਆ ਕਿ ਰੱਬ ਦੀ ਦਰਗਾਹ 'ਚ ਕਿਸੇ ਦੀ ਉੱਚੀ-ਨੀਵੀਂ ਜਾਤ ਨਹੀਂ ਦੇਖੀ ਜਾਂਦੀ, ਉਥੇ ਸਿਰਫ਼ ਮਨੁੱਖ ਦੇ ਕੀਤੇ ਭਲੇ ਕਰਮਾਂ ਨੂੰ ਹੀ ਆਦਰ ਮਿਲਦਾ ਹੈ। ਪਰ ਅਸੀਂ ਆਪਣੇ ਸਾਰੇ ਸ਼ਹੀਦਾਂ ਨੂੰ ਜਾਤੀਵਾਦ ਦੀ ਨਜ਼ਰ ਵਿਚੋਂ ਵੇਖਣ ਲੱਗ ਪਏ ਹਾਂ। ਸ਼ਹੀਦਾਂ ਉੱਤੇ ਵੀ ਜਾਤੀਵਾਦੀ ਦਾਅਵੇ ਹੋਣ ਲੱਗੇ ਹਨ।ਇਸੇ ਸੰਦਰਭ ਵਿਚ ਸਾਨੂੰ ਅਕਲ ਦੇਣ ਵਾਲੀ ਗੁਰੂ ਇਤਿਹਾਸ ਵਿਚ ਇਕ ਸਟੀਕ ਸਾਖੀ ਮਿਲਦੀ ਹੈ ਕਿ ਇਕ ਵਾਰ ਦੋ ਭੱਲਾ ਖੱਤਰੀ ਬਿਰਾਦਰੀ ਦੇ ਦੌਲਤਮੰਦ ਵਿਅਕਤੀ ਪ੍ਰਿਥੀਮਲ ਅਤੇ ਤੁਲਸਾ ਸ੍ਰੀ ਗੁਰੂ ਅਮਰਦਾਸ ਜੀ ਕੋਲ ਆਏ ਅਤੇ ਕਹਿਣ ਲੱਗੇ, 'ਤੁਹਾਡੀ ਸਾਡੀ ਜਾਤ ਇਕੋ ਹੈ।' ਗੁਰੂ ਜੀ ਬੋਲੇ, 'ਸੰਤਾਂ ਦੀ ਕੋਈ ਜਾਤ ਪਾਤ ਨਹੀਂ ਹੁੰਦੀ। ਹਰ ਮਨੁੱਖ ਦੀ ਦੇਹ ਪੰਜ ਤੱਤਾਂ ਦੀ ਬਣੀ ਹੋਈ ਹੈ। ਜੀਵ ਪ੍ਰਮੇਸ਼ਰ ਦੀ ਜਾਤ ਹੈ।'ਅੱਜ ਅਸੀਂ ਉਸ ਤੋਂ ਵੀ ਸੌ ਫਰਲਾਂਗ ਪਿੱਛੇ ਪਹੁੰਚ ਗਏ ਹਾਂ, ਜਿੱਥੋਂ ਗੁਰਮਤਿ ਲਹਿਰ ਨੇ ਸਾਨੂੰ ਡੂੰਘੀ ਦਲਦਲ ਵਿਚੋਂ ਕੱਢ ਕੇ ਮਨੁੱਖ ਬਣਾਇਆ ਸੀ। ਗੱਲਾਂ ਅਸੀਂ ਜਾਤ-ਪਾਤ ਨੂੰ ਖ਼ਤਮ ਕਰਨ ਦੀਆਂ ਕਰਦੇ ਹਾਂ ਪਰ ਭਾਵੇਂ ਅਸੀਂ ਕਥਿਤ ਤੌਰ ‘ਤੇ ਉੱਚ ਜਾਤੀ ਹੋਈਏ ਤੇ ਭਾਵੇਂ ਕਥਿਤ ਸ਼ੂਦਰ, ਅਸੀਂ ਆਪਣੇ ਅੰਦਰੋਂ ਜਾਤੀਵਾਦ ਨੂੰ ਮਰਨ ਹੀ ਨਹੀਂ ਦੇਣਾ ਚਾਹੁੰਦੇ। ਇੱਕੀਵੀਂ ਸਦੀ ਵਿਚ ਦੁਨੀਆ ‘ਚੰਨ’ ‘ਤੇ ਪਹੁੰਚ ਗਈ ਹੈ ਪਰ ਅਸੀਂ ਜਾਤੀਵਾਦੀ ਵਖਿਆਨ ਵਿਚੋਂ ਹੀ ਬਾਹਰ ਨਹੀਂ ਆ ਰਹੇ। ਕੋਈ ਵੀ ਮਨੁੱਖ ਆਪਣੇ ਗੁਣਾਂ ਤੇ ਲਿਆਕਤ ਜ਼ਰੀਏ ਮਾੜੀ ਜਿਹੀ ਕੋਈ ਪ੍ਰਾਪਤੀ ਕਰ ਲੈਂਦਾ ਹੈ ਤਾਂ ਅਸੀਂ ਉਸ ਦੀ ਸ਼ਖ਼ਸੀਅਤ ਦਾ ਗੁਣਗਾਨ ‘ਜਾਤੀਵਾਦੀ’ ਚਸ਼ਮਾ ਲਾ ਕੇ ਕਰਨ ਬੈਠ ਜਾਂਦੇ ਹਾਂ।