ਕੈਨੇਡਾ ਵਿਚ ਪੰਜਾਬੀਆਂ ਦੇ ਜੰਗ ਦੇ ਅਖਾੜੇ 

ਕੈਨੇਡਾ ਵਿਚ ਪੰਜਾਬੀਆਂ ਦੇ ਜੰਗ ਦੇ ਅਖਾੜੇ 

ਵਿਸ਼ੇਸ਼ ਮੁਦਾ

 ਆਏ ਦਿਨ ਫੇਸਬੁੱਕ ਤੇ ਪੰਜਾਬ ਤੋਂ ਆਏ ਵਿਦਿਆਰਥੀਆਂ ਦੀਆਂ ਲੜਾਈ-ਝਗੜੇ, ਕੁੱਟਮਾਰ ਦੀਆਂ ਵੀਡੀਓਜ਼ ਪੰਜਾਬੀ ਭਾਈਚਾਰੇ ਲਈ ਇਮਤਿਹਾਨ ਦੀ ਘੜੀ ਬਣਦੀਆਂ ਰਹਿੰਦੀਆਂ ਹਨ। ਇਕ ਵੀਡੀਓ ਕੈਲਗਰੀ ਦੇ ਕਿਸੇ ਸ਼ੋਅ ਦੀ ਸੀ ਜਿੱਥੇ ਸਾਡੇ ਕੁਝ ਲੋਕ ਇਕ ਛੋਟੀ-ਜਿਹੀ ਗੱਲ ਤੇ ਮੱਲਾ ਵਾਂਗ ਮੈਦਾਨ ਵਿਚ ਮਾਰਨ-ਕੁੱਟਣ ਲਈ ਨਿੱਤਰ ਆਏ। ਇਸੇ ਤਰ੍ਹਾਂ ਆਏ ਦਿਨ ਭਾਰਤੀ ਵਿਦਿਆਰਥੀਆਂ ਵੱਲੋਂ ਵੀ ਵੱਖੋ-ਵੱਖ ਸ਼ਹਿਰਾਂ ਵਿਚ ਆਪਣੀ ਹਊਮੈ ਨੂੰ ਪੱਠੇ ਪਾਉਣ ਲਈ ਡੰਡੇ, ਹਾਕੀਆਂ ਨਾਲ ਇਕ-ਦੂਜੇ ਤੇ ਵਾਰ ਕੀਤੇ ਜਾਂਦੇ ਹਨ ਜਿਵੇਂ ਇਨ੍ਹਾਂ ਨੇ ਕੋਈ ਜ਼ਮੀਨ ਦਾ ਬਟਵਾਰਾ ਕਰਨਾ ਹੋਵੇ। 

ਜਦ ਵੀ ਕਦੇ ਇਸ ਤਰ੍ਹਾਂ ਦੇ ਲੜਾਈ-ਝਗੜੇ ਦੀਆਂ ਖ਼ਬਰਾਂ ਜਾਂ ਵੀਡੀਓ ਸਾਹਮਣੇ ਆਉਂਦੀਆਂ ਹਨ ਤਾਂ 32 ਸਾਲ ਪਹਿਲਾਂ ਦੇ ਪੰਜਾਬ ਦੀ ਯਾਦ ਤਾਜ਼ਾ ਹੋ ਜਾਂਦੀ ਹੈ। ਉਦੋਂ ਪਿੰਡਾਂ ਵਿਚ ਲੋਕ ਡਾਂਗਾਂ, ਬਰਛੇ, ਕਿਰਪਾਨਾਂ ਕੱਢ ਕੇ ਜ਼ਮੀਨਾਂ, ਪਾਣੀ ਦੇ ਨੱਕੇ ਬਦਲੇ ਇਕ-ਦੂਜੇ ਨੂੰ ਮਰਨ-ਮਰਾਉਣ ਤਕ ਉਤਾਰੂ ਹੋ ਜਾਂਦੇ ਸਨ। ਆਪਣੇ ਮਾਂ-ਬਾਪ ਦੀ ਗ਼ਰੀਬੀ ਨੂੰ ਭੁੱਲ ਕੇ ਕਈ ਵਿਦਿਆਰਥੀ ਵਿਦੇਸ਼ਾਂ ਵਿਚ ਆ ਕੇ ਡਰੱਗਜ਼ ਦਾ ਸੇਵਨ ਕਰਦੇ ਹਨ, ਸ਼ਰਾਬੀ-ਕਬਾਬੀ ਬਣ ਜਾਂਦੇ ਹਨ ਤੇ ਮਾਰ-ਕੁਟਾਈਆਂ ਵਾਲੇ ਕੰਮ ਕਰਦੇ ਹਨ। ਅਜਿਹੇ ਕਾਰਨਾਮੇ ਦੇਖ ਕੇ ਤਾਂ ਉਨ੍ਹਾਂ ਦੇ ਮਾਂ-ਬਾਪ ਤੇ ਬਹੁਤ ਤਰਸ ਆਉਂਦਾ ਹੈ ਜਿਨ੍ਹਾਂ ਵੱਲੋਂ ਆਪਣਾ ਸਭ ਕੁਝ ਦਾਅ ਤੇ ਲਾ ਕੇ ਆਪਣੇ ਧੀਆਂ-ਪੁੱਤਾਂ ਨੂੰ ਉਨ੍ਹਾਂ ਦੇ ਉਜਵਲ ਭਵਿੱਖ ਲਈ ਵਿਦੇਸ਼ ਭੇਜਿਆ ਗਿਆ ਹੈ ਪਰ ਉਹ ਇੱਥੇ ਆ ਕੇ ਕੁਰਾਹੇ ਪੈ ਜਾਂਦੇ ਹਨ। ਘੱਟੋ-ਘੱਟ ਭਾਈਚਾਰੇ ਦੀ ਨਹੀਂ ਤਾਂ ਆਪਣੇ ਬਜ਼ੁਰਗ ਗ਼ਰੀਬ ਮਾਂ-ਬਾਪ ਦੀ ਤਾਂ ਲਾਜ ਰੱਖ ਲਓ।ਕੁਝ ਮਹੀਨਿਆਂ ਦੀ ਗੱਲ ਹੈ। ਮੇਰੇ ਘਰ ਦੇ ਰੋਡ ਤੇ ਕਿਸੇ ਨੇ ਵਿਦਿਆਰਥੀਆਂ ਨੂੰ ਘਰ ਕਿਰਾਏ ਤੇ ਦੇ ਦਿੱਤਾ। ਰੱਖੇ 4-5, ਰਹਿਣ ਆ ਗਏ 20-25, ਹਰ ਸਵੇਰੇ-ਸ਼ਾਮ ਪਾਰਟੀ ਕਰਨ। ਮਾਵਾਂ-ਭੈਣਾਂ ਦਾ ਬਾਹਰ ਨਿਕਲਣਾ ਔਖਾ ਹੋ ਗਿਆ। ਲੋਕ ਮਕਾਨ ਮਾਲਕ ਨੂੰ ਦੱਸਣ ਤੋਂ ਪੈਰ ਪਿੱਛੇ ਸਰਕਾਉਣ ਕਿਉਂਕਿ ਉਹ ਇਕ ਪੁਲਿਸ ਆਫੀਸਰ ਸੀ। ਮੇਰੇ ਤਕ ਗੱਲ ਆਈ ਤਾਂ ਮੈਂ ਮਕਾਨ ਮਾਲਕ ਦਾ ਫੋਨ ਨੰਬਰ ਲੱਭ ਕੇ ਉਸ ਨਾਲ ਇਹ ਸਭ ਕੁਝ ਸਾਂਝਾ ਕੀਤਾ। ਆਪਣੇ ਦੇਸੀ ਭਾਈ ਹੀ ਸਨ ਜਿਨ੍ਹਾਂ ਨੇ ਮੇਰਾ ਇਸ ਗੱਲੋਂ ਸ਼ੁਕਰੀਆ ਕੀਤਾ ਕਿ ਮੈਂ ਇਸ ਮੁੱਦੇ ਨੂੰ ਮਕਾਨ ਮਾਲਕ ਕੋਲ ਲੈ ਗਿਆ ਤੇ ਉਸ ਨੇ ਖ਼ੁਦ ਬਾਹਰ ਗੱਡੀ ਵਿਚ ਬੈਠ ਕੇ ਇਨ੍ਹਾਂ ਵਿਦਿਆਰਥੀਆਂ ਦੀ ਨਿਗਰਾਨੀ ਰੱਖੀ ਤੇ ਸੱਚ ਨੂੰ ਬਹੁਤ ਨਜ਼ਦੀਕ ਤੋਂ ਵਾਚਿਆ। ਉਹ ਦਿਨ ਤੇ ਆਹ ਦਿਨ, ਕੋਈ ਵਿਦਿਆਰਥੀ ਘਰ ਦੇ ਬਾਹਰ ਨਜ਼ਰ ਤਕ ਨਹੀਂ ਆਇਆ ਜਿਸ ਲਈ ਸਭ ਗੁਆਂਢੀਆਂ ਨੇ ਮੇਰਾ ਬਹੁਤ ਧੰਨਵਾਦ ਕੀਤਾ। ਇਹ ਵਿਦਿਆਰਥੀ ਜਾਂ ਸਾਡੇ ਭਾਈਚਾਰੇ ਦੇ ਲੋਕ ਆਪਣੀ ਹਊਮੈ ਨੂੰ ਪੱਠੇ ਪਾਉਣ ਲਈ ਜੋਸ਼ ਵਿਚ ਜੋ ਵੀ ਗ਼ਲਤ ਕਦਮ ਚੁੱਕ ਰਹੇ ਹਨ, ਇਹ ਭਵਿੱਖ ਵਿਚ ਕੈਨੇਡਾ ਸਰਕਾਰ ਨੂੰ ਇਕ ਤਰ੍ਹਾਂ ਨਾਲ ਮਜਬੂਰ ਕਰ ਰਹੇ ਹਨ ਕਿ ਉਹ ਭਾਰਤੀ ਵਿਦਿਆਰਥੀਆਂ ਅਤੇ ਭਾਈਚਾਰੇ ਲਈ ਕੈਨੇਡਾ ਦੇ ਪੱਕੇ ਤੌਰ ਤੇ ਦਰਵਾਜ਼ੇ ਬੰਦ ਕਰ ਦੇਵੇ ਤੇ ਪੜ੍ਹਾਈ ਕਰਨ ਆਉਣ ਤੇ ਪਾਬੰਦੀਆਂ ਲਾ ਦੇਵੇ।ਭਵਿੱਖ ਵਿਚ ਇਹ ਕਦਮ ਚੰਗੇ ਅਤੇ ਹੋਣਹਾਰ ਵਿਦਿਆਰਥੀਆਂ ਲਈ ਵੀ ਮੁਸੀਬਤ ਬਣ ਜਾਵੇਗਾ।

ਇਸ ਬਾਰੇ ਸਾਨੂੰ ਹੁਣ ਤੋਂ ਹੀ ਸੁਚੇਤ ਹੁੰਦੇ ਹੋਏ ਕੋਈ ਠੋਸ ਕਦਮ ਚੁੱਕਣੇ ਪੈਣਗੇ। ਸਾਨੂੰ ਆਪਣੀਆਂ ਆਪ-ਹੁਦਰੀਆਂ ਤੋਂ ਉੱਪਰ ਉੱਠ ਕੇ ਆਪਣੀ ਅਤੇ ਆਪਣੇ ਭਾਈਚਾਰੇ ਦੀ ਇੱਜ਼ਤ ਬਰਕਰਾਰ ਰੱਖਣ ਦੀ ਲੋੜ ਹੈ। ਇਕ ਤਾਜ਼ਾ ਸਰਵੇਖਣ ਵਿਚ ਸਾਹਮਣੇ ਆਇਆ ਹੈ ਕਿ ਬੇਮੁਹਾਰੀ ਇਮੀਗ੍ਰੇਸ਼ਨ ਤੋਂ ਬਹੁਤੇ ਕੈਨੇਡੀਅਨ ਨਾਖ਼ੁਸ਼ ਹਨ। ਇਕਤਾਲੀ ਫ਼ੀਸਦੀ ਕੈਨੇਡੀਅਨ ਸਮਝਦੇ ਹਨ ਕਿ ਇਮੀਗ੍ਰੇਸ਼ਨ ਦਰ ਬਹੁਤ ਜ਼ਿਆਦਾ ਹੈ। ਸਰਵੇਖਣ ਵਿਚ ਸ਼ਾਮਲ ਸਿਰਫ਼ 19% ਲੋਕਾਂ ਨੇ ਇਮੀਗ੍ਰੇਸ਼ਨ ਨੂੰ ਬਹੁਤ ਚੰਗੀਦੱਸਿਆ। ਤੀਹ ਫ਼ੀਸਦੀ ਨੇ ਕਿਹਾ ਹੈ ਕਿ ਇਮੀਗ੍ਰੇਸ਼ਨ ਨਾਲ ਕੈਨੇਡਾ ਜਿਸ ਦਿਸ਼ਾ ਵੱਲ ਜਾ ਰਿਹਾ ਹੈ, ਉਹ ਇਸ ਨੂੰ ਪਸੰਦ ਨਹੀਂ ਕਰਦੇ। ਇਸ ਸਰਵੇਖਣ ਵਿਚ 51 ਫ਼ੀਸਦੀ ਲੋਕਾਂ ਨੇ ਕਿਹਾ ਕਿ ਕੈਨੇਡੀਅਨ ਸਮਾਜ ਵਿਚ ਫਿੱਟ ਹੋਣ ਲਈ ਪਰਵਾਸੀਆਂ ਨੂੰ ਹੋਰ ਜ਼ਿਆਦਾ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਕਸਰ ਕਿਹਾ ਜਾਂਦਾ ਹੈ ਕਿ ਇਮੀਗ੍ਰਾਂਟ ਕੈਨੇਡਾ ਦੇ ਸਮਾਜ ਵਿਚ ਇੰਟੀਗ੍ਰੇਟਨਹੀਂ ਹੋ ਰਹੇ ਸਗੋਂ ਕੈਨੇਡੀਅਨ ਸਮਾਜ ਸੰਗਤਰੇ ਦੀਆਂ ਫਾੜੀਆਂ ਵਾਂਗ ਵੰਡਿਆ ਹੋਇਆ ਹੈ। ਇਨ੍ਹਾਂ 51% ਲੋਕਾਂ ਦਾ ਵੀ ਇਹੀ ਮਤ ਹੈ ਕਿ ਇਕਮਿਕ ਹੋਣ ਦੀ ਘਾਟ ਹੈ। ਉਕਤ ਸਰਵੇਖਣ ਵਿਚ 52 ਫ਼ੀਸਦੀ ਲੋਕਾਂ ਨੇ ਕਿਹਾ ਹੈ ਕਿ ਕੈਨੇਡਾ ਨੂੰ ਆਪਣੇ ਬੇਰੁਜ਼ਗਾਰ ਲੋਕਾਂ ਵੱਲ ਵੱਧ ਧਿਆਨ ਦੇਣਾ ਚਾਹੀਦਾ ਹੈ ਅਤੇ ਵਿਦੇਸ਼ਾਂ ਤੋਂ ਸਕਿੱਲਡ ਲੋਕ ਲਿਆਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

ਸਰਕਾਰ ਸਕਿੱਲਡ ਵਰਕਰਾਂ ਦੇ ਨਾਂ ਤੇ ਭਾਂਤ-ਭਾਂਤ ਦੀ ਇਮੀਗ੍ਰੇਸ਼ਨ ਖੋਲ੍ਹੀ ਬੈਠੀ ਹੈ ਜਿਸ ਸਦਕਾ ਇਮੀਗ੍ਰੇਸ਼ਨ ਵਿਭਾਗ ਦਾ ਕੰਟਰੋਲ ਹੀ ਖ਼ਤਮ ਹੋ ਗਿਆ ਹੈ। ਮੈਂ ਇਨ੍ਹਾਂ ਵਿਦਿਆਰਥੀਆਂ ਨੂੰ ਹੀ ਨਹੀਂ ਸਗੋਂ ਪੂਰੇ ਭਾਈਚਾਰੇ ਨੂੰ ਇਹੀ ਕਹਾਂਗਾ ਕਿ ਘੱਟੋ-ਘੱਟ ਆਪਣੇ ਬਾਰੇ ਨਹੀਂ ਤਾਂ ਦੂਜੇ ਮਿਹਨਤੀ ਵਿਦਿਆਰਥੀਆਂ ਬਾਰੇ ਹੀ ਸੋਚ ਲਓ। ਖ਼ੈਰ! ਤਸਵੀਰ ਦਾ ਸੁਨਹਿਰਾ ਪਹਿਲੂ ਵੀ ਹੈ। ਅਣਗਿਣਤ ਹੋਣਹਾਰ ਵਿਦਿਆਰਥੀ ਆਪਣੇ ਸੁਪਨਿਆਂ ਦੀ ਧਰਤੀ ਕੈਨੇਡਾ ਵਿਖੇ ਪੁੱਜ ਕੇ ਪੜ੍ਹਾਈ-ਲਿਖਾਈ ਦੇ ਨਾਲ-ਨਾਲ ਛੋਟੇ-ਮੋਟੇ ਕੰਮ ਵੀ ਕਰਦੇ ਹਨ। ਮਿਹਨਤ-ਮੁਸ਼ੱਕਤ ਕਰ ਕੇ ਉਹ ਆਪਣੇ ਮਾਪਿਆਂ ਦੇ ਸਿਰ ਤੋਂ ਕਰਜ਼ੇ ਦੀ ਪੰਡ ਨੂੰ ਲਾਹੁਣ ਲਈ ਤਰੱਦਦ ਕਰਦੇ ਹਨ। ਜਿਹੜੇ ਵਿਦਿਆਰਥੀ ਆਪਣੇ ਭਵਿੱਖ ਬਾਰੇ ਨਹੀਂ ਸੋਚਦੇ, ਉਹ ਕੁਰਾਹੇ ਪੈ ਜਾਂਦੇ ਹਨ। ਭਾਲਿਓ ਮਾਣਸੋ, ਆਪਣੇ ਭਾਈਚਾਰੇ ਦੇ ਲੋਕਾਂ ਬਾਰੇ ਵੀ ਸੋਚ ਲਓ ਜਿਨ੍ਹਾਂ ਨੇ ਸਖ਼ਤ ਮਿਹਨਤਾਂ ਕਰ ਕੇ ਕੈਨੇਡਾ ਵਿਚ ਵੱਡੇ ਵਪਾਰ-ਕਾਰੋਬਾਰ ਖੜ੍ਹੇ ਕੀਤੇ ਹੋਏ ਹਨ ਜਾਂ ਸਰਕਾਰਾਂ ਵਿਚ ਵੱਡੇ-ਵੱਡੇ ਰੁਤਬੇ ਹਾਸਲ ਕੀਤੇ ਹੋਏ ਹਨ। ਆਪਣੀ ਹਊਮੈ ਨੂੰ ਤਿਆਗ ਕੇ ਆਪਣੇ ਮਾਂ-ਬਾਪ ਦੇ ਸੁਪਨੇ ਸਾਕਾਰ ਕਰਨ ਲਈ ਪੜ੍ਹਾਈ ਵੱਲ ਧਿਆਨ ਦਿਉ, ਆਪਣੇ ਕੰਮਾਂ ਵੱਲ ਬਿਰਤੀ ਲਾਓ। ਇਹ ਜੋ ਵੱਡੀਆਂ-ਵੱਡੀਆਂ ਗੱਡੀਆਂ ਲੈ ਕੇ ਪਲਾਜ਼ਿਆਂ ਵਿਚ ਝੁੰਡ ਬਣਾ ਕੇ ਹੁੱਲੜਬਾਜ਼ੀ ਕਰ ਰਹੇ ਹੋ ਅਤੇ ਸਾਰੇ ਭਾਈਚਾਰੇ ਦਾ ਅਕਸ ਧੁੰਦਲਾ ਕਰ ਰਹੇ ਹੋ, ਇਸ ਮੰਦਭਾਗੇ ਰੁਝਾਨ ਨੂੰ ਠੱਲ੍ਹ ਪਾਓ ਜਿਸ ਸਦਕਾ ਭਾਈਚਾਰੇ ਦੀ ਇੱਜ਼ਤ ਹੀ ਨਹੀਂ ਬਚੇਗੀ ਸਗੋਂ ਕੈਨੇਡਾ ਸਰਕਾਰ ਵੱਲੋਂ ਸਖ਼ਤ ਕਦਮ ਚੁੱਕੇ ਜਾਣ ਤੋਂ ਵੀ ਬਚਿਆ ਜਾ ਸਕਦਾ ਹੈ। ਹੁਣ ਤੁਸੀਂ ਕੀ ਚਾਹੁੰਦੇ ਹੋ, ਇਹ ਤੁਹਾਡੇ ਹੱਥ ਹੈ।

ਸੁਰਜੀਤ ਸਿੰਘ ਫਲੋਰਾ     

(ਲੇਖਕ ਬਰੈਂਪਟਨ ਆਧਾਰਿਤ ਵੈਟਰਨ ਫ੍ਰੀਲਾਂਸ ਜਰਨਲਿਸਟ ਹੈ)