ਵਪਾਰਕ ਨਜ਼ਰੀਏ ਨੇ ਕਬੱਡੀ ਦਾ ਭਵਿੱਖ ਕੀਤਾ ਧੁੰਦਲਾ

 ਵਪਾਰਕ ਨਜ਼ਰੀਏ ਨੇ ਕਬੱਡੀ ਦਾ ਭਵਿੱਖ ਕੀਤਾ ਧੁੰਦਲਾ

ਖੇਡ ਸੰਸਾਰ   

ਸਤਪਾਲ ਖਡਿਆਲ 

 ਫੋਨ : 98724-59691

ਪੰਜਾਬੀਆਂ ਦੀ ਹਰਮਨ-ਪਿਆਰੀ ਖੇਡ ਕਬੱਡੀ ਸਰਕਲ ਸਟਾਈਲ ਜਿਸ ਨੇ ਸੈਂਕੜੇ ਪੰਜਾਬੀ ਨੌਜਵਾਨਾਂ ਦਾ ਭਵਿੱਖ ਉਜਵਲ ਕੀਤਾ। ਅੱਜ ਇਹ ਖੇਡ ਖੁਦ ਹਨੇਰੇ ਵੱਲ ਜਾ ਰਹੀ ਹੈ। ਕਬੱਡੀ ਸਰਕਲ ਸਟਾਈਲ ਦੇ ਮਾਧਿਅਮ ਜ਼ਰੀਏ ਕਿੰਨੇ ਹੀ ਪੰਜਾਬੀ ਕੈਨੇਡਾ, ਅਮਰੀਕਾ, ਇੰਗਲੈਂਡ ਅਤੇ ਹੋਰਨਾਂ ਦੇਸ਼ਾਂ ਦੇ ਵਸਨੀਕ ਬਣ ਕੇ ਚੰਗਾ ਜੀਵਨ ਬਸਰ ਕਰ ਰਹੇ ਹਨ। ਬਲਵਿੰਦਰ ਸਿੰਘ ਫਿੱਡਾ, ਹਰਦੀਪ ਸਿੰਘ ਭੁੱਲਰ ਨੂੰ ਅਰਜੁਨਾ ਐਵਾਰਡ ਵਰਗਾ ਵੱਕਾਰੀ ਸਨਮਾਨ ਦੇਣ ਵਾਲੀ ਸਰਕਲ ਸਟਾਈਲ ਕਬੱਡੀ ਦਾ ਮਾਣ ਅੱਜ ਖੁਦ ਦਾਅ 'ਤੇ ਲੱਗਾ ਹੋਇਆ ਹੈ। ਪੰਜਾਬੀਆਂ ਦੀ ਆਪਸੀ ਜ਼ਿਦ ਧੜੇਬੰਦੀ ਦੇ ਕਾਰਨ ਸਰਕਲ ਸਟਾਈਲ ਕਬੱਡੀ ਕਿਸੇ ਇਤਿਹਾਸਕ ਖੇਡ ਮੰਚ ਦਾ ਹਿੱਸਾ ਨਹੀਂ ਬਣ ਸਕੀ। ਸਗੋਂ ਇਕ ਮਨੋਰੰਜਨ ਦਾ ਸਾਧਨ ਬਣ ਕੇ ਰਹਿ ਗਈ ਹੈ। ਪੈਸਾ ਚਾਹੇ ਕੋਈ ਗਜਨੀ ਲਾ ਰਿਹਾ ਚਾਹੇ ਕੋਈ ਦਾਨਸਵੰਦ ਬੱਸ ਮਕਸਦ ਪੈਸੇ ਤੱਕ ਰਹਿ ਗਿਆ ਹੈ। ਪਿਛਲੇ ਦਸਾਂ ਸਾਲਾਂ ਦੌਰਾਨ ਭਾਵੇਂ ਦੇਸ਼-ਵਿਦੇਸ਼ ਵਿਚ ਖੇਡ ਕਲੱਬਾਂ, ਫੈਡਰੇਸ਼ਨਾਂ ਦੀ ਗਿਣਤੀ 'ਚ ਚੋਖਾ ਵਾਧਾ ਹੋਣ ਨਾਲ ਸਾਡੇ ਨੌਜਵਾਨਾਂ ਨੂੰ ਵਿਦੇਸ਼ ਜਾਣ ਤੇ ਚੰਗੇ ਪੈਸੇ ਕਮਾਉਣ ਦੇ ਅਵਸਰ ਪ੍ਰਾਪਤ ਹੋਏ ਹਨ। ਪਰ ਜ਼ਮੀਨੀ ਤੌਰ 'ਤੇ ਕਬੱਡੀ ਦੀ ਹਾਲਤ ਅਮਲੀਆਂ ਦੇ ਲਾਣੇ ਵਰਗੀ ਹੋ ਗਈ ਹੈ। ਕੋਈ ਜ਼ਮਾਨਾ ਸੀ ਜਦੋਂ ਹਰ ਖਿਡਾਰੀ ਸੋਚਦਾ ਸੀ ਕਿ ਉਸ ਦਾ ਅਗਲਾ ਵਾਰਿਸ ਵੀ ਕਬੱਡੀ ਦਾ ਖਿਡਾਰੀ ਬਣ ਕੇ ਨਾਂਅ ਰੌਸ਼ਨ ਕਰੇ। ਜਿਸ ਦੀਆਂ ਦਰਜਨਾਂ ਉਦਾਹਰਨਾਂ ਹਨ। ਪਰ ਅੱਜ ਦੇ ਸੁਪਰ ਸਟਾਰ ਖਿਡਾਰੀ ਤੇ ਖੇਡ ਪ੍ਰਬੰਧਕ ਆਪਣੇ ਬੱਚਿਆਂ ਨੂੰ ਕਬੱਡੀ ਮੈਦਾਨਾਂ ਦੇ ਨੇੜੇ ਨਹੀਂ ਜਾਣ ਦੇ ਰਹੇ। ਇਸ ਦੇ ਕੀ ਮਾਅਨੇ ਨਿਕਲਦੇ ਹਨ? ਕਬੱਡੀ ਨੂੰ ਸਭ ਤੋਂ ਵੱਡਾ ਕੋਹੜ ਡੋਪ ਅਤੇ ਡਰੱਗ ਦਾ ਹੈ। ਡੋਪ ਟੈਸਟ ਕਰਾਉਣ ਨੂੰ ਕੋਈ ਵੀ ਤਿਆਰ ਨਹੀਂ ਜਦਕਿ ਡਰੱਗ ਟੈਸਟ ਲਈ ਕੁਝ ਕੁ ਪੇਸ਼ੇਵਰ ਕਲੱਬ ਤਿਆਰ ਹਨ। ਪੰਜਾਬ ਦੀ ਕਬੱਡੀ ਦਾ ਅੱਜਕਲ੍ਹ ਬੜਾ ਮੰਦੜਾ ਹਾਲ ਹੈ। ਵੱਡੇ ਇਨਾਮੀ ਵਧੇਰੇ ਮੈਚ ਰੋਲੇ ਰੱਪੇ 'ਚ ਹੀ ਸਿਮਟ ਗਏ ਹਨ। ਪਿਛਲੇ ਦਸਾਂ ਸਾਲਾ ਦੌਰਾਨ ਲੋਕਾਂ ਨੇ ਪੇਸ਼ੇਵਰ ਅਕੈਡਮੀਆਂ, ਪਿੰਡ ਓਪਨ ਅਤੇ ਹੁਣ ਖੁੱਲ੍ਹੀਆਂ ਕਲੱਬਾਂ ਦੇ ਵੱਡੇ ਇਨਾਮੀ ਮੈਚ ਕਰਾ ਕੇ ਦੇਖ ਲਏ ਹਨ। ਪਰ ਕਿਸੇ ਸਾਰਥਿਕ ਨਤੀਜੇ 'ਤੇ ਨਹੀਂ ਅੱਪੜ ਸਕੇ। ਨੈਸ਼ਨਲ ਸਟਾਈਲ ਕਬੱਡੀ ਪ੍ਰੋ: ਲੀਗ ਦੇ ਜ਼ਰੀਏ ਜਿੱਥੇ ਕਰੋੜਾਂ ਅਰਬਾਂ ਦਾ ਕਾਰੋਬਾਰ ਬਣ ਗਈ ਹੈ। ਉੱਥੇ ਹੀ ਇਕ ਵਿਧੀ ਵਿਧਾਨ ਜ਼ਾਬਤੇ ਵਿਚ ਵੀ ਆ ਗਈ ਹੈ। ਜਦਕਿ ਸਰਕਲ ਸਟਾਈਲ ਕਬੱਡੀ ਦਾ ਰੱਬ ਹੀ ਰਾਖਾ ਹੈ। ਸੈਂਕੜੇ ਨੌਜਵਾਨਾਂ ਦੀਆਂ ਪਿਛਲੇ ਦੋ ਦਹਾਕਿਆਂ 'ਚ ਸ਼ਕਤੀਵਰਧਕ ਅਤੇ ਹੋਰ ਦਵਾਈਆਂ ਲੈਣ ਨਾਲ ਹੋਈਆਂ ਮੌਤਾਂ ਤੋਂ ਬਾਅਦ ਵੀ ਨਾ ਕਬੱਡੀ ਪ੍ਰਬੰਧਕ, ਨਾ ਖਿਡਾਰੀ, ਨਾ ਸਰਕਾਰ ਨੇ ਕੋਈ ਸਬਕ ਲਿਆ ਹੈ। ਪੰਜਾਬ ਵਿਚ ਇਸ ਸਮੇਂ ਅੱਧੀ ਦਰਜਨ ਜਥੇਬੰਦੀਆਂ ਹਨ। ਜਿਨ੍ਹਾਂ ਦੇ ਚਾਲੂ ਜਿਹੇ ਆਪਣੇ ਹੀ ਨਿਯਮ ਹਨ। ਪਰ ਖਿਡਾਰੀ ਇਨ੍ਹਾਂ ਨੂੰ ਟਿੱਚ ਜਾਣਦੇ ਹਨ। ਕਬੱਡੀ 'ਚ ਇਕ-ਦੂਜੇ ਨੂੰ ਠਿੱਬੀ ਲਾਉਣ ਲਈ ਸਾਰੇ ਤਿਆਰ ਰਹਿੰਦੇ ਹਨ। ਪਿਛਲੇ ਸਮੇਂ 'ਚ ਵਿਸ਼ਵ ਕਬੱਡੀ ਡੋਪਿੰਗ ਕਮੇਟੀ ਬਣੀ ਸੀ ਜੋ ਲਗਾਤਾਰ ਡੋਪ ਅਤੇ ਡਰੱਗ ਟੈਸਟਾਂ ਨੂੰ ਲੈ ਕੇ ਯਤਨਸ਼ੀਲ ਹੈ। ਕੀ ਪਿਛਲੇ ਸਾਲਾਂ ਦੇ ਟੈਸਟਾਂ ਦਾ ਕੋਈ ਅਸਰ ਹੋਇਆ ਹੈ? ਜਿਨ੍ਹਾਂ ਖਿਡਾਰੀਆਂ ਦੇ ਡੋਪ ਟੈਸਟ ਹੋਏ ਉਹ ਕਲੀਨ ਹਨ? ਅਜਿਹਾ ਕੁਝ ਵੀ ਸੰਭਵ ਨਹੀਂ ਲਗਦਾ। ਤਤਕਾਲੀ ਪੰਜਾਬ ਸਰਕਾਰ ਦੇ ਵਿਸ਼ਵ ਕਬੱਡੀ ਕੱਪ ਨੇ ਭਾਵੇਂ ਕਬੱਡੀ ਦੀ ਦੇਸ਼-ਵਿਦੇਸ਼ ਵਿਚ ਪਛਾਣ ਜ਼ਰੂਰ ਬਣਾਈ ਪਰ ਸਿਆਸੀ ਪ੍ਰਭਾਵ ਹੇਠ ਇਹ ਟੂਰਨਾਮੈਂਟ ਵੀ ਕਬੱਡੀ ਨੂੰ ਕੋਈ ਦਿਸ਼ਾ ਅਤੇ ਦਸ਼ਾ ਨਹੀਂ ਦਿਖਾ ਸਕੇ। ਸਗੋਂ ਇਕ-ਦੂਜੇ ਨਾਲੋਂ ਤਕੜੇ ਹੋ ਕੇ ਵਿਸ਼ਵ ਕੱਪ ਖੇਡਣ ਦੀ ਲਾਲਸਾ ਨੇ ਸੈਂਕੜੇ ਨੌਜਵਾਨਾਂ ਦਾ ਜੀਵਨ ਤਬਾਹ ਕਰ ਦਿੱਤਾ ਹੈ। ਪੰਜਾਬ ਸਰਕਾਰ ਦਾ ਖੇਡਾਂ ਵਾਲੇ ਪਾਸੇ ਕੋਈ ਧਿਆਨ ਹੀ ਨਹੀਂ ਹੈ। ਅੱਧੀ ਰਾਤ ਤੱਕ ਹੁੰਦੇ ਕਬੱਡੀ ਮੈਚਾਂ ਨੇ ਕਬੱਡੀ ਦਾ ਭਵਿੱਖ ਵੀ ਹਨੇਰੇ ਵੱਲ ਧੱਕ ਦਿੱਤਾ ਹੈ। ਅੱਜ ਕਬੱਡੀ ਮੈਚਾਂ 'ਚ ਇਕੱਠ ਕਰਨ ਲਈ ਵੱਡੇ ਗਾਇਕ ਬੁਲਾਉਣੇ ਪੈਂਦੇ ਹਨ। ਜਦਕਿ ਇਕ ਜ਼ਮਾਨਾ ਸੀ ਕਿ ਕਬੱਡੀ ਦਾ ਇਕ ਸ਼ੋਅ ਮੈਚ ਹੀ ਲੱਖਾਂ ਲੋਕਾਂ ਦਾ ਪਿੜ ਬੰਨ੍ਹ ਦਿੰਦਾ ਸੀ। ਅਖੌਤੀ ਕਬੱਡੀ ਖਲੀਫ਼ਿਆਂ ਨੇ ਕਬੱਡੀ ਮੈਚਾਂ ਦੀ ਨੁਹਾਰ ਹੀ ਵਿਗਾੜ ਦਿੱਤੀ ਹੈ। ਮੈਂ ਮੇਰੀ ਦੇ ਚੱਕਰ ਵਿਚ ਕਬੱਡੀ ਦੀ ਖੇਡ, ਕੁਮੈਂਟਰੀ ਦਾ ਅਸਲ ਸੁਆਦ ਫਿੱਕਾ ਪੈ ਗਿਆ ਹੈ। ਸਹਿਜ ਮਤੇ 'ਚ ਕੀਤੀ ਜਾਣ ਵਾਲੀ ਕਬੱਡੀ ਦੀ ਕੁਮੈਂਟਰੀ ਹੁਣ ਕੰਨ ਪਾੜਵੀਂ ਹੈ। ਕਬੱਡੀ ਦੇ ਕੁਮੈਂਟਰਾਂ ਕੋਲ ਸ਼ਬਦਾਂ ਦੀ ਘਾਟ ਰੜਕਦੀ ਹੈ। ਅਣਸਿੱਖੇ ਬੁਲਾਰੇ, ਰੈਫਰੀ, ਕੋਚ ਕਬੱਡੀ ਦਾ ਬੇੜਾ ਗਰਕ ਕਰਨ ਦਾ ਕੰਮ ਕਰ ਰਹੇ ਹਨ।

 

-