ਨਿਸ਼ਾਨੇਬਾਜ਼ੀ ਵਿਚ ਪੰਜਾਬ ਦਾ ਨਾਮ ਰੋਸ਼ਨ ਕਰ ਰਹੀ ਹੈ ਨਵਦੀਪ ਕੌਰ ਸੇਖੋਂ

ਨਿਸ਼ਾਨੇਬਾਜ਼ੀ ਵਿਚ ਪੰਜਾਬ ਦਾ ਨਾਮ ਰੋਸ਼ਨ ਕਰ ਰਹੀ ਹੈ ਨਵਦੀਪ ਕੌਰ ਸੇਖੋਂ

ਖੇਡ ਸੰਸਾਰ         

ਨਵਦੀਪ ਜ਼ਿਲ੍ਹਾ ਮਾਨਸਾ ਦੇ ਪਿੰਡ ਬੋੜਾਵਾਲ ਦੇ ਇਕ ਸਾਧਾਰਨ ਪਰਿਵਾਰ ਦੀ ਧੀ ਹੈ। ਇਸ ਮਾਣਮੱਤੀ ਧੀ ਦਾ ਜਨਮ ਪਿਤਾ ਅਵਤਾਰ ਸਿੰਘ ਦੇ ਘਰ ਮਾਤਾ ਹਰਵਿੰਦਰ ਕੌਰ ਦੀ ਕੁੱਖੋਂ 10 ਦਸੰਬਰ 2001 ਨੂੰ ਹੋਇਆ। ਨਵਦੀਪ ਬਚਪਨ ਤੋਂ  ਪੜ੍ਹਾਈ ਵਿਚ ਹੁਸ਼ਿਆਰ ਹੋਣ ਦੇ ਨਾਲ-ਨਾਲ ਖੇਡਾਂ ਦੀ ਸ਼ੌਕੀਨ ਹੈ। ਉਸ ਨੇ ਮੁੱਢਲੀ ਪੜ੍ਹਾਈ ਡੀ.ਏ.ਵੀ. ਪਬਲਿਕ ਸਕੂਲ ਬੁਢਲਾਡਾ ਤੋਂ ਹਾਸਿਲ ਕੀਤੀ। ਸੱਤਵੀਂ ਜਮਾਤ ਵਿਚ ਪੜ੍ਹਦਿਆਂ ਸਕੂਲ ਦੀ ਅਧਿਆਪਕਾ ਜੋਤੀ ਸ਼ਰਮਾ ਦੀ ਪ੍ਰੇਰਨਾ ਸਦਕਾ ਪਿਸਟਲ ਨਿਸ਼ਾਨੇਬਾਜ਼ੀ ਖੇਡ ਦਾ ਆਗਾਜ਼ ਕਰਨ ਤੋਂ ਲੈ ਕੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੱਕ ਮੈਡਲ ਜਿੱਤ ਕੇ ਭਾਰਤ ਦਾ ਮਾਣ ਵਧਾਇਆ ਹੈ।ਲਗਾਤਾਰ 3 ਸਾਲ ਦੇ ਅਭਿਆਸ ਤੇ ਕਰੜੀ ਮਿਹਨਤ ਉਪਰੰਤ 2015 ਵਿਚ ਪਿੰਡ ਬਾਦਲ ਵਿਖੇ ਹੋਈਆਂ ਸਟੇਟ ਪੱਧਰੀ ਅੰਡਰ-17 ਖੇਡਾਂ ਵਿਚ ਨਵਦੀਪ ਨੇ ਕਾਂਸੀ ਦਾ ਮੈਡਲ ਜਿੱਤਿਆ। ਇਹ ਨਵਦੀਪ ਦਾ ਆਪਣੇ ਪਿਸਟਲ ਨਾਲ ਜਿੱਤਿਆ ਪਹਿਲਾ ਮੈਡਲ ਸੀ।

ਫਿਰ 2016 ਵਿਚ ਮੁਕਤਸਰ ਸਾਹਿਬ ਵਿਖੇ ਹੋਈਆਂ ਸਟੇਟ ਪੱਧਰੀ ਖੇਡਾਂ ਵਿਚ ਵਿਅਕਤੀਗਤ ਪੱਧਰ 'ਤੇ ਕਾਂਸੀ ਦਾ ਮੈਡਲ ਮਾਨਸਾ ਦੀ ਝੋਲੀ ਪਾਇਆ ਅਤੇ ਇਸੇ ਸਾਲ ਹੈਦਰਾਬਾਦ ਵਿਖੇ ਰਾਸ਼ਟਰੀ ਨਿਸ਼ਾਨੇਬਾਜ਼ੀ ਖੇਡਾਂ ਵਿਚ ਭਾਗ ਲਿਆ। ਇਸ ਤੋਂ ਬਾਅਦ ਨਵਦੀਪ ਦੇ ਨਿਸ਼ਾਨੇ ਲਗਾਤਾਰ ਮੈਡਲਾਂ ਉੱਪਰ ਲਗਦੇ ਰਹੇ ਤੇ ਥੋੜ੍ਹੇ ਵਕਫ਼ੇ ਵਿਚ ਹੀ ਉਸ ਦਾ ਨਾਂਅ ਦੇਸ਼ ਦੇ ਉੱਭਰਦੇ ਚੋਟੀ ਦੇ ਮਹਿਲਾ ਨਿਸ਼ਾਨੇਬਾਜ਼ਾਂ ਵਿਚ ਸ਼ਾਮਿਲ ਹੋ ਗਿਆ। 2017 ਵਿਚ ਨਵਦੀਪ ਨੇ ਰੋਪੜ ਵਿਖੇ ਹੋਈਆਂ ਸਟੇਟ ਪੱਧਰੀ ਖੇਡਾਂ ਵਿਚ ਵਿਅਕਤੀਗਤ ਤੌਰ 'ਤੇ ਕਾਂਸੀ ਦਾ ਮੈਡਲ ਫੁੰਡਿਆ ਅਤੇ ਪੂਨਾ ਵਿਖੇ ਹੋਈਆਂ ਰਾਸ਼ਟਰੀ ਖੇਡਾਂ ਵਿਚ ਚੰਗਾ ਪ੍ਰਦਰਸ਼ਨ ਕੀਤਾ। 2018 ਵਿਚ ਰੋਪੜ ਵਿਖੇ ਸਟੇਟ ਪੱਧਰੀ ਖੇਡਾਂ ਵਿਚ ਵਿਅਕਤੀਗਤ ਤੌਰ 'ਤੇ 10 ਮੀਟਰ ਪਿਸਟਲ ਨਿਸ਼ਾਨੇਬਾਜ਼ੀ ਮੁਕਾਬਲੇ ਵਿਚ ਗੋਲਡ ਮੈਡਲ ਹਾਸਲ ਕੀਤਾ ਅਤੇ ਇਸੇ ਸਾਲ ਇੰਦੌਰ ਵਿਖੇ ਹੋਈਆਂ ਰਾਸ਼ਟਰੀ ਖੇਡਾਂ ਵਿਚ ਕਾਂਸੀ ਦਾ ਮੈਡਲ ਪੰਜਾਬ ਦੀ ਝੋਲੀ ਪਾਇਆ।

ਨਵਦੀਪ ਦੇ ਨਿਸ਼ਾਨੇੇਬਾਜ਼ੀ ਖੇਡ ਵਿਚ ਲਗਾਤਾਰ ਬਿਹਤਰੀਨ ਪ੍ਰਦਰਸ਼ਨ ਦੇ ਅਧਾਰ 'ਤੇ ਉਸ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਬੀ.ਐੱਸ.ਸੀ. ਕਮਿਸਟਰੀ (ਆਨਰਜ਼) ਵਿਚ ਦਾਖਲਾ ਮਿਲਿਆ। 2019 ਵਿਚ ਭੋਪਾਲ (ਮੱਧ ਪ੍ਰਦੇਸ਼) ਵਿਖੇ ਰਾਸ਼ਟਰੀ ਖੇਡਾਂ ਵਿਚ ਟੀਮ ਪੱਧਰ 'ਤੇ ਸਿਲਵਰ ਮੈਡਲ ਤੇ ਇਸੇ ਸਾਲ ਪੰਜਾਬ ਯੂਨੀਵਰਸਿਟੀ ਦੀਆਂ ਅੰਤਰ ਕਾਲਜ ਖੇਡਾਂ ਵਿਚ ਕਾਂਸੀ ਦਾ ਮੈਡਲ ਜਿੱਤ ਕੇ ਅੰਤਰਵਰਸਿਟੀ ਖੇਡਾਂ ਵਿਚ ਸ਼ਮੂਲੀਅਤ ਕੀਤੀ। ਭੋਪਾਲ ਵਿਖੇ ਹੋਈਆਂ ਰਾਸ਼ਟਰੀ ਖੇਡਾਂ ਵਿਚ ਸਿਖਰਲੇ 20 ਮੈਡਲ ਜੇਤੂ ਖਿਡਾਰੀਆਂ ਦੇ ਇੰਡੀਅਨ ਸਕੂਐਡ ਟੀਮ ਦੀ ਚੋਣ ਲਈ ਟਰਾਇਲ ਲਏ ਗਏ ਜਿਸ ਨੂੰ ਨਵਦੀਪ ਨੇ ਅਸਾਨੀ ਨਾਲ ਪਾਰ ਕਰ ਲਿਆ।

2021 ਵਿਚ ਨਵਦੀਪ ਨੇ ਪੰਜਾਬ ਸਟੇਟ ਸ਼ੂਟਿੰਗ ਚੈਂਪੀਅਨਸ਼ਿਪ ਦੇ 25 ਮੀਟਰ ਮੁਕਾਬਲੇ ਵਿਚ ਵਿਅਕਤੀਗਤ ਪੱਧਰ 'ਤੇ ਕਾਂਸੀ ਦਾ ਮੈਡਲ ਅਤੇ 10 ਮੀਟਰ ਦੇ ਮੁਕਾਬਲੇ ਵਿਚ ਟੀਮ ਪੱਧਰ 'ਤੇ ਸਿਲਵਰ ਤੇ ਕਾਂਸੀ ਦੇ ਮੈਡਲ ਜਿੱਤੇ। ਇਸੇ ਸਾਲ ਹੀ ਦਿੱਲੀ ਵਿਖੇ ਹੋਈ ਨੈਸ਼ਨਲ ਚੈਪੀਅਨਸ਼ਿਪ ਵਿਚ ਕਾਂਸੀ ਦਾ ਮੈਡਲ ਜਿੱਤਿਆ। ਇਸੇ ਸਾਲ ਪੰਜਾਬ ਯੂਨੀਵਰਸਿਟੀ ਦੀ ਵਿਅਕਤੀਗਤ ਪੱਧਰ ਦੇ 50 ਮੀਟਰ ਮੁਕਾਬਲੇ ਵਿਚ ਇੰਟਰ ਕਾਲਜ ਚੈਂਪੀਅਨਸ਼ਿਪ ਵਿਚੋਂ ਗੋਲਡ ਮੈਡਲ ਹਾਸਲ ਕੀਤਾ।

ਹੁਣ ਨਵਦੀਪ ਦੇ ਅੰਤਰ-ਰਾਸ਼ਟਰੀ ਖੇਡ ਸਫ਼ਰ ਦੀ ਸ਼ੁਰੂਆਤ ਹੋਈ। ਇਸ ਮੁਕਾਮ 'ਤੇ ਪਹੁੰਚਣ ਲਈ ਨਵਦੀਪ ਦੇ ਕੋਚ ਹੋਲਿੰਦਰ ਕੁਮਾਰ ਚੰਡੀਗੜ੍ਹ ਦਾ ਵਡਮੁੱਲਾ ਯੋਗਦਾਨ ਰਿਹਾ। ਇਸ ਤੋਂ ਬਾਅਦ ਪੇਰੂ ਦੇਸ਼ ਦੀ ਰਾਜਧਾਨੀ ਲੀਮਾ ਵਿਖੇ ਹੋਣ ਵਾਲੀ ਜੂਨੀਅਰ ਵਰਲਡ ਚਂੈਪੀਅਨਸ਼ਿਪ ਲਈ ਭਾਰਤੀ ਜੂਨੀਅਰ ਟੀਮ ਦੀ ਚੋਣ ਲਈ ਲਏ ਟਰਾਇਲਾਂ ਵਿਚ ਨਵਦੀਪ ਨੇ ਭਾਰਤ ਦੇ ਚੋਟੀ ਦੇ ਨਿਸ਼ਾਨੇਬਾਜ਼ਾਂ ਵਿਚੋਂ ਤੀਜਾ ਸਥਾਨ ਹਾਸਲ ਕਰਕੇ ਮਿਹਨਤ ਤੇ ਪ੍ਰਤਿਭਾ ਦੇ ਬਲਬੂਤੇ ਆਪਣੀ ਮਜ਼ਬੂਤ ਦਾਅਵੇਦਾਰੀ ਪੇਸ਼ ਕੀਤੀ। ਇਨ੍ਹਾਂ ਟਰਾਇਲਾਂ ਉਪਰੰਤ ਚੁਣੀ ਜੂਨੀਅਰ ਟੀਮ ਦਾ 15 ਦਿਨਾਂ ਟ੍ਰੇਨਿੰਗ ਕੈਂਪ ਨਵੀਂ ਦਿੱਲੀ ਵਿਖੇ ਡਾ. ਕਰਨੀ ਸਿੰਘ ਸ਼ੂਟਿੰਗ ਰੇਂਜ਼ ਵਿਖੇ ਲੱਗਿਆ।ਅਕਤੂਬਰ 2021 ਵਿਚ ਪੇਰੂ ਦੇਸ਼ ਵਿਖੇ ਹੋਈ ਜੂਨੀਅਰ ਵਰਲਡ ਚਂੈਪੀਅਨਸ਼ਿਪ ਵਿਚ 32 ਦੇਸ਼ਾਂ ਦੇ ਖਿਡਾਰੀਆਂ ਨੇ ਭਾਗ ਲਿਆ। ਭਾਰਤ ਦੀ ਇਸ ਮਾਣਮੱਤੀ ਧੀ ਨੇ ਇਸ 50 ਮੀਟਰ ਪਿਸਟਲ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵਿਅਕਤੀਗਤ ਪੱਧਰ 'ਤੇ ਕਾਂਸੀ ਦਾ ਮੈਡਲ ਦੇਸ਼ ਦੀ ਝੋਲੀ ਪਾ ਕੇ ਦੱਖਣੀ ਅਮਰੀਕਾ ਮਹਾਂਦੀਪ ਵਿਚ ਤਿਰੰਗਾ ਲਹਿਰਾ ਦਿੱਤਾ।ਨਵਦੀਪ ਨੇ ਖੇਡਾਂ ਦੇ ਨਾਲ-ਨਾਲ ਪੜ੍ਹਾਈ ਵਿਚ ਵੀ ਸੰਤੁਲਨ ਬਣਾ ਕੇ ਰੱਖਿਆ ਹੈ। ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਕਮਿਸਟਰੀ (ਆਨਰਜ਼) ਸਟਰੀਮ ਦੀ ਗ੍ਰੈਜੂਏਸ਼ਨ ਪੜ੍ਹਾਈ ਦੇ ਬੇਹੱਦ ਰੁਝੇਵੇਂ ਭਰੇ ਸ਼ਡਿਊਲ ਨਾਲ-ਨਾਲ ਕੈਂਪਸ ਦੀ ਸ਼ੂਟਿੰਗ ਰੇਂਜ ਵਿਚ ਰੋਜ਼ਾਨਾ 5-6 ਘੰਟੇ ਨਿਸ਼ਾਨੇਬਾਜ਼ੀ ਦਾ ਅਭਿਆਸ ਵੀ ਕਰਦੀ ਹੈ।

ਗੁਰਦਾਸ ਸਿੰਘ ਸੇਖੋਂ