ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਲਈ ਪੰਜਾਬ ਨੂੰ ਵਧੀਆ ਖੇਡ ਢਾਂਚਾ ਖੜ੍ਹਾ ਕਰਨ ਦੀ ਲੋੜ

ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਲਈ  ਪੰਜਾਬ ਨੂੰ ਵਧੀਆ ਖੇਡ ਢਾਂਚਾ ਖੜ੍ਹਾ ਕਰਨ ਦੀ ਲੋੜ

ਖੇਡ ਸੰਸਾਰ                                        

ਖੇਡ ਪ੍ਰਾਪਤੀਆਂ ਦੇ ਖੇਤਰ ਵਿਚ ਜੇਕਰ ਇਕਲੇ ਪੰਜਾਬ ਦੀ ਕਾਰਗੁਜ਼ਾਰੀ ਦੀ ਗੱਲ ਕੀਤੀ ਜਾਵੇ ਤਾਂ ਇਕ ਉਹ ਵੀ ਸਮਾਂ ਹੁੰਦਾ ਸੀ ਜਦੋਂ ਖੇਡਾਂ ਵਿਚ ਪੰਜਾਬ ਪੂਰੇ ਦੇਸ਼ ਦੀ ਅਗਵਾਈ ਕਰਦਾ ਹੁੰਦਾ ਸੀ ਅਤੇ ਭਾਰਤ ਦੀਆਂ ਟੀਮਾਂ ਵਿਚ ਪੰਜਾਬ ਦੇ ਖਿਡਾਰੀਆਂ ਦੀ ਤੂਤੀ ਬੋਲਦੀ ਹੁੰਦੀ ਸੀ । ਪਰ ਸਮੇਂ ਦੀਆਂ ਸਰਕਾਰਾਂ ਦੀਆਂ ਖੇਡ ਵਿਰੋਧੀ ਨੀਤੀਆਂ ਅਤੇ ਸੌੜੀ ਰਾਜਨੀਤੀ ਨੇ ਪੰਜਾਬ ਦੇ ਖੇਡ ਪ੍ਰਬੰਧ ਨੂੰ ਤਹਿਸ-ਨਹਿਸ ਕਰਕੇ ਰੱਖ ਦਿੱਤਾ ਹੈ ।ਇਸ ਤੋਂ ਇਲਾਵਾ ਹੋਰ ਵੀ ਅਨੇਕਾਂ ਕਾਰਨ ਹਨ ਜਿਨ੍ਹਾਂ ਕਰਕੇ ਸਾਡੀਆਂ ਖੇਡ ਪ੍ਰਾਪਤੀਆਂ ਦਾ ਪੱਧਰ ਲਗਾਤਾਰ ਹੇਠਾਂ ਵੱਲ ਜਾ ਰਿਹਾ ਹੈ ।

ਇਨ੍ਹਾਂ ਕਾਰਨਾਂ ਵਿਚੋਂ ਸਭ ਤੋਂ ਵੱਡਾ ਕਾਰਨ ਪ੍ਰਾਇਮਰੀ ਸਕੂਲਾਂ ਵਿਚ ਖੇਡ ਅਧਿਆਪਕਾਂ ਦੀ ਭਰਤੀ ਨਾ ਕਰਨਾ ਅਤੇ ਪ੍ਰਾਇਮਰੀ ਪੱਧਰ 'ਤੇ ਖੇਡਾਂ ਵੱਲ ਬਣਦੀ ਤਵੱਜੋਂ ਨਾ ਦੇਣਾ ਹੈ ।ਭਾਵੇਂ ਖਾਨਾਪੂਰਤੀ ਲਈ ਪ੍ਰਾਇਮਰੀ ਸਕੂਲ ਖੇਡਾਂ ਜ਼ਰੂਰ ਕਰਵਾਈਆਂ ਜਾਂਦੀਆਂ ਹਨ ।ਪਰ ਇਨ੍ਹਾਂ ਖੇਡਾਂ ਲਈ ਸਰਕਾਰ ਵਲੋਂ ਕੋਈ ਫੰਡ ਨਾ ਭੇਜੇ ਜਾਣ ਕਾਰਨ ਨੰਨ੍ਹੇ ਖਿਡਾਰੀ ਸਕੂਲ ਵਰਦੀਆਂ ਵਿਚ ਹੀ ਨੰਗੇ ਪੈਰੀਂ ਦੌੜਾਂ ਲਗਾਉਣ ਅਤੇ ਕਬੱਡੀਆਂ ਪਾਉਣ ਲਈ ਮਜਬੂਰ ਹੁੰਦੇ ਹਨ ।

ਖੇਡਾਂ ਵਿਚ ਪਛੜੇਪਣ ਦਾ ਇਕ ਕਾਰਨ ਸਿੱਖਿਆ ਵਿਭਾਗ ਪੰਜਾਬ ਵਲੋਂ ਸਰੀਰਕ ਸਿੱਖਿਆ ਵਿਸ਼ੇ ਨੂੰ ਲਾਜ਼ਮੀ ਵਿਸ਼ਿਆਂ ਦੀ ਸੂਚੀ ਵਿਚੋਂ ਕੱਢ ਕੇ ਚੋਣਵਾਂ ਵਿਸ਼ਾ ਬਣਾਉਣਾ ਵੀ ਹੈ । ਜਿਸ ਨਾਲ ਇਸ ਵਿਸ਼ੇ ਦੀ ਮਹਾਨਤਾ ਨੂੰ ਕਾਫੀ ਠੇਸ ਪੁੱਜੀ ਹੈ ।ਇੱਥੇ ਹੀ ਬਸ ਨਹੀਂ ਸਰੀਰਕ ਸਿੱਖਿਆ ਵਿਸ਼ੇ ਨੂੰ ਚੋਣਵਾਂ ਵਿਸ਼ਾ ਬਣਾਉਣ ਦੇ ਨਾਲ-ਨਾਲ ਇਕ ਜਮਾਤ ਨੂੰ ਮਹਿਜ਼ 2 ਪੀਰੀਅਡ ਪ੍ਰਤੀ ਹਫ਼ਤਾ ਦਿੱਤੇ ਗਏ ਹਨ । ਇੰਨੇ ਘੱਟ ਪੀਰੀਅਡਾਂ ਵਿਚ ਕਿਸੇ ਖੇਡ ਦੀ ਤਿਆਰੀ ਕਰਵਾਉਣ ਬਹੁਤ ਔਖਾ ਹੈ ।ਹਫਤੇ ਵਿਚ ਸਰੀਰਕ ਸਿੱਖਿਆ ਦੇ 2 ਪੀਰੀਅਡਾਂ ਨਾਲ ਸਕੂਲਾਂ ਵਿਚ ਕਿਹੋ ਜਿਹੇ ਖਿਡਾਰੀ ਤਿਆਰ ਕੀਤੇ ਜਾ ਸਕਦੇ ਹਨ, ਇਸ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ । ਅਸਲ ਵਿਚ ਸਰੀਰਕ ਸਿੱਖਿਆ ਵਿਸ਼ੇ ਦੇ ਪੀਰੀਅਡਾਂ ਦੀ ਗਿਣਤੀ ਘਟਾਉਣਾ ਸਕੂਲਾਂ ਵਿਚੋਂ ਖੇਡ ਸੱਭਿਆਚਾਰ ਨੂੰ ਖਤਮ ਕਰਨ ਦੀ ਵੱਡੀ ਚਾਲ ਹੈ ।

ਖੇਡਾਂ ਅਤੇ ਖਿਡਾਰੀਆਂ ਲਈ ਇਹ ਤਰਾਸਦੀ ਹੀ ਕਹੀ ਜਾ ਸਕਦੀ ਹੈ ਕਿ ਜਿਹੜੇ ਸਕੂਲਾਂ ਵਿਚ ਗਰਾਊਂਂਡ ਬਣੇ ਹੋਏ ਹਨ, ਉੱਥੇ ਵਿਦਿਆਰਥੀ ਸਰੀਰਕ ਸਿੱਖਿਆ ਅਧਿਆਪਕਾਂ ਲਈ ਤਰਸ ਰਹੇ ਹਨ ਅਤੇ ਜਿਹੜੇ ਸਕੂਲਾਂ ਵਿਚ ਸਰੀਰਕ ਸਿੱਖਿਆ ਅਧਿਆਪਕ ਹਨ ਉੱਥੇ ਗਰਾਊਂਂਡ ਬਣਾਉਣ ਲਈ ਢੁੱਕਵੀਂ ਥਾਂ ਨਹੀਂ ਲੱਭਦੀ ਅਤੇ ਅਧਿਆਪਕ ਵਿਦਿਆਰਥੀਆਂ ਨੂੰ ਸੜਕਾਂ 'ਤੇ ਦੌੜਾਂ ਲਗਵਾਉਣ ਲਈ ਮਜਬੂਰ ਹਨ ।

ਸ਼ਹਿਰੀ ਖੇਤਰਾਂ ਵਿਚ ਸਟੇਡੀਅਮ ਬਣੇ ਹੋਣ ਦਾ ਪੇਂਡੂ ਖਿਡਾਰੀਆਂ ਨੂੰ ਕੋਈ ਬਹੁਤਾ ਫਾਇਦਾ ਨਹੀਂ ਮਿਲਦਾ, ਕਿਉਂਕਿ ਪਿੰਡਾਂ ਦੀ ਸ਼ਹਿਰਾਂ ਤੋਂ ਦੂਰੀ ਹੋਣ ਕਾਰਨ ਇਹ ਸਟੇਡੀਅਮ ਪੇਂਡੂ ਖਿਡਾਰੀਆਂ ਦੀ ਪਹੁੰਚ ਤੋਂ ਦੂਰ ਹਨ । ਇਸ ਤਰ੍ਹਾਂ ਪਿੰਡਾਂ ਵਿਚ ਖੇਡ ਮੈਦਾਨਾਂ ਤੇ ਸਹੂਲਤਾਂ ਦੀ ਘਾਟ ਕਾਰਨ ਪੇਂਡੂ ਖਿਡਾਰੀਆਂ ਨੂੰ ਅੱਗੇ ਵਧਣ ਦਾ ਮੌਕਾ ਨਹੀਂ ਮਿਲਦਾ ।ਕਈ ਵਾਰ ਤਾਂ ਉਨ੍ਹਾਂ ਨੂੰ ਖੇਡ ਮੁਕਾਬਲਿਆਂ ਦੀ ਸੂਚਨਾ ਵੀ ਨਹੀਂ ਮਿਲਦੀ ਜਿਸ ਕਾਰਨ ਉਨ੍ਹਾਂ ਦਾ ਹੁਨਰ ਸਾਹਮਣੇ ਨਹੀਂ ਆਉਂਦਾ ।ਵਿਸ਼ਵ ਪੱਧਰ 'ਤੇ ਤਗਮੇ ਜਿੱਤਣ ਵਾਲੇ ਖਿਡਾਰੀਆਂ ਲਈ ਉਨ੍ਹਾਂ ਦੇ ਰੁਤਬੇ ਮੁਤਾਬਿਕ ਨੌਕਰੀਆਂ ਨਾ ਦੇਣ ਕਾਰਨ ਪੰਜਾਬ ਦੇ ਖਿਡਾਰੀ ਬਾਹਰਲੇ ਸੂਬਿਆਂ ਤੇ ਕੇਂਦਰੀ ਵਿਭਾਗਾਂ ਵਿਚ ਨੌਕਰੀਆਂ ਕਰਨ ਲਈ ਮਜਬੂਰ ਹਨ ।ਤਗਮਾ ਜੇਤੂਆਂ ਲਈ ਵੀ ਸਰਕਾਰ ਵਲੋਂ ਇਨਾਮੀ ਰਾਸ਼ੀ ਦੇਣ ਲਈ ਕੋਈ ਪੱਕੀ ਨੀਤੀ ਨਹੀਂ ਬਣਾਈ ਗਈ , ਇਸ ਕਾਰਨ ਵੀ ਖਿਡਾਰੀਆਂ ਵਿਚ ਨਿਰਾਸ਼ਤਾ ਵਧ ਰਹੀ ਹੈ ।ਪੰਜਾਬ ਸਰਕਾਰ ਵਲੋਂ ਉਲੰਪਿਕ ਵਿਚ ਤਗਮਾ ਜੇਤੂ ਖਿਡਾਰੀਆਂ ਦੇ ਨਾਂਵਾਂ 'ਤੇ ਪੰਜਾਬ ਦੇ ਸਕੂਲਾਂ ਦਾ ਨਾਂਅ ਰੱਖੇ ਜਾਣ ਦਾ ਐਲਾਨ ਕੀਤਾ ਗਿਆ ਹੈ, ਇਸ ਦਾ ਸਵਾਗਤ ਕਰਨਾ ਬਣਦਾ ਹੈ ।ਪਰ ਸਿਰਫ ਸਕੂਲਾਂ ਦੇ ਨਾਂਅ ਖਿਡਾਰੀਆਂ ਦੇ ਨਾਂਅ 'ਤੇ ਰੱਖਣ ਨਾਲ ਖੇਡਾਂ ਦਾ ਮਿਆਰ ਉੱਚਾ ਨਹੀਂ ਚੁੱਕਿਆ ਜਾ ਸਕਦਾ । ਇਸ ਲਈ ਸਾਰਥਿਕ ਯਤਨ ਕਰਕੇ ਵਧੀਆ ਖੇਡ ਢਾਂਚਾ ਖੜ੍ਹਾ ਕਰਨ ਦੀ ਲੋੜ ਹੈ ।

 

 ਹਰਜੀਤ ਸਿੰਘ

-ਮੋਬਾਈਲ : 94178-30981