ਗਿਆਨੀ ਗਿਆਨ ਸਿੰਘ ਰਚਿਤ ਸ੍ਰੀ ਗੁਰੂ ਪੰਥ ਪ੍ਰਕਾਸ਼ ਮੁੱਲਵਾਨ ਇਤਿਹਾਸਕ ਸਰੋਤ 

ਗਿਆਨੀ ਗਿਆਨ ਸਿੰਘ ਰਚਿਤ ਸ੍ਰੀ ਗੁਰੂ ਪੰਥ ਪ੍ਰਕਾਸ਼ ਮੁੱਲਵਾਨ ਇਤਿਹਾਸਕ ਸਰੋਤ 

ਇਤਿਹਾਸ

ਡਾਕਟਰ ਧਰਮ ਸਿੰਘ

ਮੋ : 98889-39808

ਸਿੱਖ ਇਤਿਹਾਸਕਾਰਾਂ ਵਿਚ ਗਿਆਨੀ ਗਿਆਨ ਸਿੰਘ ਦਾ ਨਾਂਅ ਬੜੇ ਆਦਰ ਨਾਲ ਲਿਆ ਜਾਂਦਾ ਹੈ। ਰਤਨ ਸਿੰਘ ਭੰਗੂ ਦੇ 'ਪ੍ਰਾਚੀਨ ਪੰਥ ਪ੍ਰਕਾਸ਼' ਅਤੇ ਮਹਾਂਕਵੀ ਭਾਈ ਸੰਤੋਖ ਸਿੰਘ ਦੇ 'ਗੁਰ ਪ੍ਰਤਾਪ ਸੂਰਜ ਗ੍ਰੰਥ' ਤੋਂ ਬਾਅਦ ਤੀਜੇ ਨੰਬਰ 'ਤੇ ਗਿਆਨੀ ਜੀ ਦਾ ਨਾਂਅ ਲਿਆ ਜਾਂਦਾ ਹੈ। ਛਾਪਾਖ਼ਾਨਾ ਲੱਗਣ ਤੋਂ ਬਾਅਦ ਗਿਆਨੀ ਗਿਆਨ ਸਿੰਘ ਦੀਆਂ ਦੋ ਪੁਸਤਕਾਂ 'ਸ੍ਰੀ ਗੁਰੂ ਪੰਥ ਪ੍ਰਕਾਸ਼' ਅਤੇ 'ਤਵਾਰੀਖ ਗੁਰੂ ਖ਼ਾਲਸਾ' ਸਭ ਤੋਂ ਜ਼ਿਆਦਾ ਵਾਰ ਛਾਪੀਆਂ ਅਤੇ ਪੜ੍ਹੀਆਂ ਗਈਆਂ। ਇਨ੍ਹਾਂ ਦੋਹਾਂ ਵਿਚੋਂ ਇਕੋ ਜਿਲਦ ਵਿਚ 'ਸ੍ਰੀ ਗੁਰੂ ਪੰਥ ਪ੍ਰਕਾਸ਼' ਅੱਜ ਤੋਂ ਪੰਜਾਹ ਸਾਲ ਪਹਿਲਾਂ ਭਾਸ਼ਾ ਵਿਭਾਗ, ਪੰਜਾਬ, ਪਟਿਆਲਾ ਵਲੋਂ 1970 ਵਿਚ ਛਾਪਿਆ ਗਿਆ ਸੀ। ਇਸ ਨਾਲ ਇਹ ਆਮ ਲੋਕਾਂ ਵਿਚ ਸੌਖਿਆਂ ਹੀ ਪਹੁੰਚਣ ਲੱਗਾ। ਪੱਛਮੀ ਵਿੱਦਿਆ ਦੇ ਪ੍ਰਭਾਵ ਅਧੀਨ ਜਦ ਇਤਿਹਾਸਕਾਰੀ ਦਾ ਨਵਾਂ ਮਾਡਲ ਸਾਹਮਣੇ ਆਇਆ ਤਾਂ ਇਤਿਹਾਸਕਾਰਾਂ ਦਾ ਧਿਆਨ ਇਸ ਗ੍ਰੰਥ ਵੱਲ ਗਿਆ। ਉਹ ਇਸ ਵਿਚੋਂ ਹਵਾਲੇ ਦੇਣ ਲੱਗੇ ਅਤੇ ਇੰਜ 'ਸ੍ਰੀ ਗੁਰੂ ਪੰਥ ਪ੍ਰਕਾਸ਼' ਦੀ ਮਾਨਤਾ ਹੋਰ ਵੀ ਵਧਣ ਲੱਗੀ।ਲੇਖਕ ਖ਼ੁਦ ਸ਼ਹੀਦ ਭਾਈ ਮਨੀ ਸਿੰਘ ਦੀ ਪੰਜਵੀਂ ਪੀੜ੍ਹੀ ਵਿਚੋਂ ਸਨ, ਜਿਸ ਕਰਕੇ ਇਤਿਹਾਸ ਦੀਆਂ ਕਈ ਮੌਖਿਕ ਰਵਾਇਤਾਂ ਦੀ ਜਾਣਕਾਰੀ ਉਸ ਨੂੰ ਵਿਰਸੇ ਵਿਚ ਘਰੋਂ ਹੀ ਪ੍ਰਾਪਤ ਹੋ ਗਈ ਸੀ। ਦੂਸਰਾ ਉਸ ਨੇ ਪੰਦਰਾਂ-ਸੋਲਾਂ ਸਾਲ ਸਮੁੱਚੇ ਭਾਰਤ ਦਾ ਭ੍ਰਮਣ ਕਰ ਕੇ ਬੇਅੰਤ ਸਮੱਗਰੀ ਇਕੱਠੀ ਕੀਤੀ ਜਿਸ ਦੀ ਵਰਤੋਂ ਉਨ੍ਹਾਂ ਨੇ ਆਪਣੀਆਂ ਲਿਖਤਾਂ ਵਿਚ ਕੀਤੀ।

'ਸ੍ਰੀ ਗੁਰੂ ਪੰਥ ਪ੍ਰਕਾਸ਼' ਕਿਉਂਕਿ ਪੰਜਾਬੀ ਰਲੀ ਬ੍ਰਿਜ ਭਾਸ਼ਾ ਵਿਚ ਹੈ, ਇਸ ਲਈ ਇਸ ਨੂੰ ਸੁਖੈਨ ਤਰੀਕੇ ਨਾਲ ਅਰਥਾਂ ਸਮੇਤ ਸਮਝਣ ਲਈ, ਪਹਿਲਾ ਤਰੱਦਦ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਨੇ 1977 ਵਿਚ ਕੀਤਾ ਜਿਸ ਦੀ ਪ੍ਰਸੰਸਾ ਉਨ੍ਹਾਂ ਦੇ ਸਮਕਾਲੀਆਂ ਨੇ ਵੀ ਕੀਤੀ ਹੈ। ਕਿਸੇ ਵੀ ਸੰਪਾਦਿਤ ਗ੍ਰੰਥ ਦੀ ਭੂਮਿਕਾ ਹੀ, ਅਸਲ ਵਿਚ, ਉਸ ਗ੍ਰੰਥ ਅਤੇ ਗ੍ਰੰਥਕਾਰ ਉੱਪਰ ਹੋਈ ਖੋਜ ਦਾ ਨਿਚੋੜ ਹੁੰਦੀ ਹੈ ਅਤੇ ਨਾਲ ਹੀ ਸੰਪਾਦਕ ਦੀ ਵਿਦਵਤਾ ਦਾ ਸ਼ੀਸ਼ਾ ਵੀ। ਸੰਪਾਦਕ ਗਿ: ਕ੍ਰਿਪਾਲ ਸਿੰਘ ਨੇ ਪ੍ਰਸਤਾਵਨਾ ਵਜੋਂ ਇਕ ਜਿਲਦ ਜਾਂ ਪੁਸਤਕ ਲਿਖੀ ਹੈ। ਇਸ ਪ੍ਰਸਤਾਵਨਾ ਵਿਚ ਕੀਤੇ ਤਰੱਦਦ ਸੰਬੰਧੀ ਵਿਸਥਾਰ ਵਿਚ ਦੱਸਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ, 'ਪ੍ਰਸਤਾਵਨਾ ਲਿਖਣ ਲਈ ਸ੍ਰੀ ਗੁਰੂ ਪੰਥ ਪ੍ਰਕਾਸ਼ ਦੀ ਸੰਪਾਦਨਾ ਦਾ ਸੰਕਲਪ ਸਾਡੇ ਵਲੋਂ ਕੀਤੇ ਗਏ ਵਾਧਿਆਂ ਆਦਿ ਵਿਸ਼ਿਆਂ 'ਤੇ ਖੋਜ ਇਕੱਠੀ ਕੀਤੀ ਗਈ ਹੈ। ਮੁੱਖ ਬੰਦ ਵਿਚ ਇਤਿਹਾਸ, ਸਿੱਖ ਧਰਮ ਵਿਚ ਇਤਿਹਾਸ, ਇਤਿਹਾਸ ਦੀਆਂ ਕਿਸਮਾਂ, ਸ੍ਰੀ ਗੁਰੂ ਪੰਥ ਪ੍ਰਕਾਸ਼ ਵਿਚ ਕਿਸ ਕਿਸਮ ਦਾ ਇਤਿਹਾਸ ਹੈ? ਇਸ ਦੇ ਸੋਮੇ, ਗ੍ਰੰਥ ਰਚਨਾ ਵਿਚ ਇਮਾਨਦਾਰੀ ਆਦਿ ਲੇਖ ਸ਼ਾਮਿਲ ਹਨ। (ਪੰਨਾ 9)

ਉਂਜ ਤਾਂ ਇਸ ਸਵੈ-ਕਥਨ ਵਿਚੋਂ ਹੀ ਸਪੱਸ਼ਟ ਹੋ ਜਾਂਦਾ ਹੈ ਕਿ ਗਿਆਨੀ ਕ੍ਰਿਪਾਲ ਸਿੰਘ ਨੇ ਕਿਸ ਤਰ੍ਹਾਂ ਦੀ ਖੋਜ ਕੀਤੀ ਹੈ, ਪਰ ਪਾਠਕਾਂ ਦੀ ਦਿਲਚਸਪੀ ਲਈ ਇਹ ਦੱਸਣਾ ਬਣਦਾ ਹੈ ਕਿ ਉਨ੍ਹਾਂ ਨੇ ਪਹਿਲਾਂ ਇਸ ਗ੍ਰੰਥ ਨੂੰ ਛੇ ਜਿਲਦਾਂ ਵਿਚ ਪ੍ਰਕਾਸ਼ਿਤ ਕੀਤਾ ਸੀ, ਜਿਸ ਵਿਚ ਇਕ ਜਿਲਦ ਪ੍ਰਸਤਾਵਨਾ ਜਾਂ ਭੂਮਿਕਾ ਦੀ ਸੀ ਅਤੇ ਦੂਜੀਆਂ ਪੰਜਾਂ ਵਿਚ 'ਸ੍ਰੀ ਗੁਰੂ ਪੰਥ ਪ੍ਰਕਾਸ਼' ਦਾ ਮੂਲ ਪਾਠ ਸੀ। ਬਾਅਦ ਵਿਚ ਪ੍ਰਸਤਾਵਨਾ ਅਤੇ ਪਹਿਲੀ ਜਿਲਦ ਨੂੰ ਇਕ ਹੀ ਸੈਂਚੀ ਵਿਚ ਇਕੱਠਾ ਕਰ ਦਿੱਤਾ ਗਿਆ, ਬਾਕੀ ਸਾਰੇ ਭਾਗ ਉਨ੍ਹਾਂ ਦੇ ਉਂਜ ਰਹਿ ਗਏ। ਹੁਣ ਮੁਕੰਮਲ ਗ੍ਰੰਥ ਪੰਜਾਂ ਭਾਗਾਂ ਵਿਚ ਹੈ।

ਇਤਿਹਾਸਕ ਸਮੱਗਰੀ ਇਕੱਤਰ ਕਰਨ ਲਈ ਲੇਖਕ ਨੂੰ ਸਾਰੇ ਭਾਰਤ ਦੀ ਯਾਤਰਾ ਕਰਨੀ ਪਈ। ਇਸ ਲਈ ਇਕ ਉਪ ਭਾਗ ਵਿਚ ਸ੍ਰੀ ਦਮਦਮਾ ਸਾਹਿਬ, ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਹਜ਼ੂਰ ਸਾਹਿਬ, ਸ੍ਰੀ ਪਟਨਾ ਸਾਹਿਬ, ਕਲਕੱਤਾ, ਬਰਦਵਾਨ, ਜਗਨਨਾਥ ਪੁਰੀ, ਆਗਰਾ, ਦਿੱਲੀ, ਸਿੰਧ ਕਾਠੀਆਵਾੜ ਅਤੇ ਜੂਨਾਗੜ੍ਹ ਜਾਣ ਦਾ ਉਲੇਖ ਹੈ। ਇਕ ਹਿੱਸੇ ਵਿਚ ਗਿ: ਗਿਆਨ ਸਿੰਘ ਦੀਆਂ ਰਚਨਾਵਾਂ, ਜੋ ਗਿਣਤੀ ਵਿਚ ਦੋ ਦਰਜਨ ਤੋਂ ਵੱਧ ਹਨ, ਦਾ ਪਰਿਚਯ ਹੈ। ਇਨ੍ਹਾਂ ਰਚਨਾਵਾਂ ਵਿਚੋਂ ਕੁਝ ਵਧੇਰੇ ਪ੍ਰਚੱਲਿਤ ਜਾਂ ਚਰਚਿਤ ਹਨ, ਕੁਝ ਘੱਟ ਜਾਣੀਆਂ-ਪਛਾਣੀਆਂ ਹਨ ਪਰ ਹਨ ਇਤਿਹਾਸ ਨਾਲ ਸੰਬੰਧਿਤ। ਇਕ ਉਪ-ਭਾਗ ਵਿਚ ਇਕ ਕਵੀ ਵਜੋਂ ਵਿਚਾਰਿਆ ਗਿਆ। ਅਲੰਕਾਰ ਅਤੇ ਰਸ ਆਦਿ ਬਾਰੇ ਗਿਆਨੀ ਕ੍ਰਿਪਾਲ ਸਿੰਘ ਦੇ ਵਿਚਾਰ ਹਨ।'ਸ੍ਰੀ ਗੁਰੂ ਪੰਥ ਪ੍ਰਕਾਸ਼' ਇਕ ਵੱਡ-ਆਕਾਰੀ ਰਚਨਾ ਹੈ ਅਤੇ ਇਸ ਦੇ ਸੰਪਾਦਨ ਵੇਲੇ ਅਜਿਹੇ ਹੀ ਗ੍ਰੰਥ ਦਾ ਸੰਪਾਦਨ-ਮਾਡਲ ਦਰਕਾਰ ਸੀ। ਸੋ, ਗਿਆਨੀ ਜੀ ਨੇ ਇਸ ਮਾਡਲ ਲਈ ਭਾਈ ਵੀਰ ਸਿੰਘ ਦੁਆਰਾ ਸੰਪਾਦਿਤ ਅਤੇ 1926 ਈ: ਵਿਚ ਪ੍ਰਕਾਸ਼ਿਤ ਮਹਾਂਕਵੀ ਭਾਈ ਸੰਤੋਖ ਸਿੰਘ ਦਾ ਗ੍ਰੰਥ 'ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ' ਚੁਣਿਆ। ਕ੍ਰਿਪਾਲ ਸਿੰਘ ਹੁਰਾਂ ਉਸੇ ਹੀ ਤਰ੍ਹਾਂ ਇਕ ਮੁਕੰਮਲ ਜਿਲਦ ਪ੍ਰਸਤਾਵਨਾ ਦੀ ਬਣਾਈ ਜਿਸ ਵਿਚ ਗ੍ਰੰਥ ਅਤੇ ਗ੍ਰੰਥਕਾਰ ਬਾਰੇ ਇਨ੍ਹਾਂ ਹੀ ਉਪ-ਸਿਰਲੇਖਾਂ ਅਧੀਨ ਚਰਚਾ ਹੈ। ਅਰਥ ਅਤੇ ਟਿੱਪਣੀਆਂ ਅੰਕਿਤ ਕਰਨ ਦਾ ਢੰਗ ਵੀ ਭਾਈ ਵੀਰ ਸਿੰਘ ਵਾਲਾ ਹੈ। ਇੰਜ ਵਿਚਾਰਅਧੀਨ ਗ੍ਰੰਥ ਨੂੰ ਸਮਝਣ ਵਿਚ ਸੁਖੈਨਤਾ ਪੈਦਾ ਹੋ ਗਈ ਹੈ। ਗਿਆਨੀ ਕ੍ਰਿਪਾਲ ਸਿੰਘ ਦੀ ਸੰਪਾਦਨ ਕਲਾ ਉਪਰ ਭਾਈ ਵੀਰ ਸਿੰਘ ਦਾ ਪ੍ਰਭਾਵ ਪ੍ਰਤੱਖ ਹੈ।

ਲੋੜ ਹੈ ਗਿ: ਗਿਆਨ ਸਿੰਘ ਦੀਆਂ ਸਮੁੱਚੀਆਂ ਰਚਨਾਵਾਂ ਲੱਭ ਕੇ ਰਚਨਾਵਲੀਆਂ ਦੇ ਰੂਪ ਵਿਚ ਉਹ ਛਾਪੀਆਂ ਜਾਣ ਤਾਂ ਜੋ ਅਗਲੇਰੇ ਖੋਜਕਾਰਾਂ ਲਈ ਆਸਾਨੀ ਪੈਦਾ ਹੋ ਸਕੇ। ਇਹ ਸਿਖ ਇਤਿਹਾਸ ਦੀ ਸੇਵਾ ਵੀ ਹੋਏਗੀ ਅਤੇ ਪੰਜਾਬੀ ਸਾਹਿਤ ਦੀ ਸੇਵਾ ਵੀ।

 

-