ਬਿਜਲੀ ਭੂਤ!! ਇਨਸਾਨੀ ਸੋਚ ਦਾ ਤਰਜਮਾ 

ਬਿਜਲੀ ਭੂਤ!! ਇਨਸਾਨੀ ਸੋਚ ਦਾ ਤਰਜਮਾ 

ਇਨਸਾਨੀ ਸੋਚ ਦਾ ਤਰਜਮਾ 

 ਡਾ. ਗੁਰਪ੍ਰੀਤ ਸਿੰਘ ਗਿਆਨੀ

ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅੰਮ੍ਰਿਤਸਰ

ਰਾਤ ਦੇ ਕਰੀਬ 9:30 ਕੁ ਵਜੇ ਦੀ ਗੱਲ ਹੈ ਅਚਣਚੇਤ ਘੰਟੀ ਵੱਜੀ, ਮੈਂ ਕਾਹਲੀ-ਕਾਹਲੀ ਉਠਿਆ ਤੇ ਦਰਵਾਜੇ ਵਲ ਵਹੁੜਿਆ। ਅੰਮ੍ਰਿਤਸਰ ਵਿਚ ਨਸ਼ੇੜੀਆਂ ਤੇ ਚੋਰਾਂ ਦੀਆਂ ਘਟਨਾਂਵਾਂ ਬਾਰੇ ਕਥਾ ਕਹਾਣੀਆਂ ਬਾਰੇ ਮੈਂ ਸੁਣ ਚੁਕਾ ਸੀ ਫਲਸਰੂਪ ਮੇਰੇ ਜਿਹਨ ਵਿਚ ਪ੍ਰਸ਼ਨ ਪੈਦਾ ਹੋਣਾ ਸੁਭਾਵਿਕ ਸੀ। ਇਸ ਲਈ ਮੈਂ ਸਿਧਾ ਜਾ ਕੇ ਦਰਵਾਜ਼ਾ ਖੋਹਲਣ ਦੀ ਜਗ੍ਹਾ ਪੌੜੀਆਂ ਚੜ੍ਹਕੇ ਬਾਹਰ ਨਿਗਾਹ ਮਾਰਨ ਬਾਰੇ ਸੋਚਿਆ। ਪਰ ਇਧਰ ਓਧਰ ਨਿਗਾਹ ਘਮਾਉਣ ਦੇ ਬਾਵਜੂਦ ਮੈਨੂੰ ਕੋਈ ਜੀਵ-ਜੰਤ, ਪਸ਼ੂ-ਪਰਿੰਦਾ ਨਜਰ ਨਾ ਆਇਆ। ਮੈ ਕੁਝ ਸੋਚ ਕਰਨ ਉਪਰੰਤ ਆਪਣੇ ਘਰ ਦੇ ਨਜਦੀਕ ਰਹਿੰਦੇ ਮਿੱਤਰ ਸ. ਸੁਖਦੇਵ ਸਿੰਘ ਨੂੰ ਘਟਨਾ ਸਬੰਧੀ ਫੋਨ ਤੇ ਜਾਣੂ ਕਰਾ ਸਲਾਹ ਮੰਗੀ, ਉਹ ਬੋਲੇ ਵੇਖੀਂ ਕਿਤੇ ਸਿਧਾ ਦਰਵਾਜਾ ਖੋਲ ਬਹੇਂ! ਤੇ ਅਗਲਾ ਤੇਰਾ ਸਿਰ ਪਾੜ ਉਹ ਜਾਵੇ ਓਹ। ਹੁਣ ਜਦ ਘੰਟੀ ਵਜੀ ਮੈਨੂੰ ਫੋਨ ਕਰੀ, ਮੈਂ ਆਪਣੇ ਕੋਠੇ ਤੋਂ ਵੇਖਣ ਦਾ ਯਤਨ ਕਰਾਂਗਾ ਪਰ ਤੁਸੀਂ ਕੋਈ ਆਵਾਜ਼ ਨਾ ਕਰਿਓ। ਮੈਂ ਵਾਪਿਸ ਬੈਡਰੂਮ ਵਿਚ ਆ ਗਿਆ ਕੁਝ ਸਮਾਂ ਪੜ੍ਹਨ ਤੋਂ ਬਾਅਦ ਸੌਂ ਗਿਆ। ਰਾਤ ਦੇ ਕਰੀਬ 2:10 ਵਜੇ ਫਿਰ ਤੋਂ ਘੰਟੀ ਵੱਜੀ। ਮੈਂ ਇਕਦਮ ਤ੍ਰਬਕ ਉੱਠਿਆ। ਇਕ ਵੱਖਰੇ ਤਰ੍ਹਾਂ ਦਾ ਡਰ ਸੀ। ਕਿਉਂਕਿ ਮੈਂ ਘਰ ਵਿਚ ਇਕੱਲਾ ਹੀ ਸੀ ਤੇ ਮੇਰੇ ਘਰ ਦੇ ਨਜ਼ਦੀਕ ਆਸੇ ਪਾਸੇ ਕੋਈ ਜ਼ਿਆਦਾ ਘਰ ਵੀ ਨਹੀਂ। ਮੈਂ ਬੜੇ ਸਹਿਜ ਨਾਲ ਉੱਠਿਆ ਦਬੇ ਪੈਰੀਂ ਚੁਪਚਾਪ ਫਿਰ ਪੌੜੀਆਂ ਚੜ੍ਹ ਕੇ ਉੱਪਰੋਂ ਤੱਕਿਆ, ਖੱਬੇ ਤੇ ਸੱਜੇ ਪਾਸੇ ਵੀ ਵੇਖਿਆ, ਕੋਈ ਸ਼ਖ਼ਸ ਨਜ਼ਰ ਨਾ ਆਇਆ। ਮੇਰੇ ਮਨ ‘ਚੋਂ ਚੋਰਾਂ/ਨਸ਼ੇੜੀਆਂ ਦਾ ਡਰ ਨਿਕਲ ਗਿਆ। ਕਿਉਂਕਿ ਚੋਰ ਇੰਨੀ ਜਲਦੀ ਕਿੱਥੇ ਜਾ ਸਕਦੇ ਸਨ?  ਹੁਣ ਮੈਨੂੰ ਭੂਤਾਂ ਦੀਆਂ ਕਹਾਣੀਆਂ ਜੋ ਨਿੱਕੇ ਹੁੰਦੇ ਸੁਣੀਆਂ ਸਨ ਅੱਖਾਂ ਸਾਹਵੇਂ ਹੁੰਦੀਆਂ ਪ੍ਰਤੀਤ ਹੋਣ ਲੱਗੀਆਂ ਕਿ ਜ਼ਰੂਰ ਇਥੇ ਵੀ ਕੋਈ ਭੂਤ ਹੈ ਜੋ ਘੰਟੀ ਵਜਾ ਕੇ ਮੈਨੂੰ ਡਰਾ ਰਿਹਾ ਹੈ। ਮੈਂ ਵਾਪਿਸ ਫਿਰ ਆਪਣੇ ਕਮਰੇ ਵਿਚ ਆ ਗਿਆ। ਕੁਝ ਸਮਾਂ ‘ਆਪ ਬੀਤੀ’ ਇਕ ਸੀਰੀਅਲ ਜੋ ਬਚਪਨ ਵਿਚ ਵੇਖਦੇ ਸਾਂ, ਦੀਆਂ ਕਹਾਣੀਆਂ ਯਾਦ ਕਰਦਿਆਂ ਸੌਂ ਗਿਆ। ਹੁਣ ਘੰਟੀ ਫਿਰ ਤੋਂ ਵੱਜੀ ਸਮਾਂ ਸਵੇਰ ਦੇ 3:30 ਮਿੰਟ ਸੀ। ਮੈਂ ਬਹੁਤ ਡਰ ਗਿਆ। ਭੂਤਾਂ ਦੀਆਂ ਸੁਣੀਆਂ ਕਹਾਣੀਆਂ ਹੁਣ ਮੇਰੇ ਨਾਲ ਹੀ ਹੋਣ ਲੱਗੀਆਂ। ਮੈਂ ਸ. ਸੁਖਦੇਵ ਸਿੰਘ ਨੂੰ ਫੋਨ ਕੀਤਾ ਕਿ ਫਿਰ ਤੋਂ ਘੰਟੀ ਵੱਜੀ ਹੈ!

ਬਾਹਰ ਵੇਖੋ ਕੋਈ ਹੈ ਤਾਂ ਨਹੀਂ? ਉਨ੍ਹਾਂ ਕਿਹਾ ਕਿ ਤੁਸੀਂ ਬਾਹਰ ਨਾ ਆਇਓ ਮੈਂ ਅੰਦਰ ਹੀ ਸਾਂ। ਕਈ ਤਰ੍ਹਾਂ ਦੇ ਖਿਆਲ ਮਨ ਵਿਚ ਆ ਰਹੇ ਸਨ। ਫੋਨ ਆਇਆ ਕਿ ਬਾਹਰ ਕੋਈ ਨਹੀਂ ਹੈ। ਤੁਸੀਂ ਦੂਸਰੀ ਸਾਈਡ ਤੋਂ ਵੇਖੋ ਤੇ ਹਾਂ ਹੱਥ ਵਿਚ ਕੋਈ ਇੱਟ, ਰੋੜਾ ਲੈ ਜਾਇਓ ਜੇ ਕੋਈ ਨਸ਼ੇੜੀ ਹੋਇਆ ਤਾਂ ਸਿਰ ਵਿਚ ਮਾਰ ਦਿਓ। ਮੈਂ ਦਬੇ ਪੈਰੀਂ ਫਿਰ ਉਪਰ ਗਿਆ ਪਰ ਉਥੇ ਫਿਰ ਤੋਂ ਕੋਈ ਨਹੀਂ ਸੀ। ਹੁਣ ਤਾਂ ਇਹ ਯਕੀਨ ਹੀ ਹੋ ਗਿਆ ਕਿ ਜ਼ਰੂਰ ਕੋਈ ਭੂਤ ਹੀ ਹੈ। ਮੈਂ ਤੇ ਸੁਖਦੇਵ ਸਿੰਘ ਹੈਰਾਨ ਹੁੰਦੇ ਗੱਲਬਾਤ ਕਰ ਰਹੇ ਸਾਂ। ਮੀਂਹ ਪੈ ਰਿਹਾ ਸੀ ਅਸਮਾਨੀ ਬਿਜਲੀ ਲਿਸ਼ਕੀ ਘੰਟੀ ਫਿਰ ਤੋਂ ਵੱਜ ਗਈ। ਮੈਨੂੰ ਸਮਝਣ ਵਿਚ ਦੇਰ ਨਾ ਲੱਗੀ ਕਿ ਕੋਈ ਭੂਤ ਨਹੀਂ। ਇਹ ਤਾਂ ਅਸਲ ਵਿਚ ’ਬਿਜਲੀ ਭੂਤ’ ਹੈ। ਸਾਰੇ ਡਰ ਵਹਿਮ ਦੂਰ ਹੋ ਗਏ। ਮੈਂ ਵਾਪਸ ਕਮਰੇ  ਵਿਚ ਆ ਸੌਂ ਗਿਆ। ਸਵੇਰ ਤੱਕ ਇਹ ਬਿਜਲੀ ਭੂਤ ਪਤਾ ਨਹੀਂ ਕਿੰਨੀ ਕੁ ਵਾਰ ਆਇਆ ਪਰ ਹੁਣ ਕੋਈ ਡਰ ਨਹੀਂ ਸੀ। ਪਾਠਕਾਂ ਲਈ ਜ਼ਰੂਰੀ ਬੇਨਤੀ ‘ਬਚਪਨ ਵਿਚ ਸਾਡੀ ਮਾਨਸਿਕਤਾ ਨੂੰ ਇਸ ਤਰ੍ਹਾਂ ਦੀਆਂ ਕਹਾਣੀਆਂ ਨੇ ਕਿਸ ਤਰ੍ਹਾਂ ਆਪਣੀ ਗ੍ਰਿਫਤ ਵਿਚ ਲੈ ਲਿਆ ਕਿ ਕੁਝ ਵੀ ਸੋਚਣ ਤੋਂ ਪਹਿਲਾਂ ਅਸੀਂ ਇਨ੍ਹਾਂ ਵਹਿਮਾਂ ਵਿਚ ਪੈ ਜਾਂਦੇ ਹਾਂ। ਅਸਮਾਨੀ ਬਿਜਲੀ ਦੇ ਲਿਸ਼ਕਣ ਨਾਲ ਅਰਥ ਹੋਣ ਕਾਰਨ ਇਹ ਘਟਨਾ ਹੋ ਰਹੀ ਸੀ, ਜਿਸ ਨੂੰ ਮੈਂ ਸਮਝ ਗਿਆ ਪਰ ਜੇਕਰ ਕਿਸੇ ਪਰਿਵਾਰ ਦੀ ਬੇਸਮਝੀ ਕਾਰਨ ਇਹ ਸਚਮੁੱਚ ਦੀ ਭੂਤ ਕਹਾਣੀ ਬਣ ਜਾਂਦੀ ਤਾਂ ਅੰਧ ਵਿਸ਼ਵਾਸ ਵਿਚ ਫਸੇ ਲੋਕ ਪਾਖੰਡੀਆਂ ਸਾਧਾਂ ਦੇ ਡੇਰੇ ਦੇ ਗੇੜੇ ਕਢ-ਕਢ ਕਮਲੇ  ਹੋ ਜਾਂਦੇ। ਮਿਲਨਾ ਕੁਝ ਵੀ ਨਹੀਂ ਸੀ।