ਹਿੰਦ-ਪਾਕਿ ਬਟਵਾਰੇ ਤੋਂ ਪਹਿਲਾਂ ਦਾ ਪੰਜਾਬੀ ਸਭਿਆਚਾਰ

ਹਿੰਦ-ਪਾਕਿ ਬਟਵਾਰੇ ਤੋਂ ਪਹਿਲਾਂ ਦਾ ਪੰਜਾਬੀ ਸਭਿਆਚਾਰ

ਵਿਰਾਸਤ

ਮੁਖਤਾਰ ਗਿਲ

ਹਿੰਦ-ਪਾਕਿ ਬਟਵਾਰੇ ਤੋਂ ਪਹਿਲਾਂ ਅਤੇ ਉਸ ਤੋਂ ਦੋ ਕੁ ਦਹਾਕੇ ਬਾਅਦ ਵੀ ਪੰਜਾਬ ਦੇ ਪਿੰਡਾਂ ਵਿਚ ਪੰਜਾਬੀਅਤ ਅਤੇ ਅਮੀਰ ਪੰਜਾਬੀ ਸੱਭਿਆਚਾਰਕ ਵਿਰਸਾ ਵਸਦਾ ਸੀ। ਪਿੰਡਾਂ 'ਚ ਭਾਈਚਾਰਕ ਸਾਂਝ ਬੜੀ ਪੀਡੀ ਸੀ ਅਤੇ ਆਪਸੀ ਮਿਲਵਰਤਨ ਦੀਆਂ ਝਲਕਾਂ ਅਕਸਰ ਵੇਖਣ ਨੂੰ ਮਿਲਦੀਆਂ ਸਨ। ਹੌਲੀ-ਹੌਲੀ ਖੇਤੀ ਸੰਦ, ਟਿੰਡਾਂ ਵਾਲੇ ਖੂਹ, ਖਰਾਸ, ਸਾਫ਼-ਸੁਥਰੇ ਪਾਣੀ ਵਾਲੇ ਛੱਪੜ, ਫਲ੍ਹੇ, ਗੱਡੇ ਆਦਿ ਵਾਂਗ ਘਰਾਂ ਵਿਚ ਨਿੱਤ ਵਰਤਣ ਵਾਲੀਆਂ, ਨਿਸ਼ਾਨੀਆਂ ਦਾ ਦਰਜਾ ਹਾਸਲ ਕਰ ਚੁੱਕੀਆਂ ਵਸਤਾਂ ਜਿਵੇਂ ਹੱਥ ਚੱਕੀ, ਮਧਾਣੀਆਂ, ਚਰਖੇ, ਗਹੀਰੇ, ਘੜੇ, ਛੱਜ, ਹਾਰੇ, ਦਾਣੇ ਭੁੰਨਣ ਵਾਲੀਆਂ ਭੱਠੀਆਂ ਅਲੋਪ ਹੋ ਗਈਆਂ। ਅਸਲ ਵਿਚ ਵਿਗਿਆਨਕ ਯੁੱਗ 'ਚ ਹੋ ਰਹੇ ਸਮਾਜਿਕ, ਸਿਆਸੀ ਤੇ ਆਰਥਿਕ ਬਦਲਾਅ ਨੇ ਸਾਡੇ ਸੱਭਿਆਚਾਰਕ ਅਮੀਰ ਵਿਰਸੇ ਨੂੰ ਢਾਹ ਲਾਈ ਹੈ। ਪੇਂਡੂ ਜੀਵਨ 'ਚ ਨਿੱਤ ਵਰਤੋਂ ਵਿਚ ਆਉਣ ਵਾਲੀਆਂ ਬਹੁਮੁੱਲੀਆਂ ਵਸਤਾਂ ਨੂੰ ਯਾਦ ਕਰੀਏ।

ਹੱਥ ਚੱਕੀ : ਹੱਥ ਚੱਕੀ ਪੰਜਾਬੀ ਜਨ-ਜੀਵਨ ਦਾ ਅਹਿਮ ਚਿੰਨ੍ਹ ਹੈ। ਸਾਨੂੰ ਇਕ ਵਾਰ ਪੰਜਾਬ ਦੇ ਪੁਰਾਤਨ ਪਿੰਡਾਂ ਦੇ ਪੇਂਡੂ ਮਾਹੌਲ ਵਿਚੋਂ ਦੀ ਲੰਘਣਾ ਹੋਵੇਗਾ। ਜ਼ਿਕਰ ਉਨ੍ਹਾਂ ਪ੍ਰਾਚੀਨ ਸਮਿਆਂ ਦਾ ਹੈ ਜਦੋਂ ਅਜੇ ਪਿੰਡਾਂ ਵਿਚ ਕਣਕ, ਮੱਕੀ ਅਤੇ ਛੋਲੇ ਆਦਿ ਪੀਸਣ ਲਈ ਮਸ਼ੀਨੀ ਚੱਕੀਆਂ ਨਹੀਂ ਸਨ ਆਈਆਂ। ਮੈਂ ਬਚਪਨ 'ਚ ਆਪਣੇ ਪਿੰਡ ਆਟਾ ਪਿਸਾਉਣ ਲਈ ਖਰਾਸ ਵੇਖੇ ਸਨ ਜਾਂ ਪਿੰਡ ਦੇ ਚੜ੍ਹਦੇ ਪਾਸਿਓਂ ਲੰਘਦੀ ਨਹਿਰ ਲਾਹੌਰ ਬ੍ਰਾਂਚ ਦੇ ਰਾਣੇਵਾਲੀ ਪੁਲ ਕੋਲ ਪਣਚੱਕੀਆਂ ਵੇਖੀਆਂ ਸਨ ਜਿਨ੍ਹਾਂ ਨੂੰ ਘਰਾਟ ਵੀ ਕਿਹਾ ਜਾਂਦਾ ਹੈ। ਮੇਰੀ ਸੰਭਾਲ 'ਚ ਵੱਡੇ ਗੋਲ ਪਹੀਏ ਵਾਲੇ ਡੀਜ਼ਲ ਇੰਜਣ ਵਾਲੀ ਚੱਕੀ ਲੱਗੀ ਸੀ। ਜ਼ਿਆਦਾਤਰ ਸਵਾਣੀਆਂ ਆਪੋ-ਆਪਣੇ ਘਰੀਂ ਹੱਥ ਚੱਕੀਆਂ ਨਾਲ ਕਣਕ, ਮੱਕੀ ਅਤੇ ਛੋਲਿਆਂ ਦਾ ਆਟਾ ਪੀਹ ਲੈਂਦੀਆਂ ਸਨ। ਇਸ ਹੱਥ ਚੱਕੀ ਦਾ ਆਕਾਰ ਬਹੁਤ ਛੋਟਾ ਹੁੰਦਾ ਸੀ ਜਿਸ ਨੂੰ ਆਸਾਨੀ ਨਾਲ ਇਕ ਘਰ ਤੋਂ ਦੂਸਰੇ ਘਰ ਲਿਜਾਇਆ ਜਾ ਸਕਦਾ ਸੀ। ਚੱਕੀ ਪੱਥਰ ਦੇ ਦੋ ਗੋਲ ਪੁੜ ਹੁੰਦੇ ਸਨ। ਹੇਠਲੇ ਪੱਥਰ ਦੇ ਪੁੜ ਦੇ ਅੱਧੇ ਹਿੱਸੇ ਨੂੰ ਮਿੱਟੀ ਦੇ ਬਣੇ ਗੰਡ (ਚੀਕਣੀ ਮਿੱਟੀ ਦਾ ਗੋਲ ਘੇਰਾ) ਵਿਚ ਨੱਪ ਦਿੱਤਾ ਜਾਂਦਾ ਸੀ ਜੋ ਸਥਿਰ ਹੁੰਦਾ ਸੀ। ਪੁੜਾਂ ਨੂੰ ਰਾਹੁਣ ਲਈ ਛੋਟੀ ਛੈਣੀ ਜਾਂ ਤੇਸੀ ਨਾਲ ਟੱਕ ਲਾਏ ਜਾਂਦੇ ਸਨ। ਉਪਰਲੇ ਪੁੜ ਵਿਚ ਲੱਕੜ ਦੀ ਹੱਥੀ ਲੱਗੀ ਹੁੰਦੀ ਸੀ ਜਿਸ ਨਾਲ ਉਸ ਨੂੰ ਘੁਮਾਇਆ ਜਾਂਦਾ ਸੀ। ਉਪਰੋਂ ਪੀਸਣ ਲਈ ਦਾਣੇ ਪਾਉਣ ਵਾਲਾ ਸੁਰਾਖ ਹੁੰਦਾ ਸੀ। ਆਟਾ ਗੰਡ ਵਿਚ ਇਕੱਠਾ ਹੁੰਦਾ ਰਹਿੰਦਾ ਸੀ ਜਿਸ ਨੂੰ ਰੱਖੇ ਰਾਹ ਰਾਹੀਂ ਕੱਢਿਆ ਜਾਂਦਾ ਸੀ। ਸਵਾਣੀਆਂ ਹੱਥ ਚੱਕੀ ਨਾਲ ਕਣਕ, ਛੋਲੇ, ਦਾਲਾਂ ਤੇ ਮਸਾਲੇ ਆਦਿ ਹੀ ਪੀਹ ਲੈਂਦੀਆਂ ਸਨ। ਇਸ ਤਰ੍ਹਾਂ ਉਨ੍ਹਾਂ ਦੀ ਕਸਰਤ ਵੀ ਹੋ ਜਾਂਦੀ ਸੀ। ਵਰਤਮਾਨ 'ਚ ਅਲੋਪ ਹੋ ਚੁੱਕੀ ਹੱਥ ਚੱਕੀ ਅਜਾਇਬਘਰਾਂ ਵਿਚ ਹੀ ਵੇਖੀ ਜਾ ਸਕਦੀ ਹੈ।

ਭੱਠੀ (ਦਾਣੇ ਭੁੰਨਣ ਵਾਲੀ ) : ਭੱਠੀ ਦਾ ਪੇਂਡੂ ਜਨ ਜੀਵਨ ਵਿਚ ਵਿਸ਼ੇਸ਼ ਸਥਾਨ ਰਿਹਾ ਹੈ। ਦਾਣੇ ਭੁੰਨਣ ਵਾਲੀ ਭੱਠੀ ਨੂੰ ਲੋਕ ਗੀਤਾਂ ਦਾ ਵਿਸ਼ਾ ਬਣਾਇਆ ਗਿਆ। ਸ਼ਿਵ ਕੁਮਾਰ ਨੇ ਆਪਣੇ ਗੀਤ ਰਹੀਂ ਭੱਠੀ ਵਾਲੀ ਦਾ ਤਰਲਾ ਮਾਰਿਆ ਸੀ, 'ਭੱਠੀ ਵਾਲੀਏ ਚੰਬੇ ਦੀਏ ਡਾਲੀਏ ਨੀ ਪੀੜ੍ਹਾਂ ਦਾ ਪਰਾਗਾ ਭੁੰਨ ਦੇ...।' ਸਾਡੇ ਪਿੰਡ ਮਾਲੋ ਕੀ ਪੱਤੀ ਦੇ ਛੱਪੜ ਦੀ ਨੁੱਕਰੇ ਭੱਠੀ ਹੁੰਦੀ ਸੀ। ਜਿਥੇ ਲੌਢੇ ਵੇਲੇ ਔਰਤਾਂ, ਮੁਟਿਆਰਾਂ ਤੇ ਚੋਬਰਾਂ ਦੀ ਦਾਣੇ ਭੁੰਨਾਉਣ ਲਈ ਭੀੜ ਹੁੰਦੀ ਸੀ। ਵਾਰੀ ਉਡੀਕ ਦੀਆਂ ਸਵਾਣੀਆਂ ਦੁੱਖ-ਸੁੱਖ ਵੀ ਫੋਲ ਲੈਂਦੀਆਂ ਸਨ। ਭੱਠੀ ਵਾਲੀ ਚੁੰਗ ਵਿਚੋਂ ਲੱਪ ਕੁ ਭਾੜਾ ਕੱਢ ਦਾਣੇ ਭੁੰਨ ਦਿੰਦੀ ਸੀ। ਭੱਠੀ ਵਿਚ ਕਮਾਦ ਦੀ ਖੋਰੀ, ਪੱਛੀਆਂ ਤੇ ਹੋਰ ਸੁੱਕੇ ਪੱਤਿਆਂ ਦੀ ਅੱਗ ਝੋਕੀ ਜਾਂਦੀ ਸੀ। ਭੱਠੀ ਉੱਤੇ ਰੱਖੀ ਕੜਾਹੀ ਵਿਚ ਰੇਤ ਹੁੰਦੀ ਸੀ ਜਿਸ ਨੂੰ ਹੇਠ ਬਲਦੀ ਅੱਗ ਗਰਮ ਕਰਦੀ ਅਤੇ ਉਸ ਵਿਚ ਦਾਣੇ ਸੁੱਟ ਉਹ ਦਾਤਰੀ ਨਾਲ ਹਿਲਾ-ਹਿਲਾ ਭੁੰਨਦੀ ਸੀ। ਕਣਕ ਤੇ ਛੋਲਿਆਂ ਦੇ ਤੱਤੇ ਦਾਣਿਆਂ ਵਿਚ ਗੁੜ ਮਿਲਾ ਕੇ ਚੱਬਣ ਦਾ ਵੱਖਰਾ ਹੀ ਮਜ਼ਾ ਹੁੰਦਾ ਸੀ।

ਮਧਾਣੀਆਂ : ਇਸ ਬੇਰਹਿਮ ਵਰਤਾਰੇ ਨੂੰ ਪੰਜਾਬੀਆਂ ਦੀ ਬਦਕਿਸਮਤੀ ਹੀ ਆਖਿਆ ਜਾਏਗਾ ਕਿ ਅੱਜਕਲ੍ਹ ਪਿੰਡਾਂ ਵਿਚ ਚਾਟੀ ਦੀ ਲੱਸੀ, ਸਰ੍ਹੋਂ ਦਾ ਸਾਗ ਅਤੇ ਗੰਨੇ ਦਾ ਰਸ (ਰੋਹ) ਮੁੱਲ ਵਿਕਦਾ ਹੈ। ਅਖ਼ਬਾਰਾਂ ਵਿਚ ਪੈਕਡ ਲੱਸੀ ਦੇ ਇਸ਼ਤਿਹਾਰ ਛਪਦੇ ਹਨ। ਪਤਾ ਨਹੀਂ ਲਗਦਾ ਕਿ ਮਸ਼ੀਨੀ ਮਧਾਣੀਆਂ ਨਾਲ ਬਣਾਈ ਲੱਸੀ ਕਿੰਨੀ ਕੁ ਪੁਰਾਣੀ ਹੈ। ਸਾਡੀਆਂ ਮਾਵਾਂ-ਭੈਣਾਂ ਦੁੱਧ ਰਿੜਕਦੀਆਂ ਸਨ। ਮੈਨੂੰ ਉਨ੍ਹਾਂ ਵੇਲਿਆਂ ਦਾ ਪ੍ਰਚਲਤ ਲੋਕ ਗੀਤ ਯਾਦ ਆ ਰਿਹਾ ਹੈ, 'ਮੇਰੀ ਰਾਂਗਲੀ ਮਧਾਣੀ ਬਾਹਵਾਂ ਗੋਰੀਆਂ, ਮੈਂ ਲੋਏ ਲੋਏ ਦੁੱਧ ਰਿੜਕਾਂ'। ਮਧਾਣੀ ਤਕਰੀਬਨ ਦੋ ਢਾਈ ਫੁੱਟ ਗੋਲ ਆਕਾਰ ਲੱਕੜ ਦਾ ਡੰਡਾ ਹੁੰਦਾ ਸੀ। ਜਿਸ ਦੇ ਹੇਠਲੇ ਸਿਰੇ 'ਤੇ ਚਰਖੜੀ ਵਰਗੇ ਤਿੰਨ ਚਾਰ ਇੰਚ ਦੇ ਚਾਰ ਟੁਕੜੇ ਫਿੱਟ ਕੀਤੇ ਹੁੰਦੇ ਸਨ ਜੋ ਦੁੱਧ ਦੀ ਚਾਟੀ ਨੂੰ ਘੜਵੰਜੀ 'ਤੇ ਰੱਖ ਉਸ ਨਾਲ ਲੱਗੇ ਡੰਡੇ ਨਾਲ ਘੁੱਟ ਕੇ ਬੰਨ੍ਹਿਆ ਜਾਂਦਾ ਸੀ ਤਾਂ ਕਿ ਚਾਟੀ ਵਿਚ ਮਧਾਣੀ ਆਸਾਨੀ ਨਾਲ ਘੁੰਮ ਸਕੇ। ਮਧਾਣੀ ਦੇ ਡੰਡੇ ਦੇ ਉਪਰਲੇ ਸਿਰੇ 'ਤੇ ਵੱਢ ਜਿਹਾ ਪਾਇਆ ਹੁੰਦਾ ਸੀ ਜਿਸ ਦੁਆਲੇ ਵਲ਼ੀ ਡੋਰੀ ਦੇ ਦੋਵਾਂ ਸਿਰਿਆਂ 'ਤੇ ਲੱਕੜ ਦੀਆਂ ਗੁੱਲੀਆਂ ਬੰਨ੍ਹੀਆਂ ਹੁੰਦੀਆਂ ਸਨ, ਜਿਨ੍ਹਾਂ ਵਿਚ ਉਂਗਲਾਂ ਫਸਾ ਕੇ ਮਧਾਣੀ ਦੇ ਗੇੜੇ ਦੇ ਕੇ ਦੁੱਧ ਰਿੜਕਿਆ ਜਾਂਦਾ ਸੀ। ਫਿਰ ਉਸ ਵਿਚੋਂ ਮੱਖਣ ਕੱਢ ਕੇ ਲੱਸੀ ਬਣਾ ਲਈ ਦੀ ਸੀ। ਅਫ਼ਸੋਸ ਅੱਜ ਵਿਰਾਸਤੀ ਮਧਾਣੀਆਂ ਅਲੋਪ ਹੋ ਗਈਆਂ ਹਨ। ਲਵੇਰੇ ਵੀ ਨਾਮਾਤਰ ਰਹਿ ਜਾਣ ਕਰਕੇ ਨਾ ਚਾਟੀ ਦੀ ਲੋੜ ਰਹੀ, ਨਾ ਮਧਾਣੀਆਂ ਦੀ। ਹਾਂ ਕਿਸੇ-ਕਿਸੇ ਘਰ ਬਿਜਲੀ ਨਾਲ ਚੱਲਣ ਵਾਲੀਆਂ ਮਸ਼ੀਨੀ ਮਧਾਣੀਆਂ ਜ਼ਰੂਰ ਆ ਗਈਆਂ ਹਨ।

ਚਰਖਾ : ਚਰਖਾ ਪੰਜਾਬੀ ਸੱਭਿਆਚਾਰ ਦਾ ਇਕ ਅਹਿਮ ਚਿੰਨ੍ਹ ਸੀ। ਇਹ ਪੇਂਡੂ ਜੀਵਨ ਦੀ ਮਹੱਤਵਪੂਰਨ ਕੜੀ ਸੀ। ਉਨ੍ਹਾਂ ਸਮਿਆਂ 'ਚ ਚੰਦਨ ਦਾ ਚਰਖਾ ਹਰ ਘਰ ਦਾ ਸ਼ਿੰਗਾਰ ਹੁੰਦਾ ਸੀ। ਅਸਲ ਵਿਚ ਚਰਖਾ ਅਜਿਹਾ ਘਰੇਲੂ ਸੰਦ/ਵਸਤ ਸੀ ਜਿਸ ਨਾਲ ਰੂੰ ਨੂੰ ਕੱਤ ਕੇ ਸੂਤ ਤਿਆਰ ਕੀਤਾ ਜਾਂਦਾ ਸੀ। ਸੂਤ ਤੋਂ ਖੱਦਰ (ਸੂਤੀ) ਦਾ ਕੱਪੜਾ ਤਿਆਰ ਹੁੰਦਾ ਸੀ। ਉਨ੍ਹਾਂ ਸਮਿਆਂ ਵਿਚ ਜਿਥੇ ਪੇਂਡੂ ਮੁਟਿਆਰਾਂ ਬਾਗ਼ ਫੁਲਕਾਰੀਆਂ ਕੱਢਦੀਆਂ ਸਨ, ਉਥੇ ਖੱਡੇ ਲਾ ਕੇ ਤਾਣਾ ਤਿਆਰ ਕਰਕੇ ਦਰੀਆਂ ਖੇਸ ਵੀ ਬੁਣਦੀਆਂ ਸਨ। ਤ੍ਰਿੰਝਣ ਦੀ ਆਪਣੀ ਮਹੱਤਤਾ ਹੁੰਦੀ ਸੀ ਮੁਟਿਆਂਰਾ ਰਾਤਾਂ ਨੂੰ ਚਰਖੇ 'ਤੇ ਸੂਤ ਕੱਤਦੀਆਂ ਸਨ। ਮੁਟਿਆਰਾਂ ਰੂੰ ਦੀਆਂ ਪੂਣੀਆਂ ਵੱਟ ਛਿੱਕੂਆਂ ਵਿਚ ਰੱਖ ਲੈਂਦੀਆਂ ਸਨ। ਲੰਮੇ ਲੰਮੇ ਤੰਦਾਂ ਨਾਲ ਬਾਰੀਕ ਸੂਤ ਕੱਤਦੀਆਂ ਨਾਲ-ਨਾਲ ਖਾਂਦੀਆਂ-ਪੀਂਦੀਆਂ ਗੀਤ ਗਾਉਂਦੀਆਂ ਸਨ, 'ਮੈਂ ਕੱਤਾਂ ਪ੍ਰੀਤਾਂ ਨਾਲ ਚਰਖਾ ਚੰਦਨ ਦਾ।' ਸਿਆਣੇ ਕਹਿੰਦੇ ਸਨ ਕਿ 'ਬੇੜੀ ਦਾ ਪੂਰ ਤੇ ਤ੍ਰਿੰਝਣ ਦੀਆਂ ਕੁੜੀਆਂ ਫਿਰ ਨਾ ਬੈਠਣ ਰਲ ਕੇ।' ਚਰਖਾ ਲੱਕੜ ਦੀ ਕਾਰੀਗਾਰੀ ਦਾ ਉੱਤਮ ਨਮੂੰਨਾ ਹੁੰਦਾ ਸੀ। ਜਿਸ ਨੂੰ ਇਕ ਵਿਸ਼ੇਸ਼ ਕਿਸਮ ਦੀ ਕਾਲੀ ਟਾਹਲੀ ਦੀ ਲੱਕੜ ਨੂੰ ਤਰਾਸ਼ ਕੇ ਬਣਾਇਆ ਜਾਂਦਾ ਸੀ। ਉਸ ਨੂੰ ਕੋਕਿਆਂ ਅਤੇ ਸੁਨਹਿਰੀ ਮੇਖਾਂ ਨਾਲ ਸ਼ਿੰਗਾਰਿਆ ਜਾਂਦਾ ਸੀ । ਮਾਵਾਂ ਧੀਆਂ ਨੂੰ ਦਾਜ ਵਿਚ ਅਕਸਰ ਰਾਂਗਲਾ ਚਰਖਾ ਦਿੰਦੀਆਂ ਸਨ। ਸਹੁਰੇ ਘਰ ਜਾ ਕੇ ਧੀ ਮਾਣ ਨਾਲ ਚਰਖਾ ਕੱਤਦੀ ਮਾਂ ਨੂੰ ਯਾਦ ਕਰਦੀ ਸੀ, 'ਮਾਂ ਮੇਰੀ ਨੇ ਚਰਖਾ ਦਿੱਤਾ ਵਿਚ ਸ਼ੀਸ਼ੇ, ਕੋੋਕੇ ਤੇ ਮੇਖਾਂ। ਮਾਏ ਤੈਨੂੰ ਯਾਦ ਕਰਾਂ ਜਦ ਚਰਖੇ ਵੱਲ ਵੇਖਾਂ'।

ਟੋਕਰੇ ਤੇ ਟੋਕਰੀਆਂ : ਨਿੱਤ ਵਰਤੋਂ ਦੀਆਂ ਲੋੜੀਂਦੀਆਂ ਘਰੇਲੂ ਵਸਤਾਂ ਵਿਚ ਟੋਕਰੇ-ਟੋਕਰੀਆਂ ਦਾ ਅਹਿਮ ਸਥਾਨ ਸੀ। ਤੂਤ ਦੀਆਂ ਛਮਕਾਂ ਦਾ ਛਾਬਾ, ਟੋਕਰਾ ਅਤੇ ਟੋਕਰੀ ਸਾਡੀ ਪੇਂਡੂ ਕਲਾ ਦਾ ਸ਼ਾਨਦਾਰ ਨਮੂਨਾ ਹੁੰਦਾ ਸੀ। ਸਿਆਲ ਵਿਚ ਕਿਸਾਨ ਤੂਤਾਂ ਨੂੰ ਛਾਂਗ ਲੈਂਦੇ ਸਨ। ਟਾਹਣੀਆਂ ਤੇ ਛਮਕਾਂ ਨੂੰ ਕੱਟ ਕੇ ਪਤਲੀਆਂ ਅਤੇ ਮੋਟੀਆਂ ਵੱਖੋ-ਵੱਖਰੀਆਂ ਕਰ ਲਈਆਂ ਜਾਂਦੀਆਂ ਸਨ। ਉਨ੍ਹੀਂ ਦਿਨੀਂ ਭਾਵੇਂ ਪਿੰਡਾਂ ਵਿਚ ਟੋਕਰੇ ਬਣਾਉਣ ਦੀ ਕਲਾ ਵਾਲੇ ਵਿਰਲੇ ਲੋਕ ਹੀ ਹੁੰਦੇ ਸਨ ਪਰ ਫਿਰ ਵੀ ਟੋਕਰੇ ਬਣਾਉਣ ਦੀ ਕਲਾ ਨੂੰ ਸਮਰਪਿਤ ਕਲਾਕਾਰ/ਮਾਹਰ ਕਾਰੀਗਰ ਮਿਲ ਜਾਂਦੇ ਸਨ।

ਛੱਜ : ਪ੍ਰਾਚੀਨ ਪਿੰਡਾਂ ਦੇ ਘਰਾਂ ਵਿਚ ਕਦੇ ਛੱਜ ਦੀ ਟੌਹਰ ਹੁੰਦੀ ਸੀ ਕਿਉਂਕਿ ਛੱਜ ਵਿਚ ਸਵਾਣੀਆਂ ਅਨਾਜ ਨੂੰ ਸਾਫ਼ ਕਰਨ ਲਈ ਛੱਟਦੀਆਂ ਸਨ। ਖੇਤਾਂ ਵਿਚ ਫਲ੍ਹਿਆਂ ਨਾਲ ਗਾਹੀ ਕਣਕ ਦੀ ਲਾਈ ਧੜ ਵਿਚੋਂ ਤੂੜੀ ਅਤੇ ਦਾਣੇ ਵੱਖ ਕਰਨ ਲਈ ਉਡਾਵੇ ਹਵਾ ਦਾ ਰੁੱਖ ਵੇਖ ਉਡਾਉਂਦੇ ਸਨ। ਇਸ ਤਰ੍ਹਾਂ ਕਣਕ ਤੇ ਤੂੜੀ ਵੱਖ-ਵੱਖ ਹੋ ਜਾਂਦੇ ਸਨ। ਛੱਜ ਘਰੇਲੂ ਔਰਤਾਂ ਅਤੇ ਖੇਤਾਂ ਵਿਚ ਕਿਰਤੀਆਂ ਦੇ ਲਈ ਅਹਿਮ ਵਸਤ ਹੁੰਦੇ ਸਨ। ਇਸ ਲਈ ਇਸ ਨੂੰ ਘਰ ਤੇ ਖੇਤੀ ਦਾ ਸ਼ਿੰਗਾਰ ਵੀ ਕਿਹਾ ਜਾਂਦਾ ਹੈ।ਛੱਜ ਨੂੰ ਕਾਨਿਆਂ ਅਤੇ ਉਸ ਦੀਆਂ ਤੀਲਾਂ, ਚਮੜੇ ਦੀ ਡੋਰੀ (ਜੋ ਬੱਕਰੇ ਦੀਆਂ ਨਾੜਾਂ ਦੀ ਬਣਾਈ ਜਾਂਦੀ ਸੀ) ਜਾਂ ਪੱਕੇ ਧਾਗੇ ਗੰਢ ਕੇ ਬਣਾਇਆ ਜਾਂਦਾ ਹੈ। ਛੱਜ ਦਾ ਹੇਠਲਾ ਤਲਾ ਬਣਾਉਣ ਲਈ ਕਾਨਿਆਂ ਦੇ ਉੱਤਲੇ ਢਾਈ ਤਿੰਨ ਫੁੱਟ ਲੰਮੀਆਂ ਨਰਮ ਤੇ ਪਤਲੀਆਂ ਤੀਲੀਆਂ ਦੀ ਜ਼ਿਆਦਾ ਵਰਤੋਂ ਹੁੰਦੀ ਹੈ। ਤਲੇ ਦੇ ਹੇਠਲੇ ਪਾਸੇ ਮੂੰਹ ਅੱਗੇ ਪੋਟਾ ਪੋਟਾ ਬਾਂਸ ਦੀਆਂ ਬਰੀਕ ਫੱਟੀਆਂ ਰੱਖ ਕੇ ਬੰਨ੍ਹੀਆਂ ਜਾਂਦੀਆਂ ਹਨ ਤਾਂ ਕਿ ਤਲੇ ਨੂੰ ਮਜ਼ਬੂਤੀ ਮਿਲ ਸਕੇ ਅਤੇ ਤੀਲਾਂ ਆਪਸ 'ਚ ਸਿੱਧੀਆਂ ਜੁੜੀਆਂ ਰਹਿਣ। ਤਲੇ ਦੇ ਪਿੱਛੋਂ ਤੀਲਾਂ ਉੱਤੇ ਵਾਲੇ ਪਾਸੇ ਨੂੰ ਚਾਰ ਕੁ ਇੰਚ ਮੋੜਨ/ਭੰਨਣ ਲਈ ਨਰਮ ਤੀਲਾਂ ਦੀ ਵਰਤੋਂ ਕਰਨੀ ਪੈਂਦੀ ਸੀ। ਇਹ ਅਨਾਜ ਡਿਗਣ ਤੋਂ ਬਚਾਉਣ ਲਈ ਭੰਨੀਆਂ ਜਾਂਦੀਆਂ ਸਨ। ਛੱਜ ਦੇ ਉੱਤਲੇ ਸਿਰੇ 'ਤੇ 5-7 ਕਾਨਿਆਂ ਦਾ ਮੁੱਠਾ ਜਿਹਾ ਬਣਾਇਆ ਜਾਂਦਾ ਸੀ ਜਿਸ ਦੇ ਸੱਜੇ ਖੱਬੇ ਸਿਰਿਆਂ ਨੂੰ ਪੱਕੇ ਧਾਗੇ ਨਾਲ ਕੱਸ ਕੇ ਬੰਨ੍ਹਿਆ ਜਾਂਦਾ ਸੀ। ਸੋ ਛੱਜ ਤਿਆਰ। ਮਹਿੰਗਾਈ ਵਧ ਜਾਣ ਕਰਕੇ ਅੱਜਕਲ੍ਹ ਛੱਜ ਤੇ ਟੋਕਰੇ ਟੋਕਰੀਆਂ ਬਣਾਉਣ ਵਾਲੇ ਕਾਰੀਗਰ ਇਸ ਕਲਾ ਤੋਂ ਦੂਰ ਹੁੰਦੇ ਜਾ ਰਹੇ ਹਨ।

ਗਹੀਰੇ: ਇਕ ਜ਼ਮਾਨਾ ਸੀ ਜਦੋਂ ਪਿੰਡਾਂ ਦੇ ਸਿੱਧੇ ਸਾਦੇ ਤੇ ਆਲੇ-ਭੋਲੇ ਲੋਕ ਖੁੱਲ੍ਹੇ-ਡੁੱਲ੍ਹੇ ਪੇਂਡੂ ਮਾਹੌਲ ਵਿਚ ਰਹਿਣ ਨੂੰ ਤਰਜੀਹ ਦਿੰਦੇ ਸਨ। ਅਸਲ ਵਿਚ ਉਹ ਆਪਣੇ-ਆਪ ਨੂੰ ਪੰਜਾਬੀ ਸੱਭਿਆਚਾਰ ਦੇ ਅਸਲੀ ਵਾਰਿਸ ਸਮਝਦੇ ਸਨ। ਉਨ੍ਹਾਂ ਸਮਿਆਂ ਵਿਚ ਘਰਾਂ ਦਾ ਖਾਣਾ ਚੁੱਲ੍ਹਿਆਂ 'ਤੇ ਬਣਦਾ ਸੀ ਜਿਸ ਵਿਚ ਪਾਥੀਆਂ ਤੇ ਲੱਕੜੀ ਦਾ ਬਾਲਣ ਬਲਦਾ ਸੀ। ਪਾਥੀਆਂ ਨੂੰ ਮੀਂਹ ਕਣੀ ਤੋਂ ਬਚਾਉਣ ਲਈ ਸਵਾਣੀਆਂ ਪਾਥੀਆਂ ਨੂੰ ਹੇਠਾਂ ਉੱਤੇ ਜੋੜ ਕੇ ਗਹੀਰਾ ਬਣਾ ਲੈਂਦੀਆਂ ਸਨ ਅਤੇ ਬਾਰਿਸ਼ ਤੋਂ ਬਚਾਉਣ ਲਈ ਉਸ ਨੂੰ ਤੂੜੀ ਰਲੀ ਮਿੱਟੀ ਨਾਲ ਲਿੱਪ ਲੈਂਦੀਆਂ ਸਨ।

ਕਾੜ੍ਹਨੀਆਂ ਅਤੇ ਭੜੋਲੀ : ਪੰਜਾਬੀਆਂ ਦਾ ਦੁੱਧ ਘਿਉ, ਦਹੀਂ, ਮੱਖਣ ਤੇ ਲੱਸੀ ਨਾਲ, ਗੂੜ੍ਹਾ ਰਿਸ਼ਤਾ ਰਿਹਾ ਹੈ ਜਿਸ ਕਰਕੇ ਪੰਜਾਬ 'ਚ ਦੁੱਧਾਰੂ ਪਸ਼ੂ (ਲਵੇਰਾ) ਤਕਰੀਬਨ ਹਰ ਘਰ ਹੂੰਦਾ ਸੀ। ਉਨ੍ਹਾਂ ਸਮਿਆਂ ਵਿਚ ਦੁੱਧ ਵੇਚਣ ਨੂੰ ਪੁੱਤ ਵੇਚਣ ਬਰਾਬਰ ਸਮਝਿਆ ਜਾਂਦਾ ਸੀ ਜਿਸ ਦੀ ਬਦੌਲਤ ਹਰ ਘਰੋਂ ਕਿਰਤੀ ਕਾਮਿਆਂ ਨੂੰ ਦੁੱਧ ਲੱਸੀ ਆਮ ਮਿਲ ਜਾਂਦੀ ਸੀ। ਭੜੋਲੀ ਗੋਲ ਮਿੱਟੀ ਦੇ ਅੱਧੇ ਘੜ੍ਹੇ ਵਰਗੀ ਹੁੰਦੀ ਸੀ ਜਿਸ ਨੂੰ ਆਮ ਤੌਰ 'ਤੇ ਸਵਾਣੀਆਂ ਕੰਧ 'ਚ ਕੱਢੇ ਆਲੇ ਵਿਚ ਟਿਕਾ ਦਿੰਦੀਆਂ ਸਨ ਅਤੇ ਅੱਗੇ ਬਿੱਲੀ ਕੁੱਤੇੇ ਦੇ ਡਰ ਵਜੋਂ ਖਿੜਕੀ ਲਗਾਈ ਜਾਂਦੀ ਸੀ। ਹਾਰੇ ਵਿਚ ਚਿਣ ਕੇ ਪਾਥੀਆਂ ਰੱਖ ਕੇ ਅੱਗ ਪਾ ਦੇਣੀ ਜਦੋਂ ਅੱਗ ਭਖ ਜਾਣੀ ਤਾਂ ਕਾੜ੍ਹਨੀ ਵਿਚ ਦੁੱਧ ਪਾ ਕੇ ਰੱਖ ਦੇਣਾ। ਕਾੜ੍ਹਨੀ ਵਿਚ ਸਾਰਾ ਸਾਰਾ ਦਿਨ ਮੱਠੀ ਮੱਠੀ ਅੱਗ 'ਤੇ ਕੜ੍ਹਦਾ ਦੁੱਧ ਲਾਲ ਗੁਲਾਬੀ ਹੋ ਜਾਂਦਾ ਅਤੇ ਉਪਰ ਮੋਟਾ ਖਲੇਪੜ (ਪਰਤ) ਮਲਾਈ ਦਾ ਹੁੰਦਾ ਸੀ। ਅੱਜ ਇਹ ਸਭ ਬੀਤੇ ਦੀਆਂ ਗੱਲਾਂ ਹੋ ਗਈਆਂ। 

 

 

-