ਪ੍ਰਸਿੱਧ ਗਾਇਕ ਸ਼ਖਸੀਅਤ ਸਿੱਧੂ ਮੂਸੇਵਾਲਾ' ਦਾ ਕਤਲ

ਪ੍ਰਸਿੱਧ ਗਾਇਕ ਸ਼ਖਸੀਅਤ ਸਿੱਧੂ ਮੂਸੇਵਾਲਾ' ਦਾ ਕਤਲ

                                          ਸਰਧਾਂਜਲੀ                                             

ਅਸਾਂ ਤਾਂ ਜੋਬਨ ਰੁੱਤੇ ਮਰਨਾ' ਜਿਹਾ ਅਮਰ-ਗੀਤ ਲਿਖਣ ਵਾਲੇ ਸ਼ਿਵ ਕੁਮਾਰ ਬਟਾਲਵੀ ਵਾਂਗ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਵੀ ਛੋਟੀ ਉਮਰੇ ਚੱਲ ਵਸਿਆ। ਫ਼ਰਕ ਇਹ ਕਿ ਜਿੱਥੇ ਸ਼ਿਵ ਦੀ ਮੌਤ ਬਿਮਾਰੀ ਨਾਲ ਹੋਈ, ਉੱਥੇ ਸਿੱਧੂ ਦੀ ਹੱਤਿਆ 29 ਸਾਲ ਦੀ ਉਮਰ ਵਿਚ ਕਰ ਦਿੱਤੀ ਗਈ। ਕਤਲ ਤੋਂ ਸਿਰਫ਼ ਇਕ ਹਫ਼ਤਾ ਪਹਿਲਾਂ ਉਸ ਦਾ ਗੀਤ ਸੋਸ਼ਲ ਮੀਡੀਆ 'ਤੇ ਆਇਆ ਅਤੇ ਖੂੂਬ ਚਰਚਿਤ ਹੋਇਆ ਸੀ, ਜਿਸ ਵਿਚ ਉਹ ਲਿਖਦੈ,

ਐਵੇਂ ਨਹੀਂਓ ਦੁਨੀਆ ਖ਼ਿਲਾਫ਼ ਹੋਈ ਨੀ,

ਲੋੜ ਤੋਂ ਜ਼ਿਆਦਾ ਮੁੰਡਾ ਸੱਚ ਬੋਲਦਾ।

ਸਿੱਧੂ-ਮਾਰਕਾ ਗਾਇਕੀ ਦਾ ਸ਼ੁਰੂਆਤੀ ਦੌਰ ਜ਼ਰੂਰ ਵਿਗੜੈਲ ਮੁੰਡ੍ਹੀਰ ਦੀਆਂ ਹਰਕਤਾਂ ਅਤੇ ਹਉਮੈ ਨੂੰ ਪੱਠੇ ਪਾਉਣ ਵਾਲਾ ਸੀ, ਪਰ ਹੌਲੀ-ਹੌਲੀ ਉਸ ਦੀ ਗਾਇਕੀ ਪੰਜਾਬੀ ਮਾਨਸਿਕਤਾ, ਸਮਾਜਿਕ ਸੁਭਾਅ ਅਤੇ ਮੌਜੂਦਾ ਸਿਆਸਤ ਦੀ ਰਮਜ਼ ਪਛਾਣਨ, ਸਮਝਣ ਅਤੇ ਪੇਸ਼ ਕਰਨ ਵੱਲ ਵਧ ਰਹੀ ਸੀ। 2016 ਵਿਚ ਲੁਧਿਆਣਾ ਦੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਤੋਂ ਡਿਗਰੀ ਹਾਸਲ ਕਰਕੇ ਉਸ ਨੇ ਅਗਲੇ ਹੀ ਸਾਲ ਵਿਦੇਸ਼ ਦਾ ਵੀਜ਼ਾ ਲਗਵਾ ਲਿਆ ਸੀ। ਪਰ, ਵਧੇਰੇ ਨੌਜਵਾਨਾਂ ਵਾਂਗ ਸਹੂਲਤਾਂ ਵਾਲਾ ਮੱਧ-ਵਰਗੀ ਜੀਵਨ ਜਿਊਣ ਦੀ ਥਾਂ ਉਸ ਨੇ ਆਪਣੀ ਕਲਮ ਅਤੇ ਆਵਾਜ਼ ਨੂੰ ਜਨਤਕ ਮੰਚ 'ਤੇ ਲਿਆਉਣ ਦਾ ਫ਼ੈਸਲਾ ਕੀਤਾ। ਉਸ ਦੇ ਸਾਥੀ ਦੱਸਦੇ ਹਨ ਕਿ ਕਾਲਜ ਵਿਚ ਉਹ ਵਧੇਰੇ ਸਮਾਂ ਪੁਸਤਕਾਲੇ ਵਿਚ ਬੈਠ ਕੇ ਸਾਹਿਤ ਪੜ੍ਹਨ ਅਤੇ ਗੀਤ-ਕਵਿਤਾਵਾਂ ਲਿਖਣ ਵਿਚ ਗੁਜ਼ਾਰਦਾ ਸੀ। ਉਸ ਦਾ ਪਹਿਲਾ ਹੀ ਗਾਣਾ 'ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ' ਉਸ ਦੀ ਕਲਮ ਦੀ ਤਾਕਤ ਦੀ ਸਾਖੀ ਭਰਦਾ ਹੈ। ਗਿੱਪੀ ਗਰੇਵਾਲ ਨੇ ਇਹ ਗਾਣਾ ਹੰਬਲ ਮਿਊਜ਼ਿਕ ਰਾਹੀਂ ਰਿਲੀਜ਼ ਕੀਤਾ ਸੀ, ਪਰ ਛੇਤੀ ਹੀ ਉਸ ਨੇ ਆਪਣੀ ਪ੍ਰਤਿਭਾ ਦਾ ਲੋਹਾ ਮੰਨਵਾਇਆ ਅਤੇ ਖੁਦ ਵੀ ਆਪਣੀ ਕਲਮ ਅਤੇ ਆਵਾਜ਼ ਦੀ ਤਾਕਤ ਨੂੰ ਪਛਾਣਿਆ ਅਤੇ ਸਿੱਧੂ ਮੂਸੇਵਾਲਾ ਰੈਕਰਡਜ਼ ਨਾਂਅ ਦੀ ਕੰਪਨੀ ਬਣਾਈ, ਅਤੇ ਖ਼ੁਦ ਹੀ ਇਕ ਸੰਸਥਾ ਬਣ ਕੇ ਉਭਰਿਆ, ਜਿਸ ਵਿਚ ਉਹ ਆਪਣੇ ਗਾਣੇ ਆਪ ਲਿਖਦਾ, ਗਾਉਂਦਾ ਅਤੇ ਪੇਸ਼ ਕਰਦਾ। ਐਨੀ ਛੋਟੀ ਉਮਰੇ ਇਹ ਕੋਈ ਛੋਟੀ ਪ੍ਰਾਪਤੀ ਨਹੀਂ ਸੀ। ਉਸ ਨੇ ਨਾਲੋ-ਨਾਲ ਆਪਣੇ ਪਿੰਡ ਵਿਚ ਸਰਪੰਚੀ ਲਈ ਜੱਦੋ-ਜਹਿਦ ਕੀਤੀ ਅਤੇ ਆਪਣੀ ਮਾਂ ਨੂੰ ਸਰਪੰਚ ਬਣਵਾਇਆ।

ਸਿੱਧੂ ਨੇ ਵਿਦੇਸ਼ਾਂ ਦੀ ਲਾਲਸਾ ਛੱਡ ਕੇ ਪੰਜਾਬ ਦੇ ਇਕ ਪਿੰਡ ਵਿਚ ਰਹਿਣ ਦਾ ਫ਼ੈਸਲਾ ਕੀਤਾ। ਜਿੱਥੇ ਚਾਰ ਪੈਸੇ ਕਮਾਉਣ ਵਾਲਾ ਹਰ ਵਿਅਕਤੀ ਬਾਹਰ ਵੱਲ ਮੂੰਹ ਕਰਦੈ, ਉੱਥੇ ਸਿੱਧੂ ਜੇਕਰ ਬਾਹਰੋਂ ਵਾਪਸ ਆਇਆ, ਤਾਂ ਉਸ ਨੇ ਦਿੱਲੀ, ਮੁੰਬਈ ਜਾਂ ਚੰਡੀਗੜ੍ਹ ਰਹਿਣ ਦੀ ਥਾਂ ਆਪਣੇ ਹੀ ਪਿੰਡ ਮੂਸੇ ਵਿਚ ਹੀ ਘਰ ਬਣਾਇਆ ਅਤੇ ਉੱਥੇ ਹੀ ਹਮੇਸ਼ਾ ਰਹਿਣ ਦਾ ਨਿਰਣਾ ਕੀਤਾ। ਇਹ ਇਕ ਅਜਿਹਾ ਫ਼ੈਸਲਾ ਸੀ, ਜਿਸ ਨੂੰ ਥੋੜ੍ਹੀ ਜਿਹੀ ਵੀ ਸਮਝ ਰੱਖਣ ਵਾਲਾ ਵਿਅਕਤੀ ਇਹ ਕਹਿ ਕੇ ਰੱਦ ਕਰ ਸਕਦਾ ਸੀ, ਕਿ ਪਿੰਡ ਵਿਚ ਇਕ ਪ੍ਰਸਿੱਧ ਵਿਅਕਤੀ ਦੀ ਜਾਨ ਨੂੰ ਖ਼ਤਰਾ ਹੋ ਸਕਦੈ, ਪਰ ਸਿੱਧੂ ਦਾ ਆਪਣੇ ਲੋਕਾਂ 'ਤੇ ਵਿਸ਼ਵਾਸ ਸੀ, ਅਤੇ ਇਹ ਵਿਸ਼ਵਾਸ ਕਾਤਲਾਂ ਨੇ ਤੋੜਿਆ ਹੈ। ਇਹ ਪੰਜਾਬ ਨਾਲ ਗੱਦਾਰੀ ਹੈ। ਸਿੱਧੂ ਇਕ ਉਤਸ਼ਾਹੀ ਨੌਜਵਾਨ ਸੀ, ਜਿਸ ਨੂੰ ਕਲਾ, ਸਾਹਿਤ, ਸੱਭਿਆਚਾਰ, ਸਿਆਸਤ ਅਤੇ ਸਮਾਜ ਵਿਚ ਰੁਚੀ ਸੀ। ਉਸ ਨੇ ਸਿਆਸਤ ਵਿਚ ਹੱਥ ਅਜ਼ਮਾਇਆ ਅਤੇ ਆਪਣੇ ਸਟੈਂਡ ਨੂੰ ਕਲਾਤਮਿਕ ਤਰੀਕੇ ਨਾਲ ਪੇਸ਼ ਵੀ ਕੀਤਾ। ਇਹੋ ਜਿਹੀ ਹਾਰ ਬਾਅਦ ਆਮ ਕਰਕੇ ਸੰਵੇਦਨਸ਼ੀਲ ਨੌਜਵਾਨ ਖਾਮੋਸ਼ ਹੋ ਸਕਦੈ, ਆਪਣੇ ਆਪ 'ਤੇ ਝੂਰ ਸਕਦੈ, ਪਰ ਸਿੱਧੂ ਨੇ ਆਪਣੀ ਹਾਰ ਵਿਚੋਂ ਵੀ ਇਕ ਗੀਤ ਦੀ ਸਿਰਜਣਾ ਕੀਤੀ ਅਤੇ ਆਪਣਾ ਸਿਧਾਂਤ ਅਤੇ ਸੰਕਲਪ ਪੇਸ਼ ਕੀਤਾ।

ਅੰਮ੍ਰਿਤਾ ਪ੍ਰੀਤਮ ਨੇ 'ਮੈਂ ਤੈਨੂੰ ਫਿਰ ਮਿਲਾਂਗੀ' ਅਤੇ ਸੁਰਜੀਤ ਬਿੰਦਰੱਖੀਏ ਨੇ 'ਮੈਂ ਤਾਂ ਤਿੜਕੇ ਘੜੇ ਦਾ ਪਾਣੀ' ਜਿਹੀਆਂ ਰਚਨਾਵਾਂ ਰਾਹੀਂ ਆਪਣੀ ਮੌਤ ਨੂੰ ਪਛਾਣ ਲਿਆ ਸੀ, ਅਤੇ ਸਿੱਧੂ ਨੇ ਵੀ ਆਪਣੇ ਸਵੈਨ-ਸਾਂਗ (swan son{) 'ਗੱਭਰੂ ਦੇ ਚਿਹਰੇ ਉੱਤੇ ਨੂਰ ਦੱਸਦਾ, ਇਹਦਾ ਉੱਠੂਗਾ ਜਵਾਨੀ 'ਚ ਜਨਾਜ਼ਾ, ਮਿੱਠੀਏ!' ਰਾਹੀਂ ਸ਼ਾਇਦ ਆਪਣੀ ਹੋਣੀ ਨੂੰ ਵੇਖ ਲਿਆ ਸੀ। ਉਸ ਦੇ ਗਾਣਿਆਂ ਨੂੰ ਤੁਸੀਂ ਪਸੰਦ-ਨਾਪਸੰਦ ਕਰ ਸਕਦੇ ਹੋ, ਪਰ ਉਸ ਦੀ ਸਿਰਜਣਾਤਮਿਕ ਊਰਜਾ ਹਮੇਸ਼ਾ ਉਸ ਦੇ ਸਰੋਤੇ ਦੇ ਸਿਰ ਚੜ੍ਹ ਬੋਲਦੀ ਸੀ। ਨਵੇਂ ਸ਼ਬਦ, ਨਵੇਂ ਮੁਹਾਵਰੇ, ਨਵੇਂ ਅਲੰਕਾਰ, ਨਵੀਆਂ ਤਸ਼ਬੀਹਾਂ।

ਸਿੱਧੂ ਮੂਸੇਵਾਲੇ ਦਾ ਕਤਲ ਪੰਜਾਬੀ ਤਾਸੀਰ, ਸੁਭਾਅ, ਅਣਖ, ਬੋਲੀ ਅਤੇ ਸੱਭਿਆਚਾਰ ਨੂੰ ਚੁਣੌਤੀ ਹੈ। ਉਸ ਨੂੰ ਮੁਹੱਬਤ ਕਰਨ ਵਾਲਿਆਂ ਵਾਂਗ ਉਸ ਨੂੰ ਨਫ਼ਰਤ ਕਰਨ ਵਾਲੇ ਵੀ ਘੱਟ ਨਹੀਂ ਸਨ, ਪਰ 29 ਸਾਲ ਦੀ ਨਿੱਕੀ ਉਮਰੇ ਉਸ ਨੇ ਗਾਇਕੀ ਦੇ ਕੌਮਾਂਤਰੀ ਪੱਧਰ 'ਤੇ ਜੋ ਮੁਕਾਮ ਸਰ ਕੀਤੇ ਸਨ, ਅਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਨਾਂਅ ਵਿਸ਼ਵ ਭਰ ਵਿਚ ਉੱਚਾ ਕੀਤਾ ਸੀ, ਉਸ ਕਰਕੇ ਉਸ ਨੂੰ ਨਜ਼ਰ-ਅੰਦਾਜ਼ ਕਰਨਾ ਔਖਾ ਨਹੀਂ ਅਸੰਭਵ ਸੀ। ਇਸ ਕਰਕੇ ਅੱਜ ਹਰ ਅੱਖ ਨਮ ਹੈ, ਹਰ ਹਿਰਦਾ ਵਲੂੰਧਰਿਆ ਗਿਐ ਅਤੇ ਹਰ ਸੀਨਾ ਸੁੰਨ ਹੋ ਕੇ ਰਹਿ ਗਿਐ। ਆਪਣੇ ਗਾਣੇ ਖੁਦ ਲਿਖਣ ਵਾਲੇ ਸਿੱਧੂ ਦੀ ਆਵਾਜ਼ ਵਿਚ ਜੋ ਰੋਅਬ, ਅਣਖ ਅਤੇ ਹਰਖ਼ ਝਲਕਦਾ ਸੀ, ਉਹ ਵੀ ਪੰਜਾਬੀ ਸੁਭਾਅ ਦਾ ਹੀ ਅਕਸ ਸੀ।

ਕਲਾ-ਜਗਤ ਵਿਚ ਵੱਡੀਆਂ ਪ੍ਰਾਪਤੀਆਂ ਕਰਨ ਵਾਲੇ ਆਮ ਕਰਕੇ 'ਸੇਫ਼ ਗੇਮ' ਖੇਡਣ ਵਿਚ ਵਿਸ਼ਵਾਸ ਰੱਖਦੇ ਹਨ, ਪਰ ਸਿੱਧੂ ਨੇ ਨਿੱਕੀ ਉਮਰੇ ਹੀ ਆਪਣਾ ਸਿਧਾਂਤਕ ਪੈਂਤੜਾ ਲਿਆ, ਭਾਵੇਂ ਕਿ ਇਸ ਪੈਂਤੜੇ ਬਾਰੇ ਵਿਚਾਰਕ ਮੱਤਭੇਦ ਹੋ ਸਕਦੇ ਹਨ, ਪਰ ਸਿਆਸੀ ਸਪੱਸ਼ਟਤਾ ਆਪਣੇ-ਆਪ ਵਿਚ ਇਕ ਵੱਡੀ ਗੱਲ ਹੈ, ਜੋ ਕਿ ਅੱਜ ਦੀ ਨੌਜਵਾਨੀ ਵਿਚ ਖ਼ੁਰਦੀ ਜਾਂ ਖ਼ਤਮ ਹੀ ਹੁੰਦੀ ਨਹੀਂ ਰਹੀ, ਸਗੋਂ ਪੈਦਾ ਹੀ ਨਹੀਂ ਹੋ ਰਹੀ। ਫਿਰ ਆਪਣੇ ਆਪ ਦੀ ਆਲੋਚਨਾ ਕਰਨੀ! ਸਿੱਧੂ ਨੇ ਆਪਣੇ ਪ੍ਰਸੰਸਕਾਂ ਨੂੰ ਵੀ ਵੰਗਾਰਿਆ ਕਿ ਉਹ ਉਸ ਦੀ ਮੁੰਡ੍ਹੀਰ-ਨੁਮਾ ਗਾਇਕੀ ਨੂੰ ਪਸੰਦ ਕਰਕੇ ਕੋਈ ਵੱਡਾ ਮਾਅਰਕਾ ਨਹੀਂ ਮਾਰ ਰਹੇ। ਇਹ ਇਕ ਇਨਕਲਾਬੀ ਕਦਮ ਸੀ, ਜੋ ਉਸ ਦੇ ਕਰੀਅਰ ਲਈ ਆਤਮਘਾਤੀ ਹੋ ਸਕਦਾ ਸੀ, ਪਰ ਉਹ ਅਲਬੇਲਾ ਬੇਪ੍ਰਵਾਹ ਆਪਣੀਆਂ ਨਵੀਆਂ ਪੈੜਾਂ ਪਛਾਣਦਾ ਰਿਹਾ, ਪਾਉਂਦਾ ਰਿਹਾ।

ਅਸੀਂ ਇਸ ਲੇਖ ਰਾਹੀਂ ਉਸ ਦੀ ਰਚਨਾ ਜਾਂ ਗਾਇਕੀ ਦਾ ਸਮਰਥਨ ਨਹੀਂ ਕਰ ਰਹੇ। ਸਾਡਾ ਮੰਨਣਾ ਹੈ ਕਿ ਉਹ ਨਿਵੇਕਲਾ ਸੀ, ਅਤੇ ਉਸ ਨੇ ਆਪਣੀ ਪਛਾਣ ਕਾਇਮ ਕੀਤੀ। ਪਰ, ਉਸ ਦੀ ਗੀਤਕਾਰੀ ਵਿਚ ਜਿੱਥੇ ਤਾਜ਼ਗੀ, ਮੌਲਿਕਤਾ ਅਤੇ ਨਵੀਨਤਾ ਹੈ, ਉੱਥੇ ਇਹ ਵੀ ਯਾਦ ਰੱਖਣਾ ਪਵੇਗਾ ਕਿ ਪਹਿਲੀ ਉਮਰੇ ਉਸ ਦੀਆਂ ਰਚਨਾਵਾਂ ਵਿਚ ਜੋ ਵਿਸ਼ੇ ਹਨ, ਉਹ ਉਹੀ ਹਨ ਜੋ ਬਾਜ਼ਾਰ ਦੀ ਲੋੜ ਸਨ, ਜੋ ਸਮਾਜ ਨੇ ਹੀ ਪਸੰਦ ਕੀਤੇ ਅਤੇ ਇਹ ਉਸ ਦੀ ਆਪਣੀ ਉਮਰ ਦਾ ਦੌਰ ਅਤੇ ਸਮਾਜ ਵਲੋਂ ਦਿੱਤੀ ਚੜ੍ਹਤ ਤੋਂ ਪ੍ਰੇਰਿਤ ਹੋ ਕੇ ਹੀ ਲਿਖੇ ਗਏ। ਪਰ, ਬਾਅਦ ਵਿਚ ਉਸ ਨੇ ਆਪਣੇ ਲਿਖੇ ਨੂੰ ਰੱਦ ਵੀ ਕੀਤਾ ਅਤੇ ਸਿਆਸਤ 'ਤੇ ਤਨਜ਼ ਕੱਸਦਾ ਗੀਤ 295 ਉਸ ਦੀ ਸੂਝ ਦਾ ਪ੍ਰਤੀਕ ਸੀ, ਉੱਥੇ ਚੋਣਾਂ ਦੀ ਹਾਰ ਬਾਅਦ ਉਸ ਦਾ ਗੀਤ ਉਸ ਦੀ ਕਲਾਤਮਿਕ ਪ੍ਰਤਿਭਾ, ਹਾਂ-ਪੱਖੀ ਸੋਚ ਅਤੇ ਬੁਲੰਦ ਇਰਾਦਿਆਂ ਨੂੰ ਸੰਬੋਧਿਤ ਸੀ।

ਉਸ ਨੂੰ ਮਾਰਨ ਵਾਲਿਆਂ ਨੇ ਵੀ ਉਸ ਨੂੰ ਜ਼ਰੂਰ ਸੁਣਿਆ ਅਤੇ ਮਾਣਿਆ ਹੋਵੇਗਾ। ਪਰ, ਹਮਲਾਵਰ ਅਜਿਹੀਆਂ ਘਿਣਾਉਣੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਪਹਿਲਾਂ ਸ਼ਰਾਬ ਜਾਂ ਰਸਾਇਣਿਕ ਨਸ਼ਿਆਂ ਦੀ ਲੋਰ ਵਿਚ ਕਿਸੇ ਮਾਂ ਦੇ ਪੁੱਤ, ਕਿਸੇ ਭੈਣ ਦੇ ਵੀਰ ਦੀ ਜਾਨ ਲੈਣ ਤੋਂ ਪਹਿਲਾਂ, ਇਕ ਪਲ ਨਹੀਂ ਸੋਚਦੇ ਕਿ ਇਸ ਰੁਤਬੇ 'ਤੇ ਪੁੱਜਣ ਲਈ ਉਸ ਮਾਸੂਮ ਗੱਭਰੂ ਨੇ ਕਿੰਨੀ ਮਿਹਨਤ ਕੀਤੀ, ਕਿੰਨੀ ਸ਼ਿੱਦਤ ਨਾਲ ਆਪਣੀ ਧੁਨ ਦਾ ਪੱਕਾ ਰਹਿ ਕੇ, ਆਪਣਾ ਧਿਆਨ ਆਪਣੇ ਨਿਸ਼ਾਨੇ ਵੱਲ ਕੇਂਦਰਿਤ ਕੀਤਾ ਅਤੇ ਮਾਪਿਆਂ ਨੂੰ ਆਪਣੀਆਂ ਉਮੀਦਾਂ 'ਤੇ ਬੂਰ ਪੈਂਦਾ ਦੇਖ ਜੋ ਸਕੂਨ ਹਾਸਲ ਹੋਇਆ ਸੀ, ਉਸ ਨੂੰ ਇਕ ਝਟਕੇ ਨਾਲ ਇਨਸਾਨੀਅਤ ਦੀਆਂ ਵੈਰੀ ਗਿਰਝਾਂ ਨੇ ਖੋਹ ਲਿਆ। ਅਜੇ ਮਹੀਨਾ ਪਹਿਲਾਂ ਕੌਮਾਂਤਰੀ ਕਬੱਡੀ ਖਿਡਾਰੀ ਨੰਗਲ ਅੰਬੀਆਂ ਦਾ ਵੀ ਇਸੇ ਤਰ੍ਹਾਂ ਦਿਨੋ-ਦਿਹਾੜੇ ਕਤਲ ਕਰ ਦਿੱਤਾ ਗਿਆ ਸੀ। ਉਸ ਤੋਂ ਪਹਿਲਾਂ ਚੋਣਾਂ ਤੋਂ ਹਫ਼ਤਾ ਪਹਿਲਾਂ ਅਦਾਕਾਰ ਦੀਪ ਸਿੱਧੂ ਵੀ ਚੜ੍ਹਦੀ ਉਮਰੇ ਇਕ ਹਾਦਸੇ ਵਿਚ ਚਲਾ ਗਿਆ। ਕਿੰਨੇ ਮੂਰਖ਼ ਹਾਂ ਅਸੀਂ ਕਿ ਸਾਡਾ ਨਾਂਅ ਕੌਮੀ-ਕੌਮਾਂਤਰੀ ਪੱਧਰ 'ਤੇ ਰੌਸ਼ਨ ਕਰਨ ਵਾਲੇ ਆਪਣੇ ਹੀ ਭਰਾਵਾਂ, ਪੁੱਤਾਂ ਨੂੰ ਅਸੀਂ ਖ਼ੁਦ ਹੀ ਮਾਰ ਰਹੇ ਹਾਂ। ਕੀ ਅਸੀਂ ਆਪਣੇ ਆਪ ਨੂੰ ਇਨਸਾਨ ਕਹਿਣ ਦੇ ਕਾਬਲ ਹਾਂ?

 

ਐਚ ਐਸ ਡਿੰਪਲ

-