ਜੇਮਸ ਵੈੱਬ ਪੁਲਾੜ ਦੂਰਬੀਨ

ਜੇਮਸ ਵੈੱਬ ਪੁਲਾੜ ਦੂਰਬੀਨ

ਹਰਜੀਤ ਸਿੰਘ

ਵਿਗਿਆਨੀ/ਇੰਜੀਨੀਅਰ-ਇਸਰੋ, ਤ੍ਰਿਵੇਂਦ੍ਰਮ

ਪੁਲਾੜ ਵਿਗਿਆਨ ਬਾਰੇ ਥੋੜ੍ਹੀ ਬਹੁਤ ਜਾਣਕਾਰੀ ਰੱਖਣ ਵਾਲਾ ਹਰ ਕੋਈ ਇਨਸਾਨ ਹੱਬਲ ਦਾ ਨਾਮ ਜਰੂਰ ਜਾਣਦਾ ਹੈ| ਇਹ ਇੱਕ ਪੁਲਾੜੀ ਦੂਰਬੀਨ ਹੈ ਜੋ 2 ਦਹਾਕਿਆਂ ਤੋਂ ਸਾਨੂੰ ਪੁਲਾੜੀ ਸ਼ੈਆਂ ਦੀਆਂ  ਖ਼ੂਬਸੂਰਤ ਅਤੇ ਜਾਣਕਾਰੀ ਭਰਪੂਰ ਤਸਵੀਰਾਂ ਭੇਜ ਰਹੀ ਹੈ| ਪਰ ਹੁਣ ਇਸਦਾ ਨਿਰਧਾਰਿਤ ਸਮਾਂ ਖਤਮ ਹੋਣ ਦੇ ਨੇੜੇ ਹੈ ਅਤੇ ਇਸਦੇ ਕੰਮ ਨੂੰ ਅੱਗੇ ਵਧਾਉਣ ਲਈ ਨਾਸਾ, ਈਸਾ (ਯੂਰਪੀਅਨ ਪੁਲਾੜ ਏਜੰਸੀ) ਅਤੇ ਕੈਨੇਡੀਅਨ ਪੁਲਾੜ ਏਜੰਸੀ  ਨੇ ਮਿਲ ਕੇ “ਜੇਮਸ ਵੈੱਬ ਪੁਲਾੜ ਦੂਰਬੀਨ” ਨਾਮ ਦੀ ਸ਼ਕਤੀਸ਼ਾਲੀ ਦੂਰਬੀਨ ਤਿਆਰ ਕੀਤੀ ਹੈ| 6.5 ਮੀਟਰ ਦੇ ਮੁੱਖ ਸ਼ੀਸ਼ੇ ਵਾਲੀ ਇਸ ਦੂਰਬੀਨ ਦਾ ਨਾਮ ਅਪੋਲੋ ਪ੍ਰੋਗਰਾਮ ਦੇ ਸਮੇਂ ਨਾਸਾ ਦੇ ਪ੍ਰਬੰਧਕ ਜੇਮਸ ਈ ਵੈੱਬ ਦੇ ਨਾਮ ਤੇ ਰੱਖਿਆ ਗਿਆ ਹੈ| ਇਸ ਨੂੰ ਫਰਾਂਸ ਦੇ ਫ੍ਰੈਂਚ ਗਾਇਨਾ ਤੋਂ ਐਰੀਏਨ-5 ਰਾਕੇਟ ਦੁਆਰਾ ਪੁਲਾੜ ਵਿੱਚ ਦਾਗ਼ਿਆ ਜਾਵੇਗਾ| ਪੁਲਾੜ ਵਿੱਚ ਦਾਗਣ ਸਮੇਂ ਇਸਦਾ ਭਾਰ 6.5 ਟਨ ਹੋਏਗਾ| ਪੁਲਾੜ ਵਿੱਚ ਜਾਣ ਤੋਂ ਬਾਅਦ ਇਸਨੂੰ ਚਲਾਉਣ ਦੀ ਜ਼ਿੰਮੇਵਾਰੀ ਪੁਲਾੜੀ ਦੂਰਬੀਨ ਵਿਗਿਆਨ ਸੰਸਥਾ, ਮੇਰੀਲੈਂਡ (ਅਮਰੀਕਾ) ਦੀ ਹੈ ਜੋ ਕਿ ਹੁਣ ਹੱਬਲ ਨੂੰ ਚਲਾਉਂਦੀ ਹੈ| ਇਸ ਲੇਖ ਵਿੱਚ ਅਸੀਂ ਇਸ ਦੂਰਬੀਨ ਬਾਰੇ ਕੁਝ ਜਾਣਕਾਰੀ ਸੰਖੇਪ ਵਿੱਚ ਪੜ੍ਹਾਂਗੇ|

ਆਕਾਰ ਤੋਂ ਸ਼ੁਰੂ ਕਰੀਏ ਤਾਂ ਵੈੱਬ ਦੇ ਮੁੱਖ ਸ਼ੀਸ਼ੇ ਦਾ ਵਿਆਸ 6.5 ਮੀਟਰ ਹੈ ਜੋ ਹੱਬਲ ਦੇ 2.4 ਮੀਟਰ ਦੇ ਵਿਆਸ ਤੋਂ ਕਿਤੇ ਵੱਡਾ ਹੈ| ਵੱਡੇ ਆਕਾਰ ਦਾ ਮਤਲਬ ਕਿ ਇਹ ਹੱਬਲ ਤੋਂ ਜ਼ਿਆਦਾ ਰੋਸ਼ਨੀ ਇਕੱਠੀ ਕਰ ਸਕਦਾ ਹੈ| ਸੋ ਵੈੱਬ ਦੂਰ ਪਈਆਂ ਧੁੰਦਲੀਆਂ ਅਤੇ ਫਿੱਕੀਆਂ ਚੀਜ਼ਾਂ ਨੂੰ ਸਪਸ਼ਟ ਦੇਖ ਸਕੇਗੀ ਜੋ ਹੱਬਲ ਨਾਲ ਸੰਭਵ ਨਹੀਂ ਸੀ| 18 ਸ਼ਟਕੋਂਣ ਭਾਗਾਂ  ਵਾਲਾ ਵੈੱਬ ਦਾ ਸ਼ੀਸ਼ਾ ਬੇਰਿੱਲਿਅਮ ਦਾ ਬਣਿਆ ਹੋਇਆ ਹੈ ਅਤੇ ਇਸਦੇ ਉੱਤੇ ਚਮਕ ਤੇ ਸਮਾਨਤਾ ਵਧਾਉਣ ਲਈ ਸੋਨੇ ਦੀ ਪਰਤ ਚੜ੍ਹਾਈ ਹੋਈ ਹੈ| ਪੁਲਾੜ ਵਿੱਚ ਜਾਣ ਤੇ ਇਹ ਸ਼ੀਸ਼ਾ ਬਹੁਤ ਘੱਟ ਤਾਪਮਾਨ ਤੇ ਹੋਏਗਾ ਜਦਕਿ ਧਰਤੀ ਤੋਂ ਦਾਗੇ ਜਾਣ ਸਮੇਂ ਇਹ ਆਮ ਤਾਪਮਾਨ ਤੇ ਹੋਏਗਾ| ਇਸ ਕਰਕੇ ਇਸਦਾ ਆਕਾਰ ਥੋੜ੍ਹਾ ਸੁੰਗੜ ਜਾਵੇਗਾ ਅਤੇ ਪ੍ਰੋਫ਼ਾਈਲ ਵੀ ਵਿਗੜ ਜਾਵੇਗਾ| ਵਿਗਿਆਨੀਆਂ ਨੇ ਇਸਨੂੰ ਇਸ ਤਰੀਕੇ ਨਾਲ ਬਣਾਇਆ ਹੈ ਕਿ ਇਹ ਸੁੰਗੜ ਕੇ ਹੀ ਆਪਣੇ ਸਹੀ ਪ੍ਰੋਫ਼ਾਈਲ ਵਿੱਚ ਆਵੇ| ਇਸ ਵਾਸਤੇ ਗੋਰਡਨ ਪੁਲਾੜ ਕੇਂਦਰ ਵਿੱਚ ਦੂਰਬੀਨ ਤੇ ਕਈ ਪ੍ਰਯੋਗ ਕੀਤੇ ਗਏ ਅਤੇ ਅੰਤਿਮ ਪ੍ਰੋਫ਼ਾਈਲ ਤੇ ਪਹੁੰਚਿਆ ਗਿਆ| ਬਹੁਤ ਵੱਡਾ ਆਕਾਰ ਹੋਣ ਕਰਕੇ ਇਸਨੂੰ ਕਾਗਜ਼ ਵਾਂਗ ਤਹਿ ਕਰਕੇ ਰਾਕੇਟ ਵਿੱਚ ਰੱਖਿਆ ਜਾਵੇਗਾ ਅਤੇ ਪੁਲਾੜ ਵਿੱਚ ਜਾਣ ਤੋਂ ਬਾਅਦ ਖੋਲਿਆ ਜਾਵੇਗਾ| ਦੂਰਬੀਨ ਦੀਆਂ 126 ਮੋਟਰਾਂ ਇਨ੍ਹਾਂ ਭਾਗਾਂ ਨੂੰ ਆਪਣੇ ਸਹੀ ਸਥਾਨ ਤੇ ਰੱਖਣ ਲਈ ਅਤੇ ਲੋੜ ਪੈਣ ਤੇ ਥੋੜ੍ਹੇ ਬਹੁਤ ਬਦਲਾਅ ਕਰਨ ਲਈ ਵਰਤੀਆਂ ਜਾਣਗੀਆਂ| 

 ਵੈੱਬ ਦੂਰਬੀਨ ਦੇ ਮੁੱਖ ਉਦੇਸ਼ ਬਿਗ ਬੈਂਗ ਤੋਂ ਬਾਅਦ ਬਣੇ ਪਹਿਲੇ ਤਾਰਿਆਂ ਅਤੇ ਅਕਾਸ਼ ਗੰਗਾਵਾਂ ਨੂੰ ਦੇਖਣਾ, ਅਕਾਸ਼ ਗੰਗਾਵਾਂ ਦੇ ਬਣਨ ਅਤੇ ਵਿਕਾਸ ਦੀ ਪਰਕਿਰਿਆ ਦਾ ਅਧਿਐਨ ਕਰਨਾ ਅਤੇ ਤਾਰਿਆਂ ਤੇ ਗ੍ਰਹਿਾਂ ਦੇ ਬਣਨ ਦੇ ਤਰੀਕੇ ਦਾ ਅਧਿਐਨ ਕਰਨਾ ਹੈ| ਇਹ ਕੰਮ ਇਨਫ਼ਰਾ-ਰੈੱਡ ਰੋਸ਼ਨੀ ਨਾਲ ਜ਼ਿਆਦਾ ਵਧੀਆ ਤਰੀਕੇ ਨਾਲ ਹੋ ਸਕਦਾ ਹੈ| ਇਸੇ ਲਈ ਵੈੱਬ ਬ੍ਰਹਿਮੰਡ ਨੂੰ ਘੋਗਣ ਲਈ ਮੁੱਖ ਤੌਰ ਤੇ ਇਨਫਰਾ-ਰੈੱਡ  ਸਪੈਕਟ੍ਰਮ (0.6-28 ਮਾਇਕ੍ਰੋਮੀਟਰ) ਦੀ ਵਰਤੋਂ ਕਰੇਗੀ ਜਦਕਿ ਹੱਬਲ ਮੁੱਖ ਤੌਰ ਤੇ ਦ੍ਰਿਸ਼ਮਾਨ (visible) ਅਤੇ ਪਰਾਬੈਂਗਣੀ ਸਪੈਕਟ੍ਰਮ ਦੀ ਵਰਤੋਂ ਕਰਦੀ ਹੈ| ਵੈੱਬ ਵਿੱਚ ਨਜ਼ਦੀਕ ਇਨਫ਼ਰਾ-ਰੈੱਡ ਅਤੇ ਮੱਧ ਇਨਫ਼ਰ-ਰੈੱਡ ਸਪੈਕਟ੍ਰਮ ਦੇ ਕੈਮਰੇ ਅਤੇ ਸਪੈਕਟਰੋਮੀਟਰ ਲੱਗੇ ਹੋਏ ਹਨ| ਬ੍ਰਹਿਮੰਡ ਦੇ ਫੈਲਾਓ ਕਰਕੇ ਮੁਢਲੇ ਤਾਰਿਆਂ ਅਤੇ ਅਕਾਸ਼ ਗੰਗਾਵਾਂ ਤੋਂ ਆਉਣ ਵਾਲੀ ਰੋਸ਼ਨੀ, ਜੋਕਿ  ਪਰਾਬੈਂਗਣੀ ਤੇ ਦ੍ਰਿਸ਼ਮਾਨ ਸਪੈਕਟ੍ਰਮ ਵਿੱਚ ਪੈਦਾ ਹੁੰਦੀ ਹੈ, ਰੈੱਡ ਸ਼ਿਫਟ (ਡੌਪਲਰ ਪ੍ਰਭਾਵ) ਹੋ ਕੇ ਇਨਫਰਾ-ਰੈੱਡ  ਵਿੱਚ ਬਦਲ ਜਾਂਦੀ ਹੈ| ਆਪਣੀ ਇਨਫ਼ਰਾ-ਰੈੱਡ ਕਾਬਲੀਅਤ ਕਰਕੇ ਵੈੱਬ ਮੁਢਲੀਆਂ ਅਕਾਸ਼ ਗੰਗਾਵਾਂ ਅਤੇ ਤਾਰਿਆਂ ਨੂੰ ਪੈਦਾ ਹੁੰਦੇ, ਵਿਕਸਿਤ ਹੁੰਦੇ ਅਤੇ ਇੱਕ ਦੂਜੇ ਵਿੱਚ ਮਿਲਦੇ ਹੋਏ ਦੇਖ ਸਕੇਗੀ|

ਦੂਰ ਸਥਿਤ ਅਕਾਸ਼ ਗੰਗਾਵਾਂ ਅਤੇ ਖਾਸ ਕਰਕੇ ਇਨ੍ਹਾਂ ਦੇ ਕੇਂਦਰ ਧੂੜ ਦੇ ਕਣਾਂ ਦੇ ਪਿੱਛੇ ਲੁਕੇ ਹੁੰਦੇ ਹਨ| ਇਨਫਰਾ-ਰੈੱਡ  ਕਿਰਨਾਂ ਧੂੜ ਨੂੰ ਚੀਰ ਕੇ ਬਾਹਰ ਆਉਣ ਵਿੱਚ ਸਮਰੱਥ ਹਨ| ਇਸ ਕਰਕੇ ਇਨਫਰਾ-ਰੈੱਡ  ਕਿਰਨਾਂ ਵਰਤ ਕੇ ਹੀ ਅਸੀਂ ਇਨ੍ਹਾਂ ਅਕਾਸ਼ ਗੰਗਾਵਾਂ ਨੂੰ ਦੇਖ ਸਕਦੇ ਹਾਂ| ਉਦਾਹਰਣ ਲਈ ਨਾਲ ਦਿੱਤੀ ਤਸਵੀਰ ਵਿੱਚ ਤੁਸੀਂ “ਉਤਪਤੀ ਦੇ ਥੰਮ” ਨਾਮ ਦੇ ਨੇਬੂਲਾ ਦੀਆਂ ਤਸਵੀਰਾਂ ਦ੍ਰਿਸ਼ਮਾਨ ਅਤੇ ਇਨਫਰਾ-ਰੈੱਡ  ਸਪੈਕਟ੍ਰਮ ਵਿੱਚ ਦੇਖ ਸਕਦੇ ਹੋ| ਇਨਫਰਾ-ਰੈੱਡ  ਸਪੈਕਟ੍ਰਮ ਦੀ ਤਸਵੀਰ ਵਿੱਚ ਦਿਖਣ ਵਾਲੇ ਤਾਰੇ ਕਿਤੇ ਵੱਧ ਹਨ|  ਸਾਡੇ ਸੌਰ ਮੰਡਲ ਵਿੱਚ ਝਾਤੀ ਮਾਰੀਏ ਤਾਂ ਇਸਦੀ ਕਾਈਪਰ ਪੱਟੀ ਦੀਆ ਵਸਤਾਂ, ਜੋਕਿ ਸੂਰਜ ਤੋਂ ਬਹੁਤ ਦੂਰ ਹੋਣ ਕਰਕੇ ਦਿਖਾਈ ਨਹੀਂ ਦਿੰਦਿਆਂ, ਵੀ ਇਨਫਰਾ-ਰੈੱਡ ਕਿਰਨਾਂ ਛੱਡਦੀਆਂ ਹਨ| ਵੈੱਬ ਦੇ ਨਾਲ ਇਨ੍ਹਾਂ ਨੂੰ ਵਸਤਾਂ ਦਾ ਵੀ ਬਰੀਕੀ ਨਾਲ ਅਧਿਐਨ ਕੀਤਾ ਜਾ ਸਕੇਗਾ| ਧਰਤੀ ਤੇ ਲਾਈਆਂ ਗਈਆਂ ਇਨਫਰਾ-ਰੈੱਡ  ਦੂਰਬੀਨਾਂ ਨਾਲ ਅਕਾਸ਼ ਨੂੰ ਵਾਚਣਾ ਬਹੁਤ ਔਖਾ ਹੈ ਕਿਉਂਕਿ ਧਰਤੀ ਦੇ ਵਾਯੂਮੰਡਲ ਵਿੱਚ ਮੌਜੂਦ ਪਾਣੀ, ਕਾਰਬਨ ਡਾਈਆਕਸਾਈਡ ਅਤੇ ਮੀਥੇਨ ਇਨਫਰਾ-ਰੈੱਡ  ਕਿਰਨਾਂ ਨੂੰ ਸੋਖ ਲੈਂਦੇ ਹਨ|ਪਰ ਇਨਫਰਾ-ਰੈੱਡ ਦੂਰਬੀਨ ਦੀ ਇੱਕ ਹੋਰ ਦਿੱਕਤ ਹੈ| ਆਮ ਤਾਪਮਾਨ ਤੇ ਰੱਖੀ ਕੋਈ ਵੀ ਚੀਜ਼, ਏਥੋਂ ਤੱਕ ਕਿ ਦੂਰਬੀਨ ਖ਼ੁਦ ਵੀ, ਇਨਫਰਾ-ਰੈੱਡ ਕਿਰਨਾਂ ਛੱਡਦੀ ਹੈ| ਇਹ ਕਿਰਨਾਂ ਦੂਰਬੀਨ ਨੂੰ ਅੰਨ੍ਹੀ ਕਰ ਦੇਣਗੀਆਂ ਅਤੇ ਦੂਰਬੀਨ ਕੁਝ ਵੀ ਦੇਖ ਨਹੀਂ ਸਕੇਗੀ| ਇਸਤੋਂ ਬਚਾਅ ਲਈ ਵੈੱਬ ਦੂਰਬੀਨ ਦਾ ਤਾਪਮਾਨ 25 ਕੈਲਵਿਨ (-248 ਡਿਗਰੀ ਸੈਂਟੀਗ੍ਰੇਡ) ਦੇ ਆਸ ਪਾਸ ਰੱਖਿਆ ਜਾਵੇਗਾ| ਸੂਰਜ, ਧਰਤੀ ਅਤੇ ਚੰਦਰਮਾ ਤੋਂ ਆਉਣ ਵਾਲੀ ਗਰਮੀ ਤੋਂ ਬਚਣ ਲਈ ਵੈੱਬ ਤੇ 22 x 12 ਮੀਟਰ ਦੀ ਇੱਕ ਤਾਪ ਰੋਧੀ ਢਾਲ ਵਰਤੀ ਗਈ ਹੈ|ਵੈੱਬ ਧਰਤੀ ਤੋਂ ਲਗਪਗ 15 ਲੱਖ ਕਿਲੋਮੀਟਰ ਦੂਰ ਇੱਕ ਲੈਗਰਾਂਜ ਬਿੰਦੂ L2 ਤੇ ਸੂਰਜ ਦੁਆਲੇ ਚੱਕਰ ਲਵੇਗੀ| ਹੱਬਲ ਧਰਤੀ ਤੋਂ 570 ਕਿਲੋਮੀਟਰ ਦੀ ਦੂਰੀ ਤੇ ਧਰਤੀ ਦੁਆਲੇ ਚੱਕਰ ਲਾਉਂਦੀ ਹੈ| L2 ਤੇ ਰਹਿੰਦਿਆਂ ਵੈੱਬ, ਸੂਰਜ ਦੁਆਲੇ ਚੱਕਰ ਕੱਟਣ ਲਈ ਧਰਤੀ ਜਿੰਨਾਂ ਹੀ ਸਮਾਂ ਲਵੇਗੀ ਸੋ ਇਹ ਧਰਤੀ ਦੇ ਸਬੰਧ ਵਿੱਚ ਹਮੇਸ਼ਾ ਸਥਿਰ ਰਹੇਗੀ| L2 ਤੇ ਹੋਣ ਕਰਕੇ ਸੂਰਜ, ਧਰਤੀ ਅਤੇ ਚੰਨ ਇਸਦੇ ਇੱਕੋ ਪਾਸੇ ਹੋਣਗੇ ਅਤੇ ਇਸਦੀ ਗਰਮੀ ਨੂੰ ਤਾਪ ਰੋਧੀ ਢਾਲ ਰੋਕੇਗੀ| ਇਸ ਤਰ੍ਹਾਂ ਨਾਲ ਦੂਰਬੀਨ ਦਾ ਤਾਪਮਾਨ ਸਥਿਰ ਅਤੇ ਕਾਬੂ ਹੇਠ ਰਹੇਗਾ| ਪਰ ਏਨੀ ਦੂਰ ਹੋਣ ਕਰਕੇ ਇਸਤੇ ਹੱਬਲ ਵਾਂਗ ਕੋਈ ਮੁਰੰਮਤ ਨਹੀਂ ਕੀਤੀ ਜਾ ਸਕੇਗੀ| ਇਸਨੂੰ ਆਪਣੀ ਸਥਿਤੀ L2 ਤੇ  ਬਣਾਈ ਰੱਖਣ ਲਈ ਥੋੜ੍ਹੇ-ਥੋੜ੍ਹੇ ਵਕਫ਼ੇ ਬਾਅਦ ਇਸ ਵਿੱਚ ਭਰੇ ਬਾਲਣ ਦੀ ਵਰਤੋਂ ਵੀ ਕਰਨੀ ਪਏਗੀ| ਇਹੀ ਬਾਲਣ ਇਸਦੀ ਉਮਰ ਨਿਰਧਾਰਿਤ ਕਰੇਗਾ| ਬਾਲਣ ਖਤਮ ਹੋਣ ਤੇ ਇਹ ਦੂਰਬੀਨ ਆਪਣੇ ਪੰਧ ਤੋਂ ਭਟਕ ਜਾਵੇਗੀ| ਵੈੱਬ ਦਾ ਜੀਵਨ ਕਾਲ ਵਿਗਿਆਨੀਆਂ ਵੱਲੋਂ 10 ਸਾਲ ਅਨੁਮਾਨਿਆ ਗਿਆ ਹੈ|

ਅੱਗੇ ਚਲਦਿਆਂ ਅਸੀਂ ਗੱਲ ਕਰਦੇ ਹਾਂ ਕਿ ਇਹ ਦੂਰਬੀਨ ਭੂਤਕਾਲ ਵਿੱਚ ਕਿੰਨਾ ਸਮਾਂ ਪਿੱਛੇ ਦੇਖ ਸਕਦੀ ਹੈ? ਪੜ੍ਹਨ ਨੂੰ ਗੱਲ ਅਜੀਬ ਲੱਗ ਸਕਦੀ ਹੈ, ਪਰ ਕਿਉਂਕਿ ਦੂਰ ਦੁਰਾਡੇ ਤੋਂ ਪ੍ਰਕਾਸ਼ ਨੂੰ ਸਾਡੇ ਤੱਕ ਪਹੁੰਚਣ ਲਈ ਸਮਾਂ ਲਗਦਾ ਹੈ, ਜਿੰਨਾਂ ਦੂਰ ਅਸੀਂ ਦੇਖਦੇ ਹਾਂ ਓਨਾ ਹੀ ਸਮੇਂ ਵਿੱਚ ਪਿੱਛੇ ਦੇਖਦੇ ਹਾਂ| ਸਾਡਾ ਬ੍ਰਹਿਮੰਡ 13.7 ਅਰਬ ਸਾਲ ਪੁਰਾਣਾ ਹੈ| ਹੱਬਲ ਲਗਪਗ 12.7 ਅਰਬ ਸਾਲ ਪਿੱਛੇ ਤੱਕ ਦੇਖ ਸਕਦੀ ਹੈ| ਉਸ ਸਮੇਂ ਅਕਾਸ਼ ਗੰਗਾਵਾਂ ਆਪਣੇ ਬਚਪਨ ਵਿੱਚ ਸਨ| ਪਰ ਆਪਣੀ ਇਨਫਰਾ-ਰੈੱਡ ਕਾਬਲੀਅਤ ਅਤੇ ਵੱਡੇ ਆਕਾਰ ਕਰਕੇ ਵੈੱਬ ਦੂਰਬੀਨ 13.4 ਅਰਬ ਸਾਲ ਤੱਕ ਪਿੱਛੇ ਦੇਖ ਸਕੇਗੀ| ਇਹ ਉਹ ਸਮਾਂ ਹੈ ਜਦੋਂ ਅਕਾਸ਼ ਗੰਗਾਵਾਂ ਪੈਦਾ ਹੀ ਹੋਈਆਂ ਸਨ ਜਾਂ ਹੋ ਰਹੀਆਂ ਸਨ| ਇਹ ਸਾਡੀ ਬ੍ਰਹਿਮੰਡ ਬਾਰੇ ਸਮਝ ਨੂੰ ਬਹੁਤ ਅੱਗੇ ਤੱਕ ਲੈ ਕੇ ਜਾਵੇਗਾ| ਇਸਤੋਂ ਇਲਾਵਾ ਵਿਗਿਆਨੀ ਮੁੱਢਲੇ ਬ੍ਰਹਿਮੰਡ ਦੇ ਉਸ ਵਰਤਾਰੇ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਨਗੇ ਜਿਸ ਕਰਕੇ ਸ਼ੁਰੂਆਤੀ ਚਾਰਜ ਰਹਿਤ ਗੈਸ ਨਾਲ ਭਰਿਆ ਅਪਾਰਦਰਸ਼ੀ ਬ੍ਰਹਿਮੰਡ ਆਇਓਨਈਜ਼ ਹੋ ਕੇ ਪਾਰਦਰਸ਼ੀ ਹੋ ਗਿਆ| ਡਾਰਕ ਮਾਦੇ ਦੀ ਉਤਪਤੀ ਬਾਰੇ ਵੀ ਵੈੱਬ ਦੁਆਰਾ ਜਾਣਨ ਦੀ ਕੋਸ਼ਿਸ਼ ਕੀਤੀ ਜਾਏਗੀ|ਹੱਬਲ ਵਾਂਗ ਵੈੱਬ ਦੂਰਬੀਨ ਦੀ ਵਰਤੋਂ ਲਈ ਕੋਈ ਵੀ ਅਰਜ਼ੀ ਦੇ ਸਕੇਗਾ| ਹਰੇਕ ਸਾਲ ਇਹ ਅਰਜ਼ੀਆਂ ਖਗੋਲ ਵਿਗਿਆਨੀਆਂ ਦੀ ਇੱਕ ਕਮੇਟੀ ਵਿਚਰੇਗੀ ਅਤੇ ਚੁਣੇ ਗਏ ਲੋਕ ਇਸਦੀ ਵਰਤੋਂ ਕਰ ਸਕਣਗੇ| ਇਸਤੋਂ ਇਲਾਵਾ ਵੈੱਬ ਨੂੰ ਬਣਾਉਣ ਵਿੱਚ ਯੋਗਦਾਨ ਪਾਉਣ ਵਾਲੇ ਵਿਗਿਆਨੀਆਂ ਨੂੰ ਅਲੱਗ ਤੋਂ ਰੱਖਿਅਤ ਸਮਾਂ ਖਾਸ ਤੌਰ ਤੇ ਦਿੱਤਾ ਜਾਵੇਗਾ|

50 ਕਰੋੜ ਡਾਲਰ ਦੇ ਮੁੱਢਲੇ ਅਨੁਮਾਨ ਵਾਲੀ ਇਹ ਦੂਰਬੀਨ ਦਾ ਪ੍ਰੋਜੈਕਟ 1996 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਇਸਨੂੰ 2007 ਵਿੱਚ ਪੂਰਾ ਕਰਨ ਦਾ ਟੀਚਾ ਸੀ| ਪਰ ਫਿਰ ਇਸ ਵਿੱਚ ਬਹੁਤ ਸਾਰੀਆਂ ਦੇਰੀਆਂ ਹੋਈਆਂ, 2005 ਵਿੱਚ ਵੱਡੇ ਬਦਲਾਅ ਆਏ ਤੇ ਅਖੀਰਕਾਰ ਇਹ 2016 ਵਿੱਚ ਬਣ ਕੇ ਤਿਆਰ ਹੋਇਆ| ਉਸਤੋਂ ਬਾਅਦ ਇਸਦੇ ਪਰੀਖਣ ਸ਼ੁਰੂ ਹੋਏ ਅਤੇ ਉਨ੍ਹਾਂ ਵਿੱਚ ਆਈਆਂ ਦਿੱਕਤਾਂ ਨੇ ਇਸਨੂੰ ਹੋਰ ਪਿੱਛੇ ਪਾ ਦਿੱਤਾ| ਅਖੀਰਕਾਰ 10 ਅਰਬ ਡਾਲਰ ਦੀ ਲਾਗਤ ਵਾਲੀ ਇਹ ਦੂਰਬੀਨ ਹੁਣ ਪੂਰੀ ਤਰ੍ਹਾਂ ਤਿਆਰ ਹੈ ਅਤੇ 18 ਦਿਸੰਬਰ 2021 ਨੂੰ ਪੁਲਾੜ ਵਿੱਚ ਦਾਗੀ ਜਾਵੇਗੀ| ਇਸਦੇ ਏਨੇ ਜ਼ਿਆਦਾ ਵੱਧ ਬਜਟ ਕਰਕੇ ਇਸਨੂੰ ਕਈ ਵਿਗਿਆਨੀਆਂ ਦੀ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ, ਜਿਨ੍ਹਾਂ ਦਾ ਕਹਿਣਾ ਸੀ ਕਿ ਇਸ ਕਰਕੇ ਉਨ੍ਹਾਂ ਦੇ ਫੰਡ ਘਟਾ ਦਿੱਤੇ ਗਏ ਹਨ| ਮਸ਼ਹੂਰ ਵਿਗਿਆਨ ਰਸਾਲੇ ਨੇਚਰ ਨੇ ਤਾਂ ਇਸਨੂੰ “ਖਗੋਲ ਵਿਗਿਆਨ ਨੂੰ ਖਾ ਜਾਣ ਵਾਲੀ ਦੂਰਬੀਨ” ਤੱਕ ਕਹਿ ਦਿੱਤਾ ਸੀ| ਆਪਣੀ ਵਧੀ ਕਾਬਲੀਅਤ ਅਤੇ ਆਕਾਰ ਨਾਲ ਇਹ ਦੂਰਬੀਨ ਸਾਨੂੰ ਸਮੇਂ ਦੇ ਸ਼ੁਰੂਆਤੀ ਦੌਰ ਨੂੰ ਹੋਰ ਨੇੜੇ ਤੋਂ ਤੱਕਣ ਦੇ ਯੋਗ ਬਣਾਏਗੀ| ਇਹ ਹੱਬਲ ਦੁਆਰਾ ਕੀਤੇ ਕੰਮ ਨੂੰ ਅੱਗੇ ਵਧਾਏਗੀ ਅਤੇ ਸਾਡੀ ਬ੍ਰਹਿਮੰਡ ਬਾਰੇ ਜਾਣਕਾਰੀ ਵਿੱਚ ਹੋਰ ਵਾਧਾ ਕਰੇਗੀ|