ਰਾਜਨੀਤੀ ਰੰਗਤ 'ਚ ਬਦਲਿਆ ਪੰਜਾਬੀਆਂ ਦਾ ਰੋਸ

ਰਾਜਨੀਤੀ ਰੰਗਤ 'ਚ ਬਦਲਿਆ ਪੰਜਾਬੀਆਂ ਦਾ ਰੋਸ

ਰਾਜਨੀਤੀ ਪਾਰਟੀਆਂ ਤੋਂ ਬਗ਼ੈਰ ਇਕਜੁੱਠ ਹੋ ਕੇ ਵੀ ਪੰਜਾਬ 'ਚੋਂ ਭ੍ਰਿਸ਼ਟਾਚਾਰ ਖ਼ਤਮ ਕੀਤਾ ਜਾ ਸਕਦਾ ਹੈ

  ਸਰਬਜੀਤ ਕੌਰ ਸਰਬ  

ਜਿਵੇਂ ਦੇ ਹਾਲਾਤ ਪੰਜਾਬ ਵਿੱਚ ਇਸ ਸਮੇਂ ਚੱਲ ਰਹੇ ਹਨ ਉਨ੍ਹਾਂ ਨੂੰ ਵੇਖ ਕੇ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਪੰਜਾਬ ਦਾ ਆਉਣ ਵਾਲਾ ਭਵਿੱਖ ਰਾਜਨੀਤੀ ਸਿਆਸਤ ਦਾ ਗੜ੍ਹ ਬਣ ਜਾਵੇਗਾ ਤੇ ਜਿਸ ਵਿਚ ਨਫ਼ਰਤ ਦਾ ਪ੍ਰਚਾਰ ਕੀਤਾ ਜਾਵੇਗਾ । ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਪੰਜਾਬ  ਫੇਰੀ ਦੌਰਾਨ  ਜੋ ਵੀ ਰਾਜਨੀਤਿਕ ਲੀਡਰਾਂ ਨੇ  ਬਿਆਨਬਾਜ਼ੀ ਕੀਤੀ  ਉਸ ਤੋਂ ਇਹ ਸਾਫ਼ ਝਲਕਦਾ ਸੀ ਕਿ  ਰਾਜਨੀਤਕ ਲੀਡਰ ਕੇਵਲ ਆਪਣੀਆਂ ਰੋਟੀਆਂ ਸੇਕ ਰਹੇ ਹਨ  ਜਦ ਕਿ ਅਸਲ ਸੱਚ ਪੰਜਾਬੀਆਂ ਵਿਚ ਹਕੂਮਤ ਪ੍ਰਤੀ ਰੋਸ ਦਾ ਸੀ। ਇਹ ਰੋਸ ਵੀ ਸੱਚਾ ਸੀ ਕਿਉਂਕਿ ਜਦੋਂ  ਆਮ ਕਿਸਾਨ  ਦਿੱਲੀ ਦੀਆਂ ਬਰੂਹਾਂ ਉੱਤੇ ਹੱਕ ਮੰਗਣ ਦੇ ਲਈ ਸੰਘਰਸ਼ ਕਰ ਰਿਹਾ ਸੀ ਤੇ ਭਾਰਤੀ ਹਕੂਮਤ ਦੁਆਰਾ ਰਸਤੇ ਵਿਚ ਬੈਰੀਗੇਡ ਲਾ ਦਿੱਤੇ ਅਤੇ ਉਨ੍ਹਾਂ ਨੂੰ ਦਿੱਲੀ ਵਿੱਚ ਦਾਖ਼ਲ ਹੋਣ ਤੋਂ ਰੋਕ ਲਿਆ ਗਿਆ ਸੀ । ਫੇਰ ਵੀ ਕਿਸਾਨਾਂ ਦੁਆਰਾ ਇਹ ਸੰਘਰਸ਼  ਸ਼ਾਂਤਮਈ ਤਰੀਕੇ ਨਾਲ ਕੀਤਾ ਗਿਆ ਅਤੇ ਇਸ ਨੂੰ ਜਿੱਤਿਆ ਵੀ ਗਿਆ ਸੀ । ਇਸ ਸੰਘਰਸ਼ ਦੀ ਸਭ ਤੋਂ ਵੱਡੀ ਗੱਲ ਇਹ ਸੀ ਕਿ ਇਸ ਸੰਘਰਸ਼ ਵਿਚ ਕਿਸੇ ਵੀ ਰਾਜਨੀਤਿਕ ਪਾਰਟੀ ਦੀ ਦਖ਼ਲ ਅੰਦਾਜ਼ੀ ਨਹੀਂ ਸੀ ।ਇਹ ਆਮ ਲੋਕਾਂ ਦੁਆਰਾ ਲਗਾਇਆ ਉਹ ਮੋਰਚਾ ਸੀ ਜਿਸ ਵਿਚ ਹਰ ਇਕ ਵਰਗ ਦਾ ਇਨਸਾਨ  ਬਿਨਾਂ ਕਿਸੇ ਭੇਦਭਾਵ ਤੋਂ  ਇਕਮੁੱਠ ਹੋ ਕੇ  ਆਪਣੇ ਹੱਕ ਮੰਗ ਰਹੇ ਸਨ । ਸਬਰ ਤੇ ਸਿਦਕ ਨਾਲ ਚੱਲਿਆ ਇਹ ਸੰਘਰਸ਼  ਇਤਿਹਾਸ ਦੇ ਪੰਨਿਆਂ ਉੱਤੇ  ਜਿੱਤ ਦੀ ਮੋਹਰ ਲਾ ਗਿਆ 

ਕਿਸਾਨ ਜਿੱਤ ਤਾਂ ਗਿਆ ਪਰ ਇਸ  ਮੋਰਚੇ ਦੌਰਾਨ  ਜਿਨ੍ਹਾਂ ਕਿਸਾਨਾਂ ਨੇ ਆਪਣੇ ਉਤੇ ਦੁਖ ਦਰਦ ਤੇ ਸੰਤਾਪ ਨੂੰ ਝੱਲਿਆ  ਉਨ੍ਹਾਂ ਦੇ ਦਿਲਾਂ ਵਿੱਚੋਂ ਭਾਰਤੀ ਹਕੂਮਤ  ਲਈ ਅਜੇ ਵੀ ਰੋਸ ਦੀ ਲਹਿਰ ਚੱਲ ਰਹੀ ਹੈ । ਸ਼ਹੀਦ ਹੋਣ ਵਾਲੇ  ਕਿਸਾਨਾਂ ਵਿੱਚੋਂ ਸਭ ਤੋਂ ਵੱਧ ਕਿਸਾਨ ਪੰਜਾਬ ਦੇ ਹੀ ਸਨ । ਜਿਨ੍ਹਾਂ ਪਰਿਵਾਰਾਂ ਨੇ ਇਸ ਸੰਘਰਸ਼ ਦੌਰਾਨ ਆਪਣੇ ਘਰ ਦੇ ਮੈਂਬਰਾਂ ਨੂੰ ਸਦਾ ਲਈ  ਖੋ ਦਿੱਤਾ ਉਨ੍ਹਾਂ ਦੇ ਦਿਲਾਂ ਵਿਚ ਸਦਾ ਹੀ  ਸਮੇਂ ਦੀਆਂ ਸਰਕਾਰਾਂ ਪ੍ਰਤੀ ਰੋਸ ਰਹੇਗਾ । ਇਸੇ ਰੋਸ ਦੀ ਵਜ੍ਹਾ ਸੀ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ  ਰੈਲੀ ਅਸਫਲ ਹੋਈ । ਪਰ ਅਫ਼ਸੋਸ ਭਾਰਤੀ ਸ਼ੋਸਲ ਮੀਡੀਆ ਉਤੇ  ਗਲਤ ਬਿਆਨਬਾਜ਼ੀਆਂ  ਨੇ ਪੰਜਾਬ ਦੀ  ਅਸਲ ਹਕੀਕਤ ਨੂੰ ਅੱਖੋਂ ਓਹਲੇ ਕਰ ਦਿੱਤਾ । ਰਾਜਨੀਤਕ  ਪਾਰਟੀਆਂ ਦੇ ਲੀਡਰਾਂ ਨੇ ਇੱਕ ਦੂਜੇ ਪ੍ਰਤੀ ਏਨਾ ਜ਼ਿਆਦਾ ਗ਼ਲਤ ਪ੍ਰਚਾਰ ਕੀਤਾ ਤਾਂ ਜੋ ਉਹ ਲੋਕਾਂ ਦੇ ਸਾਹਮਣੇ  ਚੰਗੇ ਬਣ ਜਾਣ ਅਤੇ ਦੂਜੇ ਲੀਡਰਾਂ ਨੂੰ ਲੋਕਾਂ ਦੇ ਸਾਹਮਣੇ ਬੁਰਾ ਬਣਾ ਦੇਣ । ਇੰਜ ਹੀ ਹੋਇਆ ਅਤੇ ਸੋਸ਼ਲ ਮੀਡੀਆ ਉੱਤੇ ਇਸ ਦਾ ਜੰਮ ਕੇ ਪ੍ਰਚਾਰ ਤੇ ਪ੍ਰਸਾਰ ਕੀਤਾ ਗਿਆ । ਉੱਘੇ ਪੱਤਰਕਾਰਾਂ ਦੀ ਡਿਬੇਟ ਹੋਈ  ਅਤੇ ਇਸ ਡਿਬੇਟ ਦਾ ਅਸਲ ਸਿੱਟਾ ਕਿਸਾਨੀ ਰੋਸ ਹੀ ਨਿਕਲਿਆ ਸੀ । ਟਵਿੱਟਰ ਅਤੇ ਫੇਸਬੁੱਕ ਦੇ ਉੱਤੇ ਲਗਾਤਾਰ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੁਆਰਾ ਦਿੱਤਾ ਗਿਆ ਬਿਆਨ ਕੀ *ਆਪਣੇ ਮੁੱਖ ਮੰਤਰੀ ਨੂੰ ਕਹਿ ਦਿਓ ਕਿ ਮੈਂ ਪੰਜਾਬ ਵਿਚੋਂ ਜਿਉਂਦਾ ਵਾਪਸ ਆ ਗਿਆ ਹਾਂ * ਇਸ ਨੂੰ ਇੰਟਰਨੈਸ਼ਨਲ ਮੀਡੀਆ ਨੇ ਇਸ ਤਰ੍ਹਾਂ ਬਿਆਨ ਕੀਤਾ ਕਿ ਜਿਵੇਂ  ਪ੍ਰਧਾਨ ਮੰਤਰੀ ਉੱਤੇ ਹਮਲੇ ਦੀ ਸਾਜ਼ਿਸ਼ ਰਚੀ ਗਈ ਸੀ ਜਦ ਕਿ ਅਜਿਹਾ ਕੁਝ ਵੀ ਨਹੀਂ ਹੋਇਆ ਸੀ । 

ਕੁਦਰਤ ਦਾ ਕਹਿਰ ਤਾਂ ਪਹਿਲਾਂ ਹੀ ਵਾਪਰ ਗਿਆ ਸੀ ਜਦੋਂ ਭਾਰੀ ਮੀਂਹ ਪੈਣ ਕਾਰਨ ਸਾਰਾ ਪੰਡਾਲ ਪਹਿਲਾਂ ਹੀ ਖਾਲੀ ਸੀ । ਜੇਕਰ ਕਿਸਾਨ ਰਸਤਾ ਨਾ ਰੋਕਦੇ ਰੈਲੀ ਫਿਰ ਵੀ ਨਹੀਂ ਹੋਣੀ ਸੀ। ਇਸੇ ਕਰਕੇ  ਕੁੱਝ ਕੁ ਪਤਰਕਾਰਾਂ ਦਾ ਮੰਨਣਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਰਸਤਾ ਨਹੀਂ ਰੋਕਣਾ ਚਾਹੀਦਾ ਸੀ, ਉਹਨਾਂ ਦੀ ਸਭ ਤੋਂ ਵੱਡੀ ਭੁੱਲ ਇਹ ਹੀ ਹੋਈ ਕਿ  ਉਨ੍ਹਾਂ ਨੇ  ਪ੍ਰਧਾਨ ਮੰਤਰੀ ਦਾ ਰਸਤਾ ਰੋਕਿਆ  ਜਦ ਕਿ ਉਨ੍ਹਾਂ ਨੂੰ ਇੰਜ ਨਹੀਂ ਕਰਨਾ ਚਾਹੀਦਾ ਸੀ ਉਹ ਆਪਣੇ ਰੋਸ ਦਾ ਪ੍ਰਗਟਾਵਾ ਰੈਲੀ ਦਾ ਬਾਈਕਾਟ ਕਰ ਕੇ ਤੇ ਆਪੋ ਆਪਣੇ ਘਰ ਵਿੱਚ ਰਹਿ ਕੇ ਵੀ ਕਰ ਸਕਦੇ ਸਨ । ਜੇਕਰ ਉਹ ਅਜਿਹਾ ਕਰਦੇ ਤਾਂ  ਇਸ ਦਾ ਸਿੱਧਾ ਪ੍ਰਭਾਵ ਬੀਜੇਪੀ ਸਰਕਾਰ ਉੱਤੇ ਇਹ ਪੈਣਾ ਸੀ ਕਿ ਅਜੇ ਵੀ ਪੰਜਾਬ ਦੇ ਲੋਕਾਂ ਵਿੱਚ ਹਕੂਮਤ ਦੇ ਪ੍ਰਤੀ ਰੋਸ ਹੈ । ਰੈਲੀ ਦੌਰਾਨ ਪੰਡਾਲ ਵਿੱਚ ਪਈਆਂ ਹੋਈਆਂ ਖਾਲੀ ਕੁਰਸੀਆਂ  ਸਮੇਂ ਦੇ ਰੋਸ ਨੂੰ  ਪ੍ਰਗਟਾ ਰਹੀਆਂ ਸਨ ।  ਅਜਿਹਾ ਕਰਨ ਨਾਲ  ਭਾਰਤੀ ਮੀਡੀਆ  ਵਿੱਚ ਪੰਜਾਬ ਦੇ ਲੋਕਾਂ ਦਾ ਸਬਰ ਸਾਹਮਣੇ ਆਉਣਾ ਸੀ ।  ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ  ਜਦੋਂ ਅਸੀਂ ਦਿੱਲੀ ਦੀਆਂ ਬਰੂਹਾਂ ਉੱਤੇ ਸ਼ਾਂਤਮਈ ਢੰਗ ਨਾਲ ਬੈਠੇ ਰਹੇ  ਤਾਂ ਕੀ ਅੱਜ ਸ਼ਾਂਤਮਈ ਢੰਗ ਨਾਲ ਅਸੀਂ ਆਪਣੇ ਘਰਾਂ ਵਿੱਚ ਨਹੀਂ ਬੈਠ ਸਕਦੇ ਸੀ ? ਇਤਿਹਾਸ ਨੂੰ ਜੇਕਰ ਅਸੀਂ ਵਾਚੀਏ ਤਾਂ ਸਾਨੂੰ ਪਤਾ ਲੱਗਦਾ ਹੈ ਕਿ  ਸਾਡੇ ਗੁਰੂ ਸਹਿਬਾਨਾਂ ਨੇ ਵੀ ਸਾਨੂੰ ਇਹ ਗੱਲ ਦੱਸੀ ਸੀ ਕਿ ਘਰ ਆਏ ਦੁਸ਼ਮਣ ਦਾ ਵੀ ਹੱਸ ਕੇ ਸਵਾਗਤ ਕਰਨਾ ਚਾਹੀਦਾ ਹੈ । ਕਿਉਂ ਕੀ ਘਰ ਆਇਆ ਮਹਿਮਾਨ ਰੱਬ ਦੇ ਸਮਾਨ ਮੰਨਿਆ ਜਾਂਦਾ ਹੈ । ਅੱਜ ਅਸੀਂ ਆਪਣੇ ਗੁਰੂ ਸਾਹਿਬਾਨਾਂ ਦੁਆਰਾ ਦਿੱਤੇ ਉਪਦੇਸ਼ ਨੂੰ ਭੁੱਲ ਗਏ ਹਾਂ, ਇਸ ਲਈ ਅਸੀਂ ਅੱਜ ਅਜਿਹੇ ਰਾਜਨੀਤਕ ਲੀਡਰਾਂ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਗਏ ਹਨ ਜੋ ਜਿਵੇਂ ਨਚਾਵੇਂ ਉਂਜ ਹੀ ਅਸੀਂ ਨੱਚ ਰਹੇ ਹਨ । ਅਸੀਂ ਲੋਕਾਂ ਨੇ ਆਪਣੇ ਸਿਰ ਤੋਂ ਕੰਮ ਲੈਣਾ ਛੱਡ ਦਿੱਤਾ ਹੈ ।

ਜੇਕਰ ਸਿਆਸਤ ਤੋਂ ਵਗੈਰ ਕਿਸਾਨੀ ਸੰਘਰਸ਼ ਫ਼ਤਹਿ ਕੀਤਾ ਜਾ ਸਕਦਾ ਹੈ ਤਾਂ ਇਨ੍ਹਾਂ ਰਾਜਨੀਤੀ ਪਾਰਟੀਆਂ ਤੋਂ ਬਗ਼ੈਰ ਇਕਜੁੱਠ ਹੋ ਕੇ ਪੰਜਾਬ 'ਚੋਂ ਭ੍ਰਿਸ਼ਟਾਚਾਰ ਵੀ ਖ਼ਤਮ ਕੀਤਾ ਜਾ ਸਕਦਾ ਹੈ।