ਕਾਲਾਬਾਜ਼ਾਰੀ ਕਰਨ ਵਾਲਿਆਂ ਤੇ ਸ਼ਿਕੰਜਾ

ਕਾਲਾਬਾਜ਼ਾਰੀ ਕਰਨ ਵਾਲਿਆਂ ਤੇ ਸ਼ਿਕੰਜਾ

ਕਾਲਾਬਾਜ਼ਾਰੀ ਕਰਨ ਵਾਲਿਆਂ ਤੇ ਸ਼ਿਕੰਜਾ ਕੱਸਣਾ ਚਾਹੀਦਾ ਹੈ।

ਦਿਨ-ਪ੍ਰਤੀ-ਦਿਨ ਡੇਂਗੂ ,ਮਲੇਰੀਆ, ਚਿਕਨਗੁਨੀਆ ਦੇ ਨਵੇਂ ਨਵੇਂ ਕੇਸ ਆ ਰਹੇ ਹਨ। ਹਸਪਤਾਲਾਂ ਵਿੱਚ ਬੈਡਾਂ ਦੀ ਕਮੀ ਹੋ ਚੁੱਕੀ ਹੈ। ਹਸਪਤਾਲ ਵੀ ਛੋਟੇ ਪੈ ਰਹੇ ਹਨ। ਕਰੋਨਾ ਮਹਾਂਮਾਰੀ ਕਾਰਨ ਹਰ ਤਬਕਾ ਪ੍ਰਭਾਵਿਤ ਹੋਇਆ ਹੈ।ਅੱਜ ਕੱਲ ਲੋਕ ਅਜਿਹੇ ਬੁਖਾਰ (ਡੇਂਗੂ, ਮਲੇਰੀਆ, ਚਿਕਨਗੁਨੀਆ)ਕਾਰਨ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ। ਡੇਂਗੂ ਬੁਖਾਰ ਕਾਰਨ ਸ਼ਰੀਰ ਵਿੱਚ ਪਲੇਟਲੈਟਸ (ਸੈੱਲ)ਦੀ ਕਮੀ ਹੋ ਜਾਂਦੀ ਹੈ। ਜਿਸ ਕਾਰਨ ਡਾਕਟਰ ਮਰੀਜ਼ ਨੂੰ ਨਾਰੀਅਲ ਪਾਣੀ, ਕੀਵੀ , ਵਿਟਾਮਿਨ ਸੀ ਵਾਲੇ ਫ਼ਲ ਖਾਣ ਦੀ ਸਲਾਹ ਦਿੰਦੇ ਹਨ। ਅੱਜ ਕੱਲ ਤਾਂ ਇਨ੍ਹਾਂ ਫ਼ਲ ਵੇਚਣ ਵਾਲੇ ਦੁਕਾਨਦਾਰਾਂ ਨੇ ਲੁੱਟ-ਖਸੁੱਟ ਕਰ ਰੱਖੀ ਹੈ। ਜੋ ਨਾਰੀਅਲ ਪਾਣੀ 40 ਰੁਪਏ ਦਾ ਸੀ, ਅੱਜ ਇਹ ਦੁਕਾਨਦਾਰ ਸੌ ਰੁਪਏ ਦੇ ਕਰੀਬ  ਵੇਚ ਰਹੇ ਹਨ। ਇਕ ਤਾਂ ਲੋਕ ਵੈਸੇ ਹੀ ਬਹੁਤ ਬਿਮਾਰੀ ਕਾਰਨ ਪ੍ਰਭਾਵਿਤ ਹਨ, ਦੂਜਾ ਇਹ ਫਲ ਫਰੂਟਾਂ ਦੇ ਦੁਗਣੇ-ਤਿਗੁਣੇ ਰੇਟ ਲਾ ਕੇ ਉਨ੍ਹਾਂ ਦੀ ਚੰਗੀ ਲੁੱਟ-ਖਸੁੱਟ ਕਰ ਰਹੇ ਹਨ। ਕਰੋਨਾ ਮਹਾਮਾਰੀ ਕਾਰਨ ਗਿਣਵੇਂ ਚੁਣਵੇਂ ਲੋਕਾਂ ਲਈ ਰੁਜ਼ਗਾਰ ਮਿਲਿਆ ਹੈ। ਲੋਕ ਬੇਰੋਜ਼ਗਾਰ ਹੋ ਚੁੱਕੇ ਹਨ। ਕੀਵੀ ਫ਼ਲ  ਜੋ ਸੌ ਰੁਪਏ ਦੇ ਸੱਤ ਆਉਂਦੇ ਸਨ, ਇਹੀ ਦੁਕਾਨਦਾਰ 100 ਰੁਪਏ ਦੇ ਦੋ ਦੇ ਰਹੇ ਹਨ। ਵਿਚਾਰਨ ਵਾਲੀ ਗੱਲ ਹੈ ਕਿ 15 ਕੁ ਦਿਨਾਂ ਵਿੱਚ ਇਹ ਦੁਕਾਨਦਾਰ ਲੋਕਾਂ ਦੀ ਲੁੱਟ-ਖਸੁੱਟ ਕਰ ਕੇ ਕਿਹੜੇ ਮਹਿਲ ਖੜ੍ਹੇ ਕਰ ਲੈਣਗੇ। ਕੀ ਉਹ ਦੁਕਾਨਦਾਰ ਇਸ ਧਰਤੀ ਤੇ ਸਦਾ ਲਈ ਰਜਿਸਟਰੀ ਕਰਵਾ ਕੇ ਆਏ ਹਨ? ਅਜਿਹੇ ਦੁਕਾਨਦਾਰਾਂ ਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਹੈ। ਚੇਤੇ ਰਖੀਏ! ਇਸ ਧਰਤੀ ਤੇ ਅਸੀਂ ਸਾਰੇ ਹੀ ਮਹਿਮਾਨ ਹਨ। ਅਸੀਂ ਇੱਥੇ ਜ਼ਿੰਦਗੀ ਬਸਰ ਕਰਨ ਲਈ ਆਏ ਹਨ। ਜਦੋਂ ਕਰੋਨਾ ਮਹਾਮਾਰੀ ਕਾਰਨ ਦੇਸ਼ ਵਿੱਚ ਆਕਸੀਜਨ ਦੀ ਕਮੀ ਹੋਈ ਤਾਂ ਕੁਝ  ਕੈਮਿਸਟਾਂ ਨੇ ਲੋਕਾਂ ਦੀ ਲੁੱਟ ਖਸੁੱਟ ਕੀਤੀ ਸੀ। ਆਕਸੀਜਨ ਦੀ ਦਵਾਈ ਕਈ ਦੁਗਣੇ ਰੇਟਾ ਤੇ ਵੇਚੀ ਸੀ। ਮਜਬੂਰੀ ਵਿਚ ਆਏ ਲੋਕਾਂ ਨੂੰ ਇਹ ਦਵਾਈਆਂ ਬਲੈਕ ਵਿੱਚ ਬਹੁਤ ਮਹਿੰਗੀ ਖ੍ਰੀਦਣੀ ਪਈ। ਹਾਲਾਂਕਿ ਕੁਝ ਗਿਰਫ਼ਤਾਰੀਆਂ ਵੀ ਹੋਈਆਂ। ਜੋ ਥਰਮਾਮੀਟਰ 50 ਰੁਪਏ ਦਾ ਸੀ , ਮਹਾਮਾਰੀ ਸਮੇਂ ਇਹ ਥਰਮਾਮੀਟਰ 280 ਰੁਪਏ ਦੇ ਕਰੀਬ ਵਿਕਿਆ। ਇਕ ਤਾਂ ਲੋਕਾਂ ਤੇ ਮੁਸੀਬਤ ਪਈ, ਦੂਜਾ ਅਜਿਹੇ ਕਾਲਾਬਾਜ਼ਾਰੀ ਕਰਨ ਵਾਲਿਆਂ ਦਾ ਤਾ ਦਾਅ ਲੱਗ ਜਾਂਦਾ ਹੈ, ਕਿ ਜਿਨ੍ਹਾਂ ਲੁੱਟ ਸਕਦੇ ਹਾਂ ਲੁੱਟ ਲਈਏ। ਸੋ ਪ੍ਰਸ਼ਾਸਨ ਨੂੰ ਅਜਿਹੀ ਕਾਲਾਬਾਜ਼ਾਰੀ ਕਰਨ ਵਾਲਿਆਂ ਤੇ ਸ਼ਿਕੰਜਾ ਕੱਸਣਾ ਚਾਹੀਦਾ ਹੈ।

ਸੰਜੀਵ ਸਿੰਘ ਸੈਣੀ, ਮੋਹਾਲੀ