ਗੌਰਵਮਈ ਵਿਰਸਾ ਸਾਕਾ ਚਮਕੌਰ ਸਾਹਿਬ

ਗੌਰਵਮਈ ਵਿਰਸਾ ਸਾਕਾ ਚਮਕੌਰ ਸਾਹਿਬ

ਦੁਨੀਆ ਦੇ ਇਤਿਹਾਸਾਂ ਵਿਚ ਜਿੰਨੇ ਵੀ ਯੁੱਧ ਲੜੇ ਗਏ

ਸਾਕਾ ਚਮਕੌਰ ਸਾਹਿਬ ਤੋਂ ਕੁਝ ਦਿਨ ਬਾਅਦ ਸਾਕਾ ਸਰਹੰਦ ਦੀ ਅਤਿ ਦਰਦਨਾਕ ਅਤੇ ਦਿਲ ਕੰਬਾਊੁ ਘਟਨਾ ਵਾਪਰੀ ਗਈ। ਇਹ ਗਾਥਾ ਸੁਣ ਕੇ ਹਰ ਇਨਸਾਨ ਦੇ ਲੂੰ-ਕੰਡੇ ਖੜ੍ਹੇ ਹੋ ਜਾਂਦੇ ਹਨ ਕਿ ਕਿਵੇਂ ਸਰਸਾ ਨਦੀ ’ਤੇ ਰਾਤ ਨੂੰ ਵਿਛੜੇ ਦਾਦੀ ਮਾਤਾ ਤੇ ਛੋਟੇ ਸਾਹਿਬਜ਼ਾਦੇ ਨਦੀ ਦੇ ਨਾਲ ਨਾਲ ਜਾ ਰਹੇ ਸਨ। ਦਸੰਬਰ (ਪੋਹ) ਮਹੀਨੇ ਦੀ ਅਤਿ ਠੰਢੀ, ਕਿਣਮਿਣ ਕਰਦੀ ਕਾਲੀ ਬੋਲ਼ੀ ਰਾਤ ਸੀ।

ਦੁਨੀਆ ਦੇ ਇਤਿਹਾਸਾਂ ਵਿਚ ਜਿੰਨੇ ਵੀ ਯੁੱਧ ਲੜੇ ਗਏ ਉਹ ਸਭ ਜ਼ਰ, ਜ਼ੋਰੂ ਜਾਂ ਜ਼ਮੀਨ ਖ਼ਾਤਰ ਜਾਂ ਆਪਣੇ ਨਿੱਜੀ ਫ਼ਾਇਦੇ ਖ਼ਾਤਰ ਹੀ ਲੜੇ ਗਏ ਪ੍ਰੰਤੂ ਸਿੱਖ ਇਤਿਹਾਸ ਹੀ ਇਕ ਅਜਿਹਾ ਸ਼ਹੀਦਾਂ ਦੇ ਖ਼ੂਨ ਨਾਲ ਰੰਗਿਆ ਹੋਇਆ ਇਤਿਹਾਸ ਹੈ। ਜਿੱਥੇ ਸਾਰੇ ਹੀ ਯੁੱਧ ਅਤੇ ਸ਼ਹਾਦਤਾਂ ਸਮੁੱਚੀ ਮਨੁੱਖਤਾ ਦੇ ਭਲੇ ਲਈ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ ਅਤੇ ਗ਼ਰੀਬ ਮਜ਼ਲੁੂਮਾਂ ਉੱਤੇ ਹੁੰਦੇ ਜ਼ੁਲਮਾਂ ਵਿਰੁੱਧ ਲੜੇ ਗਏ ਪ੍ਰੰਤੂ ਵਿਸ਼ੇਸ਼ਕਰ ਦਸੰਬਰ ਮਹੀਨੇ ਵਿਚ ਹੋਈਆਂ ਮਾਸੂਮ ਅਤੇ ਗੌਰਵਮਈ ਸ਼ਹਾਦਤਾਂ ਦੀ ਗਾਥਾ ਇੰਨੀ ਵੈੇਰਾਗਮਈ ਹੈ ਕਿ ਦੁਨੀਆ ਦਾ ਹਰ ਜਾਗਦੀ ਜਮੀਰ ਵਾਲਾ ਇਨਸਾਨ ਇਹ ਗਾਥਾ ਸੁਣ ਕੇ ਅੱਜ ਸ਼ਰਧਾ ਨਾਲ ਸੀਸ ਝੁਕਾਉਂਦਾ ਹੈ। ਦਸੰਬਰ ਮਹੀਨੇ ਦੀਆਂ ਇਨ੍ਹਾਂ ਸ਼ਹਾਦਤਾਂ ਦੀ ਗੌਰਵਮਈ ਗਾਥਾ ਜੋ 19-20 ਦਸੰਬਰ 1704 ਤੋਂ ਸ਼ੁਰੂ ਹੁੰਦੀ ਹੈ ਦਾ ਜ਼ਿਕਰ ਬਹੁਤ ਹੀ ਦੁਖਦਾਈ ਹੈ।

ਇਤਿਹਾਸਕਾਰ ਲਿਖਦੇ ਹਨ ਕਿ 15 ਮਈ ਤੋਂ ਲੈ ਕੇ 18 ਦਸੰਬਰ 1704 ਈ. ਤਕ 10 ਲੱਖ ਮੁਗ਼ਲ ਫ਼ੌਜਾਂ ਦਾ ਘੇਰਾ ਅਨੰਦਗੜ੍ਹ ਕਿਲ੍ਹੇ ਨੂੰ ਪਿਆ ਰਿਹਾ। ਅੰਦਰ ਬੈਠੇ ਸੂਰਮੇ ਸਿੰਘ ਭੁੱਖ ਭਾਣੇ ਜਾਨਾਂ ਤੋੜ ਕੇ ਲੜੇ ਪਰ ਦੁਸ਼ਮਣ ਨੂੰ ਕਿਲ੍ਹੇ ਵਿਚ ਦਾਖ਼ਲ ਨਹੀਂ ਹੋਣ ਦਿੱਤਾ। ਆਖ਼ਰ ਦੁਸ਼ਮਣ ਹਾਕਮਾਂ ਵੱਲੋਂ ਕਸਮਾਂ ਖਾਣ ਤੇ ਗੁਰੂ ਜੀ ਨੇ ਆਪਣੇ ਪਰਿਵਾਰ ਅਤੇ ਬਾਕੀ ਸਿੱਖਾਂ ਸਮੇਤ 19-20 ਦਸੰਬਰ 1704 ਦੀ ਰਾਤ ਨੂੰ ਅਨੰਦਗੜ੍ਹ ਕਿਲ੍ਹਾ ਛੱਡਣ ਉਪਰੰਤ ਰੋਪੜ ਵੱਲ ਚਾਲੇ ਪਾ ਦਿੱਤੇ ਪਰ ਦੁਸ਼ਮਣ ਕਸਮਾਂ ਤੋੜ ਕੇ ਪਿੱਛੋਂ ਹਮਲਾਵਰ ਹੋ ਗਏ। ਰਸਤੇ ਵਿਚ ਪੈਂਦੀ ਹੜ੍ਹ ਨਾਲ ਨੱਕੋ ਨੱਕ ਭਰੀ ਸਰਸਾ ਨਦੀ ਦੇ ਕੰਢੇ ਉੱਤੇ 20 ਦਸੰਬਰ 1704 ਦੀ ਰਾਤ ਨੂੰ ਘਮਸਾਨ ਦੇ ਹੋਏ ਯੁੱਧ ਵਿਚ ਕਈ ਸਿੰਘ ਲੜਦੇ ਹੋਏ ਸ਼ਹੀਦ ਹੋ ਗਏ। ਬਹੁਤ ਸਾਰੇ ਔਰਤਾਂ ਬੱਚੇ ਤੇ ਗੁਰੂ ਜੀ ਵੱਲੋਂ ਰਚਿਤ ਕਈ ਗ੍ਰੰਥ ਵੀ ਹੜ੍ਹ ਵਿਚ ਰੁੜ੍ਹ ਗਏ ਅਤੇ ਇੱਥੇ ਹੀ ਗੁਰੂ ਜੀ ਦਾ ਪਰਿਵਾਰ ਵਿਛੜ ਕੇ ਖੇਰੂੰ ਖੇਰੂੰ ਹੋ ਗਿਆ ਸੀ।

ਗੁਰੂ ਜੀ 40 ਸਿੰਘਾਂ ਸਮੇਤ 21 ਦਸੰਬਰ ਦੀ ਸ਼ਾਮ ਨੂੰ ਚਮਕੌਰ ਸਾਹਿਬ ਪੁੱਜ ਗਏ ਅਤੇ ਇੱਥੇ ਇਕ ਕੱਚੀ ਹਵੇਲੀ ਜੋ ਇਤਿਹਾਸ ਵਿਚ ਚਮਕੌਰ ਦੀ ਗੜ੍ਹੀ ਵਜੋਂ ਜਾਣੀ ਜਾਂਦੀ ਹੈ ਇੱਥੇ ਮੋਰਚੇ ਸੰਭਾਲ ਲਏ। ਜਿੱਥੇ 22 ਦਸੰਬਰ ਦੀ ਸਵੇਰ ਨੂੰ 40 ਸਿੰਘਾਂ ਅਤੇ 10 ਲੱਖ ਮੁਗ਼ਲ ਫ਼ੌਜਾਂ ਵਿਚ ਸੰਸਾਰ ਦਾ ਅਨੋਖਾ ਯੁੱਧ ਹੋਇਆ ਜਿਸ ਵਿਚ ਹੋਰ ਸਿੰਘਾਂ ਦੇ ਨਾਲ ਦੋ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ 18 ਸਾਲ ਅਤੇ ਜੁਝਾਰ ਸਿੰਘ 14 ਸਾਲ ਜੰਗ ਵਿਚ ਜੂੁਝਦੇ ਸ਼ਹੀਦ ਹੋ ਗਏ। ਚਮਕੌਰ ਗੜ੍ਹੀ ਦੀ ਨਾਜ਼ੁਕ ਸਥਿਤੀ ਨੂੰ ਵੇਖ ਕੇ ਪੰਜ ਸਿੰਘਾਂ ਵੱਲੋਂ ਸਿੱਖੀ ਦੇ ਭਵਿੱਖ ਲਈ ਦਿੱਤੇ ਆਦੇਸ਼ ਅਨੁਸਾਰ ਗੁਰੂ ਜੀ 22 ਦਸੰਬਰ ਦੀ ਰਾਤ ਨੂੰ 3 ਸਿੰਘਾਂ ਸਮੇਤ ਗੜ੍ਹੀ ਛੱਡ ਕੇ ਮਾਛੀਵਾੜੇ ਵੱਲ ਚਲੇ ਗਏ ਸਨ।

ਸਿੱਖਾਂ ਦੀ ‘ਕਰਬਲਾ’ ਸਾਕਾ ਸਰਹਿੰਦ

ਸਾਕਾ ਚਮਕੌਰ ਸਾਹਿਬ ਤੋਂ ਕੁਝ ਦਿਨ ਬਾਅਦ ਸਾਕਾ ਸਰਹੰਦ ਦੀ ਅਤਿ ਦਰਦਨਾਕ ਅਤੇ ਦਿਲ ਕੰਬਾਊੁ ਘਟਨਾ ਵਾਪਰੀ ਗਈ। ਇਹ ਗਾਥਾ ਸੁਣ ਕੇ ਹਰ ਇਨਸਾਨ ਦੇ ਲੂੰ-ਕੰਡੇ ਖੜ੍ਹੇ ਹੋ ਜਾਂਦੇ ਹਨ ਕਿ ਕਿਵੇਂ ਸਰਸਾ ਨਦੀ ’ਤੇ ਰਾਤ ਨੂੰ ਵਿਛੜੇ ਦਾਦੀ ਮਾਤਾ ਤੇ ਛੋਟੇ ਸਾਹਿਬਜ਼ਾਦੇ ਨਦੀ ਦੇ ਨਾਲ ਨਾਲ ਜਾ ਰਹੇ ਸਨ। ਦਸੰਬਰ (ਪੋਹ) ਮਹੀਨੇ ਦੀ ਅਤਿ ਠੰਢੀ, ਕਿਣਮਿਣ ਕਰਦੀ ਕਾਲੀ ਬੋਲ਼ੀ ਰਾਤ ਸੀ, ਉਨ੍ਹਾਂ ਦੇ ਬਸਤਰ ਵੀ ਭਿੱਜ ਚੁੱਕੇ ਸਨ। ਦਾਦੀ ਮਾਂ ਛੋਟੇ ਲਾਲਾਂ ਜ਼ੋਰਾਵਰ ਸਿੰਘ 9 ਸਾਲ, ਫ਼ਤਹਿ ਸਿੰਘ 7 ਸਾਲ, ਮਾਸੂਮ ਉਮਰ ਪਰ ਉੱਚੇ ਹੌਸਲੇ ਵਾਲੀਆਂ ਇਹ ਜਿੰਦਾਂ ਨੂੰ ਦੋਵਂੇ ਪਾਸੇ ਆਪਣੇ ਨਾਲ ਲਾ ਕੇ ਉਂਗਲਾਂ ਫੜ ਕੇ ਲਈ ਜਾ ਰਹੀ ਸੀ। ਕਿਤੇ ਜੇ ਪਾਣੀ ਆ ਜਾਂਦਾ ਤਾਂ ਦਾਦੀ ਚੁੱਕ ਵੀ ਲੈਂਦੀ ਸੀ, ਇਹ ਸੀਨ ਬੜਾ ਦਰਦਨਾਕ ਸੀ। ਜ਼ਰਾ ਕਲਪਨਾ ਕਰੀਏ ਉਸ ਅਵਸਥਾ ਦੀ ਜੋ ਦਾਦੀ ਮਾਂ ਨੂੰ ਆਪਣੇ ਇਨ੍ਹਾਂ ਪਿਆਰੇ ਪੋਤਿਆਂ ਨਾਲ ਬਿਤਾਉਣੀ ਪਈ ਤੇ ਵਾਹਿਗੁਰ ਦਾ ਭਾਣਾ ਮੀਠਾ ਕਰ ਕੇ ਮੰਨਿਆ ਪਰ ਹਾਰ ਨਹੀਂ ਕਬੁੂਲੀ। ਛੋਟੇ ਸਾਹਿਬਜ਼ਾਦੇ ਤੇ ਦਾਦੀ ਮਾਂ ਦੀਆਂ ਸ਼ਹਾਦਤਾਂ ਦੇ ਇਸ ਦੁਖਦਾਈ ਪੰਨੇ ਨੂੰ ਜਦੋਂ ਹੋਰ ਅੱਗੇ ਫਰੋਲਿਆਂ ਪਤਾ ਲੱਗਦਾ ਹੈ ਕਿ ਅਸਲ ਵਿਚ ਇਸ ਸਭ ਦੇ ਮੁੱਖ ਗੁਨਾਹਗਾਰ ਗੰਗੂ ਤੇ ਸੁੱਚਾ ਨੰਦ ਹੀ ਸਨ। ਅਚੰਭਾ ਤਾਂ ਇਹ ਹੈ ਕਿ ਜਿਨ੍ਹਾਂ ਲੋਕਾਂ ਦੇ ਤਿਲਕ ਜੰਜੂ ਦੀ ਖ਼ਾਤਰ ਇਨ੍ਹਾਂ ਲਾਲਾਂ ਦੇ ਦਾਦਾ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਬਲੀਦਾਨ ਦਿੱਤਾ ਸੀ ਉਨ੍ਹਾਂ ਵਿੱਚੋਂ ਹੀ ਇਕ ਗੰਗੂ ਰਸੋਈਏ ਨੇ ਇਨ੍ਹਾਂ ਨੂੰ ਘਰ ਰਾਤ ਰੱਖ ਕੇ ਧੋਖੇ ਨਾਲ ਗਿ੍ਰਫ਼ਤਾਰ ਕਰਵਾਇਆ ਅਤੇ ਉਨ੍ਹਾਂ ਲੋਕਾਂ ’ਚੋ ਹੀ ਇਕ ਸੁੱਚਾ ਨੰਦ ਨੇ ਗੁਰੂ ਜੀ ਦੇ ਲਾਲਾਂ ਨੂੰ ਸੱਪ ਦੇ ਬੱਚੇ ਕਹਿ ਕੇ ਖ਼ਤਮ ਕਰ ਦੇਣ ਦੀ ਚੁੱਕਣਾ ਸੂਬਾ ਸਰਹਿੰਦ ਨੂੰ ਦਿੱਤੀ ਸੀ। ਵੇਖੋ, ਧੰਨ ਹੈ ਦਾਦੀ ਮਾਤਾ ਜਿਸ ਨੇ ਬੱਚਿਆਂ ਨੂੰ ਅਜਿਹੀ ਪ੍ਰੇਰਣਾ ਤੇ ਅਡੋਲ ਦਿ੍ਰੜਤਾ ਦਾ ਪਾਠ ਪੜ੍ਹਾਇਆ ਕਿ ਉਹ ਠੰਢੇ ਬੁਰਜ ਦੀ ਕੈਦ ਵੇਲੇ ਕਸ਼ਟ ਵਿਚ ਰਹਿ ਕੇ ਵੀ 25-26-27 ਦਸੰਬਰ ਨੂੰ ਵਜ਼ੀਰ ਖਾਂ ਦੀ ਕਚਹਿਰੀ ਵਿਚ ਅਨੇਕਾਂ ਡਰਾਂ, ਲਾਲਚਾਂ ਤੋਂ ਬਿਲਕੁਲ ਨਾ ਡੋਲੇ ਅਤੇ ਆਖ਼ਰ 27 ਦਸੰਬਰ ਨੂੰ ਹਕੁੂਮਤ ਵੱਲੋਂ ਕੰਧਾਂ ਵਿਚ ਚਿਣਵਾ ਕੇ ਦਿੱਤੀ ਗਈ ਸ਼ਹੀਦੀ ਨੂੰ ਵੀ ਚੜ੍ਹਦੀ ਕਲਾ ਵਿਚ ਰਹਿੰਦੇ ਹੋਏ ਪਰਵਾਨ ਕੀਤਾ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਉਪਰੰਤ ਮਾਤਾ ਗੁਜਰੀ ਜੀ ਵੀ ਸਵਾਸ ਤਿਆਗ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ।

ਇਕ ਲਿਖਾਰੀ ਭਾਈ ਦੁਨਾ ਸਿੰਘ ਹਡੂਰੀਆ ਨੇ ਆਪਣੀ ਪੁਸਤਕ ‘ਕਥਾ ਗੁਰੂ ਜੀ ਕੇ ਸੁਤਨ ਕੀ’ ਵਿਚ ਲਿਖਿਆ ਹੈ ‘ਰਜ ਕੋ ਪਾਇ ਪੀਪਲਹ ਬਾਂਧੇ, ਦੁਸ਼ਟ ਗੁਲੇਲੇ ਤੀਰ ਸੁ ਸਾਂਧੇ’ ਭਾਵ ਕਿ ਜ਼ਾਲਮਾਂ ਨੇ ਸ਼ਹਾਦਤ ਤੋਂ ਪਹਿਲਾਂ ਇਨ੍ਹਾਂ ਮਾਸੂਮ ਬੱਚਿਆਂ ਨੂੰ ਪਿੱਪਲ ਨਾਲ ਬੰਨ੍ਹ ਕੇ ਉਨ੍ਹਾਂ ਦੀਆਂ ਅੱਖਾਂ ਵਿਚ ਗੁਲੇਲੇ ਮਾਰੇ ਸਨ ਅਤੇ ਉਨ੍ਹਾਂ ਨੂੰ ਚਾਬਕ ਅਤੇ ਕੋਰੜੇ ਵੀ ਮਾਰੇ ਸਨ। ਇਕ ਇਤਿਹਾਸਕਾਰ ਨੇ ਆਪਣੀ ਲਿਖਤ ‘ਗੁਰਪ੍ਰਣਾਲੀ ਗੁਲਾਬ ਸਿੰਘ’ ਵਿਚ ਲਿਖਿਆ ਹੈ ਕਿ ‘ਸਵਾ ਪਹਰ ਦਿਨ ਚੜ੍ਹੇ ਕਾਮ ਭਯੋ ਹੈ’ ਭਾਵ ਸਵਾ ਪਹਿਰ ਦਿਨ ਚੜ੍ਹੇ ਸਾਹਿਬਜ਼ਾਦਿਆਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ ਜੋ ਸਮਾਂ ਸਵੇਰੇ 9.45 ਤੋਂ 11 ਵਜੇ ਤਕ ਇਤਿਹਾਸਕਾਰਾਂ ਨੇ ਬਣਾਇਆ ਅਤੇ ਇਹ ਸਮਾਂ ਸਮੁੱਚੀ ਸਿੱਖ ਕੌਮ ਅਤੇ ਨਾਨਕ ਨਾਮ ਲੇਵਾ ਸ਼ਰਧਾਲੂਆਂ ਲਈ ਗੁਰਬਾਣੀ ਨਾਲ ਜੁੜਣ ਅਤੇ ਗੰਭੀਰਤਾ ਨਾਲ ਇਨ੍ਹਾਂ ਦਰਦਨਾਕ ਪਲਾਂ ਦਾ ਅਹਿਸਾਸ ਕਰਨ ਦਾ ਸਮਾਂ ਹੁੰਦਾ ਹੈ।

ਇਸ ਸ਼ਹੀਦੀ ਸਥਾਨ ਉਪਰ ਅੱਜ ਗੁਰਦੁਆਰਾ ਸਾਹਿਬ ਜੋਤੀ ਸਰੂਪ ਸੁਸ਼ੋਭਤ ਹੈ ਜਿੱਥੇ ਲੱਖਾਂ ਹੀ ਸੰਗਤਾਂ ਸ਼ਹੀਦੀ ਦਿਨਾਂ ਵਿਚ ਸੀਸ ਝੁਕਾ ਦੇ ਸ਼ਰਧਾ ਦੇੇ ਫੁੱਲ ਭੇਟ ਕਰਦੀਆਂ ਹਨ ਪਰ ਦੂਜੇ ਪਾਸੇ ਗੰਗੂ ਅਤੇ ਸੁੱਚਾ ਨੰਦ ਜਿਹੇ ਵਿਸ਼ਵਾਸਘਾਤੀਆਂ ਦੇ ਕਿਤੇ ਨਾਮੋ ਨਿਸ਼ਾਨ ਹੀ ਨਹੀਂ ਲੱਭਦੇ। ਇੱਥੇ ਹੀ ਧੰਨ ਹਨ ਉਹ ਸੱਚੇ ਤੇ ਗੁਰੂ ਹਮਦਰਦੀ ਵਿਚ ਰੰਗੇ ਇਨਸਾਨ ਬਾਬਾ ਮੋਤੀ ਰਾਮ ਮਹਿਰਾ ਅਤੇ ਦੀਵਾਨ ਟੋਡਰ ਮਲ ਜਿਨ੍ਹਾਂ ਨੇ ਮੁਗ਼ਲ ਸਲਤਨਤ ਦੇ ਨੌਕਰ ਹੁੰਦੇ ਹੋਏ ਵੀ ਆਪਣੀਆਂ ਜਾਨਾਂ ਖ਼ਤਰੇ ਵਿਚ ਪਾ ਕੇ ਮਾਤਾ ਗੁਜਰੀ ਅਤੇ ਇਨ੍ਹਾਂ ਲਾਲਾਂ ਦੀ ਸੇਵਾ ਕੀਤੀ। ਬਾਬਾ ਮੋਤੀ ਰਾਮ ਮਹਿਰਾ ਮਾਤਾ ਅਤੇ ਬੱਚਿਆਂ ਨੂੰ ਠੰਢੇ ਬੁਰਜ ਵਿਚ ਚੋਰੀ ਦੁੱਧ ਪਿਲਾਉਂਦੇ ਰਹੇ ਜਿਸਦੀ ਸਜ਼ਾ ਵਜੋਂ ਹਕੁੂਮਤ ਨੇ ਉਨ੍ਹਾਂ ਨੂੰ ਪਰਿਵਾਰ ਸਮੇਤ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਸੀ, ਉਨ੍ਹਾਂ ਦੀ ਯਾਦਗਾਰ ਵਜੋਂ ਇੱਥੇ ਗੁਰਦੁਆਰਾ ਬਣਿਆ ਹੋਇਆ ਹੈ ਜਿੱਥੇ ਸੰਗਤਾਂ ਨਤਮਸਤਕ ਹੁੰਦੀਆਂ ਹਨ। ਇਵੇਂ ਹੀ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਉਪਰੰਤ ਕੋਈ ਵੀ ਪਰਿਵਾਰ ਉਨ੍ਹਾਂ ਦੀ ਅੰਤਿਮ ਸੰਸਕਾਰ ਕਰਨ ਦੀ ਹਿੰਮਤ ਹਕੂਮਤ ਦੇ ਡਰੋਂ ਨਹੀਂ ਕਰ ਰਿਹਾ ਸੀ ਪਰ ਦੀਵਾਨ ਟੋਡਰ ਮਲ ਨੇ ਸੰਸਕਾਰ ਲਈ ਜ਼ਮੀਨ ਸੋਨੇ ਦੀਆਂ ਮੋਹਰਾਂ ਵਿਛਾ ਕੇ ਸਭ ਤੋਂ ਮਹਿੰਗੇ ਮੱੁਲ ਖ਼ਰੀਦੀ ਸੀ ਅਤੇ ਪਰਿਵਾਰ ਨੂੰ ਨਾਲ ਲੈ ਕੇ ਇਨ੍ਹਾਂ ਸ਼ਹੀਦਾਂ ਦਾ ਸੰਸਕਾਰ ਕੀਤਾ ਸੀ। ਉਸਦੀ ਯਾਦ ਵਿਚ ਵੀ ਅੱਜ ‘ਦੀਵਾਨ ਟੋਡਰ ਮਲ ਹਾਲ’ ਬਣਿਆ ਹੋਇਆ ਹੈ ਜੋ ਉਸਦੀ ਸੇਵਾ ਸ਼ਰਧਾ ਦੀ ਯਾਦ ਤਾਜ਼ਾ ਕਰਦਾ ਹੈ ਅਤੇ ਹਰ ਇਨਸਾਨ ਨੂੰ ਇਕ ਸਿੱਖਿਆ ਵੀ ਦਿੰਦਾ ਹੈ। ਇਸੇ ਤਰ੍ਹਾਂ ਇਕ ਹੋਰ ਸੱਚੇ ਮੁਸਲਮਾਨ ਨਵਾਬ ਮਲੇਰਕੋਟਲਾ ਸ਼ੇਰ ਖਾਂ ਦਾ ਜ਼ਿਕਰ ਕਰਨਾ ਵੀ ਅਤਿ ਫ਼ਖਰਯੋਗ ਹੈ ਜਿਸ ਨੇ ਇਨ੍ਹਾਂ ਛੋਟੇ ਲਾਲਾਂ ਨੂੰ ਕੰਧਾਂ ਵਿਚ ਚਿਣੇ ਜਾਣ ਦਾ ਵਿਰੋਧ ਕਰਦੇ ਹੋਏ ਵਜ਼ੀਰ ਖਾਂ ਨਾਲ ਇਸ ਗੱਲੋਂ ਬਹਿਸ ਵੀ ਕੀਤੀ ਸੀ ਕਿ ਸਾਡਾ ਕੁਰਾਨ ਸ਼ਰੀਫ ਗ੍ਰੰਥ ਨਿਹੱਥੇ ਔਰਤਾਂ ਅਤੇ ਬੱਚਿਆਂ ਉੱਪਰ ਅਜਿਹਾ ਜ਼ੁਲਮ ਕਰਨ ਦੀ ਆਗਿਆ ਨਹੀਂ ਦਿੰਦਾ। ਇਸ ਰੋਸ ਵਜੋਂ ਉਹ ਉਠ ਕੇ ਚਲੇ ਗਏ ਸਨ। ਵੇਖਿਆ ਜਾਵੇ ਤਾਂ ਅੱਜ ਇਨ੍ਹਾਂ ਲਹੂ ਭਿੱਜੀਆਂ ਵੈਰਾਗਮਈ ਸ਼ਹਾਦਤਾਂ ਨੂੰ ਪੜ੍ਹ ਸੁਣ ਕੇ ਕੋਈ ਵੀ ਇਨਸਾਨ ਭਾਵੇਂ ਉਹ ਗ਼ੈਰ ਸਿੱਖ, ਗ਼ੈਰ ਪੰਜਾਬੀ, ਭਾਰਤੀ ਜਾਂ ਵਿਦੇਸ਼ੀ ਕਿਉਂ ਨਾ ਹੋਵੇ ਆਪਣੀਆਂ ਅੱਖਾਂ ਦੇ ਹੰਝੂ ਰੋਕ ਨਹੀਂ ਸਕਦਾ ਜਿਸ ਤੱਥ ਦੀ ਗਵਾਹੀ ਇਹ ਹੈ ਕਿ ਕੁੱਝ ਸਾਲ ਪਹਿਲਾਂ ਪੰਜਾਬ ਦੇ ਇਕ ਵਿਦਵਾਨ ਨੇ ਦੱਸਿਆ ਕਿ ਉਸ ਨੂੰ ਆਪਣੀ ਅਮਰੀਕਾ ਯਾਤਰਾ ਦੌਰਾਨ ਉਥੋਂ ਦੇ ਇਕ ਸੈਮੀਨਾਰ ਹਾਲ ਵਿਚ ਪ੍ਰਭੂ ਯਿਸੂ-ਮਸੀਹ ਦੇ ਸ਼ਹੀਦੀ ਦਿਹਾੜੇ ਉੱਪਰ ਬੋਲਣ ਦਾ ਜਦੋਂ ਮੌਕਾ ਮਿਲਿਆ ਸੀ ਤਾਂ ਉਨ੍ਹਾਂ ਨੇ ਇਸ ਪ੍ਰਤੀ ਬੋਲਦੇ ਹੋਏ ਆਪਣੇ ਭਾਸ਼ਣ ਨੂੰ ਸਰਹਿੰਦ ਦੀ ਸ਼ਹੀਦੀ ਦਾਸਤਾਨ ਦੱਸਣੀ ਸ਼ੁਰੂ ਕੀਤੀ ਤਾਂ ਸਾਹਮਣੇ ਬੈਠੇ ਸਰੋਤੇ ਬਹੁਤ ਭਾਵੁਕ ਤੇ ਹੰਝੂਗ੍ਰਸਤ ਹੋ ਗਏ ਸਨ ਅਤੇ ਔਰਤਾਂ ਆਪਣੇ ਬੱਚਿਆਂ ਨੂੰ ਵਾਰ-ਵਾਰ ਆਪਣੀ ਛਾਤੀ ਨਾਲ ਘੁੱਟਦੇ ਹੋਏ ਅੱਖਾਂ ਵਿੱਚ ਹੰਝੂ ਭਰੀ ਬੈਠੀਆਂ ਸਨ ਅਤੇ ਉਥੇ ਸੰਨਾਟਾ ਛਾਇਆ ਹੋਇਆ ਸੀ। ਜਾਪਦਾ ਸੀ ਕਿ ਉਹ ਲੋਕ ਪ੍ਰਭੂ ਯਿਸ-ਮਸੀਹ ਦੀ ਸ਼ਹਾਦਤ ਨਾਲੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਗਾਥਾ ਪ੍ਰਤੀ ਜ਼ਿਆਦਾ ਪੀੜਾ ਮਹਿਸੂਸ ਕਰ ਰਹੇ ਸਨ। ਭਾਸ਼ਣ ਖ਼ਤਮ ਹੋਣ ਉਪਰੰਤ ਉਹ ਸਾਰੇ ਬੜੇ ਭਾਵੁਕ ਹੋ ਕੇ ਇਹ ਪੁੱਛਣ ਲਗੇ ਕਿ ਕਿ੍ਰਪਾ ਕਰਕੇ ਦੱਸੋ ਕਿ ਗੁਰੂ ਜੀ ਦੇ ਇਹ ਸਾਹਿਬਜ਼ਾਦੇ ਇਸ ਤੋਂ ਪਹਿਲਾਂ ਅਜਿਹੀ ਕਿਹੜੀ ਸੰਗਤ ਵਿਚ ਰਹੇ ਜਿੱਥੋਂ ਇਨ੍ਹਾਂ ਨੂੰ ਇੰਨੇ ਤਿਆਗ ਅਤੇ ਅਟੱਲ ਇਰਾਦੇ ਵਾਲੀ ਸਿੱਖਿਆ ਮਿਲੀ। ਦੂਜਾ ਸਵਾਲ ਉਨ੍ਹਾਂ ਦਾ ਇਹ ਸੀ ਕਿ ਤੁਸੀਂ ਸਿੱਖ ਕੌਮ ਇਸ ਸ਼ਹਾਦਤ ਦੇ ਦਿਹਾੜੇ ਵੇਲੇ ਇਨ੍ਹਾਂ ਪਲਾਂ ਨੂੰ ਕਿਸ ਤਰ੍ਹਾਂ ਬਿਤਾਉਂਦੇ ਹੋ। ਉਸ ਵਿਦਵਾਨ ਨੇ ਕਿਹਾ ਕਿ ਪਹਿਲਾ ਜੁਆਬ ਤਾਂ ਮੈਂ ਬੜੇ ਅਰਾਮ ਨਾਲ ਦੇ ਦਿੱਤਾ ਕਿ ਦਾਦੀ ਮਾਤਾ ਗੁਜਰੀ ਜੀ ਇਨ੍ਹਾਂ ਨੂੰ ਆਪਣੇ ਦਾਦੇ ਦੇ ਦਾਦੇ ਗੁਰੂ ਅਰਜਨ ਦੇਵ ਜੀ ਅਤੇ ਦਾਦਾ ਗੁਰੂ ਤੇਗ ਬਹਾਦਰ ਜੀ ਹੋਰਾਂ ਦੇ ਬਲੀਦਾਨਾਂ ਬਾਰੇ ਅਤੇ ਹੋਰ ਸਿੱਖੀ ਸਿੱਦਕ ਵਾਲੇ ਸ਼ਹੀਦਾਂ ਬਾਰੇ ਸਿੱਖਿਆ ਦਿੰਦੇ ਰਹੇ ਸਨ ਪ੍ਰੰਤੂ ਦੂਜੇ ਸਵਾਲ ਦਾ ਜਵਾਬ ਮੈਂ ਕਿਵੇਂ ਦਿੰਦਾ ਕਿ ਸਾਡੀ ਸਿੱਖ ਕੌਮ ਇਨ੍ਹਾਂ ਪਲਾਂ ਨੂੰ ਕਿਵੇਂ ਮਨਾਉਂਦੀ ਹੈ ਕਿਉਂਕਿ ਅੱਜ ਸਾਡੇ ਸ਼ਹੀਦੀ ਅਸਥਾਨ ਫਤਿਹਗੜ੍ਹ ਸਾਹਿਬ (ਸਰਹਿੰਦ) ਵਿਖੇ ਨਤਮਸਤਕ ਹੁੰਦੀਆਂ ਸੰਗਤਾਂ ਦਰਮਿਆਨ ਸਾਡੇ ਸਿੱਖ ਅਖਵਾਉਣ ਵਾਲੇ ਪਰਿਵਾਰਾਂ ਦੇ ਬਹੁ-ਗਿਣਤੀ ਨੌਜਵਾਨ ਓਨੀ ਸ਼ਰਧਾ ਨਾਲ ਨਹੀਂ ਸਗੋਂ ਇਕ ਸਮਾਗਮ ਵਾਂਗ ਮਨਾਉਂਦੇ ਹਨ ਤੇ ਸਿੱਖੀ ਤੋਂ ਦੂਰ ਜਾ ਰਹੇ ਹਨ। ਇਹ ਸੱਚ ਹੈ ਕਿ ਪਿੰਡ ਖੇੜੀ ਗੰਗੂ ਰਸੋਈਏ ਦਾ ਪਿੰਡ ਸੀ ਜਿੱਥੋਂ ਉਸ ਨੇ ਆਪਣੇ ਘਰੋਂ ਮਾਤਾ ਜੀ ਤੇ ਛੋਟੇ ਸ਼ਾਹਿਬਜਾਦਿਆਂ ਨੂੰ ਗਿ੍ਰਫ਼ਤਾਰ ਕਰਵਾਇਆ ਸੀ, ਕੋਤਵਾਲੀ ਮੋਰਿੰਡਾ ਜਿੱਥੇ ਉਨ੍ਹਾਂ ਨੂੰ ਰਾਤ ਰੱਖਿਆ ਗਿਆ ਸੀ ਅਤੇ ਸਰਹਿੰਦ ਜਿੱਥੇ ਇਹ ਸ਼ਹੀਦ ਹੋਏ ਸਨ, ਇਨ੍ਹਾਂ ਦੇ ਆਸ ਪਾਸ ਵਾਲੇ ਪਿੰਡਾਂ ਦੇ ਲੋਕ ਇਨ੍ਹਾਂ ਸ਼ਹੀਦੀ ਦਿਨਾਂ ਵਿਚ ਸੋਗ ਵਜੋਂ ਕੋਈ ਵਿਆਹ ਜਾਂ ਖ਼ੁਸ਼ੀ ਸਮਾਰੋਹ ਨਹੀਂ ਸੀ ਕਰਦੇ ਪਰ ਅੱਜ ਤਾਂ ਸਭ ਕੁਝ ਹੋ ਰਿਹਾ ਹੈ। ਅੱਜ ਤਾਂ ਸਾਡੇ ਕਈ ਧਾਰਮਿਕ ਆਗੂ ਵੀ ਸਿਆਸਤ ਦੇ ਪ੍ਰਭਾਵ ਵਿੱਚ ਇੱਥੇ ਹੁੰਦੀਆਂ ਕਾਨਫੰਰਸਾਂ ਵੇਲੇ ਇਕ ਦੂਜੇ ੳੱੁਪਰ ਦੁੂਸ਼ਣਬਾਜ਼ੀ ਦਾ ਚਿੱਕੜ ਜ਼ਿਆਦਾ ਸੁਟੱਦੇ ਹਨ ਪਰ ਸ਼ਹੀਦੀ ਇਤਿਹਾਸ ਦਾ ਜ਼ਿਕਰ ਘੱਟ ਕਰਦੇ ਹਨ ਜਦੋਂ ਕਿ ਇਸਾਈ ਧਰਮ ਦੇ ਲੋਕ ਅੱਜ ਕਰੀਬ ਦੋ ਹਜ਼ਾਰ ਸਾਲਾਂ ਬਾਅਦ ਵੀ ਆਪਣੇ ਪ੍ਰਭੂ ਯਿਸੂ-ਮਸੀਹ ਨੂੰ ਸਲੀਬ ਉਪਰ ਟੰਗੇ ਹੋਏ ਮਹਿਸੂਸ ਕਰਦੇ ਹਨ । ਇਵੇਂ ਹੀ ਮੁਸਲਿਮ ਲੋਕ ਅੱਜ 1322 ਸਾਲ ਬਾਅਦ ਵੀ ਮੁਹਰਮ ਵਾਲੇ ਦਿਨ ਆਪਣੇ ਆਪ ਨੂੰ ‘ਕਰਬਲਾ’ ਦੀ ਦਰਦਨਾਕ ਸ਼ਹੀਦੀ ਘਟਨਾ ਦੇ ਦਰਦ ਦਾ ਦਿਲੋਂ ਅਹਿਸਾਸ ਕਰਦੇ ਹਨ ਕਿਉਂਕਿ ਇਸ ਦਿਨ ਉਨ੍ਹਾਂ ਦੇ ਪੈਗੰਬਰ ਮੁਹੰਮਦ ਸਾਹਿਬ ਦੇ ਦੋ ਛੋਟੇ ਮਾਸੂਮ ਬੱਚਿਆਂ ਨੂੰ ਕਈ ਦਿਨ ਭੁੱਖੇ ਰੱਖ ਕੇ ਤੇ ਬੜੇ ਤਸੀਹੇ ਦੇ ਕੇ ਇਥੇ ਸ਼ਹੀਦ ਕੀਤਾ ਗਿਆ ਸੀ।

ਸਰਬੰਦਾਨੀ ਦਸਮੇਸ਼ ਗੁਰੂ ਜੀ ਨੇ ਤਾਂ ਇਨ੍ਹਾਂ ਸ਼ਹਾਦਤਾਂ ਉਪਰੰਤ ਅਕਾਲ ਪੁਰਖ ਦਾ ਸ਼ੁਕਰਾਨਾ ਹੀ ਕੀਤਾ ਸੀ ਕਿ :

ਮੁਝ ਤੇ ਆਜ ਤੇਰੀ ਅਮਾਨਤ

ਅਦਾ ਹੁਈ।

ਬੇਟੋਂ ਕੀ ਜਾਂਅ ਧਰਮ ਕੀ ਖਾਤਰ ਫ਼ਿਦਾ ਹੁਈ।

ਗੁਰੂ ਜੀ ਨੇ ਤਾਂ ਇਹ ਵੀ ਫਰਮਾਇਆ ਸੀ ਕਿ :

ਇਨ ਪੁਤਰਨ ਕੇ ਨਾਮ ਪਰ ਵਾਰ

ਦੀਏ ਸੁਤ ਚਾਰ,

ਚਾਰ ਮੁੂਏ ਤੋਂ ਕਿਆ ਹੂਆ ਜੀਵਤ ਕਈ ਹਜ਼ਾਰ।

ਅੱਜ ਜਦੋਂ ਇਸ ਸ਼ਹੀਦੀ ਅਸਥਾਨ ਦੇ ਦਰਸ਼ਨ ਕਰਦੇ ਹਾਂ ਤਾਂ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਸ਼ਹੀਦੀ ਦੀਵਾਰ ’ਚੋਂ ਇਹ ਅਵਾਜ਼ਾਂ ਆ ਰਹੀਆਂ ਹੋਣ :

ਹਮ ਜਾਨ ਦੇਕਰ ਦੇਸ਼ ਕੌਮ ਕੀ ਜਾਨੇ ਬਚਾ ਚਲੇ,

ਸਿੱਖੀ ਕੀ ਨ੍ਹੀਂਵ ਹਮ ਸਰੋਂ ਪਰ ਉਠਾ ਚਲੇ।

ਸੋ ਅੱਜ ਅਸੀਂ ਦੇਖਣਾ ਹੈ ਕਿ ਜੋ ਗੁਰੂ ਜੀ ਨੇ ਸਾਨੂੰ ਆਪਣੇ ਪੁੱਤਰ ਬਣਾਇਆ ਸੀ ਤਾਂ ਅਸੀਂ ਉਨ੍ਹਾਂ ਦੀ ਪ੍ਰਤੀ ਆਪਣਾ ਕੀ ਫ਼ਰਜ਼ ਨਿਭਾ ਰਹੇ ਹਾਂ।

 

ਦਲਬੀਰ ਸਿੰਘ ਧਾਲੀਵਾਲ