ਗੁਰੂ ਨਾਨਕ ਬਾਣੀ 'ਚ ਵਹਿਮਾਂ-ਭਰਮਾਂ ਦਾ ਖੰਡਨ

ਗੁਰੂ ਨਾਨਕ ਬਾਣੀ 'ਚ ਵਹਿਮਾਂ-ਭਰਮਾਂ ਦਾ ਖੰਡਨ

ਡਾਕਟਰ ਇੰਦਰਜੀਤ ਸਿੰਘ ਗੋਗੋਆਣੀ

-ਪ੍ਰਿੰਸੀਪਲ, ਖ਼ਾਲਸਾ ਕਾਲਜ ਸੀ: ਸੈ: ਸਕੂਲ, ਅੰਮ੍ਰਿਤਸਰ।

ਯੁੱਗ ਕੋਈ ਵੀ ਹੋਵੇ ਵਹਿਮਾਂ-ਭਰਮਾਂ ਦੀ ਧੁੰਦ ਕਿਸੇ ਸਮਾਜ ਲਈ ਸਭ ਤੋਂ ਵਧ ਖ਼ਤਰਨਾਕ ਤੇ ਸ਼ੋਸ਼ਣਕਾਰੀ ਹੁੰਦੀ ਹੈ। ਗੁਰਬਾਣੀ ਦੇ ਸਰਬਕਾਲੀ ਅਰਥ ਆਪ ਹੀ ਸਪੱਸ਼ਟ ਹੋ ਜਾਣਗੇ ਜੇ ਕਰ 'ਮਹਲਾ ਪਹਿਲਾ' ਭਾਵ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਨੁਸਾਰ ਹੀ ਲੋਕ ਭਰਮਾਂ ਦੇ ਵਿਸ਼ੇ ਦੀ ਗੱਲ ਕਰੀਏ। ਇਹ ਗੁਰੂ ਨਾਨਕ ਬਾਣੀ ਰੂਪੀ ਅਮੁੱਲ ਖ਼ਜ਼ਾਨਾ ਸਮੁੱਚੇ ਸਮਾਜ ਨੂੰ ਭਰਮ ਮੁਕਤ ਕਰਦਾ ਹੈ। ਭਾਰਤੀ ਸਮਾਜ ਵਿਚ ਬੁਰੇ ਕਾਰਜ ਦੀ ਸਿੱਧੀ ਲਈ ਕੀਤਾ ਜਾਂਦਾ ਕਾਰਜ 'ਕਾਲਾ ਇਲਮ' ਤੇ ਭਲੇ ਕਾਰਜ ਦੀ ਸਿੱਧੀ ਲਈ ਕੀਤੇ ਜਾਂਦੇ ਕਾਰਜ ਲਈ 'ਚਿੱਟਾ ਇਲਮ' ਸ਼ਬਦ ਪ੍ਰਚਲਤ ਹੈ। ਕਾਲੇ ਇਲਮ ਵਿਚ ਤਿੰਨ ਪ੍ਰਕਾਰ ਦੀ ਵਿੱਦਿਆ ਹੈ, 'ਜੰਤਰ, ਮੰਤਰ ਤੇ ਤੰਤਰ'। ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੀ ਬਾਣੀ ਵਿਚ ਇਸ ਭਰਮ ਭਰਪੂਰ ਲੋਕ ਮਨਾਉਤ ਨੂੰ ਇਸ ਤਰ੍ਹਾਂ ਵਰਣਨ ਕੀਤਾ ਹੈ ਕਿ ਮੈਂ ਤੰਤਰ-ਮੰਤਰ ਆਦਿ ਪਾਖੰਡ ਨੂੰ ਕੁਝ ਨਹੀਂ ਜਾਣਦਾ, ਕਿਉਂਕਿ ਪ੍ਰਭੂ ਦਾ ਨਾਮ ਮੇਰੇ ਹਿਰਦੇ ਵਿਚ ਹੈ। ਫੁਰਮਾਣ ਹੈ:

ਤੰਤੁ ਮੰਤੁ ਪਾਖੰਡੁ ਨ ਜਾਣਾ ਰਾਮੁ ਰਿਦੈ ਮਨੁ ਮਾਨਿਆ॥

ਅੰਜਨੁ ਨਾਮੁ ਤਿਸੈ ਤੇ ਸੂਝੈ ਗੁਰ ਸਬਦੀ ਸਚੁ ਜਾਨਿਆ॥

(ਸੂਹੀ ਮਹਲਾ 1, ਅੰਗ : 766)

ਇਸ ਭਰਮ ਦੇ ਨਾਲ ਇਕ ਹੋਰ ਵੱਡਾ ਭਰਮ ਲੋਕ ਮਾਨਸਿਕਤਾ ਵਿਚ ਹੈ ਕਿ ਕਬਰਾਂ-ਮੜ੍ਹੀਆਂ ਦੇ ਨਾਉਂ ਉਤੇ ਮੁਰਦਿਆਂ ਦੀ ਪੂਜਾ ਹੁੰਦੀ ਹੈ। ਮੁਰਦੇ ਖ਼ਿਆਲਾਂ ਵਿਚ ਮੁਰਦੇ ਪੂਜਣ ਦੀ ਭਾਵਨਾ ਕਿਸੇ ਸਮਾਜ ਦੇ ਵਿਕਾਸ ਵਿਚ ਵੱਡੀ ਰੁਕਾਵਟ ਹੁੰਦੀ ਹੈ। ਇਸ ਤਰ੍ਹਾਂ ਮਨੁੱਖ ਅਨੇਕ ਪ੍ਰਕਾਰ ਦੇ ਕਈ ਭਰਮ ਸਿਰਜ ਕੇ ਡਰੂ ਬਿਰਤੀ ਵਾਲਾ ਹੋ ਕੇ ਰਹਿ ਜਾਂਦਾ ਹੈ। ਗੁਰੂ ਜੀ ਨੇ ਇਸ ਤਰ੍ਹਾਂ ਦੀ ਮੰਨਤਾ ਵਾਲੇ ਭਰਮੀਆਂ ਪ੍ਰਤੀ ਉਪਦੇਸ਼ ਦਿੱਤਾ ਹੈ:

ਦੁਬਿਧਾ ਨ ਪੜਉ ਹਰਿ ਬਿਨੁ ਹੋਰੁ

ਨ ਪੂਜਉ ਮੜੈ ਮਸਾਣਿ ਨ ਜਾਈ॥

ਤ੍ਰਿਸਨਾ ਰਾਚਿ ਨ ਪਰ ਘਰਿ

ਜਾਵਾ ਤ੍ਰਿਸਨਾ ਨਾਮਿ ਬੁਝਾਈ॥

(ਸੋਰਠਿ ਮਹਲਾ 1, ਅੰਗ : 634)

ਇਸ ਤਰ੍ਹਾਂ ਭਰਮੀ ਮਾਨਸਿਕਤਾ ਵਾਲੇ ਸਮਾਜ ਪ੍ਰਤੀ ਸਪੱਸ਼ਟ ਹੈ ਕਿ ਉਹ ਕਬਰਾਂ, ਮੜ੍ਹੀਆਂ, ਮਸਾਣਾਂ 'ਤੇ ਦੁੱਧ-ਖੀਰ ਜਾਂ ਸ਼ਰਾਬ ਦੇ ਚੜ੍ਹਾਵੇ ਚੜ੍ਹਾਉਂਦਾ ਹੈ। ਜੀਵ-ਜੰਤੂਆਂ ਦੀ ਬਲੀ ਤੋਂ ਲੈ ਕੇ ਮਨੁੱਖੀ ਬੱਚਿਆਂ ਦੀ ਬਲੀ ਦੇਣ ਤੱਕ ਦੀਆਂ ਖ਼ਬਰਾਂ ਵੀ ਭਰਮੀ ਸਮਾਜ ਵਿਚੋਂ ਮਿਲ ਜਾਂਦੀਆਂ ਹਨ। ਐਸੇ ਸਮਾਜ ਦੀ ਤਸਵੀਰ ਪੇਸ਼ ਕਰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ:

ਗਿਆਨ ਹੀਣੰ ਅਗਿਆਨ ਪੂਜਾ॥

ਅੰਧ ਵਰਤਾਵਾ ਭਾਉ ਦੂਜਾ॥

(ਸਲੋਕ ਵਾਰਾਂ ਤੇ ਵਧੀਕ, ਮ: 1, ਅੰਗ : 1412)

ਦੂਜਾ ਭਾਉ ਹਮੇਸ਼ਾਂ ਦੁਬਿਧਾ ਨੂੰ ਜਨਮ ਦਿੰਦਾ ਹੈ ਤੇ ਦੋ ਵਿਚਾਰਾਂ ਰੱਖਣ ਵਾਲਾ ਮਨੁੱਖ ਕਦੇ ਵੀ ਸਿਧਾਂਤਕ ਤੌਰ 'ਤੇ ਸਪੱਸ਼ਟ ਨਹੀਂ ਹੁੰਦਾ। ਜੋ ਸਪੱਸ਼ਟ ਨਹੀਂ, ਉਸ ਦਾ ਫ਼ੈਸਲਾ ਤੇ ਮੰਨਤਾ-ਮਨਾਉਤ ਵੀ ਦੋਧਾਰੀ ਹੋਵੇਗੀ। ਦੋ ਵਿਚਾਰ ਟਕਰਾਉਂਦੇ ਹੋਏ ਕੇਵਲ ਮਾਨਸਿਕ ਚਿੰਤਾ ਨੂੰ ਜਨਮ ਦੇਣਗੇ। ਰਾਗ ਬਸੰਤ ਵਿਚ ਗੁਰੂ ਜੀ ਫੁਰਮਾਉਂਦੇ ਹਨ ਕਿ ਦੁਬਿਧਾ ਦੁਰਮਤ ਹੈ ਤੇ ਇਸ ਵਿਚ ਕੀਤੀ ਹੋਈ ਕਾਰ ਕੇਵਲ ਅਗਿਆਨਤਾ ਵਾਲੀ ਹੁੰਦੀ ਹੈ। ਇਸ ਤਰ੍ਹਾਂ ਮਨਮੁਖ ਸਦਾ ਹਨੇਰੇ ਵਿਚ ਹੀ ਭਟਕਦਾ ਹੈ:

ਦੁਬਿਧਾ ਦੁਰਮਤਿ ਅਧੁਲੀ ਕਾਰ॥

ਮਨਮੁਖਿ ਭਰਮੈ ਮਝਿ ਗੁਬਾਰ॥

(ਬਸੰਤ ਮਹਲਾ 1, ਅੰਗ : 1190)

ਭਰਮੀ ਸਮਾਜ ਨੂੰ ਸ਼ੈਤਾਨ ਲੋਕ ਹਮੇਸ਼ਾ ਲੁੱਟਦੇ ਹਨ, ਕਿਉਂਕਿ ਭਰਮੀ ਮਨੁੱਖ ਨੂੰ ਹੋਰ ਭਰਮਾਂ ਵਿਚ ਪਾਉਣਾ ਬਹੁਤ ਸੌਖਾ ਹੁੰਦਾ ਹੈ, ਜਿਵੇਂ ਡਰੇ ਹੋਏ ਨੂੰ ਡਰਾਉਣਾ ਸੁਖਾਲਾ ਹੁੰਦਾ ਹੈ। ਦਿਨਾਂ-ਦਿਹਾਰਾਂ ਦੇ ਭਰਮ, ਥਿਤਾਂ-ਵਾਰਾਂ ਦੀਆਂ ਵੀਚਾਰਾਂ, ਸੂਰਜ-ਚੰਦ ਗ੍ਰਹਿਣ ਦਾ ਡਰ, ਧਾਗੇ-ਤਵੀਤਾਂ ਦਾ ਹਊਆ ਵਹਿਮੀ ਸਮਾਜ ਦੇ ਮਨਾਂ ਉੱਪਰ ਬੇਲੋੜਾ ਬੋਝ ਹੈ। ਗੁਰੂ ਜੀ ਜਗਤ ਗੁਰੂ ਬਾਬਾ ਸਨ ਤੇ ਉਹਨਾਂ ਨੇ 'ਨਿਰਭਉ ਤੇ ਨਿਰਵੈਰੁ' ਪ੍ਰਭੂ ਦਾ ਸਿਮਰਨ ਕਰਨ ਦਾ ਉਪਦੇਸ਼ ਦੇ ਕੇ ਸੰਸਾਰ ਨੂੰ ਵੀ ਨਿਰਭਉ ਤੇ ਨਿਰਵੈਰ ਹੋਣ ਦੀ ਪ੍ਰੇਰਨਾ ਦਿੱਤੀ। ਪੱਤਰੀਆਂ ਵਾਚ ਕੇ ਸਮਾਜ ਨੂੰ ਗੁੰਮਰਾਹ ਕਰਨ ਵਾਲਿਆਂ ਪ੍ਰਤੀ ਗੁਰੂ ਜੀ ਨੇ ਫੁਰਮਾਇਆ ਹੈ:

ਗਣਿ ਗਣਿ ਜੋਤਕੁ ਕਾਂਡੀ ਕੀਨੀ॥

ਪੜੈ ਸੁਣਾਵੈ ਤਤੁ ਨ ਚੀਨੀ॥

ਸਭਸੈ ਊਪਰਿ ਗੁਰ ਸਬਦੁ ਬੀਚਾਰੁ॥

ਹੋਰ ਕਥਨੀ ਬਦਉ ਨ ਸਗਲੀ ਛਾਰੁ॥

(ਰਾਮਕਲੀ ਮਹਲਾ 1, ਅੰਗ : 904)

ਭਾਵ ਗੁਰੂ ਦੇ ਸ਼ਬਦ ਦੀ ਵੀਚਾਰ ਸਭ ਤੋਂ ਉਪਰ ਹੈ, ਬਾਕੀ ਗੱਲਾਂ ਵਿਅਰਥ ਹਨ ਅਤੇ ਜੋ ਗਿਣਤੀਆਂ ਗਿਣ-ਗਿਣ ਕੇ ਜਨਮ-ਪੱਤਰੀ ਬਣਾਉਂਦਾ ਹੈ, ਉਹ ਸੱਚ ਨੂੰ ਨਹੀਂ ਸਮਝਦਾ। ਭਰਮੀ ਤੇ ਅੰਧ-ਵਿਸ਼ਵਾਸੀ ਸਮਾਜ ਵਿਚ ਮੱਕਰ ਫ਼ਰੇਬ ਨਾਲ ਲੋਕਾਈ ਦਾ ਸ਼ੋਸ਼ਣ ਕਰਨ ਵਾਲਿਆਂ ਦੇ ਗਰੋਹ ਬਣਦੇ ਹਨ। ਗੁਰੂ ਜੀ ਨੇ ਇਕ ਤਸਵੀਰ ਪੇਸ਼ ਕੀਤੀ ਹੈ:

ਗਿਆਨ ਵਿਹੂਣਾ ਗਾਵੈ ਗੀਤ॥

ਭੁਖੇ ਮੁਲਾਂ ਘਰੇ ਮਸੀਤਿ॥

ਮਖਟੂ ਹੋਇ ਕੈ ਕੰਨ ਪੜਾਏ॥

ਫਕਰੁ ਕਰੇ ਹੋਰੁ ਜਾਤਿ ਸਦਾਏ॥

(ਅੰਗ : 1245)

ਇੱਥੇ ਗਿਆਨ ਤੋਂ ਸੱਖਣਾ ਦੂਜਿਆਂ ਨੂੰ ਭਜਨ ਗਾ-ਗਾ ਕੇ ਸੁਣਾਉਂਦਾ ਅਤੇ ਭੁੱਖੇ ਮੁੱਲ੍ਹਾਂ ਨੇ ਰੋਟੀ-ਰੋਜ਼ੀ ਲਈ ਘਰ ਵਿਚ ਹੀ ਅਡੰਬਰ ਰਚ ਲਿਆ। ਵਿਹਲੜ ਬੰਦਾ ਕੰਨ ਪੜਵਾ ਕੇ ਫ਼ਕੀਰ ਬਣਿਆਂ ਰੋਟੀ ਦਾ ਜੁਗਾੜ ਬਣਾਈ ਬੈਠਾ ਹੈ। ਅੱਗੇ ਗੁਰੂ ਜੀ ਨੇ ਕਿਰਤ ਵਿਹੂਣੇ ਗੁਰੂ-ਪੀਰਾਂ ਤੋਂ ਸਮਾਜ ਨੂੰ ਜਾਗ੍ਰਤ ਕੀਤਾ:

ਗੁਰੁ ਪੀਰੁ ਸਦਾਏ ਮੰਗਣ ਜਾਇ॥

ਤਾ ਕੈ ਮੂਲਿ ਨ ਲਗੀਐ ਪਾਇ॥

(ਅੰਗ : 1245)

ਇਸ ਸ਼ਬਦ ਦੇ ਅੰਤ ਵਿਚ ਸਿੱਟਾ ਕੱਢਿਆ ਹੈ ਕਿ ਜੋ ਮਿਹਨਤ ਨਾਲ ਕਮਾ ਕੇ ਖਾਂਦੇ ਹਨ, ਐਸੇ ਮਨੁੱਖ ਜੀਵਨ ਦੀ ਜੁਗਤ ਨੂੰ ਪਹਿਚਾਣਦੇ ਹਨ:

ਘਾਲਿ ਖਾਇ ਕਿਛੁ ਹਥਹੁ ਦੇਇ॥

ਨਾਨਕ ਰਾਹੁ ਪਛਾਣਹਿ ਸੇਇ॥ (ਅੰਗ : 1245)

ਦਰਅਸਲ ਕਿਰਤ ਵਿਹੂਣਾ ਨਿਖੱਟੂ ਵਰਗ ਕਈ ਵਾਰੀ ਅੰਧ-ਵਿਸ਼ਵਾਸ ਤੇ ਝੂਠੀਆਂ ਅਫ਼ਵਾਹਾਂ ਫੈਲਾ ਕੇ ਭੋਲੇ ਭਾਲੇ ਸਮਾਜ ਨੂੰ ਆਪਣੇ ਵੱਲ ਆਕਰਸ਼ਤ ਕਰ ਲਂੈਦਾ ਹੈ। ਫਿਰ ਇਨ੍ਹਾਂ ਦੇ ਚੁੰਗਲ ਵਿਚ ਫਸਿਆ ਹੋਇਆ ਸਮਾਜ ਗਿਆਨ ਪ੍ਰਾਪਤੀ ਤੋਂ ਬਿਨਾਂ ਛੁਟਕਾਰਾ ਨਹੀਂ ਪਾ ਸਕਦਾ। ਇਸ ਤਰ੍ਹਾਂ ਦੇ ਲੋਕਾਂ ਦੀ ਦਸ਼ਾ ਦਾ ਵਰਣਨ ਹੈ:

ਅੰਧੀ ਕੰਮੀ ਅੰਧੁ ਮਨੁ ਮਨਿ ਅੰਧੈ ਤਨੁ ਅੰਧੁ॥

(ਵਾਰ ਮਲਾਰ ਕੀ, ਮਹਲਾ 1, ਅੰਗ : 1287)

ਅੱਜ ਵੀ ਭ੍ਰਿਸ਼ਟਾਚਾਰ ਤੋਂ ਲੈ ਕੇ ਸਾਧਾਰਨ ਰਿਸ਼ਵਤਖੋਰੀ, ਮਿਲਾਵਟਖੋਰੀ ਤੇ ਹਰ ਕਿਸਮ ਦੀ ਲੁੱਟ-ਖੋਹ ਆਮ ਜਨਤਾ ਦੀ ਰੱਤ ਪੀਣ ਸਮਾਨ ਹੈ। ਸਾਡੇ ਸਮਾਜ ਦਾ ਇਹ ਵੀ ਇਕ ਭਰਮ ਹੈ ਕਿ ਕੱਪੜਿਆਂ ਨੂੰ ਰੱਤ ਲੱਗ ਜਾਵੇ ਤਾਂ ਅਸੀਂ ਜਾਮਾ ਪਲੀਤ ਹੋਇਆ ਸਮਝਦੇ ਹਾਂ, ਪਰ ਜਿਹੜੇ ਲੋਕ ਮਾਨਵਤਾ ਦੀ ਰੱਤ ਪੀਂਦੇ ਜਾਂ ਸ਼ੋਸ਼ਣ ਕਰਦੇ ਹਨ ਤਾਂ ਫਿਰ ਉਹ ਨਿਰਮਲ ਜਾਂ ਪਵਿੱਤਰ ਕਿਵੇਂ ਹੋ ਸਕਦੇ ਹਨ? ਗੁਰੂ ਜੀ ਦਾ ਸੰਦੇਸ਼ ਐਸੀ ਵਹਿਮੀ ਮਾਨਸਿਕਤਾ ਵਾਲੇ ਸਮਾਜ ਨੂੰ ਪ੍ਰੇਰਦਾ ਹੈ:

ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ॥

ਜੋ ਰਤੁ ਪੀਵਹਿ ਮਾਣਸਾ

ਤਿਨ ਕਿਉ ਨਿਰਮਲੁ ਚੀਤੁ॥

(ਮਾਝ ਮਹਲਾ 1, ਅੰਗ : 140)

ਭਾਵੇਂ ਇਸ ਧਰਤੀ 'ਤੇ ਕਿਰਤ ਕਰਨ ਵਾਲੇ, ਨਾਮ ਜਪਣ ਵਾਲੇ ਤੇ ਵੰਡ ਛਕਣ ਵਾਲੇ ਭਲੇ ਪੁਰਖਾਂ ਦੀ ਵੀ ਬਹੁਤਾਤ ਹੈ, ਜਿਹਨਾਂ ਦੇ ਜੀਵਨ ਵਿਚੋਂ ਗੁਰੂ ਨਾਨਕ ਸਿੱਖਿਆ ਪ੍ਰਤੱਖ ਝਲਕਦੀ ਹੈ, ਪਰ ਸਿੱਕੇ ਦੇ ਦੂਜੇ ਪਾਸੇ ਵਾਂਗ ਧਾਗੇ ਤਵੀਤ ਕਰਨ ਤੋਂ ਲੈ ਕੇ ਲਿਖ-ਲਿਖ ਕੇ ਮੰਤਰ ਤੇ ਨਾਮ ਵੇਚਣ ਵਾਲੇ ਵੀ ਸਾਧਾਰਨ ਮਾਨਵਤਾ ਨੂੰ ਭਰਮ ਪਾ ਕੇ ਲੁੱਟਣ ਲਈ ਵੱਡੀ ਗਿਣਤੀ 'ਚ ਕਾਰਜਸ਼ੀਲ ਹਨ। ਗੁਰੂ ਜੀ ਦੇ ਇਹ ਬਚਨ ਜਾਗ੍ਰਤ ਕਰਦੇ ਹਨ:

ਧ੍ਰਿਗ ਤਿਨਾ ਕਾ ਜੀਵਿਆ

ਜਿ ਲਿਖ ਲਿਖ ਵੇਚਹਿ ਨਾਉ॥

(ਸਾਰੰਗ ਕੀ ਵਾਰ, ਮਹਲਾ 1, ਅੰਗ : 1245)

ਤੱਤਸਾਰ ਵਜੋਂ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਸਮੂਹ ਸਮਾਜ ਨੂੰ ਭਰਮ ਮੁਕਤ ਕਰਦੀ ਹੈ ਅਤੇ ਹਰ ਯੁੱਗ ਵਿਚ ਵਿਸ਼ਵ ਨੂੰ ਮਹਾਨ ਸੰਦੇਸ਼ ਹੈ। ਗੁਰੂ ਜੀ ਨੇ ਰਾਗ ਸੂਹੀ ਵਿਚ ਸ਼ਬਦ ਉਚਾਰਿਆ ਹੈ, ਜਿਸ ਦੇ ਭਾਵ ਅਰਥ ਹਨ ਕਿ ਜਿਵੇਂ ਦੀਵੇ ਦੇ ਜਗਣ ਨਾਲ ਹਨੇਰਾ ਦੂਰ ਹੋ ਜਾਂਦਾ ਹੈ, ਤਿਵੇਂ ਹੀ ਦੀਰਘ ਵਿਚਾਰ ਨਾਲ ਕੀਤੇ ਧਰਮ ਪੁਸਤਕਾਂ ਦੇ ਪਾਠ ਪਾਪਾਂ ਦੀ ਮੱਤ ਦਾ ਕਲਿਆਣ ਕਰ ਦਿੰਦੇ ਹਨ। ਜਿਵੇਂ ਸੂਰਜ ਦੇ ਪ੍ਰਕਾਸ਼ ਹੋਣ ਨਾਲ ਰਾਤ ਦਾ ਹਨੇਰਾ ਦਿਖਾਈ ਨਹੀਂ ਦਿੰਦਾ, ਇਸੇ ਤਰ੍ਹਾਂ ਗਿਆਨ ਦਾ ਪ੍ਰਕਾਸ਼ ਹੋਣ ਨਾਲ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ। ਫੁਰਮਾਣ ਹੈ:

ਦੀਵਾ ਬਲੈ ਅੰਧੇਰਾ ਜਾਇ॥

ਬੇਦ ਪਾਠ ਮਤਿ ਪਾਪਾ ਖਾਇ॥

ਉਗਵੈ ਸੂਰੁ ਨ ਜਾਪੈ ਚੰਦੁ॥

ਜਹ ਗਿਆਨ ਪ੍ਰਗਾਸੁ ਅਗਿਆਨੁ ਮਿਟੰਤੁ॥

(ਅੰਗ : 791)