ਪੰਜਾਬ ਦਾ ਨਵਾਂ ਮੁੱਖ ਮੰਤਰੀ ਅਤੇ ਜਾਤੀ ਸਮੀਕਰਨ

ਪੰਜਾਬ ਦਾ ਨਵਾਂ ਮੁੱਖ ਮੰਤਰੀ ਅਤੇ ਜਾਤੀ ਸਮੀਕਰਨ

ਚਰਨਜੀਤ ਸਿੰਘ ਚੰਨੀ ਦੀ ਇਹ ਵਿਸ਼ੇਸ਼ਤਾ ਹੈ ਕਿ ਉਹ ਸ਼ਕਤੀਸ਼ਾਲੀ ਰਾਜਨੇਤਾਵਾਂ ਜਾਂ ਨੌਕਰਸ਼ਾਹਾਂ ਦਾ ਪ੍ਰਤੀਨਿਧੀ ਨਹੀਂ ਹੈ

ਜਿਵੇਂ ਜਿਵੇਂ ਪੰਜਾਬ ਵਿਧਾਨ ਸਭਾ ਦੀਆਂ ਫਰਵਰੀ ੨੦੨੨ ਵਿਚ ਹੋਣ ਵਾਲੀਆਂ ਚੋਣਾਂ ਨੇੜੇ ਆ ਰਹੀਆਂ ਹਨ, ਜਾਤੀ, ਧਰਮ ਅਤੇ ਪਛਾਣ ਅਧਾਰਿਤ ਰਾਜਨੀਤੀ ਓਵੇਂ-ਓਵੇਂ ਹੋਰ ਤੇਜ਼ ਹੋ ਰਹੀ ਹੈ।ਧਰਮ ਅਤੇ ਜਾਤ ਸ਼ੁਰੂ ਤੋਂ ਹੀ ਭਾਰਤੀ ਰਾਜਨੀਤੀ ਵਿਚ ਸ਼ਰਾਪ ਹਨ।ਧਰਮ ਅਤੇ ਜਾਤੀ ਪਛਾਣ ਉਸ ਕੰਢਿਆਲੀ ਤਾਰ ਦੀ ਤਰਾਂ ਹਨ ਜੋ ਕਿ ਭਾਈਚਾਰਿਆਂ ਨੂੰ ਅਲੱਗ-ਅਲੱਗ ਕਰਦੀ ਹੈ।ਭਾਰਤ ਦੀ ਅਜ਼ਾਦੀ ਦੇ ਪਝੱਤਰ ਵਰ੍ਹਿਆਂ ਬਾਅਦ ਇਸ ਕੰਢਿਆਲੀ ਤਾਰ ਨੂੰ ਹਟਾਉਣ ਦੀ ਜ਼ਰੂਰਤ ਹੈ ਜੋ ਕਿ ਭਾਰਤੀ ਰਾਜਨੀਤੀ ਲਈ ਸ਼ਰਾਪ ਬਣ ਚੁੱਕੀ ਹੈ।ਸਮਾਜ ਦੇ ਹੇਠਲੇ ਤਬਕੇ ਨਾਲ ਸੰਬੰਧਿਤ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਵਿਚ ਧਰਮ ਅਤੇ ਜਾਤ ਦਾ ਮੁੱਦਾ ਫਿਰ ਤੋਂ ਭਖ਼ ਗਿਆ ਹੈ।ਪਛਾਣ ਅਧਾਰਿਤ ਰਾਜਨੀਤੀ ਦੇ ਬੀਜ ਬਸਤੀਵਾਦੀ ਹਕੂਮਤ ਦੁਆਰਾ ਬੀਜੇ ਗਏ ਸਨ ਜਿਸ ਨੇ ਵੱਖਰੇ ਚੋਣ ਖੇਤਰਾਂ ਅਤੇ ਵਰਗਾਂ ਦੀ ਸ਼ੁਰੂਆਤ ਕਰਕੇ ਸਮਾਜ ਵਿਚ ਧਰਮ ਅਤੇ ਜਾਤ ਅਧਾਰਿਤ ਵੱਖਰੀਆਂ ਕੌਮਾਂ ਬਣਾ ਦਿੱਤੀਆਂ।ਧਰਮ ਅਤੇ ਜਾਤੀ ਦੇ ਅਧਾਰ ’ਤੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣਾ ਅਸਲ ਵਿਚ ਕਾਂਗਰਸ ਦੁਆਰਾ ਕੀਤੀ ਅਜਿਹੀ ਕੋਸ਼ਿਸ਼ ਹੈ ਜਿਸ ਰਾਹੀ ਉਹ ਬਰਾਬਰਤਾ ਉੱਪਰ ਅਧਾਰਿਤ ਰਾਜਨੀਤੀ ਅਤੇ ਸਾਰਿਆਂ ਨੂੰ ਬਰਾਬਰ ਪ੍ਰਤੀਨਿਧਤਾ ਦੇਣ ਦਾ ਸੰਦੇਸ਼ ਲੋਕਾਂ ਵਿਚ ਦੇਣਾ ਚਾਹੁੰਦੀ ਹੈ।ਹਾਲਾਂਕਿ ਇਸ ਨੂੰ ਚੋਣਾਂ ਅਧਾਰਿਤ ਰਾਜਨੀਤੀ ਅਤੇ ਪ੍ਰਤੀਕਵਾਦ ਤੋਂ ਵੱਧ ਨਹੀਂ ਦੇਖਿਆ ਜਾਣਾ ਚਾਹੀਦਾ।ਇਹ ਗਾਂਧੀਵਾਦੀ ਆਦਰਸ਼ਵਾਦ ਦਾ ਭੁਲੇਖਾ ਪਾਉਣ ਦੀ ਕੋਸ਼ਿਸ਼ ਹੈ ਅਤੇ ਅਗਰ ਇਹ ਗਾਂਧੀਵਾਦੀ ਆਦਰਸ਼ਵਾਦ ਕਾਂਗਰਸ ਨੂੰ ਚੋਣਾਂ ਵਿਚ ਕੋਈ ਫਾਇਦਾ ਨਹੀਂ ਪਹੁੰਚਾ ਪਾਇਆ ਤਾਂ ਇਹ ਰਾਜਨੀਤਿਕ ਪ੍ਰਯੋਗਵਾਦ ਤੋਂ ਜਿਆਦਾ ਕੁਝ ਨਹੀਂ ਹੋਵੇਗਾ। ਅਗਰ ਕਾਂਗਰਸ ਦਾ ਇਹ ਤਜ਼ਰਬਾ ਸਫਲ ਹੋ ਜਾਂਦਾ ਹੈ ਤਾਂ ਧਰਮ ਅਤੇ ਜਾਤ ਅਧਾਰਿਤ ਸਮੀਕਰਨਾਂ ਨੂੰ ਤੋੜਨ ਵਿਚ ਸਹਾਈ ਹੋਵੇਗਾ।

ਕਾਂਗਰਸ ਪਾਰਟੀ ਦੁਆਰਾ ਪਹਿਲੀ ਵਾਰ ਸਮਾਜ ਦੇ ਹੇਠਲੇ ਤਬਕੇ ਵਿਚੋਂ ਮੁੱਖ ਮੰਤਰੀ ਦੀ ਚੋਣ ਅਸਲ ਵਿਚ ਆਉਣ ਵਾਲੀਆਂ ਅਸੈਂਬਲੀ ਚੋਣਾਂ ਲਈ ਹੀ ਰਾਜਨੀਤਿਕ ਬਿਰਤਾਂਤ ਦੀ ਉਸਾਰੀ ਕਰਦੀ ਨਜ਼ਰ ਆਉਂਦੀ ਹੈ।ਇਹ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਭਾਰਤ ਦੀ ਰਾਜਨੀਤੀ ਜਾਤ ਅਤੇ ਧਰਮ ਦੇ ਸਮੀਕਰਨਾਂ ਉੱਪਰ ਕਿੰਨੀ ਜਿਆਦਾ ਅਧਾਰਿਤ ਹੈ।ਹੁਣ ਪੰਜਾਬ ਦੀਆਂ ਦੂਜੀਆਂ ਰਾਜਨੀਤਿਕ ਪਾਰਟੀਆਂ ਨੂੰ ਵੀ ਸੱਤਾ ਵਿਚ ਆਉਣ ਦੀ ਸੂਰਤ ਵਿਚ ਸਮਾਜ ਦੇ ਹੇਠਲੇ ਤਬਕੇ ਤੋਂ ਮੁੱਖ ਮੰਤਰੀ ਦਾ ਚਿਹਰਾ ਚੁਣਨ ਦੀ ਮੰਸ਼ਾ ਜ਼ਾਹਿਰ ਕਰਨੀ ਪਵੇਗੀ।ਸਮਾਜ ਦਾ ਹੇਠਲਾ ਤਬਕਾ ਪਹਿਲਾਂ ਦੀ ਤਰਾਂ ਹੀ ਮਹਿਜ਼ ਰਾਜਨੀਤਿਕ ਮੋਹਰਾ ਬਣ ਕੇ ਰਹਿ ਗਿਆ ਹੈ।ਭਾਰਤ ਦੀ ਅਜ਼ਾਦੀ ਦੇ ਪਝੱਤਰਵੇਂ ਵਰ੍ਹੇ ਵਿਚ ਕਾਂਗਰਸ ਦੁਆਰਾ ਵਾਰ-ਵਾਰ ਇਹੀ ਰਾਗ ਅਲਾਪਿਆ ਜਾ ਰਿਹਾ ਹੈ ਕਿ ਕਾਂਗਰਸ ਨੇ ਪੰਜਾਬ ਵਿਚ ਪਹਿਲੀ ਵਾਰ ਹੇਠਲੇ ਤਬਕੇ ਵਿਚੋਂ ਮੁੱਖ ਮੰਤਰੀ ਬਣਾਇਆ ਹੈ।ਇਹ ਭਾਰਤੀ ਲੋਕਤੰਤਰ ਦੀ ਵਿਕਾਸ ਕਿਰਿਆ ਉੱਪਰ ਗਹਿਰੇ ਸੁਆਲ ਖੜੇ ਕਰਦਾ ਹੈ ਜੋ ਕਿ ਪ੍ਰਮੁੱਖ ਰੂਪ ਵਿਚ ਜਾਤ ਅਤੇ ਧਰਮ ਅਧਾਰਿਤ ਵੰਡਾਂ ਉੱਪਰ ਅਧਾਰਿਤ ਹੈ।ਨਵੇਂ ਬਣੇ ਮੁੱਖ ਮੰਤਰੀ ਦੀ ਯੋਗਤਾ ਅਤੇ ਹੋਰ ਗੁਣਾਂ ਨੂੰ ਅੱਖੋਂ-ਪਰੋਖੇ ਕਰਦੇ ਹੋਏ ਉਸ ਦੀ ਜਾਤੀ ਅਤੇ ਸਿੱਖ ਚਿਹਰਾ ਹੋਣ ਉੱਪਰ ਹੀ ਜਿਆਦਾ ਜ਼ੋਰ ਦਿੱਤਾ ਜਾ ਰਿਹਾ ਹੈ।

ਇਸ ਤਰਾਂ ਜਾਤ ਅਤੇ ਖਾਸ ਧਰਮ ਨਾਲ ਸੰਬੰਧਿਤ ਸਮੀਕਰਨਾਂ ਉੱਪਰ ਜ਼ੋਰ ਦੇਣਾ ਮਹਿਜ਼ ਪ੍ਰਤੀਕਵਾਦ ਹੈ ਜੋ ਕਿ ਹੇਠਲੇ ਤਬਕੇ ਦੇ ਲੋਕਾਂ ਨੂੰ ਰਾਜਨੀਤੀ ਵਿਚ ਹਾਸ਼ੀਆਗ੍ਰਸਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ।ਭਾਰਤੀ ਰਾਜਨੀਤੀ ਵਿਚ ਕਿਸੇ ਨੂੰ ਜਾਤੀ ਨੂੰ ਅਧਾਰ ਬਣਾ ਕੇ ਉੱਚਾ ਅਹੁਦਾ ਦੇਣਾ ਇਹ ਸੁਆਲ ਖੜੇ ਕਰਦਾ ਹੈ ਕਿ ਕੀ ਮਹਿਜ਼ ਪ੍ਰਤੀਕਵਾਦ ਹੀ ਹਾਸ਼ੀਆਗਤ ਲੋਕਾਂ ਲਈ ਇੱਛਿਤ ਸਮਾਜਿਕ ਬਦਲਾਅ ਲਿਆ ਸਕਦਾ ਹੈ; ਹਾਲਾਂਕਿ ਇਸ ਦੇ ਥੌੜ-ਚਿਰੇ ਨਤੀਜੇ ਜ਼ਰੂਰ ਨਿਕਲ ਸਕਦੇ ਹਨ।ਭਾਰਤ ਦੇ ਹੇਠਲੇ ਤਬਕੇ ਨਾਲ ਸੰਬੰਧਿਤ ਸਭ ਤੋਂ ਪ੍ਰਭਾਵਸ਼ਾਲੀ ਵਿਚਾਰਕ ਅਤੇ ਅਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਡਾ. ਅੰਬੇਦਕਰ ਨੂੰ ਸਮਾਜ ਨੂੰ ਪ੍ਰਭਾਵਿਤ ਕਰਨ ਲਈ ਅਤੇ ਸੁਧਾਰ ਲਿਆਉਣ ਲਈ ਕੋਈ ਚਿੰਨ੍ਹਾਂ ਦੀ ਜ਼ਰੂਰਤ ਨਹੀਂ ਸੀ।ਤਤਕਾਲੀਨ ਸਮਾਜ ਉੱਪਰ ਅੰਬੇਦਕਰ ਦਾ ਪ੍ਰਭਾਵ ਚੁਣਾਵੀ ਮੁੱਦਿਆਂ ਤੋਂ ਉੱਪਰ ਹੈ ਅਤੇ ਅੱਜ ਵੀ ਭਾਰਤੀ ਬਰੇ-ਸਗੀਰ ਵਿਚ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਅੰਦੋਲਨਾਂ ਨੂੰ ਪ੍ਰੇਰਣਾ ਦੇਣ ਵਿਚ ਮਹੱਤਵਪੂਰਨ ਰੋਲ ਅਦਾ ਕਰਦਾ ਹੈ।ਉਸ ਦੇ ਬੇਮਿਸਾਲ ਸੰਘਰਸ਼ ਅਤੇ ਅਕਾਦਮਿਕ ਯੋਗਤਾ ਕਰਕੇ ਸਾਰੇ ਹੀ ਤਬਕਿਆਂ ਵਿਚ ਉਸ ਨੂੰ ਮਹੱਤਵਪੂਰਨ ਵਿਚਾਰਕ ਦੇ ਤੌਰ ਤੇ ਜਾਣਿਆ ਜਾਂਦਾ ਹੈ ਜਿਸ ਨੇ ਸ਼ਕਤੀਸ਼ਾਲੀ ਬਿਰਤਾਂਤ ਦੀ ਸ਼ੁਰੂਆਤ ਕੀਤੀ।ਪੰਜਾਬ ਦੀ ਅੱਜ ਦੀ ਰਾਜਨੀਤੀ ਨੂੰ ਸਮਾਜਿਕ ਬਦਲਾਅ ਲੈ ਕੇ ਆਉਣ ਲਈ ਨਵੇਂ ਸਿਰਿਓਂ ਸੋਚਣ ਦੀ ਜ਼ਰੂਰਤ ਹੈ।ਕਿਸੇ ਵੀ ਰਾਜਨੀਤਿਕ ਭਰਤੀ ਨੂੰ ਮਹਿਜ਼ ਪ੍ਰਤੀਕਵਾਦ ਦੇ ਤੌਰ ਤੇ ਇਸਤੇਮਾਲ ਕਰਨਾ ਸਦੀਆਂ ਤੋਂ ਚੱਲੇ ਆ ਰਹੇ ਧਰਮ ਅਤੇ ਜਾਤ ਦੇ ਸਮੀਕਰਨਾਂ ਨੂੰ ਹੀ ਪੱਕਿਆਂ ਕਰਨ ਵਿਚ ਸਹਾਈ ਹੋਵੇਗਾ।ਇਸ ਤਰਾਂ ਦੇ ਸੌੜੇ ਦ੍ਰਿਸ਼ਟੀਕੋਣ ਤੋਂ ਸਪੱਸ਼ਟ ਦੂਰੀ ਬਣਾਉਣੀ ਜ਼ਰੂਰੀ ਹੈ ਤਾਂ ਕਿ ਜਾਤ ਅਤੇ ਧਰਮ ਦੀ ਬਜਾਇ ਵਿਅਕਤੀ ਦੀਆਂ ਵਿਅਕਤੀਗਤ ਯੋਗਤਾਵਾਂ, ਸਮਾਜਿਕ ਸਮਝ ਅਤੇ ਰਾਜਨੀਤਿਕ ਕੁਸ਼ਲਤਾ ਨੂੰ ਮਹੱਤਤਾ ਦਿੱਤੀ ਜਾ ਸਕੇ।ਜਾਤ ਅਤੇ ਧਰਮ ਦਾ ਸੰਬੰਧ ਮਨੋਵਿਗਿਆਨਿਕ ਹੈ ਜੋ ਕਿ ਇਕ ਵਿਅਕਤੀ ਵਿਚ ਨਾ-ਬਰਾਬਰਤਾ ਅਤੇ ਅਯੋਗ ਹੋਣ ਦੀ ਭਾਵਨਾ ਪੈਦਾ ਕਰਦਾ ਹੈ।ਕਾਂਗਰਸ ਦੁਆਰਾ ਹੇਠਲੇ ਤਬਕੇ ਨਾਲ ਸੰਬੰਧਿਤ ਵਿਅਕਤੀ ਨੂੰ ਮੁੱਖ ਮੰਤਰੀ ਬਣਾਉਣ ਦਾ ਪ੍ਰਭਾਵ ਇੰਨਾ ਸਿੱਧਾ ਵੀ ਨਹੀਂ ਹੋਵੇਗਾ ਕਿਉਂਕਿ ਪੰਜਾਬ ਵਿਚ ਦਲਿਤ ਭਾਈਚਾਰਾ ਸਮਰੂਪ ਨਹੀਂ ਹੈ।ਭਾਵੇਂ ਪੰਜਾਬ ਵਿਚ ਦਲਿਤ ਅਬਾਦੀ ਕੁਲ ਅਬਾਦੀ ਦਾ 38 ਪ੍ਰਤੀਸ਼ਤ ਹੈ, ਪਰ ਇਹ ਭਾਈਚਾਰਾ ਅੱਗੋਂ ਰਾਜਨੀਤੀ ਅਧਾਰਿਤ 39 ਹੋਰ ਸਮੂਹਾਂ ਵਿਚ ਵੰਡਿਆ ਹੋਇਆ ਹੈ।ਬਹੁਜਨ ਸਾਜ ਪਾਰਟੀ ਦੇ ਬਾਨੀ ਕਾਂਸ਼ੀ ਰਾਮ ਨੇ ਹੇਠਲੇ ਤਬਕੇ ਦੇ ਲੋਕਾਂ ਨੂੰ ਇਕ ਛੱਤਰੀ ਹੇਠਾਂ ਇਕੱਠਿਆਂ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਇਸ ਵਿਚ ਜਿਆਦਾ ਸਫਲ ਨਹੀਂ ਹੋ ਪਾਇਆ।ਨਵੇਂ ਮੁੱਖ ਮੰਤਰੀ ਨੂੰ ਵਿਅਕਤੀਗਤ ਯੋਗਤਾਵਾਂ ਵਾਲਾ ਜ਼ਮੀਨੀ ਹਕੀਕਤ ਨਾਲ ਜੁੜਿਆ ਰਾਜਨੇਤਾ ਮੰਨਿਆ ਜਾਂਦਾ ਹੈ ਜੋ ਕਿ ਸਮਾਜ ਦੇ ਹਾਸ਼ੀਆਗਤ ਸਮੂਹਾਂ ਨੂੰ ਉੱਪਰ ਚੁੱਕਣ ਦੀ ਦ੍ਰਿਸ਼ਟੀ ਰੱਖਦਾ ਹੈ।ਪਰ ਧਰਮ ਅਤੇ ਰਾਜਨੀਤੀ ਉੱਪਰ ਅਧਾਰਿਤ ਰਾਜਨੀਤੀ ਦੇ ਸਮੇਂ ਵਿਚ ਰਾਜਨੀਤਿਕ ਪ੍ਰਤੀਕਵਾਦ ਆਪਣੇ ਆਪ ਵਿਚ ਮਹੱਤਵਪੂਰਨ ਹੈ। ਇਸ ਲਈ ਸਾਰੀਆਂ ਪਾਰਟੀਆਂ ਹੀ ਵਿਚਾਰਧਾਰਕ ਮੁਖੌਟਾ ਧਾਰਨ ਕਰਦੀਆਂ ਹਨ।ਪੰਜਾਬ ਵਿਚ ਸਿੱਖ ਧਰਮ ਦੇ ਪ੍ਰਬਲ ਹੋਣ ਦੇ ਬਾਵਜੂਦ ਵੀ ਧਰਮ ਅਤੇ ਜਾਤੀ ਅਧਾਰਿਤ ਵਿਤਕਰਾ ਮੌਜੂਦ ਹੈ, ਭਾਵੇਂ ਕਿ ਸਿੱਖ ਧਰਮ ਬਰਾਬਰਤਾ ਦਾ ਸੰਦੇਸ਼ ਦਿੰਦਾ ਹੈ।ਭਾਰਤੀ ਰਾਜਨੀਤੀ ਦੀ ਤਰਾਂ ਹੀ ਪੰਜਾਬ ਦੀ ਰਾਜਨੀਤੀ ਵਿਚ ਵੀ ਵੋਟਰਾਂ ਨੂੰ ਵਿਅਕਤੀਆਂ ਦੇ ਰੂਪ ਵਿਚ ਨਹੀਂ ਦੇਖਿਆ ਜਾਂਦਾ, ਬਲਕਿ ਉਨ੍ਹਾਂ ਨੂੰ ਧਾਰਮਿਕ ਅਤੇ ਜਾਤੀ ਸਮੂਹਾਂ ਦੇ ਰੂਪ ਵਿਚ ਦੇਖਿਆ ਜਾਂਦਾ ਹੈ।ਇਸ ਤਰਾਂ ਦੀ ਚੁਣਾਵੀ ਮੌਕਾਪ੍ਰਸਤੀ ਦਾ ਮੁਜ਼ਾਹਰਾ ਕਰਦੇ ਹੋਏ ਕਾਂਗਰਸ ਨੇ ਅਸਲ ਵਿਚ ਆਪਣਾ ਹੀ ਸਭ ਤੋਂ ਹੇਠਲੇ ਪੱਧਰ ਦਾ ਪੱਤਾ ਖੇਡਿਆ ਹੈ।ਕਾਂਗਰਸ ਪਾਰਟੀ ਬਹੁ-ਜਾਤਾਂ ਅਤੇ ਬਹੁ-ਧਰਮਾਂ ਦੀ ਪਾਰਟੀ ਹੈ ਜਿਸ ਨੇ ਅਚਾਨਕ ਹੀ ਉਸ ਰਾਜ ਵਿਚ ਸਮਾਜ ਦੇ ਹੇਠਲੇ ਤਬਕੇ ਨਾਲ ਸੰਬੰਧਿਤ ਵਿਅਕਤੀ ਨੂੰ ਉੱਚਾ ਅਹੁਦਾ ਦੇਣ ਦਾ ਫੈਸਲਾ ਕੀਤਾ ਜਿੱਥੇ ਜੱਟ ਸਿੱਖ ਭਾਈਚਾਰੇ ਦੀ ਪ੍ਰਧਾਨਤਾ ਹੈ।ਅਜਿਹਾ ਉਸ ਨੇ ਪਛਾਣ ਅਤੇ ਧਰਮ ਦੀ ਰਾਜਨੀਤੀ ਤੋਂ ਉੱਪਰ ਸਮਾਵੇਸ਼ੀ ਰਾਜਨੀਤੀ ਨੂੰ ਪ੍ਰਚਾਰਨ ਲਈ ਕੀਤਾ ਹੈ।ਅਜਿਹੀ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਅਜਿਹੀ ਸਮਾਵੇਸ਼ੀ ਰਾਜਨੀਤੀ ਹੇਠਲੇ ਤਬਕੇ ਨੂੰ ਮਜ਼ਬੂਤ ਬਣਾਉਣ ਅਤੇ ਉਸ ਦੀ ਮੁਕਤੀ ਵਿਚ ਸਹਾਈ ਹੋਵੇਗੀ।ਚੰਨੀ ਨੂੰ ਮੁਖ ਮੰਤਰੀ ਬਣਾਉਣ ਨੂੰ ਕਾਂਗਰਸ ਦੇ ਲਈ ਗੇਮ ਨੂੰ ਬਦਲਣ ਵਾਲਾ ਦਾਅ ਮੰਨਿਆ ਜਾ ਰਿਹਾ ਹੈ ਜੋ ਸਮਾਜਿਕ ਸੰਤੁਲਨ ਰਾਹੀ ਹੇਠਲੇ ਤਬਕੇ ਦੀਆਂ ਵੋਟਾਂ ਹਾਸਿਲ ਕਰਕੇ ਉਨ੍ਹਾਂ ਨੂੰ ਚੋਣਾਂ ਵਿਚ ਫਾਇਦਾ ਪਹੁੰਚਾ ਸਕਦਾ ਹੈ।ਵੱਖ-ਵੱਖ ਸਰਵੇ ਇਹ ਦਿਖਾਉਂਦੇ ਹਨ ਕਿ ਪੰਜਾਬ ਦੇ ਹੇਠਲੇ ਤਬਕੇ ਵਿਚ ਵੀ ਧਾਰਮਿਕ, ਭਾਸ਼ਾਈ ਅਤੇ ਜਾਤੀ ਅਧਾਰਿਤ ਵੰਡ ਮੌਜੂਦ ਹੈ ਜਿਸ ਨੇ ਇਕੱਤਰ ਹੋ ਕੇ ਕਦੇ ਵੀ ਇਕ ਪਾਰਟੀ ਨੂੰ ਵੋਟ ਨਹੀਂ ਪਾਈ ਹੈ।

ਚਰਨਜੀਤ ਸਿੰਘ ਚੰਨੀ ਦੀ ਇਹ ਵਿਸ਼ੇਸ਼ਤਾ ਹੈ ਕਿ ਉਹ ਸ਼ਕਤੀਸ਼ਾਲੀ ਰਾਜਨੇਤਾਵਾਂ ਜਾਂ ਨੌਕਰਸ਼ਾਹਾਂ ਦਾ ਪ੍ਰਤੀਨਿਧੀ ਨਹੀਂ ਹੈ।ਹੇਠਲੇ ਤਬਕਿਆਂ ਨੂੰ ਉੱਪਰ ਚੁੱਕਣ ਲਈ ਸਮਾਜਿਕ ਅੰਦੋਲਨ ਵਿਚ ਹਿੱਸਾ ਲੈਣ ਦਾ ਵੀ ਉਸ ਦਾ ਕੋਈ ਇਤਿਹਾਸ ਨਹੀ ਹੈ। ਉਸ ਨੂੰ ਮੱੁਖ ਮੰਤਰੀ ਬਣਾਉਣ ਨੂੰ ਪ੍ਰਤੀਕਵਾਦ ਤੋਂ ਉੱਪਰ ਉੱਠ ਕੇ ਦੇਖਿਆ ਜਾਣਾ ਚਾਹੀਦਾ ਹੈ।ਇਕ ਪਲ ਲਈ ਇਹ ਮਹਿਜ਼ ਪ੍ਰਤੀਕਵਾਦ ਲੱਗ ਸਕਦਾ ਹੈ, ਪਰ ਰਾਜਨੀਤੀ ਵਿਚ ਪ੍ਰਤੀਕਵਾਦ ਵੀ ਮਹੱਤਵਪੂਰਨ ਹੈ।ਪ੍ਰਤੀਕਵਾਦ ਦੀਆਂ ਆਪਣੀਆਂ ਸੀਮਾਵਾਂ ਹਨ, ਪਰ ਮਹਿਜ਼ ਰਾਜਨੀਤੀ ਨਾਲ ਸੰਬੰਧਿਤ ਨਾ ਹੋ ਕੇ ਇਹ ਜ਼ਮੀਨੀ ਹਕੀਕਤ ਨਾਲ ਜੁੜਿਆ ਹੋਣਾ ਚਾਹੀਦਾ ਹੈ।ਇਸ ਤਰਾਂ ਦੀ ਨਵੀਂ ਭਰਤੀ ਨਾਲ ਪੰਜਾਬ ਦੀ ਰਾਜਨੀਤੀ ਵਿਚ ਖੇਤੀ ਪ੍ਰਭਾਵ ਘੱਟ ਹੋਵੇਗਾ ਅਤੇ ਮੁੱਖ ਮੰਤਰੀ ਦੀ ਚੋਣ ਲਈ ਧਰਮ,ਜਾਤੀ ਅਤੇ ਪਛਾਣ ਦੀ ਰਾਜਨੀਤੀ ਹੋਰ ਜਿਆਦਾ ਤਿੱਖੀ ਹੋਵੇਗੀ।ਧਰਮ ਅਤੇ ਜਾਤੀ ਦੀ ਆਪਸੀ ਸੰਬੰਧ ਨੂੰ ਨਿਆਂਹੀਣ ਅਤੇ ਪਿਛਾਂਹਖਿਚੂ ਮੰਨ ਕੇ ਹਮੇਸ਼ਾ ਹੀ ਇਸ ਦੀ ਆਲੋਚਨਾ ਹੁੰਦੀ ਆਈ ਹੈ, ਪਰ ਫਿਰ ਵੀ ਸਦੀਆਂ ਤੋਂ ਇਸ ਨੇ ਸਮਾਜਿਕ ਵਿਵਸਥਾ ਉੱਪਰ ਅਜਿਹਾ ਗਲਬਾ ਪਾਇਆ ਹੋਇਆ ਹੈ ਕਿ ਇਸ ਵਿਚ ਕੋਈ ਤਬਦੀਲੀ ਨਹੀਂ ਆਈ ਹੈ ਅਤੇ ਇਸ ਦੇ ਪ੍ਰਭਾਵ ਤੋਂ ਬਚਣਾ ਨਾ-ਮੁਮਕਿਨ ਹੈ।ਇਸ ਤਰਾਂ ਦੇ ਸਮੀਕਰਨ ਨੇ ਲੰਮਾ ਸਮਾਂ ਪਹਿਲਾਂ ਹੀ ਬਦਲ ਜਾਣਾ ਸੀ, ਅਗਰ ਰਾਜਨੇਤਾਵਾਂ ਨੇ ਇਸ ਅੱਗ ਨੂੰ ਆਪਣੇ ਹਿੱਤਾਂ ਲਈ ਨਾ ਹਵਾ ਦਿੱਤੀ ਹੁੰਦੀ।ਇਹ ਉਨ੍ਹਾਂ ਲਈ ਮਹਿਜ਼ ਚੁਣਾਵੀ ਲਾਭ ਪ੍ਰਾਪਤ ਕਰਨ ਦਾ ਜ਼ਰੀਆ ਹੀ ਬਣ ਗਈ ਹੈ।ਧਰਮ ਅਤੇ ਜਾਤ ਦੀ ਸਮਾਜਿਕ ਵੰਡ ਸਮਾਜਿਕ ਸਮੂਹਾਂ ਰਾਹੀ ਅੱਗੇ ਵਧਦੀ ਹੈ ਜਿਸ ਵਿਚ ਰਹਿਣ-ਸਹਿਣ, ਕਿੱਤੇ ਅਤੇ ਸਮਾਜਿਕ ਰੁਤਬੇ ਨੂੰ ਹੀ ਅੱਗੇ ਵਧਾਇਆ ਜਾਂਦਾ ਹੈ।ਪੰਜਾਬ ਵਿਚ ਪਹਿਲੀ ਵਾਰੀ ਰਾਜਨੀਤੀ ਧਰਮ ਅਤੇ ਜਾਤ ਦੇ ਆਪਸੀ ਸੰਬੰਧਾਂ ਉੱਪਰ ਪੂਰੀ ਤਰਾਂ ਕੇਂਦਰਿਤ ਹੋ ਗਈ ਹੈ ਕਿਉਂਕਿ ਮੁੱਖ ਮੰਤਰੀ ਚੰਨੀ ਜਰੂਰ ਹੀ ਹੇਠਲੇ ਤਬਕੇ ਦੇ ਲੋਕਾਂ ਵਿਚ ਇਹ ਸੰਦੇਸ਼ ਪਹੁੰਚਾਵੇਗਾ ਕਿ ਉਹ ਪੰਜਾਬ ਦੀ ਰਾਜਨੀਤਿਕ ਅਤੇ ਸੱਤਾ ਸਮੀਕਰਨਾਂ ਵਿਚ ਮਹੱਤਵਪੂਰਨ ਰੋਲ ਅਦਾ ਕਰ ਸਕਦੇ ਹਨ।ਹੁਣ ਤੱਕ ਸੱਤਾ ਢਾਂਚਾ ਇਸ ਤਰਾਂ ਦਾ ਰਿਹਾ ਹੈ ਕਿ ਉਨ੍ਹਾਂ ਨੂੰ ਮਹਿਜ਼ ਵੋਟ ਬੈਂਕ ਦੇ ਤੌਰ ਤੇ ਵਰਤਿਆ ਗਿਆ ਹੈ ਜਿਸ ਵਿਚ ਉਨ੍ਹਾਂ ਦੇ ਸਮਾਜਿਕ ਅਤੇ ਆਰਥਿਕ ਸਸ਼ਕਤੀਕਰਨ ਨੂੰ ਅੱਖੋਂ-ਪਰੋਖੇ ਕੀਤਾ ਗਿਆ ਹੈ। ਅੰਬੇਦਕਰ ਨੇ ਇਸ ਗੱਲ ਉੱਪਰ ਜ਼ੋਰ ਦਿੱਤਾ ਸੀ ਕਿ ਸਮਾਜ ਦੇ ਹੇਠਲੇ ਤਬਕੇ ਨੂੰ ਸਹੀ ਰਾਜਨੀਤਿਕ ਪ੍ਰਤੀਨਿਧਤਾ ਦੁਆਉਣ ਲਈ ਉਨ੍ਹਾਂ ਨੂੰ ਸਿੱਖਿਅਤ, ਜਾਗਰੂਕ ਅਤੇ ਇਕੱਠੇ ਕਰਨ ਦੀ ਲੋੜ ਹੈ ਤਾਂ ਕਿ ਉਹ ਧਰਮ ਅਤੇ ਜਾਤ ਅਧਾਰਿਤ ਸੋਸ਼ਣ ਖਿਲਾਫ ਲੜ ਸਕਣ।

ਰਣਜੀਤ ਸਿੰਘ ਕੁਕੀ