ਤਾਲਿਬਾਨਾਂ ਦਾ ਕਬਜ਼ਾ ਅਮਰੀਕਾ ਦੀ ਹਾਰ

ਤਾਲਿਬਾਨਾਂ ਦਾ ਕਬਜ਼ਾ ਅਮਰੀਕਾ ਦੀ ਹਾਰ

ਅਸ਼ਰਫ ਗਨੀ ਬਿਨਾਂ ਲੜੇ ਉਥੋਂ ਭੱਜ ਗਏ

 ਅਫ਼ਗਾਨਿਸਤਾਨ ’ਚ  ਤਾਲਿਬਾਨ ਦਾ ਕਬਜ਼ਾ ਹੋ ਚੁਕਾ   ਹੈ। ਅਫ਼ਗਾਨਿਸਤਾਨ ਦੇ ਕਈ ਚੁਣੇ ਹੋਏ ਨੇਤਾ, ਰਾਸ਼ਟਰਪਤੀ ਅਸ਼ਰਫ ਗ਼ਨੀ ਆਪਣੇ  ਅਧਿਕਾਰੀਆਂ ਦੇ ਨਾਲ  ਅਫ਼ਗਾਨਿਸਤਾਨ ਛੱਡ ਕੇ ਤਜਾਕਿਸਤਾਨ ਚਲੇ ਗਏ ਹਨ। ਬੀਤੇ ਦਿਨੀਂਂ ਕਾਬੁਲ ਹਵਾਈ ਅੱਡੇ ਦੇ ਦੁਖਾਂਂਤਕ ਦ੍ਰਿਸ਼ ਦੇਖਣ ਨੂੰ ਮਿਲੇ  । ਕਿਵੇਂ ਲੋਕ ਤਾਲਿਬਾਨਾਂਂ ਤੋਂ ਡਰੇ ਜਹਾਜ਼ਾਂ ’ਤੇ ਚੜ੍ਹਨ ਵਾਸਤੇ ਜਾਨ ਦੀ ਬਾਜ਼ੀ ਲਾ ਰਹੇ ਸਨ ।  ਲੋਕ ਮਿਲਟਰੀ ਦੇ ਜਹਾਜ਼ ਦੇ ਟਾਇਰਾਂ ਵਿਚਾਲੇ ਖੜ੍ਹੇ ਹੋ ਗਏ ਸਨ ਤੇ ਜਦੋਂ ਜਹਾਜ਼ ਨੇ ਉਡਾਨ ਭਰੀ ਤਾਂ 3 ਲੋਕ ਡਿੱਗ ਗਏ। ਕਾਬੁਲ ਦੇ ਕੌਮਾਂਤਰੀ ਹਵਾਈ ਅੱਡੇ 'ਤੇ ਲੋਕਾਂ ਦੀ ਭਾਰੀ ਭੀੜ ਜਮ੍ਹਾਂ ਹੋ ਗਈ ਸੀ । ਹਵਾਈ ਅੱਡੇ ਨੂੰ ਕੰਟਰੋਲ ਕਰਨ ਵਾਲੇ ਅਮਰੀਕੀ ਫੌਜੀਆਂ ਵੱਲੋਂ ਖਿੰਡਾਉਣ ਲਈ ਕੀਤੀ ਗਈ ਫਾਇਰਿੰਗ 'ਚ 5 ਲੋਕ ਮਾਰੇ ਗਏ । ਅਮਰੀਕਾ ਨੇ ਕਿਹਾ ਹੈ ਕਿ ਉਹ ਹਵਾਈ ਅੱਡੇ 'ਤੇ 6 ਹਜ਼ਾਰ ਫੌਜੀ ਤਾਇਨਾਤ ਕਰੇਗਾ, ਤਾਂ ਜੋ ਲੋਕਾਂ ਨੂੰ ਸੁਰੱਖਿਅਤ ਕੱਢਿਆ ਜਾ ਸਕੇ । ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਅਫਗਾਨਿਸਤਾਨ ਦੇ ਲੋਕਾਂ ਨੇ ਗੁਲਾਮੀ ਦੀਆਂ ਬੇੜੀਆਂ ਨੂੰ ਤੋੜ ਦਿੱਤਾ ਹੈ । ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਆਜ਼ਾਦ ਰੂਪ ਵਿਚ ਆਪਣੀ ਹੋਣੀ ਤੈਅ ਕਰਨ ਦੇ ਅਫਗਾਨ ਲੋਕਾਂ ਦੇ ਅਧਿਕਾਰ ਦਾ ਚੀਨ ਸਨਮਾਨ ਕਰਦਾ ਹੈ ਅਤੇ ਅਫਗਾਨਿਸਤਾਨ ਨਾਲ ਦੋਸਤਾਨਾ ਤੇ ਮਿਲਵਰਤਨੀ ਸੰਬੰਧ ਵਿਕਸਤ ਕਰਨਾ ਜਾਰੀ ਰੱਖਣਾ ਚਾਹੁੰਦਾ ਹੈ ।ਪਿਛਲੇ ਮਹੀਨੇ ਦੀ ਅਮਰੀਕੀ ਸੂਹੀਆ ਰਿਪੋਰਟ ’ਚ ਕਿਹਾ ਗਿਆ ਸੀ ਕਿ ਰਾਜਧਾਨੀ ਕਾਬੁਲ ਤਕ ਕੁਝ ਹੀ ਹਫ਼ਤਿਆਂ ’ਚ ਤਾਲਿਬਾਨ ਪਹੁੰਚ ਸਕਦੇ ਹਨ ਅਤੇ ਲਗਪਗ 90 ਦਿਨਾਂ ’ਚ ਉੱਥੋਂ ਦੀ ਸਰਕਾਰ ਡਿੱਗ ਸਕਦੀ ਹੈ।ਪਰ ਇੰਨੀ ਜਲਦੀ ਸਰਕਾਰ ਦਾ ਡਿੱਗਣਾ ਅਤੇ ਉੱਥੇ ਫੈਲੀ ਅਰਾਜਕਤਾ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਲਈ ਕਈ ਚੁਣੌਤੀਆਂ ਲੈ ਕੇ ਆਈ ਹੈ। ਇਸੇ ਕਰਕੇ ਵਿਸ਼ਵ ਦੇ ਦੇਸਾਂ ਇੰਗਲੈਂਂਡ ਸਮੇੇੇਤ ਅਫ਼ਗਾਨਿਸਤਾਨ ’ਚ ਇਸ ਉਥਲ-ਪੁਥਲ ਲਈ ਅਮਰੀਕਾ ਨੂੰ ਹੀ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਇਸਦੇ ਪਿਛੇ ਕਾਰਣ ਹੈ ਕਿ ਬਾਇਡਨ ਸਰਕਾਰ ਨੇ ਅਫ਼ਗਾਨਿਸਤਾਨ ਤੋਂ ਫ਼ੌਜਾਂ ਕੱਢਣ ਤੋਂ ਪਹਿਲਾਂ ਉੱਥੋਂ ਦੇ ਲੋਕਾਂ ਦੀ ਸੁਰੱਖਿਆ ਲਈ ਕੋਈ ਠੋਸ ਯੋਜਨਾ ਨਹੀਂ ਸੀ ਬਣਾਈ ਤੇ ਨਾ ਹੀ ਏਨਾ ਸਮਾਂਂ ਤੇ ਧਨ ਲਗਾਕੇ ਅਫਗਾਨਿਸਤਾਨ ਸਰਕਾਰ ਤੇ ਫੌਜ ਨੂੂੰ ਟਰੇਂਡ ਕਰ ਸਕੀ।  ਚੋਣਾਂ ਜਿੱਤਣ ਤੋਂ ਬਾਅਦ ਬਾਇਡਨ ਨੇ ਘਰੇਲੂ ਏਜੰਡਿਆਂ ’ਤੇ ਧਿਆਨ ਕੇਂਦ੍ਰਿਤ ਕੀਤਾ ਹੋਇਆ ਹੈ ਤੇ ਅਮਰੀਕੀ ਜਨਤਾ ਦਾ ਦਬਾਅ ਸੀ ਕਿ ਅਮਰੀਕੀ ਖਜ਼ਾਨਾ ਬੇਵਜਾ ਅਫਗਾਨਿਸਤਾਨ ਵਿਚ ਫੌਜੀ ਪਰਬੰਧਾਂ ਉਪਰ ਉਜਾੜਿਆ ਜਾ ਰਿਹਾ ਹੈ।ਪਰ ਵਿਰੋਧ ਕੀਤੇ ਬਿਨਾਂ ਕਾਬੁਲ ਦਾ ਇੰਜ ਛੇਤੀ ਢਹਿ-ਢੇਰੀ ਹੋ ਜਾਣਾ ਇਤਿਹਾਸ ਵਿਚ ਅਮਰੀਕਾ ਦੀ ਸਭ ਤੋਂ ਵੱਡੀ ਹਾਰ ਵਜੋਂ ਦੇਖਿਆ ਜਾ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਆਪਣੇ ਸੰਬੋਧਨ ਵਿੱਚ ਇਹ ਸਪੱਸ਼ਟ ਕਰ ਦਿੱਤਾ ਕਿ ਅਮਰੀਕਾ ਨੇ ਆਪਣੇ ਸਰੋਤਾਂ ਅਤੇ ਸੈਨਿਕਾਂ ਨਾਲ ਅਫਗਾਨਿਸਤਾਨ ਦੀ ਬਹੁਤ ਮਦਦ ਕੀਤੀ। ਹੁਣ ਇਹ ਅਫਗਾਨਿਸਤਾਨ ਦੇ ਲੋਕਾਂ ਨੂੰ ਤੈਅ ਕਰਨਾ ਹੈ ਕਿ ਉਹ ਆਪਣਾ ਭਵਿੱਖ ਕਿਵੇਂ ਚਾਹੁੰਦੇ ਹਨ ।ਬਾਈਡੇਨ ਨੇ ਸਾਫ ਕਰ ਦਿਤਾ ਹੈ ਕਿ ਮੈਂ ਆਪਣੇ ਦੇਸ਼ਵਾਸੀਆਂ ਨੂੰ ਹੁਣ ਹੋਰ ਜ਼ਿਆਦਾ ਗੁੰਮਰਾਹ ਨਹੀਂ ਕਰਾਂਗਾ। ਮੈਂ ਉਨ੍ਹਾਂ ਨੂੰ ਇਹ ਨਹੀਂ ਕਹਾਂਗਾ ਕਿ ਇਹ ਲੜਾਈ ਬਸ ਕੁੱਝ ਹੀ ਦਿਨਾਂ ਵਿਚ ਖਤਮ ਨਹੀਂ ਹੋ ਜਾਵੇਗੀ, ਕਿਉਂਕਿ ਇਹ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ, ਅਫਗਾਨਿਸਤਾਨ ਵਿੱਚ ਹਾਲਾਤ ਬੇਹੱਦ ਗੰਭੀਰ ਹਨ। ਅਸ਼ਰਫ ਗਨੀ ਬਿਨਾਂ ਲੜੇ ਉਥੋਂ ਭੱਜ ਗਏ। ਉਨ੍ਹਾਂ ਤੋਂ ਸਵਾਲ ਪੁੱਛਿਆ ਜਾਣਾ ਚਾਹੀਦਾ ਹੈ ਕਿ ਆਖਿਰ ਕਿਉ ਉਨ੍ਹਾਂ ਨੇ ਤਾਲਿਬਾਨ ਖਿਲਾਫ ਲੜਾਈ ਨਹੀਂ ਲੜੀ। ਇਹ ਇਕ ਵੱਡੀ ਸਮੱਸਿਆ ਦੀ ਸ਼ੁਰੂਆਤ ਹੈ। 

ਦੂਸਰੇ ਪਾਸੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਬਿਨਾ ਕਿਸੇ ਵਿਰੋਧ ਦੇ ਤਾਲਿਬਾਨ ਦਾ ਕਾਬੁਲ 'ਤੇ ਕਬਜ਼ਾ ਅਮਰੀਕੀ ਇਤਿਹਾਸ ਦੀ ਸਭ ਤੋਂ ਵੱਡੀ ਹਾਰ ਹੈ। ਅਮਰੀਕਾ ਦੀ ਸੰਯੁਕਤ ਰਾਸ਼ਟਰ 'ਚ ਰਹੀ ਸਾਬਕਾ ਰਾਜਦੂਤ ਨਿੱਕੀ ਹੇਲੀ ਨੇ ਕਾਬੁਲ 'ਤੇ ਤਾਲਿਬਾਨ ਦੇ ਕਬਜ਼ੇ ਨੂੰ ਬਾਇਡਨ ਪ੍ਰਸ਼ਾਸਨ ਦੀ ਨਾਕਾਮੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਉੱਥੋਂ ਸੁਰੱਖਿਅਤ ਨਿਕਲਣ ਦੀ ਤਾਲਿਬਾਨ ਤੋਂ ਭੀਖ ਮੰਗਣਾ ਮੰਦਭਾਗਾ ਹੈ। ਸਾਬਕਾ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਕਿ ਹਾਲੇ ਮੈਂ ਡੋਨਾਲਡ ਟਰੰਪ ਵਰਗੇ ਕਮਾਂਡਰ ਇਨ ਚੀਫ਼ ਦੇ ਨਾਲ ਮੰਤਰੀ ਹੁੰਦਾ ਤਾਂ ਤਾਲਿਬਾਨ ਨੂੰ ਸਮਝ 'ਚ ਆ ਜਾਂਦਾ ਕਿ ਅਮਰੀਕਾ ਦੇ ਖਿਲਾਫ਼ ਸਾਜ਼ਿਸ਼ ਰਚਣ ਦਾ ਕੀ ਨਤੀਜਾ ਹੁੰਦਾ ਹੈ। ਮੌਜੂਦਾ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਇਨ੍ਹਾਂ ਬਿਆਨਾਂ 'ਤੇ ਪ੍ਰਤੀਕ੍ਰਿਆ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਤਾਲਿਬਾਨ ਤੋਂ ਕੁਝ ਨਹੀਂ ਮੰਗਿਆ। ਇਸ ਦੌਰਾਨ ਤਾਲਿਬਾਨ ਨੂੰ ਸਪਸ਼ਟ ਕਰ ਦਿੱਤਾ ਸੀ ਕਿ ਸਾਡੇ ਮੁਲਾਜ਼ਮਾਂ ਜਾਂ ਕੰਮ 'ਚ ਕੋਈ ਦਖਲ ਦਿੱਤਾ ਤਾਂ ਉਸਦਾ ਤਰੁੰਤ ਜਵਾਬ ਮਿਲੇਗਾ।ਤਾਲਿਬਾਨ ਦੀ ਸਰਕਾਰ ਨੂੰ ਮਾਨਤਾ ਦੇਣ ਦੇ ਸਬੰਧ 'ਚ  ਬਲਿੰਕਨ ਨੇ ਕਿਹਾ ਕਿ ਭਵਿੱਖ ਦੀ ਸਰਕਾਰ ਜਿਹੜੀਆਂ ਔਰਤਾਂ ਦੇ ਮੂਲ ਅਧਿਕਾਰ ਬਰਕਰਾਰ ਨਹੀਂ ਰੱਖਦੀ, ਦਹਿਸ਼ਤਗਰਦਾਂ ਨੂੰ ਪਨਾਹ ਦਿੰਦੀ ਹੈ ਤੇ ਅਮਰੀਕਾ ਜਾਂ ਉਸਦੇ ਸਹਿਯੋਗੀ ਦੇਸ਼ਾਂ ਦੇ ਖ਼ਿਲਾਫ਼ ਸਾਜ਼ਿਸ਼ ਰੱਚਦੀ ਹੈ, ਤਾਂ ਉਸਨੂੰ ਮਾਨਤਾ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਸਾਡਾ ਮੰਨਣਾ ਹੈ ਕਿ ਤਾਲਿਬਾਨ ਦਾ ਇੰਜ ਮਜ਼ਬੂਤ ਹੋਣਾ ਪੂਰੀ ਦੁਨੀਆ ਲਈ ਖ਼ਤਰਨਾਕ ਹੈ। ਦੁਨੀਆ ਭਰ ਦੇ ਮੁਲਕਾਂ ਨੂੰ ਤਾਲਿਬਾਨ ਨਾਲ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ ਤਾਂ ਜੋ ਆਮ ਲੋਕਾਂ ’ਤੇ ਜ਼ੁਲਮਾਂ ਨੂੰ ਰੋਕਿਆ ਜਾ ਸਕੇ।ਹਾਲਾਂਕਿ ਤਾਲਿਬਾਨ ਦੇ ਬੁਲਾਰੇ ਨੇ ਹਾਲਾਂਕਿ ਸਾਫ ਕਰ ਦਿੱਤਾ ਕਿ ਉਹ ਕੁੱਲ ਆਲਮ ਨਾਲੋਂ ਅਲਹਿਦਾ ਨਹੀਂ ਰਹਿਣਗੇ ਤੇ ਕੌਮਾਂਤਰੀ ਰਿਸ਼ਤਿਆਂ 'ਚ ਅਮਨ ਦੇ ਹਾਮੀ ਹਨ । ਪਰ ਅਫਗਾਨਿਸਤਾਨ ਵਿਚ ਅਰਾਜਕਤਾ ਦਾ ਮਹੌੌਲ ਭਾਰਤ ਤੇ ਪਛਮੀ ਦੇਸ਼ਾਂ ਲਈ ਕਾਫੀ ਖਤਰਨਾਕ ਹੋਵੇੇਗਾ।                         

 

  ਰਜਿੰੰਦਰ ਸਿੰਘ ਪੁਰੇਵਾਲ