ਹੁਣ ਤਾਲਿਬਾਨੀ ਜਿਹਾਦੀ ਭਾਰਤ ਲਈ ਖਤਰਾ 

ਹੁਣ ਤਾਲਿਬਾਨੀ ਜਿਹਾਦੀ ਭਾਰਤ ਲਈ ਖਤਰਾ 

ਇਸ ਸਮੇਂ ਭਾਰਤ ਦੀ ਵਿਦੇਸ਼ ਨੀਤੀ ਦੀ ਸਭ ਤੋਂ ਵੱਡੀ ਚੁਣੌਤੀ ਅਫਗਾਨਿਸਤਾਨ ਹੈ।

ਹੁਣ ਤਾਲਿਬਾਨੀ ਜਿਹਾਦੀ ਭਾਰਤ ਲਈ ਖਤਰਾ ਬਣ ਜਾਣਗੇ, ਕਿਉ ਕਿ ਭਾਰਤੀ ਖੁਫੀਆ ਏਜੰਸੀਆਂ ਇਸ ਕਰਕੇ ਖਤਰਾ ਮਹਿਸੂਸ ਕਰ ਰਹੀਆਂ ਹਨ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਐਲਾਨ ਅਨੁਸਾਰ ਅਫ਼ਗਾਨਿਸਤਾਨ ’ਚ ਅਮਰੀਕਾ ਦਾ ਲੱਗਪਗ ਸਾਲ ਲੰਬਾ ਫ਼ੌਜੀ ਮਿਸ਼ਨ 31 ਅਗਸਤ ਨੂੰ ਖ਼ਤਮ ਹੋ ਜਾਵੇਗਾ । ਅਮਰੀਕੀ ਰਾਸ਼ਟਰਪਤੀ ਬਾਇਡਨ ਦਾ ਕਹਿਣਾ ਹੈ ਕਿ ਭਾਵੇਂ ਅਮਰੀਕਾ ਦੇ ਜਿੰਨੇ ਮਰਜ਼ੀ ਸੈਨਿਕ ਅਫ਼ਗਾਨਿਸਤਾਨ ਵਿੱਚ ਰਹਿਣ ਪਰ ਉਥੋਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕੱਢਿਆ ਜਾ ਸਕਦਾ। ਫ਼ੌਜਾਂ ਦੀ ਵਾਪਸੀ ਦਾ ਕੰਮ ਸੁਰੱਖਿਅਤ ਅਤੇ ਵਧੀਆ ਤਰੀਕੇ ਨਾਲ ਹੋ ਰਿਹਾ ਹੈ।ਦੂਸਰੇ ਪਾਸੇ ਅਫ਼ਗਾਨਿਸਤਾਨ ’ਚੋਂ ਅਮਰੀਕੀ ਫ਼ੌਜਾਂ ਦੀ ਵਾਪਸੀ ਦੌਰਾਨ ਹੀ ਤਾਲਿਬਾਨ ਨੇ ਦੇਸ਼ ਦੇ ਵੱਡੇ ਸ਼ਹਿਰਾਂ ਵੱਲ ਵਧਣਾ ਸ਼ੁਰੂ ਕਰ ਦਿੱਤਾ ਅਤੇ ਖੇਤਰੀ ਰਾਜਧਾਨੀਆਂ ਨੇੜੇ ਅਫ਼ਗਾਨ ਸੁਰੱਖਿਆ ਬਲਾਂ ਨਾਲ ਉਨ੍ਹਾਂ ਦੀਆਂ ਲੜਾਈਆਂ ਹੋ ਰਹੀਆਂ ਹਨ। ਰੱਖਿਆ ਅਧਿਕਾਰੀਆਂ ਅਨੁਸਾਰ   ਤਾਲਿਬਾਨ ਜਿਹਾਦੀ ਸੂਬਿਆਂ ਦੀਆਂ ਰਾਜਧਾਨੀਆਂ, ਜਿਵੇਂ ਕਲਾ-ਏ-ਨਾਵ ਆਦਿ ਦੇ ਆਲੇ ਦੁਆਲੇ ਫੈਲੇ ਹੋਏ ਹਨ ਤੇ ਅਮਰੀਕੀ ਫ਼ੌਜਾਂ ਦੇ ਦੇਸ਼ ’ਚ ਨਿਕਲਣ ਦੀ ਉਡੀਕ ਕਰ ਰਹੇ ਹਨ। ਦੱਖਣੀ ਅਫ਼ਗਾਨਿਸਤਾਨ ਦੇ ਦੋ ਸੂਬਿਆਂ ਵਿੱਚ ਜਬਰਦਸਤ ਲੜਾਈ ਵਿੱਚ ਘੱਟੋ ਘੱਟ 109 ਤਾਲਿਬਾਨ ਮਾਰੇ ਗਏ ਅਤੇ 25 ਜ਼ਖਮੀ ਹੋ ਗਏ।

ਕੰਧਾਰ ਪ੍ਰਾਂਤ ਵਿਚ ਅਫਗਾਨਿਸਤਾਨ ਦੇ ਕੌਮੀ ਰੱਖਿਆ ਅਤੇ ਸੁਰੱਖਿਆ ਬਲਾਂ (ਏਐੱਫਐੱਸਐੱਫ) ਨੇ ਹਵਾਈ ਫੌਜ ਦੀ ਮਦਦ ਨਾਲ 70 ਅਤਿਵਾਦੀ ਮਾਰੇ ਤੇ ਅੱਠ ਹੋਰ ਜ਼ਖਮੀ ਹੋ ਗਏ, ਜਦੋਂ ਕਿ ਸੂਬਾਈ ਰਾਜਧਾਨੀ, ਕੰਧਾਰ ਸ਼ਹਿਰ ਅਤੇ ਨੇੜਲੇ ਉਪਨਗਰੀਏ ਦੇ ਪੁਲਿਸ ਜ਼ਿਲ੍ਹਾ 7 ਵਿਚ ਇਕ ਸਫਾਈ ਮੁਹਿੰਮ ਚਲਾਇਆ ਗਿਆ। ਇਸ ਤੋਂ ਇਲਾਵਾ ਹੇਲਮੰਦ ਸੂਬੇ ਵਿੱਚ 39 ਤਾਲਿਬਾਨ ਮਾਰੇ ਗਏ ਅਤੇ 17 ਜ਼ਖਮੀ ਹੋਏ। ਸੂਤਰਾਂ ਅਨੁਸਾਰ ਮਾਰੇ ਗਏ ਅਤਿਵਾਦੀਆਂ ਦੇ ਦੋ ਕਮਾਂਡਰ ਵੀ ਸ਼ਾਮਲ ਸਨ। ਅਫ਼ਗਾਨਿਸਤਾਨ ਵਿੱਚ ਵਿਗੜਦੀ ਸੁਰੱਖਿਆ ਸਥਿਤੀ ਅਤੇ ਕੰਧਾਰ ਦੇ ਆਸ ਪਾਸ ਦੇ ਨਵੇਂ ਇਲਾਕਿਆਂ ਉੱਤੇ ਤਾਲਿਬਾਨ ਦੇ ਕਬਜ਼ੇ ਦੇ ਮੱਦੇਨਜ਼ਰ ਭਾਰਤ ਨੇ ਦੱਖਣੀ ਅਫ਼ਗਾਨਿਸਤਾਨ ਦੇ ਸ਼ਹਿਰ ਵਿੱਚ ਆਪਣੇ ਕੌਂਸਲਖਾਨੇ ਦੇ ਤਕਰੀਬਨ 50 ਡਿਪਲੋਮੈਟ ਅਤੇ ਸੁਰੱਖਿਆ ਕਰਮਚਾਰੀ ਵਾਪਸ ਸੱਦ ਲਏ ਹਨ। ਹੈਰਾਨੀ ਇਸ ਗਲ ਦੀ ਹੈ ਕਿ ਬਗਰਾਮ ਸਮੇਤ 7 ਹਵਾਈ ਅੱਡਿਆਂ ਨੂੰ ਖ਼ਾਲੀ ਕਰਦੇ ਸਮੇਂ ਅਮਰੀਕੀ ਫ਼ੌਜੀਆਂ ਨੇ ਕਾਬੁਲ ਸਰਕਾਰ ਨੂੰ ਖ਼ਬਰ ਤੱਕ ਨਹੀਂ ਕੀਤੀ। ਨਤੀਜਾ ਕੀ ਹੋਇਆ? ਬਗਰਾਮ ਹਵਾਈ ਅੱਡੇ ’ਚ ਸੈਂਕੜੇ ਸ਼ਹਿਰੀ ਵੜ ਗਏ ਅਤੇ ਉਨ੍ਹਾਂ ਨੇ ਰਹਿੰਦਾ-ਖੂੰਹਦਾ ਅਮਰੀਕੀ ਫੌਜ ਦਾ ਮਾਲ ਲੁੱਟ ਲਿਆ। ਸਥਿਤੀ ਇਹ ਹੈ ਕਿ ਅਫਗਾਨ ਲੋਕਾਂ ਤੋਂ ਵੀ ਵੱਧ ਅਮਰੀਕੀ ਫ਼ੌਜੀ ਤਾਲਿਬਾਨ ਤੋਂ ਡਰੇ ਹੋਏ ਸਨ। ਉਨ੍ਹਾਂ ਨੂੰ ਇਤਿਹਾਸ ਦਾ ਉਹ ਸਬਕ ਯਾਦ ਹੈ, ਜਦੋਂ ਲਗਭਗ ਪੌਣੇ 200 ਸਾਲ ਪਹਿਲਾਂ ਅੰਗਰੇਜ਼ੀ ਫ਼ੌਜ ਦੇ 16000 ਫ਼ੌਜੀ ਜਵਾਨ ਕਾਬੁਲ ਛੱਡ ਕੇ ਭੱਜੇ ਸਨ ਤਾਂ ਉਨ੍ਹਾਂ ’ਚੋਂ 15,999 ਜਵਾਨਾਂ ਨੂੰ ਅਫਗਾਨਾਂ ਨੇ ਕਤਲ ਕਰ ਦਿੱਤਾ ਸੀ। ਇਹ ਸਿਖ ਜਰਨੈਲ ਹਰੀ ਸਿੰੰਘ ਨਲੂਆ ਸੀ ਜਿਸਨੇ ਸ਼ੇੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿਚ ਉਨੀਵੀਂ ਸਦੀ ਦੌਰਾਨ ਅਫਗਾਨੀਆਂਂ ਦੇ ਨਕ ਵਿਚ ਦਮ ਕਰੀ ਰਖਿਆ। ਪਰ  ਅਮਰੀਕੀ ਜਵਾਨ  ਅੰਗਰੇਜ਼ਾਂ ,ਤੇ ਰੂਸ ਵਾਂਂਗ ਫੇਲ ਹੋਏ ਹਨ।ਉਸ ਦਾ ਨਤੀਜਾ ਇਹ ਹੋ ਰਿਹਾ ਹੈ ਕਿ ਅਫਗਾਨ ਸੂਬਿਆਂ ’ਚ ਤਾਲਿਬਾਨ ਦਾ ਕਬਜ਼ਾ ਵਧਦਾ ਜਾ ਰਿਹਾ ਹੈ। ਇਕ ਤਿਹਾਈ ਅਫਗਾਨਿਸਤਾਨ ’ਤੇ ਉਨ੍ਹਾਂ ਦਾ ਕਬਜ਼ਾ ਹੋ ਚੁੱਕਾ ਹੈ। ਕਈ ਮੁਹੱਲਿਆਂ, ਪਿੰਡਾਂ ਅਤੇ ਸ਼ਹਿਰਾਂ ’ਚ ਲੋਕ ਹਥਿਆਰਬੰਦ ਹੋ ਰਹੇ ਹਨ ਤਾਂ ਕਿ ਖਾਨਾਜੰਗੀ ਦੀ ਸਥਿਤੀ ’ਚ ਉਹ ਆਪਣੀ ਰੱਖਿਆ ਕਰ ਸਕਣ।

ਅਫਗਾਨਿਸਤਾਨ ’ਚ ਭਾਰਤ ਦੀ ਹਾਲਤ ਅਜੀਬ ਜਿਹੀ ਹੋ ਗਈ ਹੈ। 3 ਅਰਬ ਡਾਲਰ ਉਥੇ ਖਪਾਉਣ ਵਾਲਾ ਅਤੇ ਆਪਣੇ ਕਰਮਚਾਰੀਆਂ ਦੀ ਜਾਨ ਕੁਰਬਾਨ ਕਰਨ ਵਾਲਾ ਭਾਰਤ ਹੱਥ ’ਤੇ ਹੱਥ ਧਰੀ ਬੈਠਾ ਹੈ। ਭਾਰਤ ਦੀ ਵਿਧਾਨਿਕ ਸਰਹੱਦ (ਕਸ਼ਮੀਰ ਨਾਲ ਲੱਗੀ ਹੋਈ) ਅਫਗਾਨਿਸਤਾਨ ਨਾਲ ਲਗਭਗ 100 ਕਿ. ਮੀ. ਲੱਗਦੀ ਹੈ। ਆਪਣੇ ਇਸ ਗੁਆਂਢੀ ਦੇਸ਼ ਦੇ ਤਾਲਿਬਾਨ ਨਾਲ ਚੀਨ, ਰੂਸ, ਤੁਰਕੀ, ਅਮਰੀਕਾ ਆਦਿ ਸਿੱਧੀ ਗੱਲ ਕਰ ਰਹੇ ਹਨ ਅਤੇ ਭਟਕਿਆ ਹੋਇਆ ਪਾਕਿਸਤਾਨ ਵੀ ਉਨ੍ਹਾਂ ਦਾ ਪੱਲਾ ਫੜ੍ਹੀ ਬੈਠਾ ਹੈ ਪਰ ਭਾਰਤ ਦੀ ਵਿਦੇਸ਼ ਨੀਤੀ ਬਗਲੇ ਵਾਂਗ ਝਾਕ ਰਹੀ ਹੈ । ਇਸ ਸਮੇਂ ਭਾਰਤ ਦੀ ਵਿਦੇਸ਼ ਨੀਤੀ ਦੀ ਸਭ ਤੋਂ ਵੱਡੀ ਚੁਣੌਤੀ ਅਫਗਾਨਿਸਤਾਨ ਹੈ। ਇਸ ਮਾਮਲੇ ਵਿਚ ਭਾਰਤ ਨੂੰ ਸੰਭਲਕੇ ਚਲਣਾ ਪਵੇਗਾ।ਕਸ਼ਮੀਰੀਆਂ ਦਾ ਦਿਲ ਜਿਨਾ ਪਵੇਗਾ।ਜੇਕਰ ਅਫਗਾਨਿਸਤਾਨ ’ਚ ਅਰਾਜਕਤਾ ਫੈਲ ਗਈ ਤਾਂ ਉਹ ਭਾਰਤ ਲਈ ਸਭ ਤੋਂ ਵੱਧ ਨੁਕਸਾਨਦੇਹ ਸਾਬਿਤ ਹੋਵੇਗੀ।                 

 

  ਰਜਿੰਦਰ ਸਿੰਘ ਪੁਰੇਵਾਲ