ਮੱਧ ਵਰਗ ਤੋਂ ਲੈ ਕੇ ਉੱਪਰਲੀ ਸ਼੍ਰੇਣੀ ਦੀ ਨੌਜਵਾਨ ਪੀੜ੍ਹੀ ਪੰਜਾਬੀ ਭਾਸ਼ਾ ਨਾਲੋਂ ਕਿਉਂ ਟੁੱਟੀ?

ਮੱਧ ਵਰਗ ਤੋਂ ਲੈ ਕੇ ਉੱਪਰਲੀ ਸ਼੍ਰੇਣੀ ਦੀ ਨੌਜਵਾਨ  ਪੀੜ੍ਹੀ ਪੰਜਾਬੀ ਭਾਸ਼ਾ ਨਾਲੋਂ ਕਿਉਂ ਟੁੱਟੀ?

ਵਿਸ਼ੇਸ਼ ਮੁੱਦਾ

ਪੰਜਾਬੀ ਭਾਸ਼ਾ ਦੇ ਸੰਕਟ ਨੂੰ ਸਮਝਣ ਲਈ ਪਿਛਲੇ ਪੰਜ ਦਹਾਕਿਆਂ ਦੇ ਵਿਕਾਸ ਮਾਡਲ ਨੂੰ ਸਮਝਣਾ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਪੰਜਾਬ ਵਿੱਚ ਤੇਜ਼ੀ ਨਾਲ ਹੋਏ ਸ਼ਹਿਰੀਕਰਨ ਨੇ ਸਕੂਲ ਪੱਧਰ ਦੇ ਸਿੱਖਿਆ ਤੰਤਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਦਾ ਸਭ ਤੋਂ ਵੱਡਾ ਪ੍ਰਭਾਵ ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ ਅਤੇ ਸਿੱਖਿਆ ਉੱਪਰ ਪਿਆ ਹੈ। ਦੁਨੀਆ ਭਰ ਦੀਆਂ ਖੋਜਾਂ ਨੇ ਸਿੱਧ ਕੀਤਾ ਹੈ ਕਿ ਜਦੋਂ ਵੀ ਸਕੂਲ ਪ੍ਰਬੰਧ ਵਿੱਚੋਂ ਭਾਸ਼ਾ ਜਲਵਤਨ ਕੀਤੀ ਜਾਂਦੀ ਹੈ ਤਾਂ ਹੌਲੀ-ਹੌਲੀ ਨਵੀਂ ਪੀੜ੍ਹੀ ਵੀ ਆਪਣੀ ਮਾਤ-ਭਾਸ਼ਾ ਨੂੰ ਵਿਸਾਰ ਦਿੰਦੀ ਹੈ।

ਪੰਜਾਬ ਵਿੱਚ ਸਕੂਲੀ ਪੱਧਰ ਉੱਪਰ ਅਜਿਹਾ ਹੀ ਵਰਤਾਰਾ ਪਿਛਲੇ ਚਾਰ ਦਹਾਕਿਆਂ ਵਿੱਚ ਵਾਪਰਿਆ ਜਦੋਂ ਮੱਧ ਵਰਗੀ ਜਮਾਤ ਤੋਂ ਲੈ ਕੇ ਉਚੇਰੀ ਸ਼੍ਰੇਣੀ ਤੱਕ ਨੇ ਆਪਣੇ ਧੀਆਂ-ਪੁੱਤਾਂ ਨੂੰ ਮਾਤ-ਭਾਸ਼ਾ ਵਿੱਚ ਪੜ੍ਹਾਉਣ ਵਾਲੇ ਸਕੂਲਾਂ ਤੋਂ ਅਲੱਗ ਕਰਕੇ ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ ਵਿੱਚ ਪੜ੍ਹਨ ਭੇਜ ਦਿੱਤਾ। ਇਹ ਸਮੁੱਚਾ ਜਾਲ ਸ਼ਹਿਰੀ ਪੜ੍ਹੀ-ਲਿਖੀ ਆਬਾਦੀ ਨੂੰ ਪੂਰੀ ਤਰ੍ਹਾਂ ਆਪਣੀ ਗ੍ਰਿਫ਼ਤ ਵਿੱਚ ਲੈ ਚੁੱਕਿਆ ਹੈ। ਹੁਣ ਪੇਂਡੂ ਖੇਤਰ ਨੂੰ ਵੀ ਬੁਰੀ ਤਰ੍ਹਾਂ ਆਇਲਟਸ ਦੇ ਕੇਂਦਰਾਂ ਤੋਂ ਲੈ ਕੇ ਦੂਰ ਦੁਰੇਡੇ ਤੱਕ ਖੁੱਲ੍ਹੇ ਪ੍ਰਾਈਵੇਟ ਸਕੂਲਾਂ ਨੇ ਆਪਣੇ ਘੇਰੇ ਵਿੱਚ ਲੈ ਲਿਆ ਹੈ।

ਪੰਜਾਬੀ ਭਾਸ਼ਾ ਦਾ ਸੁਨਹਿਰੀ ਦੌਰ 1970 ਤੱਕ ਰਿਹਾ ਹੈ ਜਦੋਂ ਸਮੁੱਚੇ ਪੰਜਾਬ ਵਿੱਚ 90% ਤੋਂ ਵੱਧ ਵਿਦਿਆਰਥੀ ਸਰਕਾਰੀ ਤੇ ਗ੍ਰਾਂਟ-ਇਨ-ਏਡ ਸਕੂਲਾਂ ਵਿੱਚ ਪੜ੍ਹਦੇ ਸਨ। ਉਸ ਦੌਰ ਵਿੱਚ ਹਰੇਕ ਵਿਸ਼ਾ ਪੰਜਾਬੀ ਭਾਸ਼ਾ ਵਿੱਚ ਪੜ੍ਹਾਇਆ ਜਾਂਦਾ ਸੀ ਅਤੇ ਆਸਾਨੀ ਨਾਲ ਵਿਦਿਆਰਥੀ ਹਿੰਦੀ ਅਤੇ ਅੰਗਰੇਜ਼ੀ ਵਿੱਚ ਵੀ ਮੁਹਾਰਤ ਕਰ ਲੈਂਦੇ ਸੀ। ਇਸ ਕਰਕੇ ਉਸ ਦੌਰ ਦੇ ਪੰਜਾਬੀ ਲੇਖਕ, ਵਿਗਿਆਨੀ, ਅਰਥਸ਼ਾਸਤਰੀ, ਡਾਕਟਰ ਅਤੇ ਇੰਜਨੀਅਰਾਂ ਦੀ ਤਿੰਨਾਂ ਭਾਸ਼ਾਵਾਂ ਵਿੱਚ ਇੱਕੋ ਜਿਹੀ ਮੁਹਾਰਤ ਹੁੰਦੀ ਸੀ।

ਪੰਜਾਬ ਵਿੱਚ ਭਾਸ਼ਾ ਦਾ ਸੰਕਟ 1980 ਤੋਂ ਬਾਅਦ ਸ਼ੁਰੂ ਹੁੰਦਾ ਹੈ ਜਦੋਂ ਸਮੁੱਚਾ ਪੰਜਾਬ ਅਤਿਵਾਦ ਦੀ ਮਾਰ ਹੇਠ ਆਇਆ ਸੀ। ਇਸ ਦੌਰ ਵਿੱਚ ਪੇਂਡੂ ਖੇਤਰ ਤੋਂ ਬਹੁਗਿਣਤੀ ਜਿਨ੍ਹਾਂ ਵਿੱਚ ਸਰਕਾਰੀ ਮੁਲਾਜ਼ਮ, ਵਪਾਰੀ, ਧਨੀ-ਕਿਸਾਨ, ਸਿਆਸਤਦਾਨ ਅਤੇ ਹੋਰ ਆਰਥਿਕ ਤੌਰ ’ਤੇ ਸਰਦੇ ਪੁੱਜਦੇ ਲੋਕ ਸ਼ਹਿਰਾਂ ਵੱਲ ਪਰਵਾਸ ਕਰ ਗਏ ਸਨ। ਇਸ ਦਾ ਮੁੱਖ ਕਾਰਨ ਇਹ ਸੀ ਕਿ ਪੇਂਡੂ ਖੇਤਰ ਵਿੱਚ ਅਤਿਵਾਦ ਦੇ ਦਿਨਾਂ ਵਿੱਚ ਸਰਕਾਰੀ ਸਕੂਲਾਂ ਦੀ ਪੜ੍ਹਾਈ ਦੀ ਪ੍ਰੀਕਿਰਿਆ ਲਗਭਗ ਬੰਦ ਹੋ ਗਈ ਸੀ। ਉਪਰੋਕਤ ਵਰਗਾਂ ਨੇ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਪ੍ਰਾਈਵੇਟ ਸਕੂਲਾਂ ਦੀ ਚੋਣ ਕੀਤੀ ਜਿਨ੍ਹਾਂ ਦੀ ਪੜ੍ਹਾਈ ਦਾ ਮਾਧਿਅਮ ਅੰਗਰੇਜ਼ੀ ਸੀ।

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਿੱਖਿਆ ਵਿਭਾਗ ਦੀ ਖੋਜਾਰਥਣ ਮਨਦੀਪ ਕੌਰ ਨੇ 1980 ਤੋਂ ਬਾਅਦ ਦੇ ਸ਼ਹਿਰੀਕਰਨ ਦਾ ਸਿੱਖਿਆ ਨਾਲ ਕੀ ਰਿਸ਼ਤਾ ਹੈ? ਉੱਪਰ ਖੋਜ ਕਰਦਿਆਂ ਤੱਥ ਪੇਸ਼ ਕੀਤੇ ਕਿ ਪੰਜਾਬ ਦੀ ਪ੍ਰਤੀਨਿਧਤਾ ਕਰਦੇ ਤਿੰਨ ਸ਼ਹਿਰ ਪਟਿਆਲਾ, ਲੁਧਿਆਣਾ ਅਤੇ ਅੰਮ੍ਰਿਤਸਰ ਵਿੱਚ 1980 ਤੋਂ ਬਾਅਦ ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ ਵਿੱਚ ਬੇਤਹਾਸ਼ਾ ਵਾਧਾ ਹੋਇਆ ਹੈ। 1981 ਵਿੱਚ ਪਟਿਆਲਾ ਦੀ ਆਬਾਦੀ 2 ਲੱਖ ਤੋਂ ਵਧ ਕੇ ਅੱਜ 5 ਲੱਖ ਹੋ ਗਈ ਹੈ, ਪਰ ਸਰਕਾਰੀ ਸੈਕੰਡਰੀ ਸਕੂਲਾਂ ਦੀ ਗਿਣਤੀ ਸਿਰਫ਼ 08 ਹੈ ਅਤੇ ਅੰਗਰੇਜ਼ੀ ਮਾਧਿਅਮ ਵਾਲੇ 300 ਤੋਂ ਵੱਧ ਸਕੂਲ ਹਨ। ਇਸੇ ਤਰ੍ਹਾਂ 1981 ਵਿੱਚ ਲੁਧਿਆਣਾ ਦੀ ਆਬਾਦੀ 6 ਲੱਖ ਤੋਂ ਵਧ ਕੇ 18 ਲੱਖ ਹੋ ਗਈ ਹੈ। ਸਰਕਾਰੀ ਸੈਕੰਡਰੀ ਸਕੂਲਾਂ ਦੀ ਗਿਣਤੀ 21 ਹੈ ਅਤੇ ਪ੍ਰਾਈਵੇਟ ਸਕੂਲਾਂ ਦੀ ਗਿਣਤੀ 900 ਤੋਂ ਵੱਧ ਹੈ। ਅੰਮ੍ਰਿਤਸਰ ਦੀ ਆਬਾਦੀ 1981 ਵਿੱਚ 6 ਲੱਖ ਤੋਂ ਵਧ ਕੇ ਅੱਜ 13 ਲੱਖ ਹੋ ਗਈ ਹੈ। ਸਰਕਾਰੀ ਸਕੂਲਾਂ ਦੀ ਗਿਣਤੀ 20 ਹੈ ਅਤੇ ਅੰਗਰੇਜ਼ੀ ਮਾਧਿਅਮ ਵਾਲੇ 700 ਤੋਂ ਵੱਧ ਸਕੂਲ ਹਨ। ਉਪਰੋਕਤ ਅੰਕੜੇ ਦਰਸਾਉਂਦੇ ਹਨ ਕਿ ਪੰਜਾਬ ਦੇ ਸ਼ਹਿਰੀ ਖੇਤਰਾਂ ਦੀ ਸਿੱਖਿਆ ਦਾ ਮਾਧਿਅਮ ਅੰਗਰੇਜ਼ੀ ਵਿੱਚ 90% ਵਿਦਿਆਰਥੀਆਂ ਦਾ ਹੈ ਜਿਨ੍ਹਾਂ ਦੇ ਮਾਪੇ ਮੱਧ ਵਰਗ ਤੋਂ ਲੈ ਕੇ ਉੱਪਰਲੀਆਂ ਸ਼੍ਰੇਣੀਆਂ ਨਾਲ ਸਬੰਧਿਤ ਹਨ। ਸਿੱਖਿਆ ਵਿੱਚੋਂ ਪੰਜਾਬੀ ਦਾ ਖਾਰਜ ਹੋਣਾ ਪੰਜਾਬੀ ਭਾਸ਼ਾ ਵਿਚਲੇ ਸੰਕਟ ਦੀ ਸਭ ਤੋਂ ਵੱਡੀ ਬੁਨਿਆਦ ਹੈ। ਦਿਲਚਸਪ ਤੱਥ ਇਹ ਵੀ ਹੈ ਕਿ ਕਦੇ ਵੀ ਕਿਸੇ ਪੰਜਾਬ ਦੇ ਸ਼ਹਿਰ ਵਿੱਚੋਂ ਮਾਂ-ਬੋਲੀ ਪੰਜਾਬੀ ਦੇ ਸਕੂਲ ਖੋਲ੍ਹਣ ਦੀ ਆਵਾਜ਼ ਨਹੀਂ ਉੱਠੀ। ਮੱਧ ਵਰਗ ਤੋਂ ਲੈ ਕੇ ਉੱਪਰਲੀ ਸ਼੍ਰੇਣੀ ਦੇ ਲੜਕੇ ਅਤੇ ਲੜਕੀਆਂ ਹੁਣ ਪੂਰੀ ਤਰ੍ਹਾਂ ਪੰਜਾਬੀ ਭਾਸ਼ਾ ਨਾਲੋਂ ਟੁੱਟ ਚੁੱਕੇ ਹਨ ਜਿਸ ਦਾ ਨਤੀਜਾ ਸਭ ਦੇ ਸਾਹਮਣੇ ਹੈ ਕਿ ਕਿਸ ਤਰ੍ਹਾਂ ਅੰਗਰੇਜ਼ੀ ਨੂੰ ਅਪਣਾ ਕੇ ਵੱਡੀ ਗਿਣਤੀ ਵਿੱਚ ਇਨ੍ਹਾਂ ਪਰਿਵਾਰਾਂ ਦੀ ਪੀੜ੍ਹੀ ਵਿਦੇਸ਼ ਜਾਣ ਦੀਆਂ ਤਿਆਰੀਆਂ ਵਿੱਚ ਜੁਟੀ ਹੋਈ ਹੈ। ਇਹ ਸਭ ਕੁਝ ਪਿਛਲੇ ਚਾਰ ਦਹਾਕਿਆਂ ਵਿੱਚ ਸਿੱਖਿਆ ਵਿੱਚ ਹੋਏ ਬਦਲਾਅ ਕਾਰਨ ਵਾਪਰਿਆ ਹੈ।

ਕਿਸੇ ਵੀ ਖਿੱਤੇ ਵਿਚਲਾ ਭਾਸ਼ਾ ਦਾ ਸੰਕਟ ਨੌਜਵਾਨ ਪੀੜ੍ਹੀ ਵਿੱਚੋਂ ਸੱਭਿਆਚਾਰ ਤੋਂ ਲੈ ਕੇ ਉਨ੍ਹਾਂ ਅੰਦਰਲੇ ਬਹੁਪੱਖੀ ਵਿਕਾਸ ਨੂੰ ਤੋੜਦਾ ਅਤੇ ਬਦਲਦਾ ਹੈ। ਜਿਸ ਕਾਰਨ ਉਨ੍ਹਾਂ ਅੰਦਰ ਮਾਨਸਿਕ ਵਿਸੰਗਤੀਆਂ ਉਤਪੰਨ ਹੋ ਜਾਂਦੀਆਂ ਹਨ। ਪੰਜਾਬ ਦੀ ਅਜੋਕੀ ਨੌਜਵਾਨ ਪੀੜ੍ਹੀ ਦੁਨੀਆ ਦੇ ਬਾਹਰੀ ਗਿਆਨ, ਸਾਹਿਤ ਅਤੇ ਸੱਭਿਆਚਾਰ ਨੂੰ ਆਪਣੀ ਜ਼ਮੀਨ ਨਾਲੋਂ ਤੋੜ ਕੇ ਸਮਝ ਰਹੀ ਹੈ ਜਿਸ ਕਰਕੇ ਉਨ੍ਹਾਂ ਅੰਦਰ ਪੰਜਾਬੀ ਭਾਸ਼ਾ ਦੀਆਂ ਸ਼ਾਨਦਾਰ ਲਿਖਤਾਂ ਪ੍ਰਤੀ ਕੋਈ ਵੀ ਝੁਕਾਅ ਨਹੀਂ ਹੈ। ਇਹ ਸੰਕਟ ਦਿਨ-ਬ-ਦਿਨ ਡੂੰਘਾ ਹੁੰਦਾ ਜਾ ਰਿਹਾ ਹੈ ਜਿਸ ਨੇ ਮਾਨਸਿਕ ਤੌਰ ’ਤੇ ਪੰਜਾਬ ਦੀ ਨਵੀਂ ਪੀੜ੍ਹੀ ਨੂੰ ਵੀ ਬਿਮਾਰ ਕਰ ਦਿੱਤਾ ਹੈ ਕਿਉਂਕਿ ਪੜ੍ਹਾਈ ਦੇ ਮੁੱਢਲੇ ਵਰ੍ਹਿਆਂ ਤੋਂ ਲੈ ਕੇ ਬਾਰ੍ਹਵੀਂ ਤੱਕ ਦੀ ਪੜ੍ਹਾਈ ਤੱਕ ਦਾ ਸਫ਼ਰ ਸਿਰਫ਼ ਅੰਕ ਲੈਣ ਅਤੇ ਕਰੀਅਰ ਬਣਾਉਣ ਤੱਕ ਸਿਮਟ ਗਿਆ ਹੈ। ਜਿਸ ਦਾ ਆਧਾਰ ਅੰਕ ਹਾਸਲ ਕਰਨ ਲਈ ਬਾਰ-ਬਾਰ ਰੱਟਾ ਲਾਉਣਾ ਅਤੇ ਆਪਣੀ ਯਾਦ ਸ਼ਕਤੀ ਨੂੰ ਇਕੱਤਰ ਕਰਨਾ ਹੀ ਹੁੰਦਾ ਹੈ। ਜਿਸ ਵਿੱਚੋਂ ਕੁਦਰਤੀ ਮਾਂ-ਬੋਲੀ ਪ੍ਰਤੀ ਹੋਣ ਵਾਲਾ ਵਿਕਾਸ ਦਮ ਤੋੜ ਜਾਂਦਾ ਹੈ ਜਿਹੜਾ ਮੁੜ ਕੇ ਮਾਨਸਿਕ ਉਲਝਣਾਂ ਅਤੇ ਵਿਸੰਗਤੀਆਂ ਉਤਪੰਨ ਕਰਦਾ ਹੈ। ਸਰਕਾਰੀ ਅੰਕੜਿਆਂ ਮੁਤਾਬਕ 90% ਪੰਜਾਬੀ ਭਾਸ਼ਾ ਰਾਹੀਂ ਪੜ੍ਹਾਈ ਦਲਿਤ, ਹੇਠਲੀ ਕਿਸਾਨੀ ਅਤੇ ਪਰਵਾਸੀ ਪਰਿਵਾਰਾਂ ਦੇ ਬੱਚੇ ਹੀ ਕਰਦੇ ਹਨ। ਇਹ ਦਿਸ਼ਾ ਨੇੜ ਭਵਿੱਖ ਵਿੱਚ ਤਬਦੀਲ ਹੁੰਦੀ ਦਿਖਾਈ ਨਹੀਂ ਦਿੰਦੀ ਕਿਉਂਕਿ ਸਮੇਂ ਦੀਆਂ ਸਰਕਾਰਾਂ ਨੇ ਵੀ ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ ਨੂੰ ਉਤਸ਼ਾਹਿਤ ਕਰਨਾ ਹੀ ਆਪਣਾ ਕਾਰਜ ਸਮਝਿਆ ਹੈ। ਇਸ ਕਾਰਨ ਪੰਜਾਬ ਦੇ ਭਵਿੱਖ ਵਿੱਚ ਬੌਧਿਕ ਕੰਗਾਲੀ, ਸਾਹਿਤ, ਸਮਾਜਿਕ ਅਤੇ ਸੱਭਿਆਚਾਰਕ ਖੇਤਰ ਵਿੱਚ ਸੰਕਟ ਹੋਰ ਡੂੰਘਾ ਹੋਵੇਗਾ।

ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਸਵਾਲ ਨੂੰ ਅਜੋਕੇ ਪੰਜਾਬ ਦੇ ਚੱਲਣ ਢੰਗ ਦੇ ਅਧਿਐਨ ਨਾਲ ਜੋੜ ਕੇ ਨਵੇਂ ਕਿਸਮ ਨਾਲ ਸੋਚਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਪੰਜਾਬੀ ਸਾਹਿਤ, ਸੱਭਿਆਚਾਰ, ਗਿਆਨ ਅਤੇ ਵਿਗਿਆਨ ਨੂੰ ਵਿਕਸਤ ਕਰਨ ਲਈ ਨਿੱਜੀ ਪੱਧਰ ਤੋਂ ਲੈ ਕੇ ਸੰਸਥਾਵਾਂ ਦੇ ਪੱਧਰ ਤੱਕ ਕਾਰਜ ਕੀਤੇ ਜਾਣ। ਇਹ ਹਕੀਕਤ ਹੈ ਕਿ ਮਾਂ-ਬੋਲੀ ਵਿੱਚ ਦਿੱਤੀ ਸਿੱਖਿਆ ਤੋਂ ਬਿਨਾਂ ਸਮਾਜ ਸਹੀ ਰਸਤੇ ਉੱਪਰ ਅਗਾਂਹ ਨਹੀਂ ਵਧ ਸਕਦਾ ਕਿਉਂਕਿ ਜੇ ਇੱਕ ਵਾਰੀ ਦੂਸਰੀ ਭਾਸ਼ਾ ਆਪਣੀ ਤਾਕਤ ਸਥਾਪਿਤ ਕਰ ਲਵੇ ਤਾਂ ਹੌਲੀ ਹੌਲੀ ਸਦੀਆਂ ਦਾ ਵਿਰਸਾ ਅਤੇ ਵਿਰਾਸਤ ਖਤਮ ਹੋ ਜਾਂਦਾ ਹੈ। ਅੱਜ ਲੋੜ ਹੈ ਕਿ ਅਸੀਂ ਮੌਜੂਦਾ ਦਿਸ਼ਾ ਬਦਲਣ ਲਈ ਹਰ ਤਰ੍ਹਾਂ ਦੀ ਵਿੱਦਿਅਕ ਸੰਸਥਾ ਵਿੱਚ ਪੰਜਾਬੀ ਭਾਸ਼ਾ ਨੂੰ ਲਾਗੂ ਕਰਾਉਣ ਲਈ ਕਦਮ ਪੁੱਟੀਏ। ਪੰਜਾਬ ਦੇ ਸੱਭਿਆਚਾਰ ਅਤੇ ਵਿਰਸੇ ਨੂੰ ਸਮਝਦੇ ਹੋਏ ਸਕੂਲ ਖੇਤਰ ਵਿੱਚ ਨਵੀਆਂ ਪਹਿਲ-ਕਦਮੀਆਂ ਲਈ ਆਪਣੀ ਦਿਸ਼ਾ ਅਤੇ ਦਸ਼ਾ ਬਦਲੀਏ।

 

ਡਾ. ਕੁਲਦੀਪ ਸਿੰਘ