ਪੰਜਾਬ ਵਿਧਾਨ ਸਭਾ ਚੋਣਾਂ ਵਿਚ ਡੇਰਾ ਪ੍ਰਭਾਵ ਠੁਸ ਕਿਉਂ ਹੋਇਆ

ਪੰਜਾਬ ਵਿਧਾਨ ਸਭਾ ਚੋਣਾਂ ਵਿਚ ਡੇਰਾ ਪ੍ਰਭਾਵ ਠੁਸ ਕਿਉਂ ਹੋਇਆ

ਭੱਖਦਾ ਮਸਲਾ

ਭਾਰਤ ਦੀ ਵੋਟ ਪ੍ਰਣਾਲੀ ਵਿਚ ਧਰਮ ਦੀਆਂ ਸੰਸਥਾਵਾਂ ਅਤੇ ਧਾਰਮਿਕ ਪ੍ਰਭਾਵ ਰੱਖਣ ਵਾਲੇ ਡੇਰਿਆਂ ਦਾ ਪ੍ਰਭਾਵ ਅਕਸਰ ਦੇਖਣ ਨੂੰ ਮਿਲਦਾ ਹੈ। ਪੰਜਾਬ ਵਿਚ ਵੀ ਇਹ ਪ੍ਰਭਾਵ ਦਿਨੋ-ਦਿਨ ਵੱਧਦਾ ਦਿਖਾਈ ਦੇ ਰਿਹਾ ਸੀ। ਪੰਜਾਬ ਦੀ ਹਰ ਇਕ ਰਾਜਨੀਤਿਕ ਪਾਰਟੀ ਕਿਸੇ ਨਾ ਕਿਸੇ ਡੇਰੇ ਨਾਲ ਜੁੜੀ ਹੋਈ ਹੈ ਅਤੇ ਬਹੁਤ ਸਾਰੇ ਰਾਜਨੀਤਿਕ ਆਗੂ ਇਹਨਾਂ ਡੇਰਿਆਂ ਵਿਚ ਅਕਸਰ ਹਾਜ਼ਰੀ ਲਵਾਉਂਦੇ ਨਜ਼ਰ ਆਉਂਦੇ ਹਨ। ਪਰ ਇਸ ਵਾਰੀ ਜਿਸ ਤਰ੍ਹਾਂ ਦੇ ਰੁਝਾਨ ਦੇਖਣ ਨੂੰ ਮਿਲ ਰਹੇ ਹਨ ਉਹਨਾਂ ਵਿਚ ਡੇਰਿਆਂ ਅਤੇ ਧਾਰਮਿਕ ਸੰਸਥਾਵਾਂ ਦਾ ਪ੍ਰਭਾਵ ਮਨਫ਼ੀ ਨਜ਼ਰ ਆਉਂਦਾ ਹੈ ਜਾਂ ਇੰਝ ਕਹਿ ਲਵੋ ਕਿ ਧਾਰਮਿਕ ਡੇਰਿਆਂ ਦਾ ਪ੍ਰਭਾਵ ਰਾਜਨੀਤਿਕ ਕ੍ਰਿਸ਼ਮਾ ਕਰਨ ਵਿਚ ਅਸਫ਼ਲ ਰਿਹਾ ਹੈ।

ਪੰਜਾਬ ਵਿਚ ਲਗਪਗ 12500 ਪਿੰਡ ਹਨ ਅਤੇ ਹਰ ਪਿੰਡ ਵਿਚ ਕਿਸੇ ਨਾ ਕਿਸੇ ਡੇਰੇ ਦਾ ਪ੍ਰਭਾਵ ਨਜ਼ਰ ਆਉਂਦਾ ਹੈ। 9000 ਤੋਂ ਵਧੇਰੇ ਡੇਰੇ ਪੰਜਾਬ ਵਿਚ ਮੌਜੂਦ ਹਨ ਅਤੇ ਆਮ ਲੋਕ ਵਹੀਰਾਂ ਘੱਤ ਕੇ ਇਹਨਾਂ ਡੇਰਿਆਂ ਵਿਖੇ ਲੱਗਣ ਵਾਲੇ ਦੀਵਾਨਾਂ ਵਿਚ ਹਿੱਸਾ ਲੈਂਦੇ ਹਨ ਅਤੇ ਆਪਣਾ ਬਣਦਾ ਯੋਗਦਾਨ ਪਾਉਂਦੇ ਹਨ। ਸਾਰੀ ਰਾਤ ਸੰਗਤ ਦੀ ਸੇਵਾ ਕਰਦੇ ਅਤੇ ਧਾਰਮਿਕ ਵੀਚਾਰਾਂ ਸੁਣਦੇ ਹਨ। ਫਿਰ ਇਸ ਦਾ ਕੀ ਕਾਰਨ ਹੋ ਸਕਦਾ ਹੈ ਕਿ ਰਾਜਨੀਤਿਕ ਕਾਰਜ ਵੇਲੇ ਆਮ ਲੋਕ ਧਾਰਮਿਕ ਡੇਰਿਆਂ ਦੇ ਪ੍ਰਭਾਵ ਤੋਂ ਮੁਕਤ ਹੋ ਗਏ ਹੋਣ??ਪੰਜਾਬ ਵਿਚ ਡੇਰਿਆਂ ਦੇ ਪ੍ਰਭਾਵ ਅਤੇ ਰਾਜਨੀਤੀ 'ਤੇ ਅਕਸਰ ਚਰਚਾ ਹੁੰਦੀ ਹੈ ਅਤੇ ਪੰਜਾਬ ਦੇ ਹਰ ਇਕ ਚੈਨਲ 'ਤੇ ਹੋਣ ਵਾਲੀ ਚਰਚਾ ਵਿਚ ਕਿਸੇ ਨਾ ਕਿਸੇ ਡੇਰੇ ਦਾ ਨਾਂ ਆ ਜਾਂਦਾ ਹੈ ਅਤੇ ਕਈ ਵਾਰੀ ਇਹ ਡੇਰੇ ਹੀ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ। ਰਾਜਨੀਤਿਕ ਵਿਸ਼ਲੇਸ਼ਕ ਪੰਜਾਬ ਦੀ ਰਾਜਨੀਤੀ ਦੀ ਗੱਲ ਕਰਦਿਆਂ ਡੇਰਿਆਂ ਦੀ ਗੱਲ ਕਰਨੀ ਨਹੀਂ ਭੁੱਲਦੇ ਅਤੇ ਆਪਣੇ ਵਿਸ਼ਲੇਸ਼ਣ ਵਿਚ ਡੇਰਿਆਂ ਦੇ ਪ੍ਰਭਾਵ 'ਤੇ ਰਾਜਨੀਤਿਕ ਪਾਰਟੀਆਂ ਦਾ ਭਵਿੱਖ ਤੈਅ ਕਰਦੇ ਹਨ।ਪੰਜਾਬ ਦੇ ਚੋਣ ਦ੍ਰਿਸ਼ ਅਤੇ ਸਰਵੇਖਣਾਂ ਵਿਚ ਡੇਰਾ ਸੱਚਾ ਸੌਦਾ, ਡੇਰਾ ਬਿਆਸ ਅਤੇ ਸੰਤ ਸਮਾਜ ਦੀ ਭੂਮਿਕਾ ਨੂੰ ਪ੍ਰਮੁੱਖਤਾ ਪ੍ਰਦਾਨ ਕੀਤੀ ਗਈ ਹੈ। ਇੱਥੋਂ ਤੱਕ ਕਿ ਹਰ ਰਾਜਨੀਤਿਕ ਪਾਰਟੀ ਦਾ ਆਗੂ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਉਥੋਂ ਦੀ ਫੋਟੋ ਮੀਡੀਆ ਨਾਲ ਸਾਂਝੀ ਕਰਦਾ ਰਿਹਾ ਹੈ। ਰਾਜਨੀਤਿਕ ਪਾਰਟੀਆਂ ਦੇ ਬਾਹਰੋਂ ਆਉਣ ਵਾਲੇ ਆਗੂ ਵੀ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ-ਦੀਦਾਰ ਕਰਨ ਲਈ ਜਾਂਦੇ ਰਹੇ ਹਨ। ਰਾਜਨੀਤਿਕ ਪਾਰਟੀਆਂ ਇਸ ਆਸ ਨਾਲ ਡੇਰਿਆਂ ਅਤੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਲਈ ਜਾਂਦੀਆਂ ਹਨ ਤਾਂ ਕਿ ਉਥੇ ਦਰਸ਼ਨ ਕਰਨ ਲਈ ਆਉਣ ਵਾਲੀ ਸੰਗਤ ਉਹਨਾਂ 'ਤੇ ਵੀ ਮਿਹਰਬਾਨ ਹੋ ਜਾਵੇ ਤਾਂ ਰਾਜ ਕਰਨ ਦਾ ਮੌਕਾ ਹਾਸਲ ਹੋ ਸਕਦਾ ਹੈ। ਇਸ ਵਾਰ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੂੰ ਜਿਹੜੇ ਵਿਸ਼ੇਸ਼ ਡੇਰਿਆਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਸੀ, ਉਹ ਸਭ ਕਿਆਸ-ਅਰਾਈਆਂ ਫੇਲ ਸਾਬਿਤ ਹੋਈਆਂ ਹਨ।

ਪ੍ਰੋ. ਪੂਰਨ ਸਿੰਘ ਦਾ ਇਕ ਮਹੱਤਵਪੂਰਨ ਕਥਨ ਹੈ ਕਿ 'ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ'। ਇਹ ਕਥਨ ਆਪਣੇ ਆਪ ਵਿਚ ਬਹੁਤ ਸਾਰੀਆਂ ਸੰਭਾਵਨਾਵਾਂ ਦੇ ਦਰਸ਼ਨ ਕਰਵਾ ਦਿੰਦਾ ਹੈ। ਇਸ ਦਾ ਸਭ ਤੋਂ ਪ੍ਰਮੁਖ ਪਹਿਲੂ ਇਹ ਹੈ ਕਿ ਪੰਜਾਬ ਦੇ ਲੋਕਾਂ ਦੀ ਜੀਵਨਜਾਚ ਅਤੇ ਵਰਤੋਂ-ਵਿਹਾਰ ਦੀ ਸੇਧ ਅਤੇ ਸ਼ੁੱਧਤਾ 'ਤੇ ਗੁਰੂ ਸਾਹਿਬਾਨ ਦਾ ਪ੍ਰਭਾਵ ਹੈ ਅਤੇ ਹਰ ਇਕ ਪੰਜਾਬੀ ਗੁਰੂ ਸਾਹਿਬਾਨ ਦੀ ਸਿੱਖਿਆ ਦੇ ਅਨੁਰੂਪ ਆਪਣਾ ਜੀਵਨ ਬਸਰ ਕਰਨਾ ਚਾਹੁੰਦਾ ਹੈ। ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਵਾਲੇ ਸਿੱਖ ਸੰਗਤ ਵਿਚ ਵਿਸ਼ੇਸ਼ ਸਤਿਕਾਰ ਰੱਖਦੇ ਹਨ ਅਤੇ ਗੁਰੂ ਦੇ ਨਾਂ 'ਤੇ ਕੁਝ ਵੀ ਕੁਰਬਾਨ ਕਰਨ ਲਈ ਤਿਆਰ ਰਹਿੰਦੇ ਹਨ। ਇਸ ਲਈ ਪੰਜਾਬ ਵਿਚ ਜਿੰਨੇ ਵੀ ਡੇਰੇ ਮੌਜੂਦ ਹਨ ਉਹਨਾਂ ਵਿਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦੇਖਣ ਨੂੰ ਮਿਲ ਜਾਂਦਾ ਹੈ। ਗੁਰੂ ਦੇ ਪ੍ਰਤੀ ਸ਼ਰਧਾ ਪ੍ਰਗਟ ਕਰਨ ਲਈ ਆਈ ਸੰਗਤ ਨੂੰ ਜਦੋਂ ਕੋਈ ਡੇਰੇਦਾਰ ਨਿਜੀ ਸੰਗਤ ਸਮਝਣ ਲੱਗ ਪੈਂਦਾ ਹੈ ਤਾਂ ਸਮੱਸਿਆ ਪੈਦਾ ਹੋਣੀ ਸੁਭਾਵਕ ਹੈ।ਡੇਰਿਆਂ ਦੇ ਵੱਧਣ ਨਾਲ ਇਹਨਾਂ ਵਿਚ ਟਕਰਾਉ ਦੀ ਸੰਭਾਵਨਾ ਵੀ ਬਣੀ ਰਹਿੰਦੀ ਹੈ। ਹਰ ਇਕ ਡੇਰਾ ਆਪਣੇ ਆਪ ਨੂੰ ਦੂਜਿਆਂ ਤੋਂ ਸ੍ਰੇਸ਼ਟ ਅਤੇ ਵਧੇਰੇ ਧਾਰਮਿਕ ਪ੍ਰਭਾਵ ਵਾਲਾ ਸਾਬਿਤ ਕਰਨ ਲਈ ਪੁਰਜ਼ੋਰ ਯਤਨ ਕਰਦਾ ਹੈ ਅਤੇ ਅਜਿਹੇ ਯਤਨਾਂ ਵਿਚ ਟਕਰਾਉ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਸ ਟਕਰਾਉ ਵਿਚ ਗੁਰੂ ਪ੍ਰਤੀ ਸ਼ਰਧਾ ਅਤੇ ਸਮਰਪਣ ਘੱਟ ਜਾਂਦਾ ਹੈ ਅਤੇ ਇਹ ਝੁਕਾਉ ਡੇਰਿਆਂ ਵੱਲ ਵਧੇਰੇ ਨਜ਼ਰ ਆਉਣ ਲੱਗ ਪੈਂਦਾ ਹੈ। ਰਾਜਨੀਤਿਕ ਪਾਰਟੀਆਂ ਇਸ ਟਕਰਾਉ ਦਾ ਫਾਇਦਾ ਲੈਂਦੀਆਂ ਹਨ ਅਤੇ ਇਹਨਾਂ ਨੂੰ ਆਪਣੇ ਹਿਤਾਂ ਲਈ ਵਰਤਣ ਤੋਂ ਸੰਕੋਚ ਨਹੀਂ ਕਰਦੀਆਂ। ਲੰਮੇ ਸਮੇਂ ਤੋਂ ਡੇਰਿਆਂ ਅਤੇ ਰਾਜਨੀਤਿਕ ਪਾਰਟੀਆਂ ਵਿਚ ਜਿਸ ਤਰ੍ਹਾਂ ਦਾ ਮੌਕਾ-ਮੇਲ ਦੇਖਣ ਨੂੰ ਮਿਲ ਰਿਹਾ ਹੈ, ਉਸ ਦੇ ਨਤੀਜੇ ਆਮ ਲੋਕਾਂ ਨੂੰ ਭੁਗਤਣੇ ਪੈ ਰਹੇ ਹਨ।ਹਰ ਇਕ ਮਨੁੱਖ ਦੇ ਮਨ ਵਿਚ ਧਾਰਮਿਕ ਅੰਸ਼ ਮੌਜੂਦ ਹੁੰਦਾ ਹੈ ਅਤੇ ਉਹ ਇਸ ਦੀ ਤ੍ਰਿਪਤੀ ਲਈ ਹਮੇਸ਼ਾਂ ਯਤਨਸ਼ੀਲ ਰਹਿੰਦਾ ਹੈ। ਉਸ ਨੂੰ ਜਿਥੋਂ ਵੀ ਆਪਣੀ ਆਧਿਆਤਮਕ ਭੁੱਖ ਦੀ ਤ੍ਰਿਪਤੀ ਨਜ਼ਰ ਆਉਂਦੀ ਹੈ, ਉਹ ਉਸੇ ਦਿਸ਼ਾ ਵੱਲ ਤੁਰ ਪੈਂਦਾ ਹੈ। ਡੇਰਿਆਂ ਦੇ ਪ੍ਰਫੁਲਿਤ ਹੋਣ ਦਾ ਰਾਜਸੀ ਕਾਰਨ ਕੋਈ ਵੀ ਹੋਵੇ ਪਰ ਆਮ ਲੋਕ ਇਹਨਾਂ ਕੋਲ ਆਪਣੀ ਅਧਿਆਤਮਕ ਭੁੱਖ ਦੀ ਤ੍ਰਿਪਤੀ ਦੀ ਆਸ ਲਈ ਜਾਂਦੇ ਹਨ। ਜਦੋਂ ਡੇਰਿਆਂ ਤੇ ਰਾਜਨੀਤਕ ਆਗੂਆਂ ਦੇ ਪ੍ਰਭਾਵ ਵਿਚੋਂ ਉਹਨਾਂ ਨੂੰ ਆਪਣੇ ਨਿਜੀ ਕੰਮ ਵੀ ਨਜ਼ਰ ਆਉਣ ਲੱਗਦੇ ਹਨ ਤਾਂ ਅਧਿਆਤਮਕ ਤ੍ਰਿਪਤੀ ਵਾਲਾ ਅੰਸ਼ ਮਨਫ਼ੀ ਹੋਣ ਲੱਗਦਾ ਹੈ।ਚੋਣਾਂ ਤੋਂ ਪਹਿਲਾਂ ਪੰਜਾਬ ਦੀ ਰਾਜਨੀਤੀ ਵਿਚ ਇਸ ਵਾਰੀ ਵੀ ਡੇਰਿਆਂ ਦਾ ਪ੍ਰਭਾਵ ਸਪਸ਼ਟ ਨਜ਼ਰ ਆ ਰਿਹਾ ਸੀ ਪਰ ਚੋਣ ਨਤੀਜੇ ਇਸ ਦੇ ਬਿਲਕੁਲ ਉਲਟ ਸਾਹਮਣੇ ਆਏ ਹਨ। ਇਸ ਦਾ ਇਕ ਵੱਡਾ ਕਾਰਨ ਇਹ ਦੇਖਿਆ ਜਾ ਸਕਦਾ ਹੈ ਕਿ ਧਾਰਮਿਕ ਡੇਰਿਆਂ ਦੇ ਰਾਜਨੀਤਿਕ ਪ੍ਰਭਾਵ ਨੂੰ ਆਮ ਲੋਕਾਂ ਨੇ ਨਜ਼ਰ-ਅੰਦਾਜ਼ ਕਰ ਦਿੱਤਾ ਹੈ। ਉਹ ਸਮਝਣ ਲੱਗੇ ਹਨ ਕਿ ਡੇਰਿਆਂ ਦੀ ਰਾਜਨੀਤੀ ਨੇ ਪੰਜਾਬ ਦੀ ਪ੍ਰੇਮ, ਭਾਈਚਾਰੇ ਅਤੇ ਅਧਿਆਤਮਕ ਫ਼ਿਜ਼ਾ ਨੂੰ ਖਰਾਬ ਕਰਨ ਦਾ ਕਾਰਜ ਕੀਤਾ ਹੈ।

               ਡਾ. ਪਰਮਵੀਰ ਸਿੰਘ