ਪੰਜਾਬ ਦੀ ਸਿਆਸਤ ਵਿੱਚ ਘੁੰਮ ਰਿਹਾ ਅਰੂਸਾ ਆਲਮ ਦਾ ਚਿਹਰਾ ਤੇ ਸਾਡੀ ਪਿਛਾਖੜੀ ਮਾਨਸਿਕਤਾ

ਪੰਜਾਬ ਦੀ ਸਿਆਸਤ ਵਿੱਚ ਘੁੰਮ ਰਿਹਾ ਅਰੂਸਾ ਆਲਮ ਦਾ ਚਿਹਰਾ ਤੇ ਸਾਡੀ ਪਿਛਾਖੜੀ ਮਾਨਸਿਕਤਾ

 ਅਮਰਜੀਤ ਅਰਪਨ

ਪਿਛਲੇ ਪੰਦਰਾਂ ਸਤਾਰਾਂ ਸਾਲਾਂ ਤੋਂ ਅਸੀਂ ਕੈਪਟਨ ਅਮਰਿੰਦਰ ਸਿੰਘ ਨਾਲ ਅਰੂਸਾ ਆਲਮ ਦਾ ਨਾਂ ਜੋੜ ਕੇ ਚੌਰਾਹਿਆਂ ਸੱਥਾਂ ਵਿੱਚ ਸੁਆਦ ਲੈ ਲੈ ਚੱਠਕਾਰੇ ਲੈਂਦੇ ਆ ਰਹੇ ਹਾਂ। ਕੈਪਟਨ ਅਮਰਿੰਦਰ ਸਿੰਘ ਦਾ ਪਿਛੋਕੜ ਰਾਜਾਸ਼ਾਹੀ ਪਰਿਵਾਰ 'ਚੋਂ ਹੈ ਤੇ ਕਾਫ਼ੀ ਪੜ੍ਹਿਆ ਲਿਖਿਆ ਵੀ ਹੈ, ਫੌਜ ਦੀ ਕਪਤਾਨੀ ਕਰਕੇ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੀ ਰਾਜਨੀਤੀ ਵਿੱਚ ਸਰਗਰਮੀ ਨਾਲ ਵਿਚਰਦਾ ਆ ਰਿਹਾ ਹੈ। ਸੋਚ ਪੱਖੋਂ ਅਮਰਿੰਦਰ ਏਸ ਨੂੰ ਜ਼ਿਆਦਾ ਤਰਜ਼ੀਹ ਨਹੀਂ ਦੇ ਰਿਹਾ,ਇਹ ਉਹਨਾਂ ਦੀ ਉਚ ਵਰਗਾਂ ਦੀ ਸ਼ੈਲੀ ਦਾ ਹਿੱਸਾ ਹੈ।ਪਰ ਸਾਡੀ ਸੋਚ ਏਸ ਨੂੰ ਘਸੀਟ ਕੇ ਸੜਕਾਂ ਚੌਰਾਹਿਆਂ 'ਚ ਲਿਆ ਰਹੀ ਹੈ। ਸੋਸ਼ਲ ਮੀਡੀਆ ਤੇ ਧੂੜ ਪੁੱਟੀ ਜਾ ਰਹੀ ਹੈ। ਰਾਜਨੀਤੀ ਦਾ ਸਬੰਧ ਰਾਜ ਦੀਆਂ ਨੀਤੀਆਂ ਨਾਲ ਹੁੰਦਾ ਹੈ ਕਿ ਸਟੇਟ ਦੇ ਮਸਲੇ ਕੀ ਨੇ ਤੇ ਇਹਨਾਂ ਦਾ ਹੱਲ ਕਿਵੇਂ ਕਰਨੈ? ਹਰ ਸਟੇਟ ਦਾ ਆਪਣਾ ਜਿਉਗਰਾਫੀਆ ਹੈ,ਓਸ ਦੀਆਂ ਵੱਖਰੀਆਂ ਵੱਖਰੀਆਂ ਸਮੱਸਿਆਵਾਂ ਨੇ। ਮਸਲਾ ਸਟੇਟ ਗਵਰਨਸ ਦਾ ਹੋਣਾ ਚਾਹੀਦੈ,ਰੁਜ਼ਗਾਰ ਦਾ ਹੋਣਾ ਚਾਹੀਦੈ,ਸਿਹਤ,ਸਿਖਿਆ,ਸੜਕ,ਪਾਣੀ,ਅਨਾਜ ਦਾ ਹੋਣਾ ਚਾਹੀਦੈ, ਨਸ਼ਾ, ਮਾਫ਼ੀਆ,ਅਮਨ ਸ਼ਾਂਤੀ,ਰੂਲ ਆਫ ਲਾਅ ਦਾ ਹੋਣਾ ਚਾਹੀਦੈ। ਅਮਰਿੰਦਰ ਸਿੰਘ ਨੂੰ ਗੱਦੀਉਂ ਉਤਾਰਿਐ ਮੁੱਦਿਆਂ ਕਰਕੇ ਉਤਾਰਿਐ।.. ਹੁਣ ਫਿਰ ਮੁੱਦੇ ਕਿਹੜੇ ਖੂਹ 'ਚ ਸੁੱਟੇ ਜਾ ਰਹੇ ਨੇ?.. ਨਵਜੋਤ ਸਿੱਧੂ ਦੁਆਰਾ ਸਿਰਜਿਆ 'ਸਿਸਟਮ ਸਿੰਘ' ਦਾ ਖੱਚਰ ਮੋਛਾ ਕਿੱਧਰ ਰੁੱਲ ਗਿਆ?.. ਕਿੱਧਰ ਗਿਆ ਬੇਅਦਬੀ ਦਾ ਮਸਲਾ? ਤੇ ਕਿੱਧਰ ਗਏ ਨਸ਼ੇ?...ਸਾਰੀ ਬਹਿਸ ਹੁਣ ਅਰੂਸਾ ਆਲਮ ਤੇ ਕੇਂਦਰਿਤ ਹੋ ਗਈ। ਸਾਡੀ ਸਿਆਸਤ ਜਾ ਕਿਹੜੇ ਪਾਸੇ ਰਹੀ ਹੈ!

     ਸਿਆਸਤ ਵੀ ਬੜੀ ਚੀਜ਼ ਹੈ।ਉਹ ਸਾਡੇ ਸੁਹਜ ਸੁਆਦ,ਸਾਡੀ ਅਵਚੇਤਨੀ ਸੁਰ ਤੇ ਸਾਡੀ ਉਸਰੀ ਮਾਨਸਿਕ ਚੇਤਨਾ ਦੇ ਪੱਧਰ ਨਾਲ ਲੁਕਣਮੀਚੀ ਕਰ ਰਹੀ ਹੈ। ਇਹ ਸਾਡੀ ਸਮੂਹਿਕ ਅਵਚੇਤਨ ਤੇ ਹਿੱਟ ਕਰਕੇ ਸਾਡੀ ਸੋਚ ਨੂੰ ਪਰਾਹਿਤ ਕਰਦੀ ਹੈ।.. ਬੰਦੇ ਦਾ ਸਭ ਤੋਂ ਨਜ਼ਦੀਕੀ ਰਿਸ਼ਤਾ ਔਰਤ ਨਾਲ ਹੈ। ਤਰਾਸਦੀ ਇਹ ਹੈ ਕਿ ਸਾਡੀ ਸਮੂਹਿਕ ਚੇਤਨਾ ਪੜ੍ਹਨ ਲਿਖਣ ਦੇ ਬਾਵਜੂਦ ਵੀ ਔਰਤ ਨੂੰ ਉਹ ਦਰਜਾ ਨਹੀਂ ਦੇ ਸਕੀ ਜਿਹੜਾ ਇਕ ਸਾਥੀ ਦਾ ਹੁੰਦੈ,ਜਿਹੜਾ ਇਕ ਬਰਾਬਰੀ ਦਾ ਹੁੰਦੈ। ਵਿਹਾਰ ਵਿਚ, ਗੱਲਾਂ ਬਾਤਾਂ 'ਚ,ਨਿੱਜੀ ਜ਼ਿੰਦਗੀ ਵਿਚ ਇਕ ਦੋਸਤੀ ਦਾ ਸੰਕਲਪ ਨਹੀਂ ਉਸਾਰ ਸਕੇ; ਕਿ ਜਿੱਥੇ ਔਰਤ ਮਰਦ ਸਹਿਜ ਅਵਸਥਾ 'ਚ ਵਿਚਾਰਾਂ ਦੀ ਸਾਂਝ, ਰੁਚੀਆਂ ਦੀ ਸਾਂਝ, ਵਲਵਲਿਆਂ, ਜਜ਼ਬਿਆਂ ਤੇ ਸੋਹਜ ਪੱਖ ਦੀ ਕੁਦਰਤੀ ਵਿਰੋਧੀ ਕਸ਼ਿਸ਼ ਨੂੰ ਮਾਣਨ ਦੀ ਪੱਧਰ ਤੱਕ ਨਹੀਂ ਪਹੁੰਚ ਸਕੇ।ਏਸ ਕੁਦਰਤੀ ਪੱਖ ਦੀ ਅਣਹੋਂਦ ਕਾਰਨ ਇਕ ਦੋਗਲਾ ਓਢਣ ਉਸਾਰ ਕੇ ਵਿਰੋਧੀ ਸੈਕਸ ਦੇ ਚੱਠਕਾਰੇ ਤਾਂ ਲੈਂਦੇ ਹਾਂ,ਪਰ ਇਕ ਸ਼ਖ਼ਸੀਅਤ ਦੇ ਤੌਰ ਤੇ ਔਰਤ ਨੂੰ ਕਦੀ ਵੀ ਤਸਲੀਮ ਨਹੀਂ ਕੀਤਾ ਗਿਆ। ਔਰਤ ਮਰਦ ਦੇ ਰਿਸ਼ਤਿਆਂ ਦਾ ਵੱਡਾ ਅਣਸੁਖਾਵਾਂ ਸੰਕਟ ਏਸ ਦੇ ਇਰਦ ਗਿਰਦ ਕਿਤੇ ਪਿਆ ਹੈ।.. ਹਾਲ ਇਹ ਹੈ ਕਿ ਪੰਜਾਬ ਦੇ ਭਖਦੇ ਮਸਲੇ ਇਕ ਪਾਸੇ.. ਤੇ ਅਰੂਸਾ ਆਲਮ ਦਾ ਬਿਰਤਾਂਤ ਦੂਜੇ ਪਾਸੇ। ਤੱਕੜੀ ਦੇ ਦੋਨਾਂ ਛਾਬਿਆਂ 'ਚ ਇਹਨਾਂ ਦੋਨਾਂ ਨੂੰ ਪਾਉ ਤਾਂ ਪੱਲੜਾ ਅਰੂਸਾ ਦਾ ਵੱਧ ਭਾਰਾ ਹੋਵੇਗਾ।ਇਹ ਸਾਡੀ ਮਾਨਸਿਕਤਾ ਦਾ ਦਵਾਲੀਆਪਣ ਹੈ.. ਕਿ ਪੰਜਾਬ ਦੇ ਭਵਿੱਖ ਦਾ ਸੁਆਲ ਹੋਵੇ ਤੇ ਸਾਡੇ ਸੋਹਜ ਸੁਆਦ ਫਿਊਡਲ ਮਾਨਸਿਕਤਾ ਦੇ ਇਰਦ ਗਿਰਦ ਘੁੰਮ ਰਹੇ ਹੋਣ।.. ਅਸੀਂ ਖਲੋਤੇ ਕਿੱਥੇ ਹਾਂ?.. ਏਸ ਵੇਲੇ ਸਭ ਸੰਵੇਦਨਸ਼ੀਲ ਪ੍ਰਾਣੀ ਮੱਥੇ ਤੇ ਹੱਥ ਮਾਰ ਰਹੇ ਹੋਣੇ ਨੇ ਕਿ ਇਹ ਹੋ ਕੀ ਰਿਹੈ!.. ਹੁਣ ਮੁੱਦਿਆਂ ਤੋਂ ਹੱਟ ਕੇ ਚਿਹਰਿਆਂ ਤੇ ਆ ਗਏ ਕਿ ਕਿਹੜਾ ਚਿਹਰਾ ਕਿਵੇਂ ਬਦਨਾਮ ਕਰਕੇ ਕੁਰਸੀ ਡੁੱਕਣੀ ਹੈ।

 ਅਰੂਸਾ ਆਲਮ ਇਕ ਔਰਤ ਹੈ,ਸਿਆਣੀ ਪਾਕਿਸਤਾਨ ਦੀ ਪੜ੍ਹੀ ਲਿਖੀ ਪੱਤਰਕਾਰ ਹੈ।ਕੀ ਅਸੀਂ ਸਾਰੇ ਪੰਜਾਬੀ ਇਕ ਔਰਤ ਦਾ ਚਰਿੱਤਰ ਹਨਨ ਨਹੀਂ ਕਰ ਰਹੇ!.. ਸਾਨੂੰ ਕੀ ਹੱਕ ਹੈ ਕਿਸੇ ਦੀ ਨਿੱਜੀ ਜ਼ਿੰਦਗੀ ਵਿਚ ਝਾਕਣ ਦਾ!.. ਹੁਣ ਰਾਜਨੀਤੀ ਦਾ ਕੰਮ ਏਹੀ ਰਹਿ ਗਿਐ!.. ਕੀ ਅਰੂਸਾ ਦਾ ਚਰਿੱਤਰ ਹਨਨ ਕਰਕੇ ਕਿਤੇ ਅਸੀਂ ਆਪਣੀਆਂ ਔਰਤਾਂ ਪ੍ਰਤੀ ਆਪਣੀ ਸੋਚ ਨੂੰ ਸੌੜਾ ਤਾਂ ਨਹੀਂ ਕਰ ਰਹੇ?.. ਕਿਤੇ ਇਹ ਤਾਂ ਨਹੀਂ ਕਿ ਸਾਡੀਆਂ ਔਰਤਾਂ ਜੋ ਨੌਕਰੀ 'ਚ ਜਾ ਰਹੀਆਂ ਨੇ, ਰਾਜਨੀਤੀ 'ਚ ਜਾ ਰਹੀਆਂ ਨੇ,ਲੇਖਿਕ ਨੇ,ਵੱਖ ਵੱਖ ਖੇਤਰਾਂ 'ਚ ਮੱਲਾਂ ਮਾਰ ਰਹੀਆਂ ਨੇ..ਕਿਤੇ ਉਹਨਾਂ ਅੱਗੇ ਕੰਡੇ ਤਾਂ ਨਹੀਂ ਬੀਜ ਰਹੇ?.. ਕਿਉਂਜੋ ਏਸ ਤਰ੍ਹਾਂ ਦੇ ਅਰੂਸਾ ਵਰਗੀਆਂ ਔਰਤਾਂ ਦੇ ਚਰਿੱਤਰ ਹਨਨ ਦੇ ਵਰਤਾਰੇ ਜੋ ਪੰਜਾਬ ਦੇ ਵੱਡੇ ਚਿਹਰੇ ਨਾਲ ਜੋੜ ਕੇ ਇਕ ਵੱਡਾ ਬਿਰਤਾਂਤ ਸਿਰਜਿਆ ਜਾ ਰਿਹਾ ਹੋਵੇ,ਉਹ ਲਾਜ਼ਮੀ ਤੌਰ ਤੇ ਸਾਡੀ ਮਾਨਸਿਕਤਾ ਨੂੰ ਪਿੱਤਰਸੱਤਾਤਮਿਕਤਾ ਵਾਲੇ ਪਾਸੇ ਮੋੜਾ ਦੇਵੇਗਾ।ਇਹ ਪੱਖ ਸਾਡੀ ਪੰਜਾਬੀ ਔਰਤ ਵਾਸਤੇ ਭਵਿੱਖ ਵਿੱਚ ਡੂੰਘੇ ਸੰਕਟ ਪੈਦਾ ਕਰੇਗਾ।..ਇਹ ਨਕਾਰਾਤਮਿਕ ਵਰਤਾਰੇ ਕਿਸੇ ਲਬੌਟਰੀ 'ਚੋਂ ਟੈਸਟ ਕਰਕੇ ਵਿਖਾਏ ਨਹੀਂ ਜਾ ਸਕਦੇ,ਇਹ ਤਾਂ ਜ਼ਿਹਨੀ ਤੌਰ ਤੇ ਲੰਮੇ ਦਾਅ ਤੇ ਪਿੱਛਲਖੋਰੀ ਪ੍ਰਭਾਵ ਪਾਉਂਦੇ ਨੇ।