ਗੁਰੂ ਬਿੰਬ ਦੀ ਫ਼ਿਲਮੀ ਪੇਸ਼ਕਾਰੀ ਸਿੱਖ ਲਈ ਮਾਨਸਿਕ ਜ਼ਖਮ ਹੈ

ਗੁਰੂ ਬਿੰਬ ਦੀ ਫ਼ਿਲਮੀ ਪੇਸ਼ਕਾਰੀ ਸਿੱਖ ਲਈ ਮਾਨਸਿਕ ਜ਼ਖਮ ਹੈ

ਸਿੱਖ ਕੌਮ ਨੂੰ ਸ਼ਰੀਰਕ ਤੌਰ ਉੱਤੇ ਖਤਮ ਕਰਨ ਲਈ ਬਹੁਤ ਤਰੀਕੇ ਅਪਣਾਏ ਗਏ

ਪਿਛਲੇ ਕੁਝ ਵਰ੍ਹਿਆਂ ਤੋਂ ਲਗਾਤਾਰ ਕੁਝ ਵਪਾਰੀ ਵਿਰਤੀ ਦੇ ਲੋਕ ਇਹ ਦੌੜ ਵਿਚ ਪਏ ਹਨ ਕਿ ਅਸੀਂ ਨਵੇਂ ਮਾਧਿਅਮਾਂ ਰਾਹੀਂ ਸਿੱਖੀ ਦਾ ਪ੍ਰਚਾਰ ਕਰਨਾ ਹੈ ਕਿਉਂਕਿ ਅੱਜ ਦੇ ਨਿਆਣੇ ਸਿੱਖ ਇਤਿਹਾਸ ਤੋਂ ਜਾਣੂ ਨਹੀਂ। ਉਹਨਾਂ ਮੁਤਾਬਿਕ ਇਹ ਸਭ ਤੋਂ ਵਧੀਆ ਤਰੀਕਾ ਹੈ ਜੋ ਸਿੱਖੀ ਨੂੰ ਪ੍ਰਫੁੱਲਤ ਕਰੇਗਾ ਅਤੇ ਆਉਣ ਵਾਲੀ ਜਵਾਨੀ ਨੂੰ ਸਿੱਖੀ ਦੇ ਰਾਹ ਉੱਤੇ ਲੈ ਆਵੇਗਾ। ਉਹਨਾਂ ਦੀ ਦਲੀਲ ਸੁਨਣ ਨੂੰ ਚੰਗੀ ਲੱਗ ਸਕਦੀ ਹੈ, ਬਹੁਤਿਆਂ ਨੂੰ ਲੱਗ ਵੀ ਰਹੀ ਹੈ ਅਤੇ ਉਹਨਾਂ ਦੀ ਭਾਵਨਾਂ ਨੂੰ ਵੀ ਇਕੋ ਸੱਟੇ ਨਹੀਂ ਨਕਾਰਿਆ ਜਾ ਸਕਦਾ ਪਰ ਸਿੱਖੀ ਸਿਧਾਂਤ ਨਾਲ ਕੋਈ ਸਮਝੌਤਾ ਕਿਸੇ ਦੀ ਨਿੱਜੀ ਭਾਵਨਾ ਕਰਕੇ ਕਦੀ ਵੀ ਨਹੀਂ ਹੋ ਸਕਦਾ। ਇਥੇ ਅਣਜਾਣ ਅਤੇ ਬੇਈਮਾਨ ਵਿਚਲਾ ਅੰਤਰ ਹੁਣ ਲੁਕਿਆ ਨਹੀਂ ਰਹਿ ਗਿਆ ਕਿਉਕਿ ਇਹ ਕੋਈ ਪਹਿਲਾ ਹੇਲਾ ਨਹੀਂ ਹੈ, ਇਸ ਤੋਂ ਪਹਿਲਾਂ ਕਿੰਨੀਆਂ ਹੋਰ ਫ਼ਿਲਮਾਂ ਦਾ ਵਿਰੋਧ ਹੋਇਆ, ਵਿਰੋਧ ਕਰਨ ਦੇ ਲਗਭਗ ਸਭ ਕਾਰਨ ਸਪਸ਼ਟ ਸਭ ਦੇ ਸਾਹਮਣੇ ਆਏ ਪਰ ਉਸ ਦੇ ਬਾਵਜੂਦ ਇਹ ਕੰਮ ਜ਼ੋਰ ਸ਼ੋਰ ਨਾਲ ਜਾਰੀ ਹੈ ਤਾਂ ਇਹ ਧੁੰਦ ਹੁਣ ਸਾਫ ਹੈ ਕਿ ਇਹ ਲੋਕ ਵਪਾਰੀ, ਬੇਈਮਾਨ, ਸਾਜਿਸ਼ੀ ਅਤੇ ਜਿੱਦੀ ਹੀ ਹਨ, ਸਿੱਖੀ ਦੇ ਪ੍ਰਚਾਰਕ ਨਹੀਂ।

 ਸਿੱਖੀ ਦਾ ਪ੍ਰਚਾਰ ਸਾਡੇ ਕਿਰਦਾਰ ਕਰਦੇ ਆਏ ਹਨ ਅਤੇ ਅੱਗੇ ਵੀ ਇਹੀ ਕਰਨਗੇ। ਗੁਰੂ ਬਿੰਬ ਦੀ ਫ਼ਿਲਮੀ ਪੇਸ਼ਕਾਰੀ ਸਿੱਖੀ ਸਿਧਾਂਤਾਂ ਦੀ ਘੋਰ ਉਲੰਘਣਾ ਹੈ। ਇਕ ਵੱਡੀ ਦਲੀਲ ਇਹਨਾਂ ਲੋਕਾਂ ਦੀ ਪਹਿਲਾਂ ਇਕਾ ਦੁਕਾ ਆ ਚੁਕੀਆਂ ਅਤੇ ਪ੍ਰਵਾਨ ਹੋ ਚੁਕੀਆਂ ਫ਼ਿਲਮਾਂ (ਪ੍ਰਵਾਨ ਸਿੱਖ ਨੁਕਤਾ ਨਜ਼ਰ ਤੋਂ ਨਹੀਂ ਬਲਕਿ ਬਾਕੀ ਹਿੱਸੇ ਵੱਲੋਂ) ਅਤੇ ਗੁਰੂ ਸਾਹਿਬ ਦੀਆਂ ਤਸਵੀਰਾਂ ਦੀ ਹੁੰਦੀ ਹੈ, ਇਹ ਬਹੁਤ ਹੀ ਕੱਚੀ ਦਲੀਲ ਹੈ, ਜੇ ਪਹਿਲਾਂ ਕੋਈ ਸਹਾ ਲੰਘ ਗਿਆ ਤਾਂ ਇਹਦਾ ਇਹ ਮਤਲਬ ਇਹ ਨਹੀਂ ਕਿ ਪਹਾ ਬਣਨ ਨੂੰ ਪ੍ਰਵਾਨਗੀ ਮਿਲ ਗਈ।

ਸਾਡੀ ਰਵਾਇਤ ਗੁਰੂ ਇਤਿਹਾਸ ਨੂੰ ਕਥਾ, ਢਾਡੀ ਵਾਰਾਂ ਅਤੇ ਕਵੀਸ਼ਰੀ ਰਾਹੀਂ ਸੁਨਣ ਸੁਣਾਉਣ ਦੀ ਹੈ। ਇਹੀ ਸਿੱਖ ਯਾਦ ਨੂੰ ਤਾਜ਼ਾ ਕਰਨ ਦਾ ਪ੍ਰਵਾਨਿਤ ਤਰੀਕਾਕਾਰ ਹੈ। ਗੁਰੂ ਸਾਹਿਬਾਨ ਨੂੰ ਕਿਸੇ ਆਕਾਰ ਵਿਚ ਨਹੀਂ ਪੇਸ਼ ਕੀਤਾ ਜਾ ਸਕਦਾ। ਬੱਚਿਆਂ ਨੂੰ ਸਿੱਖ ਬਣਾਉਣ ਦੀ ਕਾਹਲੀ ਤੋਂ ਪਹਿਲਾਂ ਸਾਡਾ ਸਿੱਖ ਹੋਣਾ ਲਾਜ਼ਮੀ ਹੈ, ਜੋ ਬੀਜਣ ਜਾ ਰਹੇ ਹਾਂ ਜਦ ਓਹਦਾ ਪਤਾ ਨਹੀਂ ਫਿਰ ਜੋ ਵੱਢਣ ਦਾ ਦਾਅਵਾ ਹੈ ਉਹ ਮਹਿਜ ਸੁਪਨਾ ਹੀ ਤਾਂ ਹੈ, ਇਥੇ ਸੁਪਨੇ ਨਹੀਂ ਚੱਲਦੇ ਸ਼ਰਧਾ, ਪਿਆਰ ਅਤੇ ਸਮਰਪਣ ਚੱਲਦਾ ਹੈ। ਟੋਟਰੂ (ਕਾਰਟੂਨ) ਰਾਹੀਂ ਜੋ ਦਿਖਾਇਆ ਜਾਣਾ ਹੈ ਓਹਦੀ ਤੁਲਨਾ ਨਿਆਣਿਆਂ ਨੇ ਦੂਸਰੇ ਟੋਟਰੂਆਂ ਨਾਲ ਕਰਨੀ ਹੈ ਜਿਹੜੇ ਆਪਣੀ ਮੌਤ ਦੇ ਡਰਾਮੇ ਵੇਲੇ ਕੁਝ ਬਨਾਉਟੀ ਸ਼ਕਤੀਆਂ ਦੀ ਵਰਤੋਂ ਕਰਕੇ ਬਚ ਜਾਂਦੇ ਹਨ, “ਤੇਰਾ ਭਾਣਾ ਮੀਠਾ ਲਾਗੈਸਮਝਾਉਣਾ ਕਿਸੇ ਤਕਨੀਕ ਦੇ ਵਸ ਦਾ ਰੋਗ ਨਹੀਂ ਹੈ। ਫੁੱਲ ਦੀ ਮਹਿਕ ਮਹਿਸੂਸ ਹੀ ਕੀਤੀ ਜਾ ਸਕਦੀ ਹੈ ਦਿਖਾਈ ਨਹੀਂ ਜਾ ਸਕਦੀ। ਤਸਵੀਰ ਦੀ ਪ੍ਰਵਾਨਗੀ ਤੋਂ ਬਾਅਦ ਇਹ ਅਗਲਾ ਕਦਮ ਹੈ, ਜੇਕਰ ਇਹਦੇ ਚ ਅਸੀਂ ਢਿੱਲੇ ਪੈ ਗਏ ਤਾਂ ਇਸ ਤੋਂ ਬਾਅਦ ਗਲੀ ਗਲੀ ਗੁਰੂ ਸਾਹਿਬ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਵੇਖਣ ਨੂੰ ਮਿਲਿਆ ਕਰਨਗੇ। ਹਿੰਦੂਆਂ ਵਾਂਙ ਝਾਕੀਆਂ ਅਤੇ ਸਟੇਜਾਂ ਉੱਤੇ ਨਾਟਕ ਖੇਡੇ ਜਾਇਆ ਕਰਨਗੇ। ਗੁਰੂ ਪ੍ਰਤੀ ਸਤਿਕਾਰ ਦਾ ਤਾਂ ਪਤਾ ਨਹੀਂ ਪਰ ਪਿਆਰ ਖਤਮ ਹੋ ਜਾਣਾ ਹੈ। ਗੁਰੂ ਬਿੰਬ ਦੀ ਫ਼ਿਲਮੀ ਪੇਸ਼ਕਾਰੀ ਸਿੱਖਾਂ ਲਈ ਇਕ ਮਾਨਸਿਕ ਜ਼ਖਮ ਹੈ, ਇਹਦੇ ਨਤੀਜੇ ਬਹੁਤ ਘਾਤਕ ਸਾਬਿਤ ਹੋਣਗੇ। ਜਿਹੜੇ ਲੋਕ ਪ੍ਰਚਾਰ ਦਾ ਢੋਲ ਗਲ ਚ ਪਾ ਕੇ ਇਸ ਪਾਸੇ ਲੱਗੇ ਹਨ ਅਤੇ ਕਹਿੰਦੇ ਹਨ ਕਿ ਇਹਦੇ ਨਾਲ ਸਿੱਖੀ ਵਧੇਗੀ ਉਹ ਲੋਕ ਉਹਨਾਂ ਵਰਗੇ ਹਨ ਜਿਹੜੇ ਗਲ ਫਾਹਾ (ਆਤਿਮ ਹੱਤਿਆ) ਲੈਂਦੇ ਹੋਏ ਆਪਣੀ ਉਮਰ ਲੰਬੀ ਹੋ ਜਾਣ ਦਾ ਦਾਅਵਾ ਕਰ ਰਹੇ ਹੋਣ।

ਮਨੁੱਖੀ ਅੱਖ ਕਿਸੇ ਹੱਦ ਤਕ ਹੀ ਵੇਖ ਸਕਦੀ ਹੈ ਪਰ ਦਿਸਦੇ ਤੋਂ ਪਾਰ ਵੀ ਬਹੁਤ ਕੁਝ ਹੁੰਦਾ ਹੈ, ਮਨੁੱਖ ਆਪਣੇ ਦਿਮਾਗ ਦੇ ਜ਼ੋਰ ਨਾਲ ਆਪਣੀ ਸਿਆਣਪ ਨਾਲ ਜਿੰਨਾ ਉਹ ਗੁਰੂ ਨੂੰ ਸਮਝਦਾ ਹੈ ਫਿਰ ਉਸ ਮੁਤਾਬਿਕ ਗੁਰੂ ਸਾਹਿਬ ਨੂੰ ਪਰਦੇ ਉੱਤੇ ਪੇਸ਼ ਕਰਨ ਲਈ ਯਤਨ ਕਰਦਾ ਹੈ। ਅਣਦਿਸਦੇ ਨੂੰ ਦਿਖਾਉਣ ਦੀ ਭੁੱਲ ਕਰਦਾ ਹੈ, ਇਹ ਭੁੱਲ ਸਿੱਖ ਲਈ ਬੇਹੱਦ ਘਾਤਕ ਹੈ। ਜੋ ਰਿਸ਼ਤਾ ਇਲਹਾਮ ਦਾ ਹੈ ਜਦੋਂ ਉਹ ਪਾਤਸ਼ਾਹ ਨੂੰ ਇਹ ਤਕਨੀਕੀ ਐਨਕ ਨਾਲ ਵੇਖਣ ਵਿਖਾਉਣ ਦੇ ਜਾਲ ਵਿਚ ਉਲਝੇਗਾ ਉਦੋਂ ਹਿੰਦੂ ਸਿੱਖ ਦਾ ਕੋਈ ਫਰਕ ਨਹੀਂ ਰਹਿਣਾ। ਇਹ ਯਤਨ ਕਰ ਰਹੇ ਲੋਕ ਭਾਵੇਂ ਹਿੰਦੁਸਤਾਨੀ ਮਸ਼ੀਨਰੀ ਨਾਲ ਸਿੱਧੇ ਤੌਰ ਉੱਤੇ ਕੋਈ ਸੰਬੰਧ ਨਾ ਵੀ ਰੱਖਦੇ ਹੋਣ ਪਰ ਉਹ ਜਾਣੇ ਅਣਜਾਣੇ ਵਿਚ ਉਹਨਾਂ ਦੇ ਸੰਦ ਵਜੋਂ ਹੀ ਭੁਗਤ ਰਹੇ ਹਨ। ਵਪਾਰ ਦੀ ਇਸ ਮੰਡੀ ਵਿਚ ਗੁਰਮਤਿ ਦੇ ਫਲਸਫੇ ਨਾਲ ਜੇ ਇਹ ਸਿਧਾਂਤਿਕ ਸਮਝੌਤਾ ਹੋ ਗਿਆ ਤਾਂ ਗੁਰੂ ਨੂੰ ਸਿੱਖ ਤੋਂ ਖੋ ਲਿਆ ਜਾਵੇਗਾ। ਫਿਰ ਸਿੱਖ ਦਾ ਹਰ ਇਕ ਵਧਦਾ ਕਦਮ ਇਹ ਸੁਰਤ ਦੇ ਮਾਰਗ ਤੋਂ ਕੋਹਾਂ ਦੀ ਦੂਰੀ ਪਾਉਂਦਾ ਜਾਵੇਗਾ। ਰੂਹਾਨੀ ਚੜ੍ਹਤਲ ਜਿਸ ਅਮਲ ਦੀ ਕਸਰਤ ਵਿੱਚੋ ਉਪਜਦੀ ਹੈ ਇਹ ਰਾਹ ਬਿਲਕੁਲ ਉਸਦੇ ਉਲਟ ਜਾਂਦਾ ਹੈ। ਇਹ ਤੁਰਦੇ ਫਿਰਦੇ ਬੁੱਤ ਤਕਨੀਕੀ ਬੁੱਤ ਹਨ, ਸ਼ਬਦ ਗੁਰੂ ਦੇ ਪੁਜਾਰੀ ਦਾ ਇਸ ਬੁੱਤਪ੍ਰਸਤੀ ਦਾ ਸ਼ਿਕਾਰ ਹੋਣਾ ਆਤਮਿਕ ਮੌਤ ਹੋਵੇਗੀ।

ਸਿੱਖ ਕੌਮ ਨੂੰ ਸ਼ਰੀਰਕ ਤੌਰ ਉੱਤੇ ਖਤਮ ਕਰਨ ਲਈ ਬਹੁਤ ਤਰੀਕੇ ਅਪਣਾਏ ਗਏ ਪਰ ਸਿੱਖ ਦੂਣੇ ਹੋ ਹੋ ਅੱਗੇ ਆਉਂਦੇ ਰਹੇ। 35 ਵਰ੍ਹੇ ਪਹਿਲਾਂ ਵੀ ਤੀਜਾ ਘੱਲੂਘਾਰਾ ਅਤੇ ਸਿੱਖ ਨਸਲਕੁਸ਼ੀ ਦਾ ਸਾਹਮਣਾ ਸਿੱਖ ਕੌਮ ਨੇ ਕੀਤਾ ਪਰ ਉਸ ਤੋਂ ਬਾਅਦ ਸਿੱਖਾਂ ਨੂੰ ਮਾਨਸਿਕ ਤੌਰ ਉੱਤੇ ਬ੍ਰਾਹਮਣੀ ਸੋਚ ਦਾ ਧਾਰਨੀ ਬਣਾਉਣ ਲਈ ਹਿੰਦੁਸਤਾਨ ਦਾ ਬ੍ਰਾਹਮਣ ਪੱਬਾਂ ਭਾਰ ਹੈ। ਸ਼ਰੀਰਕ ਜ਼ਖਮ ਦੇਣ ਦਾ ਤਜ਼ਰਬਾ ਕਰਨ ਤੋਂ ਬਾਅਦ ਮਾਨਸਿਕ ਜ਼ਖਮ ਅਤੇ ਰੂਹਾਨੀ ਤੌਰ ਉੱਤੇ ਕਮਜ਼ੋਰ ਕਰਨ ਦੀ ਕਵਾਇਤ ਵਿੱਢੀ ਹੋਈ ਹੈ। ਗੁਰੂ ਬਿੰਬ ਦੀ ਫਿਲਮੀ ਪੇਸ਼ਕਾਰੀ ਵੀ ਸਿਧੇ ਜਾ ਅਸਿੱਧੇ ਤਰੀਕੇ ਇਸ ਦਾ ਹੀ ਅੰਗ ਹੈ। ਫਿਲਮ ਦਾਸਤਾਨ ਏ ਮੀਰੀ ਪੀਰੀਨੂੰ ਇਕ ਹੋਰ ਥਾਂ ਖੜ ਕੇ ਵੀ ਵੇਖਣਾ ਬਣਦਾ ਹੈ। ਪਹਿਲਾਂ ਇਹ ਫਿਲਮ ਜ਼ਾਰੀ ਕਰਨ ਦੀ ਤਰੀਕ 2 ਨਵੰਬਰ ਰੱਖੀ ਗਈ ਸੀ ਜੋ ਸਿੱਖ ਕਤਲੇਆਮ ਦੇ ਦਿਨ ਹਨ, ਫਿਰ ਇਹ ਦਿਨ ਬਦਲ ਕੇ 5 ਜੂਨ ਕਰ ਦਿੱਤਾ ਗਿਆ ਜਾਣੀ ਤੀਜੇ ਘੱਲੂਘਾਰੇ ਦੇ ਦਿਨਾਂ ਵਿੱਚ ਜ਼ਾਰੀ ਕਰਨ ਦੀ ਤਰੀਕ ਰੱਖੀ ਜੋ ਸਿੱਖ ਯਾਦ ਵਿੱਚ ਇਕ ਖਾਸ ਥਾਂ ਹੈ। ਇਹਨਾਂ ਦਿਨਾਂ ਵਿਚ ਇਹ ਫਿਲਮ ਜ਼ਾਰੀ   ਹੈ ਇਹ ਸਵਾਲ ਦਾ ਜਵਾਬ ਹਜੇ ਸਮੇਂ ਦੇ ਗਰਭ ਵਿੱਚ ਹੈ, ਕੁਝ ਵੀ ਕਹਿਣਾ ਹਾਲੀ ਕਾਹਲ ਹੋਵੇਗੀ। ਜੇਕਰ ਇਹਦੇ ਪਿੱਛੇ ਵੀ ਕੋਈ ਸਦੀਆਂ ਪੁਰਾਣਾ ਵੈਰ ਪਰਦਾ ਕਰਕੇ ਬੈਠਾ ਹੈ ਤਾਂ ਉਹ ਵੀ ਜਦੋਂ ਹਵਾ ਚੱਲੀ ਤੇ ਨੰਗਾ ਹੋ ਹੀ ਜਾਵੇਗਾ।

ਨਾਨਕ ਸ਼ਾਹ ਫਕੀਰ ਫਿਲਮ ਤੋਂ ਸਿੱਖਾਂ ਦਾ ਅਹਿਮ ਹਿੱਸਾ ਇਹਨਾਂ ਪੇਸ਼ਕਾਰੀਆਂ ਦੇ ਵਿਰੋਧ ਵਿਚ ਆ ਗਿਆ ਹੈ ਅਤੇ ਉਸ ਫਿਲਮ ਨੂੰ ਰੁਕਵਾਉਣ ਲਈ ਵੀ ਕਾਮਯਾਬ ਰਹਿਆ ਭਾਵੇਂ ਕਿ ਫਿਲਮ ਦਾ ਕਰਤਾ ਧਰਤਾ ਸਿੱਖਾਂ ਦੀ ਸਿਰਮੌਰ ਸੰਸਥਾ ਅਤੇ ਹੋਰ ਵੀ ਕਈ ਨੰਬਰਦਾਰਾਂ ਦੇ ਥਾਪੜੇ ਨਾਲ ਮੈਦਾਨ ਵਿਚ ਆਇਆ ਸੀ ਪਰ ਸ਼ਾਇਦ ਉਹ ਇਹ ਭੁੱਲ ਗਿਆ ਸੀ ਕਿ ਬਰਾਤ ਜਿੰਨੀ ਮਰਜੀ ਵੱਡੀ ਹੋਵੇ ਪਰ ਪਿੰਡ ਤੋਂ ਵੱਡੀ ਨੀ ਹੁੰਦੀ। ਹੁਣ ਜਿਹੜੇ ਲੋਕ ਫਿਲਮ ਦਾਸਤਾਨ ਏ ਮੀਰੀ ਪੀਰੀਜ਼ਾਰੀ ਕਰਨ ਦੀ ਦੌੜ ਵਿੱਚ ਹਨ ਓਹਨਾ ਨੂੰ ਵੀ ਪਹਿਲਾਂ ਹੀ ਪਤਾ ਸੀ ਕਿ ਸਿੱਖਾਂ ਨੇ ਇਸ ਫਿਲਮ ਦਾ ਵਿਰੋਧ ਕਰਨਾ ਹੈ ਫਿਰ ਵੀ ਉਹ ਇਹ ਕੰਮ ਕਰਨ ਜਾ ਰਹੇ ਹਨ, ਇਸ ਤੋਂ ਇਹ ਵੀ ਪਤਾ ਚਲਦਾ ਹੈ ਕਿ ਉਹ ਜੋ ਵੀ ਕਰ ਰਹੇ ਹਨ ਕਿਸੇ ਅਣਜਾਣਪੁਣੇ ਵਿਚ ਨਹੀਂ ਕਰ ਰਹੇ ਨਾ ਹੀ ਕਿਸੇ ਭੋਲੇਪਣ ਵਿਚ ਕਰ ਰਹੇ ਹਨ ਅਤੇ ਨਾ ਹੀ ਕਿਸੇ ਸ਼ਰਧਾ ਵਿੱਚੋ ਕਰ ਰਹੇ ਹਨ। ਇਹ ਲੋਕ ਸ਼ੁਕਰ ਮਨਾਉਣ ਅਤੇ ਯਾਦ ਰੱਖਣ ਕਿ ਸਿੱਖ ਇਹ ਵਿਰੋਧ ਬਹੁਤ ਹੀ ਲਿਹਾਜ ਨਾਲ ਕਰ ਰਹੇ ਹਨ, ਇਹਨਾਂ ਨੂੰ ਪਹਿਲੇ ਗੁਰੂ ਨਾਨਕ ਤੋਂ ਦਸਵੇਂ ਗੁਰੂ ਨਾਨਕ ਤਕ ਦਾ ਇਤਿਹਾਸ ਦੇਖ ਲੈਣਾ ਚਾਹੀਦਾ ਹੈ ਅਤੇ ਅਰਦਾਸ ਕਰਕੇ ਭੁੱਲ ਬਖਸ਼ਾ ਲੈਣੀ ਚਾਹੀਦੀ ਹੈ।

 ਮਲਕੀਤ ਸਿੰਘ 'ਭਵਾਨੀਗੜ੍ਹ'