ਭਾਰਤੀ ਸਿਆਸਤਦਾਨਾਂ ਦੀ ਲੋਕ ਵਿਰੋਧੀ ਸੋਚ 

ਭਾਰਤੀ ਸਿਆਸਤਦਾਨਾਂ ਦੀ ਲੋਕ ਵਿਰੋਧੀ ਸੋਚ 

 ਵਿਸ਼ੇਸ਼ ਟਿਪਣੀ                                               

 ਪ੍ਰਭਜੋਤ ਕੌਰ ਢਿੱਲੋਂ

ਸਿਆਣੇ ਸੱਚ ਕਹਿੰਦੇ ਹਨ ਕਿ ਮੂੰਹ ਵਿੱਚੋਂ ਬੋਲੇ ਲਫਜ਼ ਬਹੁਤ ਕੁਝ ਕਹਿ ਜਾਂਦੇ ਹਨ ਅਤੇ ਸੋਚ ਕਿਹੋ ਜਿਹੀ ਹੈ, ਉਸਦਾ ਵੀ ਪਤਾ ਚੱਲ ਜਾਂਦਾ ਹੈ। ਜਿਹੋ ਜਿਹੀ ਸੋਚ ਸਾਡੇ ਸਿਆਸਤਦਾਨਾਂ ਦੀ ਸਾਡੇ ਬਾਰੇ ਹੈ, ਉਹ ਤਕਰੀਬਨ ਆਪਣਾ ਸਿਰ ਵਰਤਣ ਵਾਲਿਆਂ ਨੂੰ ਪਤਾ ਹੈ। ਖੈਰ, ਕਿਸਾਨ ਅੰਦੋਲਨ ਤੋਂ ਬਣੇ ਜਨ ਅੰਦੋਲਨ ਬਾਰੇ ਜਿਸ ਤਰ੍ਹਾਂ ਦੀ ਸੋਚ ਸਰਕਾਰ ਦੀ ਹੈ, ਉਹ ਕੋਈ ਵਧੀਆ ਸੁਨੇਹਾ ਨਹੀਂ ਹੈ। ਇਵੇਂ ਸਰਕਾਰ ਕਰ ਰਹੀ ਹੈ ਜਿਵੇਂ ਉਹ ਆਪਣੇ ਘਰਾਂ ਤੋਂ ਹੀ ਇਹ ਮੰਤਰੀਆਂ ਦੀਆਂ ਕੁਰਸੀਆਂ ਲੈ ਕੇ ਆਏ ਹਨ। ਵੋਟਰ ਵੋਟ ਪਾਉਂਦੇ ਹਨ ਤਾਂ ਹੀ ਸਰਕਾਰਾਂ ਦਾ ਹਿੱਸਾ ਬਣਨ ਦਾ ਮੌਕਾ ਮਿਲਦਾ ਹੈ। ਵੋਟ ਅਤੇ ਵੋਟਰ ਵਧੇਰੇ ਮਾਇਨੇ ਰੱਖਦਾ ਹੈ। ਪਰ ਕਿਤੇ ਨਾ ਕਿਤੇ ਸਾਡੀਆਂ ਗਲਤੀਆਂ ਅਤੇ ਕਮਜ਼ੋਰੀਆਂ ਸਾਨੂੰ ਗਰੀਬੜੇ ਦਰਸਾ ਦਿੰਦੀਆਂ ਹਨ। ਪਿਛਲੇ ਦਿਨੀਂ ਇਕ ਮੰਤਰੀ ਦਾ ਬਿਆਨ ਕਿ ਭੀੜ ਇਕੱਠੀ ਕਰਕੇ ਕਾਨੂੰਨ ਰੱਦ ਨਹੀਂ ਕਰਵਾਏ ਜਾ ਸਕਦੇ - ਬਹੁਤ ਕੁਝ ਕਹਿ ਗਿਆ, ਬਹੁਤ ਕੁਝ ਸਮਝਾ ਗਿਆ ਅਤੇ ਬਹੁਤ ਕੁਝ ਸੋਚਣ ਲਈ ਮਜਬੂਰ ਕਰ ਗਿਆ। ਇਹੋ ਜਿਹੇ ਬਿਆਨਾਂ ਤੋਂ ਸਾਡੇ ਚੁਣੇ ਹੋਏ ਨੇਤਾਵਾਂ ਦੀ ਸਾਡੇ ਬਾਰੇ ਸੋਚ ਕਿਹੋ ਜਿਹੀ ਹੈ, ਦਾ ਪਤਾ ਲੱਗਦਾ ਹੈ। ਇਨ੍ਹਾਂ ਅੰਦਰ ਲੋਕਾਂ ਪ੍ਰਤੀ ਕਿੰਨਾ ਕੁ ਪਿਆਰ ਅਤੇ ਫਿਕਰ ਹੈ ਉਸਦਾ ਪਰਦਾ ਚੁੱਕਿਆ ਜਾਂਦਾ ਹੈ। ਖੇਤੀ ਮੰਤਰੀ ਸਾਹਿਬ ਦੇ ਬਿਆਨ ਨੇ ਜਿੱਥੇ ਤਕਲੀਫ਼ ਦਿੱਤੀ, ਉੱਥੇ ਅਫਸੋਸ ਵੀ ਬਹੁਤ ਹੋਇਆ ਕਿ ਅਸੀਂ ਇਹੋ ਜਿਹੇ ਉਮੀਦਵਾਰਾਂ ਨੂੰ ਆਪਣੀ ਕੀਮਤੀ ਵੋਟ ਦਿੰਦੇ ਹਾਂ। ਹਕੀਕਤ ਇਹ ਹੈ ਕਿ ਜੇਕਰ ਸਿਆਸਤਦਾਨਾਂ ਵਿੱਚ ਦੇਸ਼ ਅਤੇ ਲੋਕਾਂ ਪ੍ਰਤੀ ਕੁਝ ਚੰਗੀ ਸੋਚ ਹੁੰਦੀ ਜਾਂ ਹੋਵੇ ਤਾਂ ਦੇਸ਼ ਅਤੇ ਲੋਕਾਂ ਦਾ ਇਹ ਹਾਲ ਨਾ ਹੁੰਦਾ। ਭੀੜ ਕਹਿਣ ਤੋਂ ਪਹਿਲਾਂ ਇੱਕ ਵਾਰ ਹੀ ਸੋਚਿਆ ਹੁੰਦਾ ਕਿ ਇਹ ਉਹ ਲੋਕ ਹਨ ਜਿਨ੍ਹਾਂ ਨੇ ਵੋਟਾਂ ਪਾ ਕੇ ਸਾਨੂੰ ਸਰਕਾਰਾਂ ਵਿੱਚ ਬੈਠਣ ਦਾ ਮੌਕਾ ਦਿੱਤਾ ਹੈ ਤਾਂ ਅਜਿਹੇ ਲਫਜ਼ ਜ਼ੁਬਾਨ ’ਤੇ ਆਉਣੇ ਹੀ ਨਹੀਂ ਸਨ।

ਮੈਂ ਇੱਕ ਕਹਾਵਤ ਰਾਹੀਂ ਦੱਸਣਾ ਚਾਹਾਂਗੀ ਕਿ ਕਿਵੇਂ ਮਤਲਬ ਅਤੇ ਅਰਥ ਬਦਲਦੇ ਹਨ। ਇਹ ਤਾਂ ਇਵੇਂ ਹੋਇਆ, “ਸਾਡਾ ਕੁੱਤਾ ਕੌਮੀ, ਤੁਹਾਡਾ ਕੁੱਤਾ, ਕੁੱਤਾ।” ਜਦੋਂ ਚੋਣਾਂ ਵੇਲੇ ਲੋਕਾਂ ਦਾ ਭਾਰੀ ਇਕੱਠ ਹੋਵੇ ਤਾਂ ਭਰਵੀਂ ਹਾਜ਼ਰੀ ਅਤੇ ਜਿੱਤ ਦੇ ਕਿਆਸੇ। ਅੱਜ ਲੋਕ ਆਪਣੀ ਗੱਲ ਕਹਿਣ ਲਈ ਇਕੱਠੇ ਹੋਏ ਤਾਂ ਭੀੜ। ਪਰ ਯਾਦ ਰੱਖੋ ਅਤੇ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਹ ਭੀੜਾਂ ਇਕੱਠੀਆਂ ਕਰਨ ਲਈ ਸਿਆਸਤਦਾਨਾਂ ਦਾ ਪੂਰਾ ਜ਼ੋਰ ਲੱਗਿਆ ਹੁੰਦਾ ਹੈ। ਪਰ ਇਹ ਇਕੱਠ ਆਪ ਮੁਹਾਰੇ ਬਣਿਆ ਹੈ। ਮੁਆਫ਼ ਕਰਨਾ ਅਸੀਂ ਭੀੜਾਂ ਹਾਂ, ਜਾਂ ਨਹੀਂ, ਪਰ ਅਸੀਂ ਵੋਟਰ ਜ਼ਰੂਰ ਹਾਂ। ਵੋਟਰ ਵੱਡੀਆਂ ਕੁਰਸੀਆਂ ’ਤੇ ਬਿਠਾਉਂਦਾ ਵੀ ਹੈ ਅਤੇ ਕੁਰਸੀ ਤੋਂ ਉਤਾਰਦਾ ਵੀ ਹੈ। ਖੈਰ, ਇਹੋ ਜਿਹੇ ਸ਼ਬਦਾਂ ਜਾਂ ਬਿਆਨਾਂ ਤੋਂ ਲੋਕ ਕੀ ਹਨ ਦੀ ਗੱਲ ਨਹੀਂ, ਬੋਲਣ ਵਾਲੇ ਦੀ ਸੋਚ ਅਤੇ ਸਮਝ ਦਾ ਪਤਾ ਲੱਗਦਾ ਹੈ। ਇਸਦੇ ਨਾਲ ਹੀ ਬਿਹਤਰ ਹੋਏਗਾ ਜੇਕਰ ਅਸੀਂ ਆਪਣੀ ਗਲਤੀ ਮੰਨ ਲਈਏ ਕਿਉਂਕਿ ਚੁਣਿਆ ਇਨ੍ਹਾਂ ਨੂੰ ਅਸੀਂ ਹੀ ਹੈ। ਚੋਣਾਂ ਵੇਲੇ ਵੱਡੇ ਇਕੱਠ ਸਿਆਸਤਦਾਨਾਂ ਨੂੰ ਭੀੜ ਨਹੀਂ ਲੱਗਦੇ, ਉਦੋਂ ਜਿਹੜੇ ਹੱਥਕੰਡੇ ਵਰਤ ਕੇ ਅਤੇ ਹੀਲੇ ਵਸੀਲੇ ਵਰਤ ਕੇ ਲੋਕਾਂ ਨੂੰ ਇਕੱਠਾ ਕੀਤਾ ਜਾਂਦਾ ਹੈ, ਉਦੋਂ ਵੀ ਅੰਦਰਖਾਤੇ ਲੋਕਾਂ ਲਈ ਇਹ ਅਜਿਹਾ ਹੀ ਸੋਚਦੇ ਹੋਣਗੇ। ਭੀੜਾਂ ਬਹੁਤ ਕੁਝ ਸੰਵਾਰ ਵੀ ਦਿੰਦੀਆਂ ਹਨ, ਦੇਖਣਾ ਇਹ ਹੁੰਦਾ ਹੈ ਕਿ ਉਨ੍ਹਾਂ ਦੀ ਅਗਵਾਈ ਕੌਣ ਕਰ ਰਿਹਾ ਹੈ ਅਤੇ ਲੋਕਾਂ ਦੀ ਸੋਚ ਕਿਹੋ ਜਿਹੀ ਹੈ। ਜਿਸ ਨੂੰ ਮੰਤਰੀ ਸਾਹਿਬ ਨੇ ਭੀੜ ਕਿਹਾ ਹੈ, ਉਹ ਦੇਸ਼ ਦੇ ਅੰਨਦਾਤੇ ਹਨ। ਉਨ੍ਹਾਂ ਦੀ ਅਗਵਾਈ ਕਿਸਾਨ ਆਗੂ ਕਰ ਰਹੇ ਹਨ। ਉੱਥੇ ਪਹੁੰਚ ਰਹੇ ਲੋਕ ਆਪਣੀ ਹੋਂਦ ਨੂੰ ਬਚਾਉਣ ਅਤੇ ਰੋਟੀ ਲੋਕਾਂ ਦੀ ਥਾਲੀ ਵਿੱਚੋਂ ਗਾਇਬ ਨਾ ਹੋਵੇ, ਦੀ ਲੜਾਈ ਲੜ ਰਹੇ ਹਨ। ਹਾਂ, ਇਹ ਭੀੜ ਇਸ ਕਰਕੇ ਲੱਗ ਰਹੀ ਹੈ ਕਿਉਂਕਿ ਇਹ ਸਰਕਾਰ ਦੇ ਲਏ ਫੈਸਲੇ ਨੂੰ ਮੰਨਣ ਲਈ ਤਿਆਰ ਨਹੀਂ ਹਨ। ਮਤਲਬ, ਕਿਸਾਨਾਂ ਲਈ ਬਣਾਏ ਤਿੰਨ ਕਾਨੂੰਨਾਂ ਨੂੰ ਮੰਨਣ ਲਈ ਤਿਆਰ ਨਹੀਂ ਹਨ। ਹਕੀਕਤ ਇਹ ਹੈ ਕਿ ਆਵਾਜ਼ ਚੁੱਕੀ ਹੈ ਸਰਕਾਰ ਦੇ ਖਿਲਾਫ਼, ਇਸ ਕਰਕੇ ਇਹ ਭੀੜ ਲੱਗ ਰਹੀ ਹੈ।

ਜਦੋਂ ਸਰਕਾਰ ਲੋਕਾਂ ਦੀ ਆਵਾਜ਼ ਨੂੰ ਸੁਣੇ ਹੀ ਨਾ, ਵੋਟਰਾਂ ਨੂੰ ਕੀੜੇ ਮਕੌੜੇ ਸਮਝਣ ਲੱਗ ਜਾਏ ਅਤੇ ਭੀੜ ਮੰਨਣ ਲੱਗ ਜਾਏ ਤਾਂ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਰਕਾਰ ਗੰਭੀਰ ਨਹੀਂ ਹੈ। ਅਸੀਂ ਭੀੜਾਂ ਦੇ ਵਿੱਚ ਆਉਂਦੇ ਹਾਂ ਕਿਉਂਕਿ ਸਿਆਸਤਦਾਨਾਂ ਨੇ ਸਾਨੂੰ ਆਪਣੀ ਮਰਜ਼ੀ ਨਾਲ ਵਰਤਿਆ ਹੈ। ਸਿਆਸਤਦਾਨਾਂ ਦੀ ਸੋਚ ਸਾਡੇ ਬਾਰੇ ਇਹ ਹੀ ਬਣ ਗਈ ਹੈ। ਪਰ ਕਿਸਾਨ ਅੰਦੋਲਨ ਭੀੜ ਨਹੀਂ ਹੈ, ਇਹ ਹੁਣ ਕਿਸਾਨ ਅੰਦੋਲਨ ਤੋਂ ਜਨ ਅੰਦੋਲਨ ਬਣ ਚੁੱਕਿਆ ਹੈ। ਇਸ ਵਿੱਚ ਬੁੱਧੀਜੀਵੀ ਹਨ, ਸੁਪਰੀਮ ਕੋਰਟ ਦੇ ਵਕੀਲਾਂ ਹਨ, ਹਾਈਕੋਰਟ ਦੇ ਵਕੀਲ ਹਨ, ਡਾਕਟਰ ਹਨ, ਇੰਜਨੀਅਰ ਹਨ, ਰਿਟਾਇਰਡ ਆਈ ਏ ਐੱਸ ਅਫਸਰ ਹਨ, ਵਿਉਪਾਰੀ ਵਰਗ ਹੈ, ਮਜ਼ਦੂਰ ਹਨ, ਅਧਿਆਪਕ ਹਨ, ਗੱਲ ਕੀ ਸਮਾਜ ਦਾ ਵੱਡਾ ਹਿੱਸਾ ਇਸ ਅੰਦੋਲਨ ਵਿੱਚ ਸ਼ਾਮਿਲ ਹੈ। ਖੈਰ, ਬਹੁਤ ਸਾਰੇ ਨਾਮ ਇਸ ਤੋਂ ਪਹਿਲਾਂ ਵੀ ਦਿੱਤੇ ਹਨ। ਇਹ ਵੀ ਨਵਾਂ ਨਾਮ ਉਸ ਲਿਸਟ ਵਿੱਚ ਜੁੜ ਗਿਆ। ਪਰ ਸਾਨੂੰ ਸਮਝਣਾ ਚਾਹੀਦਾ ਹੈ ਕਿ ਅਸੀਂ ਚੋਣਾਂ ਵੇਲੇ ਆਪਣੀ ਕਦਰ ਕਿਵੇਂ ਕਾਇਮ ਕਰਨੀ ਹੈ। ਜਿਹੜੇ ਵੋਟਾਂ ਖਰੀਦਣ ਲਈ ਆਉਂਦੇ ਹਨ, ਉਨ੍ਹਾਂ ਨੂੰ ਅਸੀਂ ਹੀ ਆਪਣੀ ਵੋਟ ਦੀ ਕੀਮਤ ਲਗਾਉਣ ਤੋਂ ਰੋਕ ਸਕਦੇ ਹਾਂ। ਜੇਕਰ ਚੋਣਾਂ ਵੇਲੇ ਮੁੜ-ਮੁੜ ਉਹੀ ਗਲਤੀਆਂ ਕਰਦੇ ਰਹੇ ਤਾਂ ਸਿਆਸਤਦਾਨਾਂ ਨੂੰ ਅਸੀਂ ਭੀੜਾਂ ਹੀ ਲੱਗਾਂਗੇ, ਜਦੋਂ ਉਹ ਸਾਡੀਆਂ ਵੋਟਾਂ ਨਾਲ ਜਿੱਤ ਗਏ। ਚਲੋ ਸਰਕਾਰ ਨੂੰ ਇਹ ਤਾਂ ਵਿਖਾਈ ਦਿੱਤਾ ਕਿ ਬਹੁਤ ਸਾਰੇ ਲੋਕ ਦਿੱਲੀ ਦੀਆਂ ਬਰੂਹਾਂ ’ਤੇ ਬੈਠੇ ਹਨ। ਸ਼ਬਦਾਂ ਦੀ ਚੋਣ ਤਾਂ ਬੰਦਾ ਸੋਚ ਮੁਤਾਬਿਕ ਹੀ ਕਰਦਾ ਹੈ। ਵੋਟਾਂ ਵੇਲੇ ਅਸੀਂ ਰੈਲੀਆਂ ਵਿੱਚ ਠਾਠਾਂ ਮਾਰਦਾ ਇਕੱਠ ਹੁੰਦੇ ਹਾਂ ਅਤੇ ਜਦੋਂ ਆਪਣੇ ਹੱਕ ਦੀ ਗੱਲ ਕਰਦੇ ਹਾਂ ਤਾਂ ਭੀੜ।