ਦਿੱਲੀ ਦੇ ਧਾਰਮਿਕ ਸਥਾਨਾਂ ਨੂੰ ਸਿਆਸਤ ਤੋਂ ਮੁਕਤ ਕਰਵਾਓ

ਦਿੱਲੀ ਦੇ ਧਾਰਮਿਕ ਸਥਾਨਾਂ ਨੂੰ ਸਿਆਸਤ ਤੋਂ ਮੁਕਤ ਕਰਵਾਓ

ਪੰਥਕ ਮਸਲਾ

 

ਲੰਬੀ ਜੱਦੋ-ਜਹਿਦ ਤੋਂ ਉਪਰੰਤ ਹੋਂਦ 'ਚ ਆਇਆ 'ਦਿੱਲੀ ਸਿੱਖ ਗੁਰਦੁਆਰਾ ਐਕਟ 1971' ਸਿੱਖ ਪੰਥ ਦੀ ਇਕ ਅਹਿਮ ਪ੍ਰਾਪਤੀ ਵਜੋਂ ਦੇਖਿਆ ਜਾਂਦਾ ਹੈ, ਕਿਉਂਕਿ ਇਸ ਐਕਟ ਦੀ ਬਦੌਲਤ ਹੀ ਦਿੱਲੀ ਦੇ ਗੁਰੂਧਾਮਾਂ ਦਾ ਪ੍ਰਬੰਧ ਦਿੱਲੀ ਦੇ ਸਥਾਨਕ ਵੋਟਰਾਂ ਦੇ ਹੱਥਾਂ 'ਚ ਸੌਂਪਿਆ ਗਿਆ ਸੀ। 'ਸਿੱਖ ਗੁਰਦੁਆਰਾ ਐਕਟ 1925' ਦੇ ਤਹਿਤ ਜੂਨ 1926 'ਚ ਹੋਂਦ 'ਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅਮ੍ਰਿਤਸਰ ਸਾਹਿਬ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਦੂਜੇ ਨੰਬਰ 'ਤੇ ਆਉਣ ਵਾਲੀ ਇਕ ਵੱਡੀ ਧਾਰਮਿਕ ਸੰਸਥਾ ਹੈ, ਜਿਸ ਦਾ ਗਠਨ ਪਾਰਲੀਮੈਂਟ ਰਾਹੀਂ ਪਾਸ ਕੀਤੇ ਦਿੱਲੀ ਸਿੱਖ ਗੁਰਦੁਆਰਾ ਐਕਟ 1971 ਦੇ ਤਹਿਤ 28 ਅਪ੍ਰੈਲ, 1975 ਨੂੰ ਕੀਤਾ ਗਿਆ ਸੀ, ਜਿਸ ਦਾ ਮੁੱਖ ਮਨੋਰਥ ਦਿੱਲੀ ਦੇ ਗੁਰਦੁਆਰਿਆਂ 'ਤੇ ਉਨ੍ਹਾਂ ਦੀਆਂ ਜਾਇਦਾਦਾਂ ਦੀ ਸੇਵਾ-ਸੰਭਾਲ ਕਰਨਾ ਹੈ। ਦਿੱਲੀ ਗੁਰਦੁਆਰਾ ਕਮੇਟੀ 'ਤੇ ਸਮੇਂ-ਸਮੇਂ 'ਤੇ ਸਿੱਧੇ ਅਤੇ ਅਸਿੱਧੇ ਤੌਰ 'ਤੇ ਸਿਆਸੀ ਦਖ਼ਲਅੰਦਾਜ਼ੀ ਦੇ ਦੋਸ਼ ਲਗਦੇ ਰਹੇ ਹਨ ਤੇ ਇਹ ਜੱਗ ਜ਼ਾਹਰ ਹੈ ਕਿ ਮੌਕੇ ਦੀਆਂ ਸਰਕਾਰਾਂ ਨੂੰ ਆਪਣੇ ਵੋਟ ਬੈਂਕ ਦੀ ਖਾਤਰ ਧਾਰਮਿਕ ਸਟੇਜਾਂ ਦੀ ਲੋੜ ਹੁੰਦੀ ਹੈ ਜਦੋਂ ਕਿ ਆਪਣੇ ਨਿੱਜੀ ਮੁਫ਼ਾਦਾਂ ਦੇ ਕਾਰਨ ਕੁਝ ਮੌਕਾਪ੍ਰਸਤ ਧਾਰਮਿਕ ਆਗੂ ਵੀ ਧਰਮ ਦੀ ਆੜ 'ਚ ਸਿਆਸਤ ਕਰਨ ਤੋਂ ਬਾਜ਼ ਨਹੀ ਆਉਂਦੇ।

ਮੌਜੂਦਾ ਸਮੇਂ ਦਿੱਲੀ ਦੀ ਸਿੱਖ ਸਿਆਸਤ 'ਚ ਇਕ ਵਾਰੀ ਫਿਰ ਭਾਰੀ ਉਥਲ-ਪੁਥਲ ਦੇਖਣ ਨੂੰ ਮਿਲ ਰਹੀ ਹੈ। ਇਕ ਪਾਸੇ ਦਿੱਲੀ ਗੁਰਦੁਆਰਾ ਕਮੇਟੀ 'ਤੇ ਕਾਬਜ਼ ਸਾਲ 2021 ਦੀਆਂ ਆਮ ਚੋਣਾਂ 'ਚ ਜੇਤੂ 30 ਮੈਂਬਰਾਂ ਦੇ ਧੜੇ ਵਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਕਿਨਾਰਾ ਕਰਕੇ 'ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ' ਦੇ ਨਾਂਅ 'ਤੇ ਨਵਾਂ ਦਲ ਬਣਾੳਣ ਦਾ ਐਲਾਨ ਕੀਤਾ ਗਿਆ ਹੈ, ਉਥੇ ਦੂਜੇ ਪਾਸੇ ਵਿਰੋਧੀ ਧਿਰਾਂ ਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਅਚਨਚੇਤ ਜਾਗਿਆ ਮੋਹ ਹੈਰਾਨ ਕਰਨ ਵਾਲਾ ਹੈ। ਬੀਤੇ ਦਿਨੀਂ ਜਾਗੋ ਪਾਰਟੀ ਵਲੋਂ ਸੱਦੀ ਮੀਟਿੰਗ 'ਚ ਪਾਰਟੀ ਦੇ ਕਾਰਕੁੰਨਾਂ ਨੇ ਪਾਰਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਸ਼੍ਰੋਮਣੀ ਅਕਾਲੀ ਦਲ ਦੀ ਕਮਾਨ ਸੰਭਾਲਣ ਲਈ ਹੁੰਗਾਰਾ ਦਿੱਤਾ ਹੈ ਜਦ ਕਿ ਇਸ ਮੁਹਿੰਮ 'ਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਵੀ ਇਕ ਕਦਮ ਅੱਗੇ ਵਧਦੇ ਹੋਏ ਬੀਤੇ ਦਿਨੀਂ ਲੁਧਿਆਣਾ ਵਿਖੇ ਸਿੱਖ ਬੁੱਧੀਜੀਵੀਆਂ ਦੀ ਮੀਟਿੰਗ ਸੱਦ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਡਿਗਦੇ ਮਿਆਰ ਨੂੰ ਸੰਵਾਰਨ ਦੀ ਅਪੀਲ ਕੀਤੀ ਹੈ। ਦਿੱਲੀ ਦੀ ਸਿੱਖ ਸਿਆਸਤ 'ਚ ਵਿਚਰ ਰਹੀਆਂ ਇਨ੍ਹਾਂ ਵਿਰੋਧੀ ਪਾਰਟੀਆਂ ਨੂੰ ਇਕ ਸਵਾਲ ਹੈ ਕਿ ਉਨ੍ਹਾਂ ਨੂੰ ਹੁਣ ਅਚਨਚੇਤ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਸੰਭਾਲਣ ਦਾ ਵਿਚਾਰ ਕਿਵੇਂ ਆਇਆ ਜਦਕਿ ਸ਼੍ਰੋਮਣੀ ਅਕਾਲੀ ਦਲ ਦਾ ਸਿਆਸੀ ਪੱਧਰ ਬੀਤੇ ਲੰਬੇ ਸਮੇਂ ਤੋਂ ਲਗਾਤਾਰ ਡਿਗਦਾ ਜਾ ਰਿਹਾ ਸੀ। ਵਿਰੋਧੀ ਧਿਰ ਆਪਣੀ ਹੋਂਦ ਨੂੰ ਖ਼ਤਮ ਕਰਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹੋਂਦ ਨੂੰ ਕਾਇਮ ਰੱਖਣ ਲਈ ਤਰਲੋ-ਮੱਛੀ ਹੋ ਰਹੇ ਹਨ, ਜਦ ਕਿ ਇਹ ਜੱਗ ਜ਼ਾਹਰ ਹੈ ਕਿ ਆਪਣੀ ਹਉਮੈ ਨੂੰ ਤਿਆਗ ਕੇ ਨਾ ਤਾਂ ਕੋਈ ਵਿਰੋਧੀ ਧਿਰ ਇਕਜੁਟ ਹੋਣ ਲਈ ਰਾਜ਼ੀ ਹੋਵੇਗੀ ਤੇ ਨਾ ਹੀ ਸ਼੍ਰੋਮਣੀ ਅਕਾਲੀ ਦਲ ਦੀ ਕਮਾਨ ਸੌਖੇ ਤਰੀਕੇ ਨਾਲ ਵਿਰੋਧੀ ਧਿਰ ਆਪਣੇ ਹੱਥਾਂ 'ਚ ਲੈ ਸਕੇਗੀ, ਕਿਉਂਕਿ ਬਾਦਲ ਦਲ ਨੇ ਇਸ ਨਾਜ਼ੁਕ ਹਾਲਾਤ ਦੀ ਪੜਚੋਲ ਲਈ ਆਪਣੇ ਤਜਰਬੇਕਾਰ ਆਗੂ ਜਥੇਦਾਰ ਅਵਤਾਰ ਸਿੰਘ ਹਿੱਤ ਦੀ ਕਮਾਨ ਹੇਠ 21 ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਹੈ।

ਇਹ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ ਧੜਾ) ਤੇ ਜਾਗੋ ਪਾਰਟੀ ਵਲੋਂ ਸ਼੍ਰੋਮਣੀ ਅਕਾਲੀ ਦਲ (ਬਾਦਲ ਧੜੇ) ਨਾਲ ਗੱਠਜੋੜ ਕਰਕੇ ਦਿੱਲੀ ਗੁਰਦੁਆਰਾ ਕਮੇਟੀ 'ਤੇ ਕਾਬਜ਼ ਹੋਣ ਦੀਆਂ ਕੋਸ਼ਿਸ਼ਾਂ ਨੂੰ ਹਾਲ 'ਚ ਹੀ ਭਾਜਪਾ 'ਚ ਗਏ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਸਮਰਥਕ ਮੈਂਬਰਾਂ ਨੇ ਨਾਕਾਮਯਾਬ ਕਰਕੇ ਕਮੇਟੀ ਦੇ ਕਾਰਜਕਾਰੀ ਬੋਰਡ ਦੀਆਂ ਚੋਣਾਂ 'ਚ ਇਕਤਰਫ਼ਾ ਜਿੱਤ ਹਾਸਲ ਕਰ ਲਈ ਸੀ, ਜਿਸ ਦੇ ਚਲਦਿਆਂ ਹੁਣ ਨਵੀਂ ਧੜੇਬੰਦੀ ਸ਼ੁਰੂ ਹੋ ਗਈ ਹੈ। ਪ੍ਰੰਤੂ ਹੁਣ ਇਹ ਦੇਖਣਾ ਹੋਵੇਗਾ ਕਿ ਇਹ ਨਵੇਂ ਗੱਠਜੋੜ ਦਿੱਲੀ ਦੀ ਸਿੱਖ ਸਿਆਸਤ ਨੂੰ ਕਿੱਥੇ ਲੈ ਕੇ ਜਾਂਦੇ ਹਨ? ਦਿੱਲੀ ਗੁਰਦੁਆਰਾ ਕਮੇਟੀ 'ਚ ਸਿਆਸੀ ਦਖ਼ਲਅੰਦਾਜ਼ੀ 'ਤੇ ਗੁੱਟਬਾਜ਼ੀ ਇਕ ਵੱਡਾ ਕਾਰਨ ਹੈ ਜਿਸ ਨਾਲ ਕਮੇਟੀ ਦੇ ਵਿੱਦਿਅਕ ਅਦਾਰੇ ਬੰਦ ਹੋਣ ਦੇ ਕਗਾਰ 'ਤੇ ਹਨ ਤੇ ਸਮੇਂ-ਸਮੇਂ 'ਤੇ ਕਮੇਟੀ ਦੇ ਪ੍ਰਬੰਧਕਾਂ ਦੇ ਖ਼ਿਲਾਫ਼ ਗੁਰਦੁਆਰਾ ਫੰਡਾਂ ਦੀ ਦੁਰਵਰਤੋਂ ਕਰਨ ਦੇ ਵੀ ਗੰਭੀਰ ਇਲਜ਼ਾਮ ਲਗਦੇ ਰਹੇ ਹਨ, ਜੋ ਦਿੱਲੀ ਗੁਰਦੁਆਰਾ ਕਮੇਟੀ ਦੇ ਕੰਮਕਾਜ ਨੂੰ ਸਵਾਲਾਂ ਦੇ ਘੇਰੇ 'ਚ ਖੜ੍ਹਾ ਕਰਦੇ ਹਨ। ਇਸ ਪ੍ਰਕਾਰ ਗੁਰੂ ਦੀ ਗੋਲਕ ਦਾ ਲੰਮੇ ਸਮੇਂ ਤੋਂ ਘਾਣ ਹੋ ਰਿਹਾ ਹੈ ਜਦ ਕਿ ਸੰਗਤਾਂ ਵਲੋਂ ਦਿੱਤੀ ਤਿਲ-ਫੁਲ ਭੇਟਾ ਕੇਵਲ ਧਾਰਮਿਕ ਕਾਰਜਾਂ ਲਈ ਹੀ ਇਸਤੇਮਾਲ ਕੀਤੀ ਜਾਣੀ ਚਾਹੀਦੀ ਹੈ। ਸੰਗਤਾਂ ਵਲੋਂ ਚੁਣੇ ਦਿੱਲੀ ਕਮੇਟੀ ਦੇ ਇਨ੍ਹਾਂ ਨੁਮਾਇੰਦਿਆਂ ਨੂੰ ਆਪਣੇ ਨਿੱਜੀ ਮੁਫ਼ਾਦਾਂ 'ਤੇ ਸਿਆਸਤ ਨੂੰ ਦਰਕਿਨਾਰ ਕਰਕੇ ਸਿੱਖ ਕੌਮ ਦੀ ਚੜ੍ਹਦੀ ਕਲਾ 'ਤੇ ਨਿਰੋਲ ਧਾਰਮਿਕ ਪ੍ਰਚਾਰ ਕਰਨ ਵੱਲ ਤਵੱਜੋ ਦੇਣੀ ਚਾਹੀਦੀ ਹੈ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਦਿੱਲੀ ਦੇ ਧਾਰਮਿਕ ਸਥਾਨਾਂ ਨੂੰ ਸਿਆਸੀ ਰੰਗਤ ਤੋਂ ਮੁਕਤ ਕਰਵਾਉਣ ਲਈ ਸਿੱਖ ਸੰਗਤ ਨੂੰ ਮੁੜ ਤੋਂ ਸੰਘਰਸ਼ ਕਰਨਾ ਪਵੇਗਾ।

 

ਇੰਦਰ ਮੋਹਨ ਸਿੰਘ

-ਸਾਬਕਾ ਮੈਂਬਰ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੋਬਾਈਲ :