ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਅਸਥਾਨ ਬਾਰੇ ਖੋਜ

ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਅਸਥਾਨ ਬਾਰੇ ਖੋਜ

ਇਤਿਹਾਸ

ਡਾਕਟਰ ਪਰਮਵੀਰ ਸਿੰਘ

-ਸਿੱਖ ਵਿਸ਼ਵਕੋਸ਼ ਵਿਭਾਗ,

ਪੰਜਾਬੀ ਯੂਨੀਵਰਸਿਟੀ, ਪਟਿਆਲਾ

ਬਾਬਾ ਬੰਦਾ ਸਿੰਘ ਬਹਾਦਰ ਅਠਾਰ੍ਹਵੀਂ ਸਦੀ ਦਾ ਇਕ ਉੱਘਾ ਸਿੱਖ ਜਰਨੈਲ ਸੀ, ਜਿਸ ਨੇ ਮੁਗ਼ਲਾਂ ਦੇ ਅਜਿੱਤ ਹੋਣ ਦੇ ਹੰਕਾਰ ਨੂੰ ਤੋੜ ਦਿੱਤਾ ਸੀ। ਇਸ ਜਰਨੈਲ ਦੇ ਜੀਵਨ ਦੀਆਂ ਜਿਹੜੀਆਂ ਘਟਨਾਵਾਂ ਮੁਗ਼ਲਾਂ ਦੇ ਸਰਕਾਰੀ ਅਤੇ ਗ਼ੈਰ-ਸਰਕਾਰੀ ਰਿਕਾਰਡ ਵਿਚ ਦਰਜ ਹੋਈਆਂ, ਪ੍ਰਮੁੱਖ ਤੌਰ 'ਤੇ ਵਿਦਵਾਨਾਂ ਨੇ ਉਸੇ ਆਧਾਰ 'ਤੇ ਹੀ ਬਾਬਾ ਜੀ ਦੀ ਸ਼ਖ਼ਸੀਅਤ ਦਾ ਵਿਖਿਆਨ ਕੀਤਾ ਹੈ। ਬਾਬਾ ਜੀ ਦੇ ਸਿੰਘ ਸਜਣ ਤੋਂ ਪਹਿਲਾਂ ਦੇ ਜੀਵਨ ਸੰਬੰਧੀ ਬਹੁਤ ਘੱਟ ਜਾਣਕਾਰੀ ਪ੍ਰਾਪਤ ਹੁੰਦੀ ਹੈ। ਜਿਹੜੀ ਜਾਣਕਾਰੀ ਮੌਜੂਦ ਹੈ, ਉਸ ਸੰਬੰਧੀ ਪੱਖੀ ਅਤੇ ਵਿਪੱਖੀ ਵਿਚਾਰ ਦੇਖਣ ਨੂੰ ਮਿਲਦੇ ਹਨ। ਬਾਬਾ ਜੀ ਦੇ ਸਿੰਘ ਸਜਣ ਤੋਂ ਪਹਿਲਾਂ ਦਾ ਜਿਹੜਾ ਪੱਖ ਸਭ ਤੋਂ ਵਧੇਰੇ ਚਰਚਾ ਦਾ ਵਿਸ਼ਾ ਰਿਹਾ ਹੈ, ਉਸ ਵਿਚ ਇਨ੍ਹਾਂ ਨੂੰ ਕਸ਼ਮੀਰ ਦਾ ਵਸਨੀਕ ਦੱਸਿਆ ਗਿਆ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦ੍ਰਿਸ਼ਟੀ ਪਈ ਤਾਂ ਜੀਵਨ ਬਦਲ ਗਿਆ ਅਤੇ ਉਨ੍ਹਾਂ ਦਾ ਥਾਪੜਾ ਲੈ ਕੇ ਇਹ ਨਾਂਦੇੜ ਤੋਂ ਪੰਜਾਬ ਆਇਆ। ਇਥੇ ਆ ਕੇ ਇਸ ਨੇ ਮੁਗ਼ਲ ਹਕੂਮਤ ਦੇ ਜਬਰ ਅਤੇ ਜ਼ੁਲਮ ਵਿਰੁੱਧ ਮੁਹਿੰਮ ਆਰੰਭ ਕੀਤੀ ਅਤੇ ਉਸ ਨੂੰ ਸਫਲਤਾ ਨਾਲ ਸਿਰੇ ਚੜ੍ਹਾਇਆ।

ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਸੰਬੰਧੀ ਜਿਹੜੇ ਵਿਚਾਰ ਦੇਖਣ ਨੂੰ ਮਿਲਦੇ ਹਨ ਉਨ੍ਹਾਂ ਵਿਚੋਂ 1783 ਵਿਚ ਫ਼ਾਰਸੀ ਭਾਸ਼ਾ ਵਿਚ ਲਿਖਿਆ ਰਿਸਾਲਾ ਦਰ ਅਹਿਵਾਲ ਨਾਨਕ ਸ਼ਾਹ ਦਰਵੇਸ਼ ਸਿਰਲੇਖ ਅਧੀਨ ਲਾਹੌਰ ਦੇ ਵਸਨੀਕ ਬੁੱਧ ਸਿੰਘ ਅਰੋੜਾ ਦੀ ਇਕ ਰਚਨਾ ਮੌਜੂਦ ਹੈ, ਜਿਹੜੀ ਕਿ ਬਾਬਾ ਜੀ ਦਾ ਜਨਮ ਜਲੰਧਰ ਦੁਆਬ ਦੇ ਤੁਅਲਕੇ ਵਿਖੇ ਪੰਡੋਰੀ ਪਿੰਡ ਵਿਖੇ ਦੱਸਦੀ ਹੈ। ਬਾਬਾ ਬੰਦਾ ਸਿੰਘ ਬਹਾਦਰ ਦੇ ਪਰਿਵਾਰ ਵਿਚੋਂ ਮਾਤਾ ਜੋਗਿੰਦਰ ਕੌਰ ਦੁਆਰਾ ਸੰਖੇਪ ਜੀਵਨ ਬਾਬਾ ਬੰਦਾ ਬਹਾਦਰ ਸਿਰਲੇਖ ਅਧੀਨ ਜਿਹੜਾ ਬਿਰਤਾਂਤ ਸਾਹਮਣੇ ਆਇਆ ਹੈ, ਉਸ ਵਿਚ ਉਹ ਦੱਸਦੇ ਹਨ ਕਿ ਰਾਜੌਰੀ ਦੇ ਇਕ ਪਿੰਡ 'ਜੋਰੋ ਕਾ ਗੜ੍ਹ' ਵਿਖੇ ਬਾਬਾ ਜੀ ਦਾ ਜਨਮ ਹੋਇਆ ਪਰ ਰਾਜੌਰੀ ਵਿਖੇ ਜਾ ਕੇ ਜਦੋਂ ਇਸ ਬਾਰੇ ਜਾਣਕਾਰੀ ਪ੍ਰਾਪਤ ਕਰਨ ਦਾ ਯਤਨ ਕੀਤਾ ਤਾਂ ਪਤਾ ਲੱਗਿਆ ਕਿ ਇਸ ਨਾਂਅ ਦਾ ਕੋਈ ਪਿੰਡ ਇਲਾਕੇ ਵਿਚ ਮੌਜੂਦ ਨਹੀਂ ਹੈ। ਮਾਤਾ ਜੀ ਨੇ ਆਪਣੀ ਜਾਣਕਾਰੀ ਦਾ ਕੋਈ ਹਵਾਲਾ ਨਹੀਂ ਦਿੱਤਾ ਪਰ ਇਹ ਲੰਮਾ ਸਮਾਂ ਉਸ ਇਲਾਕੇ ਵਿਚ ਰਹੇ ਹਨ ਅਤੇ ਇਨ੍ਹਾਂ ਨੇ ਇਸ ਅਸਥਾਨ ਦਾ ਵਰਨਣ ਕੀਤਾ ਹੈ। ਪੁਰਾਤਨ ਇਤਿਹਾਸ ਦੀ ਜਾਣਕਾਰੀ ਪ੍ਰਾਪਤ ਕਰਦਿਆਂ ਪਤਾ ਲਗਦਾ ਹੈ ਕਿ ਕੁਝ ਅਜਿਹੇ ਨਗਰ ਪੁਰਾਤਨ ਲਿਖਤਾਂ ਵਿਚ ਮੌਜੂਦ ਹਨ ਪਰ ਹੁਣ ਉਨ੍ਹਾਂ ਦੇ ਨਾਂਅ ਬਦਲ ਗਏ ਹਨ ਜਿਵੇਂ ਮੌਜੂਦਾ ਬੈਜਨਾਥ ਦਾ ਪੁਰਾਤਨ ਨਾਂਅ ਕੀੜ ਗ੍ਰਾਮ ਸੀ। ਗੁਰੂ ਨਾਨਕ ਦੇਵ ਜੀ ਦੀਆਂ ਜਨਮਸਾਖੀਆਂ ਵਿਚ ਕੀੜ ਗ੍ਰਾਮ ਦਾ ਹੀ ਵਰਨਣ ਮਿਲਦਾ ਹੈ ਅਤੇ ਜਿਹੜੇ ਇਸ ਪਿੰਡ ਦੇ ਪੁਰਾਤਨ ਨਾਂਅ ਤੋਂ ਵਾਕਫ਼ ਨਹੀਂ ਹਨ, ਉਹ ਇਤਿਹਾਸ ਦੀ ਸਹੀ ਜਾਣਕਾਰੀ ਪ੍ਰਦਾਨ ਨਹੀਂ ਕਰ ਸਕਦੇ। ਜੇਕਰ ਮਾਤਾ ਜੋਗਿੰਦਰ ਕੌਰ 'ਜੋਰੋ ਕਾ ਗੜ੍ਹ' ਦੇ ਆਸ-ਪਾਸ ਦੇ ਇਲਾਕਿਆਂ ਦੀ ਜਾਣਕਾਰੀ ਵੀ ਦੇ ਦਿੰਦੇ ਤਾਂ ਇਤਿਹਾਸਕਾਰਾਂ ਨੂੰ ਇਸ ਅਸਥਾਨ ਦੀ ਨਿਸ਼ਾਨਦੇਹੀ ਕਰਨੀ ਸੌਖੀ ਹੋ ਜਾਂਦੀ।

ਬਾਬਾ ਬੰਦਾ ਸਿੰਘ ਬਹਾਦਰ ਨਾਲ ਸੰਬੰਧਿਤ ਬਹੁਤੇ ਇਤਿਹਾਸਕਾਰਾਂ ਨੇ ਇਨ੍ਹਾਂ ਦਾ ਜਨਮ ਰਾਜੌਰੀ ਦੱਸਿਆ ਹੈ। ਆਧੁਨਿਕ ਇਤਿਹਾਸਕਾਰਾਂ ਵਿਚ ਡਾ. ਗੰਡਾ ਸਿੰਘ ਇਕ ਉੱਘੇ ਇਤਿਹਾਸਕਾਰ ਹਨ ਜਿਨ੍ਹਾਂ ਨੇ ਫ਼ਾਰਸੀ ਦੇ ਸਮਕਾਲੀ ਇਤਿਹਾਸਕਾਰਾਂ ਦੀਆਂ ਲਿਖਤਾਂ ਦਾ ਵਿਸ਼ਲੇਸ਼ਣਾਤਮਿਕ ਅਧਿਐਨ ਕਰ ਕੇ ਬੰਦਾ ਸਿੰਘ ਬਹਾਦਰ ਸੰਬੰਧੀ ਇਕ ਪ੍ਰਮਾਣਿਕ ਖੋਜ ਪਾਠਕਾਂ ਦੇ ਸਾਹਮਣੇ ਪੇਸ਼ ਕੀਤੀ ਹੈ। ਬਾਅਦ ਵਾਲੇ ਸਮੂਹ ਇਤਿਹਾਸਕਾਰਾਂ ਨੇ ਕਿਸੇ ਨਾ ਕਿਸੇ ਰੂਪ ਵਿਚ ਡਾ. ਗੰਡਾ ਸਿੰਘ ਦੀ ਇਸ ਲਿਖਤ ਦਾ ਹਵਾਲਾ ਦਿੱਤਾ ਹੈ। ਇਸ ਲਿਖਤ ਦੇ ਆਧਾਰ 'ਤੇ ਬਾਬਾ ਜੀ ਦਾ ਜਨਮ ਅਸਥਾਨ ਰਾਜੌਰੀ ਪ੍ਰਸਿੱਧ ਹੋ ਗਿਆ।ਰਾਜੌਰੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਅਸਥਾਨ ਨਿਰਧਾਰਿਤ ਕਰਨ ਲਈ ਕਈ ਭਰਮ-ਭੁਲੇਖੇ ਪੈਦਾ ਕੀਤੇ ਜਾ ਰਹੇ ਹਨ। ਰਿਆਸੀ ਤੋਂ ਪੁਣਛ ਜਾਂਦੇ ਹੋਏ ਰਾਜੌਰੀ ਵਿਖੇ ਰਾਜੌਰੀ-ਪੁਣਛ ਮੁੱਖ ਸੜਕ 'ਤੇ ਰਾਜੌਰੀ ਦੇ ਬੱਸ ਸਟੈਂਡ ਤੋਂ ਲਗਭਗ 500 ਮੀਟਰ ਦੇ ਨੇੜੇ ਇਕ ਬੋਰਡ ਨਜ਼ਰ ਵਿਚ ਆਇਆ ਜਿਸ 'ਤੇ 'ਗੁਰਦੁਆਰਾ ਜਨਮ ਸਥਾਨ ਬਾਬਾ ਬੰਦਾ ਸਿੰਘ ਬਹਾਦਰ, ਰਾਜੌਰੀ' ਲਿਖਿਆ ਹੋਇਆ ਸੀ। ਬੋਰਡ ਦੀ ਖਿੱਚ ਨੇ ਰੁਕਣ ਲਈ ਮਜਬੂਰ ਕੀਤਾ ਤਾਂ ਦੇਖਿਆ ਕਿ ਲਗਭਗ ਦੋ ਸੌ ਗਜ਼ ਦੇ ਇਕ ਖ਼ਾਲੀ ਪਲਾਟ ਵਿਚ ਇਕ ਨਿਸ਼ਾਨ ਸਾਹਿਬ ਅਤੇ ਨੇੜੇ ਹੀ ਇਹ ਬੋਰਡ ਲੱਗਿਆ ਹੋਇਆ ਸੀ। ਕੋਈ ਪੁਰਾਤਨ ਨਿਸ਼ਾਨੀ ਆਦਿ ਮੌਜੂਦ ਨਾ ਹੋਣ ਕਰ ਕੇ ਇੰਜ ਜਾਪਦਾ ਸੀ ਕਿ ਇਸ ਨਗਰ ਵਿਖੇ ਬਾਬਾ ਜੀ ਦੇ ਜਨਮ ਨਾਲ ਸੰਬੰਧਿਤ ਹਵਾਲੇ ਮਿਲਦੇ ਹਨ ਜਿਸ ਨੂੰ ਸਾਕਾਰ ਰੂਪ ਪ੍ਰਦਾਨ ਕਰਨ ਲਈ ਇਥੇ ਇਹ ਬੋਰਡ ਅਤੇ ਨਿਸ਼ਾਨ ਸਾਹਿਬ ਲਗਾ ਦਿੱਤੇ ਗਏ ਹਨ। ਮਨ ਵਿਚ ਵਾਰ-ਵਾਰ ਉਸ ਅਸਥਾਨ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਇੱਛਾ ਪੈਦਾ ਹੋ ਰਹੀ ਸੀ ਜਿਥੇ ਬਾਬਾ ਜੀ ਦਾ ਜਨਮ ਹੋਇਆ। ਡਾ. ਗੰਡਾ ਸਿੰਘ ਵਰਗੇ ਦਾਨਿਸ਼ਵਰ ਇਤਿਹਾਸਕਾਰ ਇਸ ਇਲਾਕੇ ਵਿਚ ਜਾ ਕੇ ਉਸ ਅਸਥਾਨ ਦੀ ਜਾਣਕਾਰੀ ਪ੍ਰਾਪਤ ਕਰਨ ਦਾ ਯਤਨ ਕਰਦੇ ਰਹੇ ਹਨ ਪਰ ਕੋਈ ਪੁਖ਼ਤਾ ਜਾਣਕਾਰੀ ਹਾਸਲ ਨਹੀਂ ਹੋਈ। ਸਮੂਹ ਇਤਿਹਾਸਕਾਰ ਇਸ ਗੱਲ 'ਤੇ ਤਾਂ ਸਹਿਮਤ ਹਨ ਕਿ ਬਾਬਾ ਜੀ ਦਾ ਜਨਮ ਰਾਜੌਰੀ ਵਿਖੇ ਹੋਇਆ ਸੀ ਪਰ ਉਸ ਅਸਥਾਨ ਨੂੰ ਲੱਭਣ ਵਿਚ ਕੋਈ ਸਫਲਤਾ ਪ੍ਰਾਪਤ ਨਹੀਂ ਹੋਈ। ਸਥਾਨਕ ਸਿੱਖ ਵੀ ਇਸ ਅਸਥਾਨ ਸੰਬੰਧੀ ਜਾਣਕਾਰੀ ਪ੍ਰਾਪਤ ਕਰਨ ਦਾ ਯਤਨ ਕਰਦੇ ਰਹੇ ਹਨ ਪਰ ਕੋਈ ਬੂਰ ਨਹੀਂ ਪਿਆ, ਹਾਲੇ ਵੀ ਇਸ ਦਿਸ਼ਾ ਵਿਚ ਯਤਨ ਜਾਰੀ ਹਨ।

ਇਸ ਅਸਥਾਨ ਬਾਰੇ ਜਾਣਨ ਦੀ ਇੱਛਾ ਕਾਰਨ ਰਾਜੌਰੀ ਦੇ ਸ. ਰਾਜਵਿੰਦਰ ਸਿੰਘ ਨਾਲ ਸੰਪਰਕ ਹੋਇਆ ਜਿਹੜੇ ਕਿ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਯੂਥ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਹਨ। ਰਾਜੌਰੀ ਦੇ ਵਸਨੀਕ ਇਸ ਨੌਜਵਾਨ ਨੇ ਆਪਣੇ ਜੀਵਨ ਦਾ ਬਿਹਤਰੀਨ ਸਮਾਂ ਬਾਬਾ ਜੀ ਦੇ ਜਨਮ ਅਸਥਾਨ ਦੀ ਖੋਜ ਵਿਚ ਲਾਇਆ ਹੈ। ਆਪਣੀ ਖੋਜ ਦੇ ਆਧਾਰ 'ਤੇ ਇਸ ਨੇ ਸਰਕਾਰ ਕੋਲ ਪਹੁੰਚ ਕੀਤੀ ਅਤੇ ਸੰਬੰਧਿਤ ਦਸਤਾਵੇਜ਼ ਅਧਿਕਾਰੀਆਂ ਕੋਲ ਪੇਸ਼ ਕੀਤੇ। ਪਿਛਲੇ ਲਗਭਗ 10 ਸਾਲ ਤੋਂ ਇਹ ਨੌਜਵਾਨ ਸਰਕਾਰੀ ਅਧਿਕਾਰੀਆਂ ਤੱਕ ਪਹੁੰਚ ਕਰ ਕੇ ਬਾਬਾ ਜੀ ਦੇ ਜਨਮ ਅਸਥਾਨ ਨੂੰ ਸਰਕਾਰ ਦੇ ਰਿਕਾਰਡ ਵਿਚ ਦਰਜ ਕਰਵਾਉਣ ਲਈ ਯਤਨਸ਼ੀਲ ਹੈ।ਇਸ ਦੁਆਰਾ ਪੇਸ਼ ਕੀਤੇ ਗਏ ਦਸਤਾਵੇਜ਼ ਤਹਿਸੀਲਦਾਰ ਕੋਲ ਆਏ ਤਾਂ ਪੜਤਾਲ ਦੀ ਇਕ ਲੰਮੀ ਪ੍ਰਕਿਰਿਆ ਆਰੰਭ ਹੋਈ। ਅਖ਼ੀਰ ਪਟਵਾਰੀ ਨੇ ਪੁਰਾਤਨ ਰਿਕਾਰਡ ਖੰਗਾਲ ਕੇ ਜਿਹੜੀ ਰਿਪੋਰਟ ਤਿਆਰ ਕਰ ਕੇ ਤਹਿਸੀਲਦਾਰ ਨੂੰ ਭੇਜੀ, ਉਹ ਅੱਗੇ ਰਾਜੌਰੀ ਦੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਅਸ਼ਰਫ਼ ਅੱਗੇ ਪੇਸ਼ ਕੀਤੀ ਗਈ। ਸਮੁੱਚੀ ਪੜਤਾਲ ਦਾ ਵਿਸ਼ਲੇਸ਼ਣ ਕਰਨ ਉਪਰੰਤ ਡਿਪਟੀ ਕਮਿਸ਼ਨਰ ਨੇ 12.06.2020 ਨੂੰ ਖਸਰਾ ਨੰਬਰ 281, 281/1, ਅਤੇ 282 ਵਿਚਲੀ 66 ਕਨਾਲ 8 ਮਰਲੇ ਜ਼ਮੀਨ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂਅ ਦਰਜ ਕਰਨ ਦਾ ਆਦੇਸ਼ ਜਾਰੀ ਕਰ ਦਿੱਤਾ। ਗੁਰਦਨਪਾਈਨ ਪਿੰਡ ਦੇ ਪਟਵਾਰ ਹਲਕਾ ਫ਼ਤਹਿਪੁਰ, ਤਹਿਸੀਲ 'ਤੇ ਜ਼ਿਲਾ ਰਾਜੌਰੀ ਵਿਖੇ ਨਾਮਖੇਤ ਡੱਡਾਂ ਵਾਲੀ ਬਉਲੀ ਦੀ ਇਹ ਜ਼ਮੀਨ ਰਾਜੌਰੀ ਬੱਸ ਸਟੈਂਡ ਤੋਂ ਲਗਪਗ 2 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ ਜਿਸ ਦੀ ਜਮ੍ਹਾਂਬੰਦੀ ਹੁਣ ਬਾਬਾ ਜੀ ਦੇ ਨਾਂਅ ਬੋਲਦੀ ਹੈ।

ਰਾਜੌਰੀ ਦੇ ਅਸਿਸਟੈਂਟ ਕਮਿਸ਼ਨਰ ਜਨਾਬ ਮੁਹੰਮਦ ਅਸ਼ਰਫ਼ ਨੇ ਰਿਕਾਰਡ ਦੇ ਆਧਾਰ 'ਤੇ ਉਕਤ ਤੱਥਾਂ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਹੈ ਕਿ ਉਕਤ ਜ਼ਮੀਨ ਫ਼ੌਜ ਦੇ ਅਧੀਨ ਹੈ। ਕੁਝ ਮਹੀਨੇ ਪਹਿਲਾਂ, ਉਕਤ ਅਸਥਾਨ ਸੰਬੰਧੀ ਸ. ਰਾਜਵਿੰਦਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਪਰਕ ਕੀਤਾ ਤਾਂ ਮੌਜੂਦਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸ ਦੀ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਅਤੇ ਇਸ ਦੀ ਸਾਂਭ-ਸੰਭਾਲ ਲਈ ਯਤਨ ਆਰੰਭ ਕਰ ਦਿੱਤੇ ਪਰ ਭਾਰਤੀ ਫ਼ੌਜ ਦੀ ਛਾਉਣੀ ਵਿਚ ਹੋਣ ਕਰਕੇ ਇਸ ਕਾਰਜ ਵਿਚ ਕੁਝ ਮੁਸ਼ਕਿਲਾਂ ਆ ਰਹੀਆਂ ਹਨ।ਸਰਕਾਰੀ ਰਿਕਾਰਡ ਦੇ ਆਧਾਰ 'ਤੇ ਜਿਹੜੀ ਜ਼ਮੀਨ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂਅ ਲਗਾਈ ਗਈ ਹੈ ਉਹ ਬਾਬਾ ਜੀ ਦੇ ਜਨਮ ਅਸਥਾਨ ਸੰਬੰਧੀ ਜਾਣਕਾਰੀ ਪ੍ਰਦਾਨ ਕਰਨ ਵਾਲਾ ਮਹੱਤਵਪੂਰਨ ਸਰੋਤ ਬਣ ਗਿਆ ਹੈ। ਮੌਜੂਦਾ ਸਮੇਂ ਵਿਚ ਇਹ ਜ਼ਮੀਨ ਫ਼ੌਜ ਦੇ ਅਧਿਕਾਰ ਖ਼ੇਤਰ ਵਿਚ ਹੈ ਅਤੇ ਉਨ੍ਹਾਂ ਦੇ ਅਧਿਕਾਰ ਖ਼ੇਤਰ ਵਿਚ ਬਾਬਾ ਜੀ ਦੀ ਯਾਦਗਾਰ ਸਥਾਪਿਤ ਕਰਨੀ ਕੋਈ ਸੌਖਾ ਕਾਰਜ ਨਹੀਂ ਬਲਕਿ ਇਕ ਲੰਮੀ ਪ੍ਰਕਿਰਿਆ ਦਾ ਹਿੱਸਾ ਹੈ। ਜੇਕਰ ਪੰਥਕ ਰੂਪ ਵਿਚ ਇਹ ਯਤਨ ਕੀਤੇ ਜਾਣ ਤਾਂ ਕੋਈ ਵੀ ਕਾਰਜ ਅਸੰਭਵ ਨਹੀਂ ਹੈ।