ਤੁਸੀਂ ਸਿਰਫ਼ ਮਸਤ ਹਾਥੀ ਹੀ ਵੇਖੇ ਨੇ..ਬਚਿੱਤਰ ਸਿੰਘ ਨਹੀਂ!

ਤੁਸੀਂ ਸਿਰਫ਼ ਮਸਤ ਹਾਥੀ ਹੀ ਵੇਖੇ ਨੇ..ਬਚਿੱਤਰ ਸਿੰਘ ਨਹੀਂ!

     ਹਰਪ੍ਰੀਤ ਸਿੰਘ ਜਵੰਦਾ

ਜਾਪਾਨੀ ਲੋਕ ਸਮੁੰਦਰ ਦੇ ਦੂਰ ਪਾਣੀਆਂ ਚੋਂ ਜਦੋਂ ਮੱਛੀਆਂ ਫੜਦੇ..ਤਾਂ ਬਹੁਤੀਆਂ ਅਵੇਸਲੀਆਂ ਹੋ ਕੇ ਟੈਂਕ ਵਿਚ ਮਰ ਜਾਇਆ ਕਰਦੀਆਂ..ਖਾਣ ਵਾਲੇ ਸ਼ਿਕਾਇਤ ਕਰਦੇ..ਅਖ਼ੇ ਬੋ ਮਾਰਦੀਆਂ! ਫੇਰ ਹੱਲ ਲੱਭਿਆ..ਨਿੱਕੇ ਟੈਂਕਾਂ ਵਿਚ ਵਿਚ ਇੱਕ-ਇੱਕ ਸ਼ਾਰਕ ਮੱਛੀ ਛੱਡ ਦਿੱਤੀ..ਜਿਕਰਯੋਗ ਏ ਸ਼ਾਰਕ ਨਿੱਕੀਆਂ ਮੱਛੀਆਂ ਨੂੰ ਅਕਸਰ ਖਾ ਜਾਂਦੀ ਏ..! ਹੁਣ ਸਟੋਰ ਕੀਤੀਆਂ ਮੱਛੀਆਂ ਨੇ ਅਵੇਸਲੇ ਰਹਿਣਾ ਛੱਡ ਦਿੱਤਾ..ਹਮੇਸ਼ਾਂ ਆਪਣੇ ਬਚਾਅ ਵਿਚ ਚੁਸਤ ਦਰੁਸਤ ਰਹਿੰਦੀਆਂ..ਧਿਆਨ ਹਰ ਵੇਲੇ ਕੋਲ ਵਿਚਰਦੇ ਦੁਸ਼ਮਣ ਵੱਲ ਹੀ ਹੁੰਦਾ..ਅਖੀਰ ਤੱਕ ਲੰਮਾ ਸਮਾਂ ਜਿਉਂਦਿਆਂ ਰਹਿੰਦੀਆਂ! ਅਵੇਸਲਾ ਪਣ ਨਿੱਰੀ ਮੌਤ ਏ..ਖਾਤਮੇ ਦੀ ਨਿਸ਼ਾਨੀ ਏ..ਚਾਹੇ ਕੌਂਮਾਂ ਵਿਚ ਹੋਵੇ ਤੇ ਭਾਵੇਂ ਆਮ ਲੋਕਾਂ ਵਿਚ..!ਇਹ ਬੰਦੇ ਨੂੰ ਸਮੇ ਤੋਂ ਪਹਿਲਾਂ ਹੀ ਗੈਰ ਕੁਦਰਤੀ ਮੌਤ ਦੀ ਬੁੱਕਲ ਵਿਚ ਸੌਂਪ ਦਿੰਦਾ ਏ..!  ਆਰ.ਐੱਸ.ਐੱਸ,ਡੇਰਾ ਵਾਦ,ਝੂਠੇ ਸਾਧ,ਮਾਂ ਬੋਲੀ ਦਾ ਘਾਣ,ਪਾਣੀਆਂ ਦੀ ਲੁੱਟ,ਸਿੱਖੀ ਸਿਧਾਂਤ ਨੂੰ ਖੋਰਾ,ਗ੍ਰੰਥਾਂ ਵਿਚ ਮਿਲਾਵਟ,ਜਵਾਨੀ ਦੇ ਨਿਘਾਰ,ਨਸ਼ਿਆਂ ਦੇ ਦਰਿਆਵਾਂ ਦੇ ਦੂਸ਼ਿਤ ਪਾਣੀਆਂ ਦੀ ਗੱਲ..ਇਹ ਸਭ ਕੁਝ ਟੈਂਕਾਂ ਵਿਚ ਛੱਡੀਆਂ ਹੋਈਆਂ ਉਹ ਸ਼ਾਰਕ ਮੱਛੀਆਂ ਹਨ ਜੋ ਸਾਨੂੰ ਹਰ ਵੇਲੇ ਅਵੇਸਲੇ ਹੋਣ ਤੋਂ ਬਚਾਈ ਰੱਖਦੀਆਂ ਨੇ..!

ਰੂਪੋਸ਼ੀ ਵੇਲੇ ਦੀਆਂ ਗੱਲਾਂ ਕਰਦਾ ਇੱਕ ਵੀਰ ਦੱਸਦਾ ਕੇ ਅੱਖਾਂ ਖੁੱਲੀਆਂ ਰੱਖ ਕੇ ਸੋਵਿਆਂ ਕਰਦੇ ਸਾਂ..ਸਿਮਰਨ ਕਰਦਿਆਂ ਇੱਕ ਅੱਖ ਗੁਟਕੇ ਤੇ ਦੂਜੀ ਬਾਹਰ ਵੱਲ ਹੁੰਦੀ..ਮਾੜੀ ਜਿਹੀ ਬਿੜਕ..ਮਿੰਟਾਂ ਸਕਿੰਟਾਂ ਵਿਚ ਤਿਆਰ ਭਰ ਤਿਆਰ! ਕਲਪਨਾ ਕਰੋ ਦਸਮ ਪਿਤਾ ਚਮਕੌਰ ਦੇ ਗੜੀ ਵਿਚ ਅਵੇਸਲੇ ਹੋ ਗਏ ਹੁੰਦੇ..ਬੰਦਾ ਸਿੰਘ ਬਹਾਦੁਰ ਗੁਰਦਾਸ ਨੰਗਲ ਦੀ ਗੜੀ ਵਿਚ ਢਿੱਲਾ ਪੈ ਗਿਆ ਹੁੰਦਾ..ਹੁਣ ਸਮਝੌਤਾ ਹੋ ਹੀ ਜਾਣਾ..ਕੀ ਲੋੜ ਏ ਲੜਨ ਮਰਨ ਦੀ..! ਪਰ ਗੁਰੂ ਦਾ ਥਾਪੜਾ ਲੈ ਕੇ ਪੰਜਾਬ ਪੁੱਜੇ ਮਹਾਬਲੀ ਨੇ ਆਖਰੀ ਸਾਹਾਂ ਤੱਕ ਈਨ ਨਹੀਂ ਮੰਨੀ..ਸਿਦਕ ਹੋਂਸਲਾ ਬਣਾਈ ਰਖਿਆ!

ਚੁਰਾਸੀ ਮਗਰੋਂ ਵਰਤਿਆ ਸੰਤਾਪ ਅਸਲ ਵਿਚ ਪਿੱਠ ਵਿਚ ਵੱਜੀ ਐਸੀ ਲੱਤ ਸਾਬਤ ਹੋਈ ਜਿਸਨੇ ਕੁੱਬੀ ਹੋ ਗਈ ਕੌਮ ਦਾ ਕੁੱਬ ਸਿੱਧਾ ਕਰ ਦਿੱਤਾ..ਬਾਹਰ ਆਇਆਂ ਨੇ ਹਰ ਮੁਲਖ ਵਿਚ ਇੱਕ ਵੱਖਰਾ ਪੰਜਾਬ ਸਿਰਜ ਦਿੱਤਾ..ਅੱਜ ਨਿੱਛ ਪੰਜਾਬ ਮਾਰਦਾ ਏ ਤੇ ਜ਼ੁਕਾਮ ਸਾਰੀ ਦੁਨੀਆ ਨੂੰ ਲੱਗ ਜਾਂਦਾ! ਕਿਸੇ ਸਿੰਘ ਦੇ ਘਰੇ ਗਏ ਸੰਤ ਜੀ ਓਥੇ ਪਏ ਫਰਿੱਜ ਕੂਲਰ ਏ ਸੀ ਟੇਲੀਵਿਜਨ ਅਤੇ ਹੋਰ ਸਾਜੋ ਸਮਾਨ ਵੇਖ ਪੁੱਛਣ ਲੱਗੇ..ਸਿੰਘਾ ਚਾਰ ਬੰਦੇ ਆ ਪੈਣ ਤੇ ਸਵੈ ਰਖਿਆ ਲਈ ਕੋਈ ਬੰਦੋਬਸਤ ਵੀ ਕੀਤਾ ਈ ਕੇ ਬੱਸ ਫਰਿੱਜ ਕੂਲਰਾਂ ਨਾਲ ਹੀ ਘਰੇ ਤੁਰੀ ਫਿਰਦੀ ਇੱਜਤ ਬਚਾਵੇਂਗਾ..! ਨਵੰਬਰ ਚੁਰਾਸੀ ਵੇਲੇ..ਜਿਆਦਾਤਰ ਪਗੜੀ ਧਾਰੀ ਵੀਰ ਵਿੱਚ ਸੋਚ ਅਵੇਸਲੇ ਹੋ ਗਏ ਸਨ ਕੇ ਉਹ ਤਾਂ ਕਾਂਗਰਸੀ..ਰਾਧਾਸੁਆਮੀ..ਉੱਚ ਅਹੁਦਿਆਂ ਤੇ ਤਾਇਨਾਤ ਫੌਜ ਦੇ ਵੱਡੇ ਅਫਸਰ ਹਨ..ਮੌਕਾ ਪੈਣ ਤੇ ਅਗਲਿਆਂ ਰੈਂਕ ਅਤੇ ਬਹਾਦੁਰੀ ਦੇ ਮੈਡਲਾਂ ਸਣੇ ਅੱਗ ਦੀ ਭੇਂਟ ਚਾੜ ਦਿੱਤੇ..ਭੀੜ ਕਦੇ ਸ਼ਨਾਖਤੀ ਕਾਰਡ ਨਹੀਂ ਵੇਖਿਆ ਕਰਦੀ..! ਸੰਨ ਪਚਾਸੀ ਦੇ ਨਵੰਬਰ ਮਹੀਨੇ ਦੀ ਇੱਕ ਸੁਵੇਰ ਫਰੰਟੀਅਰ ਮੇਲ ਰਾਹੀਂ ਪਿਤਾ ਜੀ ਨਾਲ ਦਿੱਲੀ ਟੇਸ਼ਨ ਅੱਪੜਿਆ..ਪਹਾੜ ਗੰਜ ਵਾਲੇ ਪਾਸੇ ਇੱਕ ਅਮ੍ਰਿਤਧਾਰੀ ਆਟੋ ਵਾਲੇ ਦਾ ਸਵਾਰੀ ਚੁੱਕਣ ਤੋਂ ਕਿਸੇ ਨਾਲਦੇ ਨਾਲ ਝਗੜਾ ਹੋ ਗਿਆ..ਅਗਲੇ ਨੇ ਪੈਂਦੀ ਸੱਟੇ ਸਾਲ ਪਹਿਲਾਂ ਵਰਤਾਏ ਕਤਲਿਆਮ ਦਾ ਮੇਹਣਾ ਮਾਰ ਦਿੱਤਾ..!

ਗੁਰੂ ਦੇ ਸਿੰਘ ਨੇ ਝੱਟ ਪੱਟ ਹੀ ਪਿੱਛੇ ਰੱਖੀ ਕਿਰਪਾਨ ਕੱਢ ਲਈ..ਜੈਕਾਰਾ ਛੱਡਿਆ ਤੇ ਮਗਰ ਦੌੜ ਪਿਆ..ਅਗਲੇ ਪਾਸੇ ਤੋਂ ਚੜ ਆਈ ਵੱਡੀ ਸਾਰੀ ਭੀੜ ਸਿਰ ਤੇ ਪੈਰ ਰੱਖ ਨੱਸ ਉਠੀ! ਦੱਸਦੇ ਜ਼ੰਜੀਰਾਂ ਨਾਲ ਬੰਨੇ ਬੰਦਾ ਸਿੰਘ ਬਹਾਦੁਰ ਨੂੰ ਬਾਦਸ਼ਾਹ ਫਰੁਖਸੀਅਰ ਨੇ ਟਿਚਕਰ ਕੀਤੀ ਕੇ ਤੇਰਾ ਮਹਾਨ ਲੜਾਕੂ ਜਥੇਦਾਰ ਭਾਈ ਬਾਜ ਸਿੰਘ ਨਹੀਂ ਦਿਸਦਾ ਕਿਧਰੇ..ਸੁਣਿਆ ਉਸਦੇ ਡੌਲਿਆਂ ਵਿਚ ਕਿਸੇ ਵੇਲੇ ਬੜੀ ਜਾਨ ਹੁੰਦੀ ਸੀ?

ਤਸ਼ੱਦਤ,ਭੁੱਖ,ਉਨੀਂਦਰੇ ਅਤੇ ਗਰਮੀਂ ਦਾ ਮਾਰਿਆ ਕੋਲ ਹੀ ਨਿਢਾਲ ਹੋ ਕੇ ਪਿਆ ਬਾਜ ਸਿੰਘ ਏਨੀ ਗੱਲ ਸੁਣ ਉੱਠ ਖਲੋਤਾ ਤੇ ਆਖਣ ਲੱਗਾ ਥੋੜੇ ਚਿਰ ਲਈ ਮੇਰੇ ਸੰਗਲ ਖੋਹਲ ਕੇ ਵੇਖ..ਖਾਲਸਾ ਆਪਣੀ ਪਛਾਣ ਖੁਦ ਦੇਊ..!ਫਾਰੂਖਸ਼ਿਅਰ ਖੁੰਦਕ ਖਾ ਗਿਆ..ਸਿਰਫ ਇੱਕ ਹੱਥ ਦਾ ਸੰਗਲ ਖੋਲਣ ਦਾ ਹੁਕਮ ਦੇ ਦਿੱਤਾ..ਭਲਾ ਭੁੱਖ ਪਿਆਸ ਦਾ ਮਾਰਿਆ ਇੱਕ ਹੱਥ ਨਾਲ ਕੀ ਕਰ ਲਊ!ਪਰ ਅਗਲੇ ਨੇ ਬਿਜਲੀ ਦੀ ਫੁਰਤੀ ਨਾਲ ਸੰਗਲ ਖੋਹਲ ਰਹੇ ਸਿਪਾਹੀ ਦੀ ਹੀ ਤਲਵਾਰ ਧੂਹ ਲਈ ਤੇ ਸ਼ਹੀਦ ਹੋਣ ਤੋਂ ਪਹਿਲਾਂ ਅੱਖ ਦੇ ਫੋਰ ਵਿਚ ਕੋਲ ਖਲੋਤੇ ਕਿੰਨੇ ਸਾਰੇ ਪਾਰ ਬੁਲਾ ਦਿੱਤੇ..!ਇਸ ਸੰਧਰਬ ਨੂੰ ਪ੍ਰਗਟਾਉਂਦੀ ਇੱਕ ਤਸਵੀਰ ਅੱਜ ਵੀ ਦਰਬਾਰ ਸਾਹਿਬ ਅਜਾਇਬ ਘਰ ਵਿਚ ਵੇਖੀ ਜਾ ਸਕਦੀ ਏ! ਕਥਾ ਕਰਦੇ ਤੀਰ ਵਾਲੇ ਬਾਬੇ ਨੂੰ ਕਿਸੇ ਪ੍ਰਸ਼ਨ ਕੀਤਾ..ਸ਼ਰਾਬੀ ਹੋਏ ਵੱਡੇ ਸਾਰੇ ਮਸਤ ਹਾਥੀ ਦੇ ਮੱਥੇ ਤੇ ਬੰਨੀ ਲੋਹੇ ਦੀ ਮੋਟੀ ਚਾਦਰ ਨੂੰ ਭਲਾ ਘੋੜੇ ਤੇ ਚੜਿਆ ਬਚਿੱਤਰ ਸਿੰਘ ਸਿਰਫ ਆਪਣੀ ਨਾਗਣੀ ਆਸਰੇ ਕਿੱਦਾਂ ਪਾੜ ਸਕਦਾ..ਅੱਗਿਓਂ ਆਖਣ ਲੱਗਾ ਭਾਈ ਤੁਸਾਂ ਅਜੇ ਤੱਕ ਸਿਰਫ ਮਸਤ ਹਾਥੀ ਹੀ ਵੇਖੇ ਨੇ..ਬਚਿੱਤਰ ਸਿੰਘ ਨਹੀਂ!

ਸਾਰੀਆਂ ਬ੍ਰਹਿਮੰਡੀ ਤਾਕਤਾਂ ਓਦੋਂ ਪਿੱਠ ਤੇ ਆ ਕੇ ਖਲੋਂਦੀਆਂ ਜਦੋਂ ਗੁਰੂ ਦਾ ਸਿੰਘ ਅਰਦਾਸ ਕਰਕੇ ਰਵਾਨਗੀ ਪਾ ਦਿੰਦਾ..ਅੱਜ ਵੀ ਆਸੇ ਪਾਸੇ ਵਾਪਰਦੀਆਂ ਅਜਿਹੀਆਂ ਕਰਾਮਾਤਾਂ ਸਾਫ ਵੇਖੀਆਂ ਜਾ ਸਕਦੀਆਂ ਨੇ..ਦਸਮ ਪਿਤਾ ਦਾ ਸਿਰਜਿਆ ਖਾਲਸਾ ਹਮੇਸ਼ਾਂ ਹੱਕ ਸੱਚ ਦੀ ਲੜਾਈ ਲੜਨ ਵਿਚ ਹੀ ਵਿਸ਼ਵਾਸ਼ ਰੱਖਦਾ ਏ..! ਮੋਰਚਾ ਜਿੱਤਿਆਂ ਅਰਸਾ ਹੋਣ ਨੂੰ ਆਇਆ ਪਰ ਅਵੇਸਲੇ ਹੋਣ ਦੀ ਰੱਤੀ ਭਰ ਵੀ ਗੁੰਜਾਇੱਸ਼ ਨਹੀਂ..! ਅੰਦਰ ਖਾਤੇ ਹੁੰਦੀ ਸੌਦੇ ਬਾਜੀ..ਆਖਰੀ ਉਮਰੇ ਪਣਪ ਉੱਠੀ ਤਖਤੋ-ਤਾਜਾਂ ਦੀ ਭੁੱਖ ਅਤੇ ਦਿੱਲੀ ਦੇ ਦਿੱਲ ਵਿਚ ਬੈਠਾ ਹੋਇਆ ਵਿੱਸ ਘੋਲਦਾ ਫਨੀਅਰ ਸੱਪ ਕਦੇ ਵੀ ਡੰਗ ਮਾਰ ਸਕਦੇ..!ਚੋਣਾਂ ਦੀ ਚਿੱਕੜ ਲਿੱਬੜੀ ਧੂ ਘੜੀਸ ਵਿਚ ਗਵਾਚ ਗਿਆਂ ਦੀ ਸੂਰਤ ਵਾਪਿਸ ਪਰਤਾਉਣ ਲਈ ਖੇਤੀਬਾੜੀ ਮੰਤਰੀ ਦਾ ਨਾਗਪੁਰ ਵਿਚ ਦਿੱਤਾ ਇੱਕ ਬਿਆਨ ਹੀ ਕਾਫੀ ਏ ਕੇ ਬੇਸ਼ੱਕ ਦੋ ਕਦਮ ਪਿੱਛੇ ਹਟੇ ਹਾਂ ਪਰ ਪਰਤ ਕੇ ਜਰੂਰ ਆਵਾਂਗੇ..ਕਿਸੇ ਹੋਰ ਰੂਪ ਵਿਚ..ਅਵੇਸਲੇ ਕਰਕੇ ਪਿੱਠ ਪਿੱਛੋਂ ਵਾਰ ਕਰਨਾ ਦਿੱਲੀ ਦੀ ਸ਼ੁਰੂ ਤੋਂ ਹੀ ਆਦਤ ਰਹੀ ਏ।