ਆਓ ਇਸ ਦਿਵਾਲੀ ਜਗਾਈਏ ਆਸਾ ਦੇ ਦੀਵੇ 

ਆਓ ਇਸ ਦਿਵਾਲੀ ਜਗਾਈਏ ਆਸਾ ਦੇ ਦੀਵੇ 

            ਹਰਕੀਰਤ ਕੌਰ 

ਦਿਵਾਲੀ ਦੇ ਮਾਧਿਅਮ ਰਾਹੀਂ ਅਸੀਂ ਇੱਕ ਚੰਗੇ ਸਮਾਜ ਦੀ ਸਿਰਜਣਾ ਕਰ ਸਕੀਏ।

ਛੋਟੇ ਹੁੰਦੇ ਸਕੂਲ ਵਿੱਚ ਪੜਦੇ ਜਦ "ਸਾਡੇ ਤਿਉਹਾਰ" ਸਿਰਲੇਖ ਹੇਠ ਲੇਖ ਲਿਖਦੇ ਹੁੰਦੇ ਸਾਂ ਤਾਂ ਉਸ ਦੀ ਸ਼ੁਰੂਆਤੀ ਲਾਈਨ ਹੁੰਦੀ ਸੀ ਕਿ " ਭਾਰਤ ਤਿਉਹਾਰਾਂ ਦਾ ਤੇ ਮੇਲਿਆਂ ਦਾ ਦੇਸ਼ ਹੈ। " ਉਸ ਸਮੇਂ ਐਨੀ ਕੋਈ ਖਾਸ ਜਾਣਕਾਰੀ ਨਹੀਂ ਸੀ, ਪਰ ਹੁਣ ਇਹ ਜਾਣ ਕੇ ਬਹੁਤ ਖੁਸ਼ੀ ਹੁੰਦੀ ਹੈ ਕਿ ਸਚਮੁੱਚ ਹੀ ਭਾਰਤ ਦੇਸ਼ ਦੁਨੀਆਂ ਦਾ ਵਿਲੱਖਣ ਦੇਸ਼ ਹੈ, ਕਿਉਂਕਿ ਭਾਰਤ ਵਿੱਚ ਦੁਨੀਆਂ ਦੇ ਸਾਰੇ ਦੇਸ਼ਾਂ ਨਾਲੋ ਵੱਧ ਤਿਉਹਾਰ ਮਨਾਏ ਜਾਂਦੇ ਹਨ । ਉਸਤੋਂ ਵੀ ਵੱਡੀ ਗੱਲ ਇਹ ਕਿ ਹਰ ਇੱਕ ਤਿਉਹਾਰ ਦੀ ਕੋਈ ਨਾ ਕੋਈ ਇਤਹਾਸਿਕ ਮਹਾਨਤਾ ਜਰੂਰ ਹੈ। ਹਰ ਤਿਉਹਾਰ ਨਾਲ ਕੋਈ ਨਾ ਕੋਈ ਇਤਹਾਸਿਕ ਘਟਨਾ ਜਰੂਰ ਜੁੜੀ ਹੋਈ ਹੈ। ਜਿਵੇਂ ਜਿਵੇਂ ਸਮੇਂ ਵਿੱਚ ਤਬਦੀਲੀ ਆਉਂਦੀ ਗਈ ਤਿਵੇਂ ਤਿਵੇਂ ਸਾਡੇ ਰਹਿਣ ਸਹਿਣ ਅਤੇ ਤਿਉਹਾਰਾਂ ਨੂੰ ਮਨਾਉਣ ਦੇ ਤੌਰ ਤਰੀਕਿਆਂ ਵਿੱਚ ਵੀ ਤਬਦੀਲੀ ਆ ਗਈ ਹੈ। ਮੈਨੂੰ ਯਾਦ ਹੈ ਕਿ ਕਿਵੇਂ ਸਾਡੇ ਬਚਪਨ ਵਿੱਚ ਤਿਉਹਾਰਾਂ ਦਾ ਵਿਆਹਾਂ ਵਰਗਾ ਚਾਅ ਹੁੰਦਾ ਸੀ। ਮਾਤਾ ਜੀ ਨੇ ਸਾਰੇ ਘਰ ਨੂੰ ਇਸ ਤਰ੍ਹਾਂ ਸਜ਼ਾ ਦੇਣਾ, ਜਿਵੇਂ ਕਿਸੇ ਸਜ਼ ਵਿਆਹੀ ਨੇ ਘਰ ਪੈਰ ਪਾਉਣਾ ਹੋਵੇ। ਤਿਉਹਾਰ ਵਾਲੇ ਦਿਨ ਸਾਰੇ ਪਰਿਵਾਰ ਦੇ ਮੈਬਰਾਂ ਦੀ ਪਸੰਦ ਦੀਆਂ ਵਸਤਾਂ ਬਣਨੀਆਂ ਤੇ ਸਭ ਤੋਂ ਪਹਿਲਾਂ ਗੁਰੂਘਰ ਦੇ ਪਾਠੀ ਸਿੰਘ ਨੂੰ ਪ੍ਰਸ਼ਾਦਾ ਛਕਾਉਣਾ। ਤਿਉਹਾਰਾਂ ਤੇ ਨਵੇਂ ਕੱਪੜੇ ਪਾਉਣ ਦਾ ਚਾਅ ਤੇ ਪਟਾਕੇ ਚਲਾਉਣ ਲਈ ਰਾਤ ਦਾ ਬੇਸਬਰੀ ਨਾਲ ਇੰਤਜ਼ਾਰ ਕਰਨ ਦਾ ਅਹਿਸਾਸ ਅੱਜ ਵੀ ਬੀਤ ਗਏ ਸਮੇਂ ਦੀ ਯਾਦ ਦਵਾ ਦਿੰਦਾ ਹੈ। ਇਹ ਤਾਂ ਗੱਲਾਂ ਸੀ ਬੀਤੇ ਹੋਏ ਸਮੇਂ ਦੀਆਂ, ਅੱਜ ਤਿਉਹਾਰਾਂ ਨੂੰ ਮਨਾਉਣ ਦੇ ਤੌਰ ਤਰੀਕੇ ਭਾਵੇਂ ਬਦਲ ਚੁੱਕੇ ਹਨ, ਪਰ ਉਹਨਾਂ ਦੀ ਮਹਾਨਤਾ ਵਿੱਚ ਕੁਝ ਜਿਆਦਾ ਤਬਦੀਲੀ ਨਹੀਂ ਆਈ। ਪਹਿਲਾਂ ਜਿੱਥੇ ਅਸੀਂ ਦਿਵਾਲੀ ਵਾਲੇ ਦਿਨ ਘਰ ਵਿੱਚ ਰਹਿ ਕੇ ਤਿਉਹਾਰ ਮਨਾਉਂਦੇ ਸਾਂ, ਉੱਥੇ ਅੱਜ ਬਹੁਤਾਂਤ ਲੋਕ ਘਰ ਤੋਂ ਬਾਹਰ ਖਾਣਾ ਖਾ ਕੇ ਜਾਂ ਡਿਸਕੋ ਕਲੱਬਾਂ ਵਿੱਚ ਜਾ ਕੇ ਤਿਉਹਾਰ ਨੂੰ ਮਨਾਉਣ ਨੂੰ ਪਹਿਲ ਦਿੰਦੇ ਹਨ। ਹਾਂ ਇਸਦੇ ਨਾਲ ਨਾਲ ਇੱਕ ਅਜਿਹਾ ਵਰਗ ਵੀ ਹੈ ਜੋ ਇਸ ਭਾਗਾਂ ਭਰੇ ਦਿਨ ਨੂੰ ਗੁਰੂ ਘਰ ਦੇ ਲੇਖੇ ਵੀ ਲਾਉਂਦਾ ਹੈ।

ਇਸ ਤਰ੍ਹਾਂ ਕੁਝ ਤਬਦੀਲੀਆਂ ਨੂੰ ਸਵੀਕਾਰ ਕਰਦੇ ਹੋਏ ਹਰ ਕਿਸੇ ਦਾ ਤਿਉਹਾਰ ਨੂੰ ਮਨਾਉਣ ਦਾ ਤਰੀਕਾ ਅਲੱਗ ਅਲੱਗ ਹੈ। ਦਿਵਾਲੀ ਇੱਕ ਬਹੁਤ ਵਿਲੱਖਣ ਤਿਉਹਾਰ ਹੈ। ਇੱਕ ਅਜਿਹਾ ਤਿਉਹਾਰ ਜੋ ਆਉਂਦਾ ਹੈ ਤਾਂ ਚਾਰੇ ਪਾਸੇ ਰੋਸ਼ਨੀਆਂ ਹੀ ਰੋਸ਼ਨੀਆਂ ਬਿਖੇਰ ਦਿੰਦਾ ਹੈ। ਹਨੇਰੀਆਂ ਰਾਤਾਂ ਵਿੱਚ ਘਰਾਂ ਦੀਆਂ ਛੱਤਾਂ ਤੇ ਜੱਗਦੇ ਦੀਵੇ ਧਰਤੀ ਉੱਤੇ ਵੀ ਤਾਰਿਆਂ ਦੀ ਵਿਛੀ ਚਾਦਰ ਦਾ ਭੁਲੇਖਾ ਪਾਉਂਦੇ ਹਨ। ਮੇਰੇ ਪਿਤਾ ਜੀ ਹਰ ਦਿਵਾਲੀ ਉੱਤੇ ਦੱਸਦੇ ਹੁੰਦੇ ਨੇ ਕਿ ਇਹ ਦੀਵੇ ਕੇਵਲ ਦੀਵੇ ਨਹੀਂ ਹਨ, ਬਲਕਿ ਹਨੇਰਿਆਂ ਵਿੱਚ ਚਾਨਣ ਕਰਨ ਦੀ ਛੋਟੀ ਜਿਹੀ ਕੋਸ਼ਿਸ਼ ਤੇ ਆਸ ਹਨ। ਮੈਂ ਵੀ ਹੈਰਾਨ ਹੋਕੇ ਦੇਖਦੀ ਹੁੰਦੀ ਹਾਂ ਕਿ ਕਿਵੇਂ ਹਰ ਇੱਕ ਦੀਵਾ, ਹਨੇਰੀ ਰਾਤ ਵਿੱਚ ਚਾਨਣ ਕਰਨ ਲਈ ਜੱਦੋ ਜਹਿਦ ਕਰ ਰਿਹਾ ਹੈ। ਉਹਨਾਂ ਦੀਵਿਆਂ ਨੂੰ ਜੱਗਦਾ ਦੇਖ ਮੈਂ ਜਿੰਦਗੀ ਵਿੱਚ ਇੱਕ ਸਬਕ ਸਿੱਖਿਆ ਕਿ ਜੇਕਰ ਇੱਕ ਛੋਟਾ ਜਿਹਾ ਦੀਵਾ ਆਪ ਜਲ ਕਿ ਆਪਣਾ ਚਾਰ ਚੁਫ਼ੇਰਾ ਰੁਸ਼ਨਾ ਸਕਦਾ ਹੈ ਤਾਂ ਆਸਾ ਦਾ ਦੀਵਾ ਬਾਲ ਇੱਕ ਇਨਸਾਨ ਵੀ ਆਪਣੀ ਹਨੇਰੀ ਜਿੰਦਗੀ ਵਿੱਚ ਰੋਸ਼ਨੀਆਂ ਭਰ ਸਕਦਾ ਹੈ। ਜੇਕਰ ਮੌਜੂਦਾ ਸਾਲ ਦੇ ਵੱਲ ਝਾਤ ਮਾਰੀਏ ਤਾਂ ਇਸ ਵਾਰ ਵੀ ਅਸੀ ਹਰ ਸਾਲ ਦੀ ਤਰ੍ਹਾਂ ਕਾਮਨਾ ਤਾਂ ਇੱਕ ਖੁਸ਼ੀਆਂ ਖੇੜੇ ਤੇ ਨਵੇਂ ਜਜਬਿਆਂ ਨਾਲ ਭਰੇ ਤੇ ਸਫਲਤਾ ਦੇ ਨਵੇਂ ਰਾਹ ਖੋਲਣ ਵੱਜੋਂ ਕੀਤੀ ਸੀ, ਪਰ ਮਹਾਮਾਰੀ ਦੇ ਆਉਣ ਨਾਲ ਜਿੱਥੇ ਹਾਲਾਤ ਬਹੁਤ ਵਿਗੜ ਗਏ, ਉੱਥੇ ਬਹੁਤ ਸਾਰੇ ਸੁਪਨੇ ਸਜਾਈ ਬੈਠੇ ਲੋਕਾਂ ਦੀਆਂ ਆਸਾ ਤੇ ਪਾਣੀ ਫਿਰ ਗਿਆ। ਪਰ ਸਿਆਣੇ ਕਹਿੰਦੇ ਹਨ ਕਿ ਹਾਲਾਤ ਸਦਾ ਇੱਕੋ ਜਿਹੇ ਨਹੀ ਰਹਿੰਦੇ। ਇਸੇ ਤਰ੍ਹਾਂ ਇਹ ਸਮਾਂ ਵੀ ਬੀਤ ਜਾਵੇਗਾ। ਪਰ ਅਸੀਂ ਆਸ ਨਹੀਂ ਛੱਡਣੀ ਹੈ। ਢਹਿ ਢੇਰੀ ਹੋ ਕੇ ਨਹੀਂ ਬੈਠਣਾ ਹੈ। ਇਸ ਦਿਵਾਲੀ ਤੇ ਅਸੀ ਜਿੱਥੇ ਤੇਲ ਦੇ ਦੀਵੇ ਜਗਾ ਆਪਣੇ ਘਰਾਂ ਦੇ ਵਿਹੜੇ ਰੁਸ਼ਨਾਉਣੇ ਹਨ, ਉੱਥੇ ਆਸਾ ਦੇ ਦੀਵੇ ਬਾਲ ਆਪਣੀ ਜ਼ਿੰਦਗੀ ਵਿੱਚ ਛਾਏ ਨਕਾਰਾਤਮਕ ਸੋਚ ਅਤੇ ਅਗਿਆਨਤਾ ਦੇ ਹਨੇਰੇ ਨੂੰ ਵੀ ਦੂਰ ਕਰਨਾ ਹੈ। ਅਸੀਂ ਸਕੰਲਪ ਕਰਨਾ ਹੈ ਕਿ ਇਹ ਦੀਵੇ ਕੇਵਲ ਸਾਡੇ ਚਾਰ ਚੁਫ਼ੇਰੇ ਨੂੰ ਹੀ ਨਹੀਂ ਬਲਕਿ ਸਾਡੇ ਮਨ ਨੂੰ ਵੀ ਰੁਸ਼ਨਾਉਣ । ਸਾਡਾ ਯਤਨ ਰਹੇ ਕਿ ਅਸੀਂ ਆਪਣੇ ਆਲੇ ਦੁਆਲੇ ਵੀ ਪਿਆਰ, ਮਹੁੱਬਤ, ਏਕਤਾ, ਮਿਲਵਰਤਨ ਅਤੇ ਆਪਣੇਪਣ ਦੇ ਦੀਪ ਜਗਾਈਏ ਤਾਂ ਜੋ ਸੱਚਮੁੱਚ ਦਿਵਾਲੀ ਦੇ ਮਾਧਿਅਮ ਰਾਹੀਂ ਅਸੀਂ ਇੱਕ ਚੰਗੇ ਸਮਾਜ ਦੀ ਸਿਰਜਣਾ ਕਰ ਸਕੀਏ।