ਕਿਵੇਂ ਦੂਰ ਹੋ ਸਕਦਾ ਹੈ ਵਿਚਾਰਧਾਰਕ ਹਨੇਰਾ

ਕਿਵੇਂ ਦੂਰ ਹੋ ਸਕਦਾ ਹੈ ਵਿਚਾਰਧਾਰਕ ਹਨੇਰਾ

ਆਪਣੀ ਸੋਚ ਨੂੰ ਸਹੀ ਸੇਧ ਦੇਣ ਲਈ ਸਾਨੂੰ ਵਧੀਆ ਸਾਹਿਤ ਦਾ ਸਹਾਰਾ ਲੈਣਾ ਚਾਹੀਦਾ ਹੈ

ਹਨੇਰੇ ਨੂੰ ਵੇਖ ਮਨੁੱਖ ਦਾ ਮਨ ਹਮੇਸ਼ਾ ਤਰਲੋਮੱਛੀ ਹੋ ਉੱਠਦਾ ਹੈ। ਜਦ ਪਹਿਲੀ ਵਾਰ ਮਨੁੱਖ ਨੇ ਸੂਰਜ ਨੂੰ ਛੁਪਦਿਆਂ ਵੇਖਿਆ ਤਾਂ ਮਨੁੱਖ ਬੇਚੈਨ ਹੋ ਇਹ ਸੋਚਣ ਲੱਗਾ ਕਿ ਸ਼ਾਇਦ ਹਨੇਰੇ ਦੀ ਪਸਰੀ ਇਹ ਕਾਲੀ ਡਰਾਉਣੀ ਚਾਦਰ ਦੂਰ ਹੀ ਨਹੀਂ ਹੋਵੇਗੀ! ਸ਼ਾਇਦ ਕਦੇ ਹੁਣ ਰੋਸ਼ਨੀ ਨਾਲ ਭਰੀ ਸਵੇਰ ਦੁਬਾਰਾ ਦਸਤਕ ਹੀ ਨਹੀਂ ਦੇਵੇਗੀ। ਪਰ ਦੂਰ ਕਿਤੇ ਝੋਪੜੀ ਵਿੱਚ ਬਲਦੇ ਦੀਵੇ ਨੇ ਮਨੁੱਖ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਮੈਂ ਇੱਕ ਛੋਟਾ ਜਿਹਾ ਦੀਪ ਹਾਂ, ਮੈਂ ਆਪਣੀ ਸਮਰੱਥਾ ਅਨੁਸਾਰ ਜਿੰਨੀ ਜਗ੍ਹਾ ਵਿੱਚ ਚਾਨਣ ਕਰ ਸਕਾਂਗਾ ਕਰਾਂਗਾ, ਸਮਾਂ ਬੀਤਦਾ ਗਿਆ ਤੇ ਹਨੇਰੇ ਦੀ ਕਾਲੀ ਬੌਲੀ ਰਾਤ ਨੂੰ ਲੋਕਾਂ ਨੇ ਘਰਾਂ ਵਿੱਚ ਛੋਟੇ ਛੋਟੇ ਦੀਪ ਬਾਲ ਰੁਸ਼ਨਾ ਲਿਆ। ਇਹ ਹਨੇਰਾ ਇੱਕ ਕੁਦਰਤ ਦੀ ਪ੍ਕਿਰਿਆ , ਕੁਦਰਤ ਦੇ ਨਿਯਮ ਵਿੱਚ ਬੱਝਾ ਹੋਇਆ ਹਨੇਰਾ ਹੈ, ਇਸ ਹਨੇਰੇ ਨੇ ਆਪਣੇ ਬੱਝਵੇਂ ਸਮੇਂ ਉਪਰੰਤ ਦੂਰ ਹੋਣਾ ਹੀ ਹੁੰਦਾ ਹੈ, ਪਰ ਗੱਲ ਤਾਂ ਸਾਡੀ ਵਿਚਾਰਧਾਰਾ ਵਿੱਚ ਪਸਰ ਰਹੇ ਹਨੇਰੇ ਦੀ ਹੈ, ਉਹ ਹਨੇਰਾ ਜਿਸ ਨੇ ਸਾਡੇ ਮਨਾਂ ਉੱਪਰ ਕਾਲੀ ਰਾਤ ਦੀ ਚਾਦਰ ਵਿਛਾਈ ਹੋਈ ਹੈ। ਇਹ ਹਨੇਰਾ ਪੂਰੇ ਜ਼ੋਰ ਨਾਲ ਹੱਕਾਂ ਦਾ ਇਨਸਾਫ਼ ਦੀ ਅਵਾਜ਼ ਦਾ ਗਲਾ ਘੁੱਟ ਰਿਹਾ ਹੈ, ਮਨੁੱਖ ਡਰ, ਬੇਚੈਨੀ, ਕਾਇਰਤਾ ਦੇ ਆਲਮ ਵਿੱਚ ਦਿਨ - ਬ - ਭਟਕ ਰਿਹਾ ਹੈ। ਅਜਿਹਾ ਬੇਚੈਨੀ ਜੋ ਮਨੁੱਖ ਨੂੰ ਨਿਰਾਸ਼ਤਾ ਦੇ ਆਲਮ ਵਿੱਚ ਡੋਬ ਰਹੀ ਹੈ। ਸਾਡੀ ਵਿਚਾਰਧਾਰਾ ਵਿੱਚ ਦਿਨੋਂ ਦਿਨ ਨਿਘਾਰ ਆ ਰਿਹਾ ਹੈ, ਅਸੀਂ ਮਨੁੱਖੀ ਕਦਰਾਂ ਕੀਮਤਾਂ ਨੂੰ ਭੁੱਲ ਅਗਿਆਨਤਾ ਰੂਪੀ ਹਨੇਰੇ ਵਿੱਚ ਗਵਾਚਦੇ ਜਾ ਰਹੇ ਹਾਂ। ਵਿਚਾਰਧਾਰਾ ਵਿੱਚ ਆ ਰਹੀ ਗਿਰਾਵਟ ਦਾ ਕਾਰਨ ਅੱਜ ਮਨੁੱਖਾਂ ਦਾ ਆਪਣੇ ਅਸਲ ਮਕਸਦ ਤੋਂ ਭਟਕਣਾ ਹੈ।ਮਨੁੱਖੀ ਕਦਰਾਂ ਕੀਮਤਾਂ ਦੀ ਬਹਾਲੀ ਸਾਹਿਤ ਬਹੁਤ ਵੱਡਾ ਯੋਗਦਾਨ ਅਦਾ ਕਰ ਸਕਦਾ ਹੈ। ਸਾਡੀ ਵਿਚਾਰਧਾਰਾ ਵਿੱਚੋਂ ਹਨੇਰਾ ਕੇਵਲ ਸੁਹਜਮਈ ਸੋਚ ਦੇ ਸਦਕਾ ਹੀ ਦੂਰ ਹੋ ਸਕਦਾ ਹੈ । ਵਧੀਆ ਸਾਹਿਤ, ਵਧੀਆ ਲਿਖਤਾਂ ਹੀ ਹਨ ਜੋ ਹਨੇਰੇ ਨੂੰ ਵੰਗਾਰ ਕੇ ਕਹਿ ਸਕਦੀਆਂ ਹਨ ਜਦ ਤੱਕ ਸੁਚੱਜਾ ਸਾਹਿਤ ਅਬਾਦ ਹੈ ਤਦ ਤੱਕ ਚਾਨਣ ਦਾ ਕਤਲ ਨਹੀਂ ਹੋ ਸਕਦਾ। ਵਿਚਾਰਧਾਰਿਕ ਹਨੇਰਾ ਬਹੁਤ ਤਰ੍ਹਾਂ ਦਾ ਹੈ । ਧੀਆਂ ਨੂੰ ਪੁੱਤਰਾਂ ਦੇ ਬਰਾਬਰ ਨਾ ਸਮਝਣਾ, ਔਰਤ ਅਤੇ ਮਰਦ ਵਿੱਚ ਫਰਕ, ਫਿਰਕੂਪੁਣਾ, ਸੌੜੀ ਸੋਚ ਇਹ ਸਭ ਆਦਤਾਂ ਇਸ ਗੱਲ ਦੀਆਂ ਸੰਕੇਤ ਹਨ ਕਿ ਤੁਸੀਂ ਵਿਚਾਰਧਾਰਾ ਦੇ ਹਨੇਰੇ ਵਿੱਚ ਗੁੰਮੇ ਹੋਏ ਹੋ। 

ਆਪਣੀ ਸੋਚ ਨੂੰ ਸਹੀ ਸੇਧ ਦੇਣ ਲਈ ਸਾਨੂੰ ਵਧੀਆ ਸਾਹਿਤ ਦਾ ਸਹਾਰਾ ਲੈਣਾ ਚਾਹੀਦਾ ਹੈ, ਇਸ ਤੋਂ ਵੀ ਵੱਡੀ ਗੱਲ ਕਿ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਵਰਗੇ ਚਾਨਣ ਮੁਨਾਰੇ ਹਨ। ਜੋ ਪੈਰ ਪੈਰ ਤੇ ਸਾਡੀ ਅਗਵਾਈ ਕਰਦੇ ਹਨ। ਇੱਕ ਚੰਗੀ ਜੀਵਨ ਜਾਂਚ ਸਿਖਾਉਂਦੇ ਹਨ। ਜੇਕਰ ਤੁਸੀਂ ਵੀ ਇਸ ਹਨੇਰੇ ਤੋਂ ਬਾਹਰ ਆਉਣਾ ਚਾਹੁੰਦੇ ਹੋ ਜਾਂ ਚਾਹੁੰਦੇ ਹੋ ਕਿ ਤੁਹਾਡੇ ਨਾਲ ਜੁੜੇ ਨੋਜਵਾਨ ਇਸ ਦਲਦਲ ਵਿੱਚ ਨਾ ਜਾਣ ਤਾਂ ਉਹਨਾਂ ਨੂੰ ਸਾਰਥਕ ਸੋਚ ਦੇ ਮਾਲਿਕ ਬਣਾਉ। ਨੋਜਵਾਨਾਂ ਨੂੰ ਵੱਧ ਤੋਂ ਵੱਧ ਸਾਹਿਤ ਨਾਲ ਜੋੜਿਆ ਜਾਵੇ। ਬਚਪਨ ਤੋਂ ਬੱਚਿਆਂ ਨੂੰ ਚੰਗੀਆਂ ਆਦਤਾਂ ਦੇ ਆਦੀ ਬਨਾਉ ਤਾਂ ਜੋ ਉਹਨਾਂ ਦੀ ਵਿਚਾਰਧਾਰਾ ਦਾ ਦਾਇਰਾ ਬਹੁਤ ਵਿਸ਼ਾਲ ਹੋਵੇ ਅਤੇ ਰੋਸ਼ਨੀ ਨਾਲ ਭਰੀ ਹੋਵੇ। 

 

ਹਰਕੀਰਤ ਕੌਰ 

9779118066