ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੁਰਮਤਿ ਸੰਗੀਤ ਨੂੰ ਦੇਣ

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੁਰਮਤਿ ਸੰਗੀਤ ਨੂੰ ਦੇਣ

ਗੁਰਮਤਿ ਸੰਗੀਤ ਦੀ ਉਤਪਤੀ

ਸੰਗੀਤ ਦੇ ਖੇਤਰ ਵਿਚ ਗੁਰਮਤਿ ਸੰਗੀਤ ਨਵੀਨ ਅਤੇ ਵਿਲੱਖਣ ਸੰਗੀਤ ਪ੍ਰਣਾਲੀ ਦੇ ਰੂਪ ਵਿਚ ਆਪਣਾ ਵਿਸ਼ੇਸ਼ ਸਥਾਨ ਰੱਖਦੀ ਹੈ। ਭਾਰਤੀ ਸੰਗੀਤ ਤੋਂ ਇਸ ਦੀਆਂ ਵਿਸ਼ੇਸ਼ਤਾਵਾਂ ਕੁਝ ਵੱਖਰੀਆਂ ਹਨ, ਜਿਸ ਕਾਰਨ ਇਸਦਾ ਆਪਣਾ ਅਲੱਗ ਸਵਰੂਪ ਹੈ। ਗੁਰਮਤਿ ਸੰਗੀਤ ਦੇ ਅੰਤਰਗਤ ਸਿੱਖਾਂ ਦੇ ਧਾਰਮਿਕ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਬਾਣੀ ਦਾ ਗਾਇਨ ਉਸਦੇ ਨਿਰਧਾਰਤ ਰਾਗਾਂ ਵਿਚ ਹੁੰਦਾ ਹੈ। ਨਿਰਧਾਰਤ ਰਾਗਾਂ ਵਿਚ ਬਾਣੀ ਨੂ ਜਦੋਂ ਗਾਇਆ ਜਾਂਦਾ ਹੈ, ਇਸਨੂੰ ਗੁਰਮਤਿ ਸੰਗੀਤ ਕਹਿੰਦੇ ਹਨ। 

ਗੁਰਮਤਿ ਸੰਗੀਤ ਪਰੰਪਰਾ ਦਾ ਪ੍ਰਵਾਹ ਗੁਰੂ ਨਾਨਕ ਦੇਵ ਜੀ ਤੋਂ ਆਰੰਭ ਹੁੰਦਾ ਹੈ ਜੋ ਕਿ ਸਿੱਖਾਂ ਦੇ ਪਹਿਲੇ ਗੁਰੂ ਹਨ। 1469 ਈ. ਵਿਚ ਪਹਿਲੀ ਪਾਤਸ਼ਾਹੀ ਦੇ ਅਵਤਾਰ ਧਾਰਨ ਨਾਲ ਇਤਿਹਾਸ ਵਿਚ ਸਿੱਖ ਕਾਲ ਦਾ ਆਰੰਭ ਹੋਇਆ। ਗੁਰੂ ਨਾਨਕ ਦੇਵ ਜੀ ਨੇ ਰਾਜਾ ਮਹਾਰਾਜਾ ਬਜਾਏ ਅਧਿਆਤਮਕ ਵਿਿਸ਼ਆਂ ਨਾਲ ਭਰਪੂਰ ਕਾਵਿ ਰਚਨਾਵਾਂ ਕੀਤੀਆਂ। ਇਹਨਾਂ ਰਚਨਾਵਾਂ ਜਾਂ ਬਾਣੀ ਨੂੰ ਨਿਰਧਾਰਤ ਰਾਗਾਂ ਵਿਚ ਗਾਉਣ ਨਾਲ ਗੁਰਮਤਿ ਸੰਗੀਤ ਦੀ ਪ੍ਰਥਾ ਆਰੰਭ ਹੋਈ। ਇਸਤਰ੍ਹਾਂ ਭਾਰਤੀ ਸੰਗੀਤ ਵਿਚ ਇਕ ਨਵੀਂ ਸੰਗੀਤਕ ਪ੍ਰਣਾਲੀ ਦਾ ਆਰੰਭ ਹੋਇਆ। ਇਸਨੂੰ ਹੋਰ ਗੁਰੂ ਸਾਹਿਬਾਨਾਂ ਨੇ ਵੀ ਕਾਇਮ ਰੱਖਿਆ ਅਤੇ ਵੱਧ ਤੋਂ ਵੱਧ ਵਿਕਸਿਤ ਕੀਤਾ। ਇਹ ਪ੍ਰਥਾ ਅੱਜ ਤੱਕ ਕਾਇਮ ਹੈ।

ਗੁਰੂ ਜੀ ਨੇ ਕੀਰਤਨ ਕਰਨ ਵਾਲੇ ਨੂੰ ਢਾਡੀ ਸ਼ਬਦ ਨਾਲ ਸੰਬੋਧਨ ਕੀਤਾ। ਬਾਣੀ ਵਿਚ ਉਹਨਾਂ ਨੇ ਆਪਣੇ ਲਈ ਢਾਡੀ ਸ਼ਬਦ ਦਾ ਪ੍ਰਯੋਗ ਕੀਤਾ। ਜਿਵੇ-

ਹਉ ਢਾਢੀ ਵੇਕਾਰੁ ਕਾਰੈ ਲਾਇਆ॥

ਰਾਤਿ ਦਿਹੈ ਕੈ ਵਾਰ ਧੁਰਹੁ ਫੁਰਮਾਇਆ॥

ਢਾਢੀ ਸਚੈ ਮਹਲਿ ਖਸਮਿ ਬੁਲਾਇਆ॥

(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 150)

ਸਮੇਂ ਅਨੁਸਾਰ ਕੀਰਤਨ ਗਾਇਨ ਵਿਚ ਸੰਗਤ ਭਾਵ ਸਮੂਹ ਗਾਇਨ ਨੂੰ ਵਿਸ਼ੇਸ਼ ਸਥਾਨ ਦਿੱਤਾ। ਕੀਰਤਨ ਦੀ ਸੰਗਤ ਲਈ ਰਬਾਬ ਸਾਜ਼ ਦਾ ਗੁਰੂ ਜੀ ਨੇ ਪ੍ਰਚਲਨ ਕੀਤਾ। ਕੀਰਤਨ ਦੇ ਲਈ ਭਾਈ ਮਰਦਾਨੇ ਦੀ ਰਬਾਬ ਤੇ ਸੰਗਤ ਅਲੌਕਿਕ ਅਨੰਦ ਦੀ ਪ੍ਰਾਪਤੀ ਦਾ ਸਾਧਨ ਬਣਦੀ ਸੀ। ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚ ਇਸਦਾ ਉਲੇਖ ਇਸਤਰ੍ਹਾਂ ਆਇਆ ਹੈ-

ਫਿਰ ਬਾਬਾ ਗਿਆ ਬਗਦਾਦਿ ਨੋ ਬਾਹਰਿ ਜਾਇ ਕੀਆ ਅਸਥਾਨਾ॥

    ਇਕੁ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ॥

(ਵਾਰਾਂ ਭਾਈ ਗੁਰਦਾਸ, ਵਾਰ ਪਹਿਲੀ, ਪਉੜੀ 35)

ਇਸੇ ਤਰ੍ਹਾਂ ਭਾਈ ਮਰਦਾਨੇ ਦੇ ਰਬਾਬ ਵਜਾਉਣ ਵਿਚ ਪ੍ਰਵੀਣ ਹੋਣ ਦੇ ਸੰਬੰਧ ਵਿਚ ਇਕ ਹੋਰ ਉਲੇਖ ਇਸਤਰ੍ਹਾਂ ਮਿਲਦਾ ਹੈ-

ਭਲਾ ਰਬਾਬ ਵਜਾਇੰਦਾ ਮਜਲਸ ਮਰਦਾਨਾ ਮੀਰਾਸੀ॥

(ਵਾਰਾਂ ਭਾਈ ਗੁਰਦਾਸ, ਵਾਰ ਗਿਆਰਵੀਂ, ਪਉੜੀ 13)

ਗੁਰੂ ਨਾਨਕ ਦੇਵ ਜੀ ਬਾਣੀ ਵਿਚ ਅਧਿਆਤਮਕ ਵਿਿਸ਼ਆਂ ਦੇ ਪ੍ਰਗਟਾਵੇ ਲਈ ਸੰਗੀਤ ਦੇ ਪਰਿਭਾਸ਼ਕ ਸ਼ਬਦਾਂ ਦਾ ਬੜਾ ਸੁੰਦਰ ਪ੍ਰਯੋਗ ਹੋਇਆ ਹੈ ਜਿਵੇਂ-

ਤਾਲ ਮਦੀਰੇ ਘਟ ਕੇ ਘਾਟ॥

ਦੋਲਕ ਦੁਨੀਆ ਵਾਜਹਿ ਵਾਜ॥

(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 349)

ਗੁਰੂ ਨਾਨਕ ਦੇਵ ਜੀ ਨੇ ਸ਼ਬਦ ਕੀਰਤਨ ਪਰੰਪਰਾ ਨੂੰ ਵਿਸ਼ੇਸ਼ ਵਿਧਾਨ ਪ੍ਰਦਾਨ ਕੀਤਾ। ਉਹਨਾਂ ਆਪਣੀ ਬਾਣੀ ਨੂੰ ਰਾਗਾਂ ਅਧੀਨ ਉਚਾਰਿਆ।  ਗੁਰੂ ਨਾਨਕ ਬਾਣੀ ਦੇ ਉੱਪਰ ਹਰ ਕੀਰਤਨੀਏ ਦੇ ਲਈ ਕੁਝ ਸੰਕੇਤ ਅੰਕਿਤ ਕੀਤੇ ਹਨ ਜਿਵੇਂ-

1. ਰਾਗ

2. ਘਰੁ

3. ਰਹਾਉ

4. ਅੰਕ

ਇਸ ਸੰਕੇਤ ਵਿਚ ਬਾਣੀ ਨੂੰ ਨਿਰਧਾਰਤ ਰਾਗਾਂ ਵਿਚ ਗਾਉਣ ਦਾ ਸੰਕੇਤ ਹੈ। ਇਹਨਾਂ ਸੰਕੇਤਾਂ ਤੋਂ ਬਿਨ੍ਹਾਂ ਗੁਰੂ ਨਾਨਕ ਬਾਣੀ ਦੇ ਹਰ ਸ਼ਬਦ ਨੂੰ ਵੱਖ-ਵੱਖ ਅੰਕਾਂ ਵਿਚ ਵੰਡਿਆ ਹੈ ਜਿਹੜੇ ਗਾਇਨ ਵਿਚ ਅੰਤਰਿਆਂ ਦੇ ਰੂਪ ਵਿਚ ਗਾਇਨ ਕਰਨੇ ਹਨ। ਉਪਰੋਕਤ ਸੰਕੇਤਾਂ ਦਾ ਹੇਠ ਲਿਖੇ ਅਨੁਸਾਰ ਵਿਸ਼ਥਾਰ ਕੀਤਾ ਜਾਂਦਾ ਹੈ।

1. ਰਾਗ

ਗੁਰੂ ਨਾਨਕ ਦੇਵ ਜੀ ਦੇ ਬਾਣੀ ਦੇ ਅਧਿਐਨ ਤੋਂ ਸਪੱਸ਼ਟ ਹੁੰਦਾ ਹੈ ਕਿ ਉਹਨਾਂ ਕੁੱਲ 37 ਰਾਗਾਂ ਵਿਚ ਬਾਣੀ ਉਚਾਰੀ। ਇਹਨਾਂ ਰਾਗਾਂ ਦੀ ਵੰਡ ਇਸ ਪ੍ਰਕਾਰ ਹੈ।

(ੳ) ਮੁੱਖ ਰਾਗ

ਸਿਰੀ, ਮਾਝ, ਗਉੜੀ, ਆਸਾ, ਗੂਜਰੀ, ਦੇਵਗੰਧਾਰੀ, ਬਿਹਾਗੜਾ, ਵਡਹੰਸ, ਸੋਰਠਿ, ਧਨਾਸਰੀ, ਤਿਲੰਗ, ਸੂਹੀ, ਬਿਲਾਵਲ, ਰਾਮਕਲੀ, ਮਾਰੂ, ਤੁਖਾਰੀ, ਭੈਰਉ, ਬਸੰਤ, ਸਾਰੰਗ, ਮਲਾਰ, ਪ੍ਰਭਾਤੀ।

(ਅ) ਮਿਸ਼ਰਤ ਰਾਗ

ਗਉੜੀ ਗੁਆਰੇਰੀ, ਗਉੜੀ ਚੇਤੀ, ਗਉੜੀ ਬੈਰਾਗਣ, ਗਉੜੀ, ਦੀਪਕੀ, ਗਉੜੀ ਪੂਰਬੀ, ਆਸਾ ੱ ਕਾਫੀ, ਸੂਹੀ ਕਾਫੀ, ਬਸੰਤ ਹਿੰਡੋਲ, ਪ੍ਰਭਾਤੀ ਵਿਭਾਸ।

(ੲ) ਦੱਖਣੀ ਰਾਗ

ਗਉੜੀ ਦੱਖਣੀ, ਵਡਹੰਸ ਦੱਖਣੀ, ਬਿਲਾਵਲ ਦੱਖਣੀ, ਰਾਮਕਲੀ ਦੱਖਣੀ, ਮਾਰੂ ਦੱਖਣੀ, ਪ੍ਰਭਾਤੀ ਦੱਖਣੀ

(ਭਾਰਤੀ ਸੰਗੀਤ ਦਾ ਇਤਿਹਾਸ, ਯੋਗੇਂਦਰਪਾਲ)

2. ਘਰੁ

ਗੁਰੂ ਨਾਨਕ ਬਾਣੀ ਉੱਪਰ ਮਹਲਾ ਤੇ ਰਾਗ ਦੇ ਸਿਰਲੇਖ ਤੋਂ ਬਿਨ੍ਹਾਂ ਘਰੁ ਵੀ ਵੱਖ-ਵੱਖ ਗਿਣਤੀ ਵਿਚ ਅੰਕਿਤ ਮਿਲਦੇ ਹਨ। ਇਹਨਾਂ ਦੀ ਗਿਣਤੀ ਕੁੱਲ 17 ਤੱਕ ਹੈ। ਗੁਰਮਤਿ ਸੰਗਤਿ ਪੱਧਤੀ ਸੰਬੰਧੀ ਬਹੁਤ ਸਾਰੇ ਵਿਦਵਾਨਾਂ ਨੇ ਹੁਣ ਤੱਕ ਹੋਈ ਖੋਜ ਵਿਚ ਘਰੁ ਨੂੰ ਤਾਲ ਹੀ ਮੰਨਿਆ ਹੈ।

3. ਰਹਾਉ

ਗੁਰੂ ਜੀ ਦੀ ਸਮੁੱਚੀ ਬਾਣੀ ਦੇ ਸੰਗੀਤ ਵਿਧਾਨ ਦਾ ਅਗਲਾ ਮਹੱਤਵਪੂਰਨ ਅੰਗ ਰਹਾਉ ਹੈ। ਬਾਣੀ ਵਿਚ ਕਾਵਿ ਰਚਨਾ ਦੇ ਕਿਸੇ ਇਕ ਵਿਚਾਰ ਨੂੰ ਦ੍ਰਿੜ ਕਰਨ ਲਈ ਉਸਦੇ ਅਨੇਕ ਪਹਿਲੂ, ਉਦਾਹਰਣਾ ਅਤੇ ਪ੍ਰਮਾਣ ਦਿੱਤੇ ਗਏ ਹਨ ਅਤੇ ਕਾਵਿ ਰਚਨਾ ਦੇ ਕੇਂਦਰੀ ਭਾਵ ਵਾਲੀ ਤੁਕ ਪਿੱਛੇ ਰਹਾਉ ਦਾ ਸੰਕੇਤ ਮਿਲਦਾ ਹੈ।

ਰਹਾਉ ਵਾਲੀ ਤੁਕ ਦਾ ਵਿਸ਼ੇਸ਼ ਮਨੋਰਥ ਇਹ ਹੈ ਕਿ ਸੰਬੰਧਿਤ ਸ਼ਬਦ ਦੇ ਗਾਇਨ ਸਮੇਂ ਇਸ ਸੰਕੇਤ ਵਾਲੀ ਤੁਕ ਨੂੰ ਸਥਾਈ ਦੇ ਰੂਪ ਵਿਚ ਗਾਇਆ ਜਾਵੇ ਕਿਉਂਕਿ ਇਸ ਤੁਕ ਵਿਚ ਸਾਰੀ ਕਾਵਿ ਰਚਨਾ ਦਾ ਕੇਂਦਰੀ ਭਾਵ ਮੌਜੂਦ ਹੁੰਦਾ ਹੈ।

4. ਅੰਕ

ਗੁਰੂ ਨਾਨਕ ਬਾਣੀ ਵਿਚ ਪ੍ਰਯੋਗ ਕੀਤੇ ਗਏ ਅੰਕਾਂ ਦਾ ਵਿਸ਼ੇਸ਼ ਸੰਗਤਿਕ ਮਹੱਤਵ ਹੈ। ਹਰ ਤੁਕ ਦੀ ਸਮਾਪਤੀ ਪਿੱਛੋਂ ਅੰਕ ਇਕ, ਅੰਕ ਦੋ, ਅੰਕ ਤਿੰਨ ਆਦਿ ਦੀ ਵਰਤੋਂ ਆਮ ਮਿਲਦੀ ਹੈ। ਅੰਤ ਵਿਚ ਇਹਨਾਂ ਅੰਕਾਂ ਦੀ ਕੁਝ ਗਿਣਤੀ ਵੀ ਦਰਜ ਕੀਤੀ ਗਈ ਹੈ। ਇਹਨਾਂ ਅੰਕਾਂ ਵਿਚ ਰਹਾਉ ਵਾਲੀ ਤੁਕ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਸਗੋਂ ਸਮੁੱਚੇ ਕਾਵਿ ਵਿਧਾਨ ਵਿਚ ਉਸਦੀ ਸੁਤੰਤਰ ਹੋਂਦ ਹੈ। ਗੁਰਮਤਿ ਸੰਗੀਤ ਵਿਚ ਰਹਾਉ ਨੂੰ ਸ਼ਬਦ ਗਾਇਨ ਵੇਲੇ ਸਥਾਈ ਬਣਾਉਣ ਦਾ ਨਿਯਮ ਹੈ। ਇਸ ਸੰਬੰਧੀ ਅਸੀਂ ਪਹਿਲਾਂ ਵਿਚਾਰ ਕਰ ਆਏ ਹਾਂ। ਠੀਕ ਇਸੇ ਤਰ੍ਹਾਂ ਹਰ ਇਕ ਅੰਕ ਵਾਲੀ ਸੰਪੂਰਣ ਤੁਕ ਨੂੰ ਸ਼ਬਦ ਗਾਇਨ ਵੇਲੇ ਅੰਤਰੇ ਦੇ ਰੂਪ ਵਿਚ ਗਾਉਣਾ ਇਸ ਸੰਗੀਤ ਵਿਧਾਨ ਦਾ ਲਾਜ਼ਮੀ ਨਿਯਮ ਹੈ।

ਗਾਇਨ ਸ਼ੈਲੀਆਂ

ਅਸੀਂ ਪਹਿਲਾਂ ਵਿਚਾਰ ਕਰਆਏ ਹਾਂ ਕਿ ਗੁਰੂ ਨਾਨਕ ਦੇ ਆਗਮਨ ਤੱਕ ਮਾਰਗੀ ਸੰਗੀਤ ਅਤੇ ਦੇਸੀ ਸੰਗੀਤ ਵੱਖੋ-ਵੱਖਰੀ ਧਾਰਾ ਵੱਜੋਂ ਪ੍ਰਚਲਿਤ ਸਨ ਅਤੇ ਇਹਨਾਂ ਵਿਚਲਾ ਪਾੜਾ ਦਿਨੋ-ਦਿਨ ਵਧਦਾ ਜਾ ਰਿਹਾ ਸੀ।  ਮਾਰਗੀ ਸੰਗੀਤ ਅਤੇ ਦੇਸੀ ਸੰਗੀਤ ਵਿਚ ਏਕਤਾ ਲਿਆਉਣ ਲਈ ਸਿੱਖ ਗੁਰੂਆਂ ਨੇ ਇਹਨਾਂ ਦੋਵੇਂ ਸੰਗੀਤ ਰੂਪਾਂ ਦੀਆਂ ਵੱਖ-ਵੱਖ ਗਾਇਨ ਸ਼ੈਲੀਆਂ ਦਾ ਪ੍ਰਯੋਗ ਕੀਤਾ। ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਸੰਗੀਤ ਪੱਧਤੀ ਦੇ ਸਮੱੁਚੇ ਸੰਗੀਤ ਵਿਧਾਨ ਦਾ ਆਪਣਾ ਸ਼ਾਸਤਰ ਹੈ। ਜਿਸ ਵਿਚ ਸ਼ਾਸਤਰੀ ਸੰਗੀਤ ਦੀਆਂ ਕੁਝ ਪ੍ਰਚਲਿਤ ਸੰਗੀਤ ਸ਼ੈਲੀਆਂ ਦੀ ਯੋਗ ਵਰਤੋਂ ਕੀਤੀ ਗਈ। ਭਾਵੇਂ ਇਹਨਾਂ ਗਾਇਨ ਸ਼ੈਲੀਆਂ ਉੱਤੇ ਲੋਕ-ਗਾਇਨ ਸ਼ੈਲੀਆਂ ਵਾਂਗੰੂ ਨਾਮ ਅੰਕਿਤ ਨਹੀਂ ਕੀਤੇ ਗਏ ਪਰ ਸਮੁੱਚੀ ਬਾਣੀ ਦਾ ਭਾਰਤੀ ਸੰਗੀਤ ਦੇ ਸੰਦਰਭ ਵਿਚ ਅਧਿਐਨ ਕੀਤਿਆਂ ਸ਼ਾਸਤਰੀ ਸੰਗੀਤ ਦੀਆਂ ਸ਼ੈਲੀਆਂ ਦੇ ਕਾਵਿ-ਰੂਪ ਮੌਜੂਦ ਹਨ। ਸਮੂਹ ਪਦੇ, ਧਰੁਪਦ ਗਾਇਨ ਸ਼ੈਲੀਆਂ ਉੱਤੇ ਆਧਾਰਿਤ ਹਨ। 

ਲੋਕ ਧੁਨਾਂ ਤੋਂ ਵਿਕਸਿਤ ਹੋਏ ਰਾਗਾਂ ਨੂੰ ਲੋਕ-ਕਾਵਿ ਰੂਪਾਂ ਦੇ ਲਈ ਵਰਤਣਾ-

ਗੁਰੂ ਜੀ ਦੁਆਰਾ ਲੋਕ ਧੁਨਾਂ ਤੋਂ ਵਿਕਸਿਤ ਹੋਏ ਆਸਾ, ਮਾਝ, ਵਡਹੰਸ, ਤੁਖਾਰੀ ਵਰਗੇ ਰਾਗਾਂ ਨੂੰ ਉਹਨਾਂ ਘੋੜੀਆਂ, ਬਾਰਾਮਾਹ ਵਰਗੇ ਲੋਕ ਕਾਵਿ ਰੂਪਾਂ ਹਿੱਤ ਬੜੀ ਸਫਲਤਾ ਨਾਲ ਵਰਤਿਆ ਹੈ। ਇਹਨਾਂ ਲੋਕ ਕਾਵਿ ਰੂਪਾਂ ਵਿਚ ਵਿਸ਼ੇਸ਼ ਧੁਨ ਅਤੇ ਨਿਵੇਕਲਾ ਸੰਗੀਤ ਵਿਧਾਨ ਹੈ। 

ਗੁਰਮਤਿ ਸੰਗੀਤ ਪਰੰਪਰਾ ਦਾ ਮੁੱਖ ਉਦੇਸ਼ ਜਨ ਸਧਾਰਨ ਤੱਕ ਅਧਿਆਤਮਕ ਮੰਡਲਾਂ ਦੇ ਰਹੱਸਾਂ ਨੂੰ ਪਹੁੰਚਾਉਣਾ ਅਤੇ ਜੀਵਨ ਜਾਚ ਸਿਖਾਉਣਾ ਸੀ। ਸਾਰੇ ਗੁਰੂਆਂ ਨੇ ਇਸ ਮੰਤਵ ਲਈ ਜਨ ਸਧਾਰਨ ਨੂੰ ਉਪਦੇਸ਼ ਦੇਣ ਲਈ ਉਹਨਾਂ ਦੇ ਮਨ ਭਾਉਂਦੇ ਕਾਵਿ ਰੂਪਾਂ ਅਤੇ ਗਾਇਨ ਸ਼ੈਲੀਆਂ ਨੂੰ ਉਹਨਾਂ ਨੇ ਸੰਬੰਧਿਤ ਰਾਗਾਂ ਦੇ ਸਿਰਲੇਖ ਅਧੀਨ ਅੰਕਿਤ ਕੀਤਾ। 

ਕੀਰਤਨ

ਕੀਰਤਨ ਪਰੰਪਰਾ ਗੁਰਮਤਿ ਸੰਗੀਤ ਪੱਧਤੀ ਦੇ ਪ੍ਰਚਾਰ ਤੇ ਅਭਿਆਸ ਦਾ ਮੁੱਖ ਮਾਧਿਅਮ ਸੀ। ਕੀਰਤਨ ਕਰਨ ਦੀ ਇਸ ਰੀਤ ਨੂੰ ਕੀਰਤਨ ਚੌਂਕੀ ਦਾ ਨਾਮ ਵੀ ਦਿੱਤਾ ਜਾਂਦਾ ਹੈ। 

1. ਆਸਾ ਦੀ ਵਾਰ ਦੀ ਚਂੌਕੀ

2. ਬਿਲਾਵਲ ਦੀ ਚੌਂਕੀ

3. ਸੋ ਦਰ ਦੀ ਚੌਂਕੀ

4.  ਆਰਤੀ ਦੀ ਚੌਂਕੀ

ਇਹਨਾਂ ਕੀਰਤਨ ਚੌਂਕੀਆਂ ਵਿਚ ਸੰਬੰਧਿਤ ਰਾਗਾਂ ਵਿਚ ਸ਼ੰਬੰਧਿਤ ਬਾਣੀ ਨੂੰ ਵੱਖ-ੜੱਖ ਗਾਇਨ ਸ਼ੈਲੀਆਂ ਅਧੀਨ ਗਾਇਆ ਜਾਂਦਾ ਸੀ। ਜਿਸਦੇ ਫਲਸਰੂਪ ਗੁਰਮਤਿ ਸੰਗੀਤ ਦਾ ਪ੍ਰਚਾਰ ਤੇ ਵਿਕਾਸ ਬਹੁਤ ਤੇਜ਼ੀ ਨਾਲ ਫੈਲਣਾ ਸ਼ੁਰੂ ਹੋ ਗਿਆ।

ਉਪਰੋਕਤ ਵਿਚਾਰ ਤੋਂ ਸਪੱਸ਼ਟ ਹੈ ਕਿ ਗੁਰੂ ਜੀ ਨੇ ਇਕ ਨਿਵੇਕਲੀ ਕਰਿਤਨ ਪਰਮਪਰਾ ਚਲਾਈ ਅਤੇ ਆਪਣੇ ਅਨੁਯਾਈਆਂ ਨੂੰ ਇਕ ਸੰਸਥਾਗਤ ਤਰੀਕੇ ਨਾਲ ਅਪਨਾਉਣ ਲਈ ਕਿਹਾ। ਉਹਨਾ ਦੁਆਰਾ ਚਲਾਈ ਗਈ ਇਸ ਪਰੰਪਰਾ ਨੂੰ ਬਾਕੀ ਗੁਰੂ ਸਾਹਿਬਾਨਾ ਨੇ ਵੀ ਜਾਰੀ ਰੱਖਿਆ। 

ਅਜੈਪਾਲ ਸਿੰਘ

ਸਹਾਇਕ ਪ੍ਰੋਫੈਸਰ ਸੰਗੀਤ

 ਬਾਬਾ ਅਜੈ ਸਿੰਘ ਖਾਲਸਾ ਕਾਲਜ                                                                      

 ਗੁਰਦਾਸਨੰਗਲ ਗੁਰਦਾਸਪੁਰ। 

  ਫੋਨ- 9464265464