ਇਤਿਹਾਸਕ ਯਾਦਗਾਰ ਗੜ੍ਹੀ ਚਮਕੌਰ ਦੀ

ਇਤਿਹਾਸਕ ਯਾਦਗਾਰ ਗੜ੍ਹੀ ਚਮਕੌਰ ਦੀ

ਬੇਜੋੜ ਸੀ ਗੜ੍ਹੀ ਚਮਕੌਰ ਦੀ ਜੰਗ

ਗੁਰਮੇਲ ਸਿੰਘ ਗਿੱਲ

ਚਮਕੌਰ ਦੀ ਗੜ੍ਹੀ ਦੀ ਜੰਗ ਸਿੱਖ ਇਤਿਹਾਸ ਵਿੱਚ ਇਸ ਕਰਕੇ ਵੀ ਅਹਿਮੀਅਤ ਰੱਖਦੀ ਹੈ ਕਿਉਂਕਿ ਇੱਕ ਪਾਸੇ ਲੱਖਾਂ ਦੀ ਗਿਣਤੀ ਵਿੱਚ ਹਥਿਆਰਾਂ ਨਾਲ ਲੈਸ ਮੁਗ਼ਲ ਫ਼ੌਜ ਤੇ ਦੂਜੇ ਪਾਸੇ ਕਈ ਮਹੀਨਿਆਂ ਤੋਂ ਭੁੱਖੇ-ਭਾਣੇ ਮੁੱਠੀ ਭਰ ਸਿੰਘ। ਇਸ ਜੰਗ ਵਿੱਚ ਇੱਕ ਪਾਸੇ ਤਨਖ਼ਾਹ ਲੈ ਕੇ ਨੌਕਰੀ ਕਰਨ ਵਾਲੇ ਮੁਗ਼ਲ ਸੈਨਿਕ ਸਨ ਅਤੇ ਦੂਜੇ ਪਾਸੇ ਨਿਸ਼ਕਾਮ ਸੇਵਾ ਤੇ ਕੁਰਬਾਨੀ ਦੀ ਭਾਵਨਾ ਰੱਖਣ ਵਾਲੇ ਮਰਜੀਵੜੇ ਸਿੰਘ। ਕੱਚੀ ਗੜ੍ਹੀ ਦੇ ਮਾਲਕ ਚਮਕੌਰ ਨੰਬਰਦਾਰ ਨੇ ਮੁਗ਼ਲ ਹਾਕਮਾਂ ਨੂੰ ਮੁਖ਼ਬਰੀ ਕੀਤੀ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਦੋਵਾਂ ਵੱਡਿਆਂ ਸਾਹਿਬਜ਼ਾਦਿਆਂ ਅਤੇ ਤਿੰਨ ਪਿਆਰਿਆਂ ਸਮੇਤ 40 ਸਿੰਘਾਂ ਨੂੰ ਸ਼ਹਾਦਤ ਦੇਣੀ ਪਈ। ਗੁਰੂ ਜੀ ਦੇ ਦਰਬਾਰੀ ਕਵੀ ਕੋਇਰ ਸਿੰਘ, ਕਵੀ ਸੁੱਖਾ ਸਿੰਘ, ਕਵੀ ਸੈਨਾਪਤਿ ਆਦਿ ਦੀਆਂ ਸਮਕਾਲੀ ਕਿਰਤਾਂ ਨੂੰ ਵਾਚਣ ’ਤੇ ਪਤਾ ਲੱਗਦਾ ਹੈ ਕਿ ਗੁਰੂ ਸਾਹਿਬ ਖ਼ਿਲਾਫ਼ ਨਾ ਸਿਰਫ਼ ਮੁਗ਼ਲ ਹਕੂਮਤ ਅਤੇ ਪਹਾੜੀ ਰਾਜੇ ਹੀ ਸਨ ਸਗੋਂ ਵੱਡੇ-ਵੱਡੇ ਅਖੌਤੀ ਜ਼ਮੀਨਾਂ ਜਾਇਦਾਦਾਂ ਦੇ ਮਾਲਕ ਕੁਝ ਜਗੀਰਦਾਰ ਲੋਕ ਵੀ ਉਨ੍ਹਾਂ ਵਿਰੁੱਧ ਸਨ। ਦਸਮ ਪਿਤਾ ਨੂੰ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੇ ਕੁਰਾਨ ਦੀ ਪੋਥੀ ਸਮੇਤ ਲਿਖਤੀ ਪੱਤਰ ਰਾਹੀਂ ਸਹੁੰ ਪਾ ਕੇ ਫ਼ੌਜਾਂ ਸਮੇਤ ਆਨੰਦਪੁਰ ਦਾ ਕਿਲ੍ਹਾ ਛੱਡਣ ਲਈ ਕਿਹਾ ਸੀ। ਉਸ ਨੇ ਨੌਵੇਂ ਗੁਰੂ ਦੀ ਸ਼ਹਾਦਤ ਲਈ ਵੀ ਲਿਖਤੀ ਮੁਆਫ਼ੀ ਮੰਗਦਿਆਂ ਇਹ ਵੀ ਲਿਖਿਆ ਕਿ ਜੇ ਗੁਰੂ ਸਾਹਿਬ ਚਮਕੌਰ ਆ ਜਾਣ ਤਾਂ ਮੁਗ਼ਲ ਹਕੂਮਤ ਵੱਲੋਂ ਉਨ੍ਹਾਂ ਦਾ ਕੋਈ ਨੁਕਸਾਨ ਨਹੀਂ ਕੀਤਾ ਜਾਵੇਗਾ। ਜਦੋਂ ਗੁਰੂ ਜੀ ਚਮਕੌਰ ਪਹੁੰਚੇ ਤਾਂ ਮੁਗ਼ਲ ਹਕੂਮਤ ਨੂੰ ਸੂਚਿਤ ਕੀਤਾ ਗਿਆ। ਛਲ ਕਰਦਿਆਂ ਮੁਖ਼ਬਰ ਜਾਗੀਰਦਾਰ ਚਮਕੌਰ, ਗੁਰੂ ਗੋਬਿੰਦ ਸਿੰਘ ਜੀ ਅਤੇ 40 ਸਿੰਘਾਂ ਨੂੰ ਆਪਣੀ ਗੜ੍ਹੀ ਵਿੱਚ ਲੈ ਆਇਆ। ਨਤੀਜੇ ਵਜੋਂ 21 ਦਸੰਬਰ 1704 ਦੀ ਸ਼ਾਮ ਤੱਕ ਦਸ ਲੱਖ ਸ਼ਾਹੀ ਲਸ਼ਕਰ ਨੇ ਗੜ੍ਹੀ ਨੂੰ ਘੇਰਾ ਪਾ ਲਿਆ।

ਦੁਨੀਆਂ ਦੇ ਇਤਿਹਾਸ ਦਾ ਇਹ ਅਸਾਵਾਂ ਤੇ ਭਿਆਨਕ ਯੁੱਧ 22 ਦਸੰਬਰ ਨੂੰ ਦਿਨ ਚੜ੍ਹਦਿਆਂ ਹੀ ਸ਼ੁਰੂ ਹੋ ਗਿਆ। ਗੁਰੂ ਸਾਹਿਬ ਨੇ ਗੜ੍ਹੀ ਦੀਆਂ ਚਾਰੇ ਬਾਹੀਆਂ ’ਤੇ ਅੱਠ-ਅੱਠ ਸਿੰਘ ਤਾਇਨਾਤ ਕਰ ਦਿੱਤੇ। ਦੋਵੇਂ ਵੱਡੇ ਸਾਹਿਬਜ਼ਾਦੇ, ਭਾਈ ਜੀਵਨ ਸਿੰਘ ਅਤੇ ਪੰਜ ਪਿਆਰੇ ਗੜ੍ਹੀ ਦੀ ਮਮਟੀ ’ਤੇ ਗੁਰੂ ਜੀ ਦੇ ਕੋਲ ਰਹੇ। ਦੁਸ਼ਮਣ ਵੱਲੋਂ ਨਾਹਰ ਖ਼ਾਂ, ਹੈਬਤ ਖ਼ਾਂ, ਗਨੀ ਖ਼ਾਂ, ਇਸਮਾਈਲ ਖ਼ਾਂ, ਉਸਮਾਨ ਖ਼ਾਂ, ਸੁਲਤਾਨ ਖ਼ਾਂ, ਖਵਾਜਾ ਖਿਜਰ ਖ਼ਾਂ, ਜਹਾਂ ਖ਼ਾਂ, ਨਜੀਬ ਖ਼ਾਂ, ਮੀਆਂ ਖ਼ਾਂ, ਦਿਲਾਵਰ ਖ਼ਾਂ, ਸੈਦ ਖ਼ਾਂ, ਜਬਰਦਸਤ ਖ਼ਾਂ ਅਤੇ ਗੁਲਬੇਲ ਖ਼ਾਂ ਆਦਿ ਪ੍ਰਸਿੱਧ ਮੁਗ਼ਲ ਜਰਨੈਲ ਵਜੀਦ ਖ਼ਾਂ ਦੀ ਅਗਵਾਈ ਵਿੱਚ ਗੜ੍ਹੀ ਨੂੰ ਘੇਰਾ ਪਾ ਰਹੇ ਸਨ। ਢਿੰਡੋਰਾ ਪਿਟਵਾ ਕੇ ਗੁਰੂ ਜੀ, ਉਨ੍ਹਾਂ ਦੇ ਸਾਹਿਬਜ਼ਾਦਿਆਂ ਅਤੇ ਲਾਡਲੀਆਂ ਫ਼ੌਜਾਂ ਨੂੰ ਆਤਮ-ਸਮਰਪਣ ਕਰ ਦੇਣ ਲਈ ਸ਼ਾਹੀ ਫੁਰਮਾਨ ਸੁਣਾਇਆ ਗਿਆ। ਗੁਰੂ ਜੀ ਨੇ ਮੁਗ਼ਲਾਂ ਵੱਲੋਂ ਧਾਰਮਿਕ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਵਿਰੁੱਧ ਪਿਟਵਾਏ ਗਏ ਇਸ ਢਿੰਡੋਰੇ ਦਾ ਜਵਾਬ ਬੰਦੂਕਾਂ ਦੀਆਂ ਗੋਲੀਆਂ, ਤੀਰਾਂ ਦੀ ਬੁਛਾੜ ਅਤੇ ਜੈਕਾਰਿਆਂ ਦੀ ਗੂੰਜ ਨਾਲ ਦਿੱਤਾ। ਗੁਰੂ ਜੀ ਦੇ ਇਸ਼ਾਰੇ ’ਤੇ ਭਾਈ ਜੀਵਨ ਸਿੰਘ (ਭਾਈ ਜੈਤਾ ਜੀ) ਨੇ ਰਣਜੀਤ ਨਗਾਰੇ ਨੂੰ ਚੋਟ ਲਾਈ ਤਾਂ ਚਾਰ ਚੁਫ਼ੇਰਾ ਗੂੰਜ ਉੱਠਿਆ। ਜਰਨੈਲ ਵਜੋਂ ਸੇਵਾ ਸੰਭਾਲਦਿਆਂ ਭਾਈ ਸਾਹਿਬ ਨੇ ਨਾਗਣੀ ਤੇ ਬਾਘਣੀ ਬੰਦੂਕਾਂ ਸੰਭਾਲ ਲਈਆਂ। ਭਾਵੇਂ ਮੁਗ਼ਲਾਂ ਵੱਲੋਂ ਵੀ ਤੀਰਾਂ ਅਤੇ ਗੋਲੀਆਂ ਦੀ ਬਾਰਿਸ਼ ਸ਼ੁਰੂ ਹੋ ਗਈ ਸੀ, ਪਰ ਗੜ੍ਹੀ ਨੇੜੇ ਜਾਣ ਦੀ ਹਿੰਮਤ ਕਿਸੇ ਵਿੱਚ ਨਹੀਂ ਸੀ। ਫਿਰ ਗ਼ਨੀ ਖ਼ਾਂ ਨੇ ਵੀ ਆਪਣੀ ਕਿਸਮਤ ਅਜ਼ਮਾਉਣ ਦੀ ਕੋਸ਼ਿਸ਼ ਕੀਤੀ ਤਾਂ ਗੁਰੂ ਜੀ ਨੇ ਗੁਰਜ ਦੇ ਇੱਕੋ ਵਾਰ ਨਾਲ ਉਸ ਦੇ ਸਿਰ ਦੀ ਮਿੱਝ ਕੱਢ ਦਿੱਤੀ। ਖਵਾਜਾ ਖਿਜਰ ਇਹ ਦ੍ਰਿਸ਼ ਦੇਖ ਕੇ ਗੜ੍ਹੀ ਦੀ ਕੰਧ ਓਹਲੇ ਲੁਕ ਗਿਆ। ਸਿੰਘਾਂ ਦੀ ਚੜ੍ਹਦੀ ਕਲਾ ਨੇ ਮੁਗ਼ਲ ਤੇ ਪਹਾੜੀ ਰਾਜਿਆਂ ਦੀਆਂ ਫ਼ੌਜਾਂ ਵਿੱਚ ਘਬਰਾਹਟ ਪਾ ਦਿੱਤੀ। ਮਮਟੀ ਤੋਂ ਗੁਰੂ ਜੀ ਆਪ ਤੀਰਾਂ ਦੀ ਵਰਖਾ ਕਰਦੇ ਹੋਣ ਕਰਕੇ ਦੁਸ਼ਮਣ ਦੀਆਂ ਫ਼ੌਜਾਂ ਨੇੜੇ ਆਉਣ ਵਿੱਚ ਅਸਫਲ ਸਨ। ਗੋਲੀ ਸਿੱਕੇ ਦੀ ਘਾਟ ਹੋਣ ’ਤੇ ਦੁਪਹਿਰ ਵੇਲੇ ਸਿੰਘਾਂ ਨੇ ਪੰਜ-ਪੰਜ ਦੇ ਜਥਿਆਂ ਵਿੱਚ ਗੜ੍ਹੀ ਤੋਂ ਬਾਹਰ ਆ ਕੇ ਦੁਸ਼ਮਣ ਨਾਲ ਟੱਕਰ ਲੈਣੀ ਸ਼ੁਰੂ ਕੀਤੀ। ਭਾਈ ਸਾਹਿਬਾਨ ਧੰਨਾ ਸਿੰਘ, ਆਲਮ ਸਿੰਘ, ਆਨੰਦ ਸਿੰਘ, ਧਿਆਨ ਸਿੰਘ ਅਤੇ ਦਾਨ ਸਿੰਘ ਜੈਕਾਰੇ ਗੂੰਜਾ ਕੇ ਗੜ੍ਹੀ ਤੋਂ ਬਾਹਰ ਆਏ ਤੇ ਦੁਸ਼ਮਣ ’ਤੇ ਟੁੱਟ ਪਏ। ਸੈਂਕੜਿਆਂ ਨੂੰ ਮੌਤ ਦੇ ਘਾਟ ਉਤਾਰ ਕੇ ਸ਼ਹੀਦੀਆਂ ਪ੍ਰਾਪਤ ਕਰ ਗਏ। ਦੂਜੇ ਜਥੇ ਵਿੱਚ ਭਾਈ ਸਾਹਿਬਾਨ ਸੇਵਾ ਸਿੰਘ, ਖਜਾਨ ਸਿੰਘ, ਮੁਕੰਦ ਸਿੰਘ, ਵੀਰ ਸਿੰਘ ਅਤੇ ਜਵਾਹਰ ਸਿੰਘ ਜੰਗ ਦੇ ਮੈਦਾਨ ਵਿੱਚ ਆਏ। ਦੁਸ਼ਮਣ ਵਿੱਚ ਹਾਹਾਕਾਰ ਮੱਚੀ। ਸਿੰਘਾਂ ਨੇ ਬਹਾਦਰੀ ਦੇ ਕਰਤੱਵ ਦਿਖਾਉਂਦਿਆਂ ਹਜ਼ਾਰਾਂ ਵੈਰੀਆਂ ਨੂੰ ਮੌਤ ਦੇ ਘਾਟ ਉਤਾਰ ਕੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਫਿਰ ਭਾਈ ਸਾਹਿਬਾਨ ਫਤਿਹ ਸਿੰਘ, ਸ਼ਾਮ ਸਿੰਘ, ਟਹਿਲ ਸਿੰਘ, ਮਦਨ ਸਿੰਘ ਅਤੇ ਸੰਤ ਸਿੰਘ ਹੋਰਾਂ ਦਾ ਜਥਾ ਭੇਜਿਆ ਗਿਆ। ਡਟਵਾਂ ਮੁਕਾਬਲਾ ਕਰਦਿਆਂ ਤੇ ਅਨੇਕਾਂ ਵੈਰੀਆਂ ਨੂੰ ਮੌਤ ਦੇ ਘਾਟ ਉਤਾਰਦਿਆਂ ਚਾਰ ਸਿੰਘ ਸ਼ਹਾਦਤ ਪਾ ਗਏ। ਪੰਜਵੇਂ ਸਿੰਘ ਭਾਈ ਸੰਤ ਸਿੰਘ ਦੇ ਬਸਤਰ ਖ਼ੂਨ ਨਾਲ ਲੱਥਪੱਥ ਸਨ, ਫਿਰ ਵੀ ੳੁਹ ਬੜੀ ਬਹਾਦਰੀ ਨਾਲ ਦੁਸ਼ਮਣ ਦਾ ਮੁਕਾਬਲਾ ਕਰ ਰਿਹਾ ਸੀ। ਗੁਰੂ ਜੀ ਨੂੰ ਸਾਹਿਬਜ਼ਾਦਿਆਂ ਸਮੇਤ ਗੜ੍ਹੀ ਛੱਡਣ ਦੀ ਬੇਨਤੀ ਹੋਈ ਤਾਂ ਉਨ੍ਹਾਂ ਨੇ ਕਿਹਾ, ‘‘ਕਿਹੜੇ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਹੋ, ਤੁਸੀਂ ਸਾਰੇ ਹੀ ਮੇਰੇ ਸਾਹਿਬਜ਼ਾਦੇ ਹੋ।” ਜਦੋਂ ਭਾਈ ਸੰਤ ਸਿੰਘ ਸ਼ਹੀਦ ਹੋ ਗਿਆ ਤਾਂ ਗੁਰੂ ਜੀ ਨੇ ਗੜ੍ਹੀ ਛੱਡਣ ਦਾ ਫ਼ੈਸਲਾ ਕਰ ਲਿਆ। ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਦੋਵੇਂ ਹੱਥ ਜੋੜ ਕੇ ਪਿਤਾ ਜੀ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਜੰਗ ਵਿੱਚ ਜਾਣ ਦੀ ਆਗਿਆ ਦਿੱਤੀ ਜਾਵੇ। ਤੁਰੰਤ ਥਾਪੀ ਦਿੰਦਿਆਂ ਗੁਰੂ ਜੀ ਨੇ ਅੱਠ ਸਿੰਘਾਂ ਭਾਈ ਸਾਹਿਬਾਨ ਮੋਹਕਮ ਸਿੰਘ, ਲਾਲ ਸਿੰਘ, ਈਸ਼ਰ ਸਿੰਘ, ਸੁੱਖਾ ਸਿੰਘ, ਕੇਸਰ ਸਿੰਘ, ਕੀਰਤੀ ਸਿੰਘ, ਕੋਠਾ ਸਿੰਘ ਅਤੇ ਮੁਹਰ ਸਿੰਘ ਦਾ ਜਥਾ ਬਾਬਾ ਅਜੀਤ ਸਿੰਘ ਨਾਲ ਭੇਜਿਆ। ਗੜ੍ਹੀ ਵਿੱਚੋਂ ਨਿਕਲਦਿਆਂ ਹੀ ਸਿੰਘਾਂ ਨੇ ਜੈਕਾਰੇ ਛੱਡੇ। ਦੋ ਘੰਟਿਆਂ ਦੇ ਘਮਸਾਣ ਯੁੱਧ ਦੌਰਾਨ ਅਨੇਕਾਂ ਮੁਗ਼ਲ ਸਿਪਾਹੀ ਮਾਰ ਮੁਕਾਏ। ਪੁੱਤਰ ਨੂੰ ਸੂਰਬੀਰਤਾ ਨਾਲ ਜੂਝਦਿਆਂ ਵੇਖ ਕੇ ਦਸਮ ਪਿਤਾ ਦਾ ਖ਼ੂਨ ਹੋਰ ਉਬਾਲੇ ਖਾਣ ਲੱਗਾ ਤੇ ਗੜ੍ਹੀ ਵਿੱਚੋਂ ਹੀ ਸ਼ਾਬਾਸ਼ ਦਿੱਤੀ। ਤੀਰ ਮੁੱਕਣ ’ਤੇ ਸਿੰਘਾਂ ਨੇ ਤਲਵਾਰਾਂ ਕੱਢ ਲਈਆਂ। ਇੱਕ ਮੁਗ਼ਲ ਜਰਨੈਲ ਦੇ ਨੇਜ਼ੇ ਦਾ ਵਾਰ ਸਾਹਿਬਜ਼ਾਦੇ ’ਤੇ ਹੋਇਆ। ਉਹ ਤਾਂ ਬਚ ਗਏ, ਪਰ ਵਾਰ ਘੋੜੇ ’ਤੇ ਹੋ ਗਿਆ ਤਾਂ ਬਾਬਾ ਅਜੀਤ ਸਿੰਘ ਨੇ ਕਿਰਪਾਨ ਸੂਤ ਲਈ। ਲੜਦਿਆਂ-ਲਡ਼ਦਿਆਂ ਜਥੇ ਦੇ ਸਿੰਘ ਸ਼ਹੀਦ ਹੋ ਗਏ ਤਾਂ ਇਕੱਲਿਆਂ ਵੇਖ ਕੇ ਦੁਸ਼ਮਣ ਬਾਬਾ ਜੀ ’ਤੇ ਝਪਟ ਪਏ। ਬਸਤਰ ਵੀ ਖ਼ੂਨ ਨਾਲ ਸੂਹੇ ਹੋ ਗਏ ਤੇ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਸ਼ਹਾਦਤ ਪ੍ਰਾਪਤ ਕਰ ਗਏ। ਵੱਡੇ ਭਰਾ ਵਾਂਗ ਬਾਬਾ ਜੁਝਾਰ ਸਿੰਘ ਦਾ ਖ਼ੂਨ ਵੀ ਉਬਾਲੇ ਖਾ ਰਿਹਾ ਸੀ। ਉਨ੍ਹਾਂ ਨੇ ਜੰਗ ਵਿੱਚ ਜਾਣ ਲਈ ਪਿਤਾ ਜੀ ਤੋਂ ਆਗਿਆ ਮੰਗੀ। ਦਸਮ ਪਿਤਾ ਨੇ ਸਾਹਿਬਜ਼ਾਦੇ ਦੀ ਦਲੇਰੀ ’ਤੇ ਫ਼ਖਰ ਮਹਿਸੂਸ ਕੀਤਾ। ਬਾਬਾ ਜੁਝਾਰ ਸਿੰਘ ਨੇ ਛੋਟੀ ਉਮਰ ਦੇ ਬਾਵਜੂਦ ਹੌਸਲੇ ਦਾ ਪ੍ਰਗਟਾਵਾ ਕੀਤਾ। ਪਿਤਾ ਜੀ ਨੇ ਪ੍ਰਸੰਨ ਹੋ ਕੇੇ ਸਾਹਿਬਜ਼ਾਦੇ ਨੂੰ ਪੰਜ ਸਿੰਘਾਂ ਭਾਈ ਸਾਹਿਬ ਸਿੰਘ, ਭਾਈ ਹਿੰਮਤ ਸਿੰਘ, ਭਾਈ ਅਮੋਲਕ ਸਿੰਘ ਤੇ ਭਾਈ ਧਰਮ ਸਿੰਘ ਨਾਲ ਮੈਦਾਨ-ਏ-ਜੰਗ ਵਿੱਚ ਤੋਰਿਆ। ਪਿਤਾ ਪੁੱਤਰ ਵਿਚਕਾਰ ਹੋਏ ਵਾਰਤਾਲਾਪ ਨੂੰ ਸੂਫ਼ੀ ਸ਼ਾਇਰ ਅੱਲ੍ਹਾ ਯਾਰ ਖਾਂ ਬਿਆਨ ਕਰਦੇ ਹਨ: ਇਸ ਵਕਤ ਕਹਾ ਨੰਨੇ ਸੇ ਮਾਸੂਮ ਪਿਸਰ ਨੇ। ਰੁਖ਼ਸਤ ਹਮੇ ਦਿਲਵਾਉ ਪਿਤਾ, ਜਾਏਗੇ ਮਰਨੇ। ਭਾਈ ਸੇ ਬਿਛੜ ਕਰ ਹਮੇ, ਜੀਨਾ ਨਹੀ ਆਤਾ। ਸੋਨਾ ਨਹੀ, ਖਾਨਾ ਨਹੀ, ਪੀਨਾ ਨਹੀ ਭਾਤਾ। ਫਿਰ: ਲੜਨਾ ਨਹੀਂ ਆਤਾ ਮੁਝੇ ਮਰਨਾ ਹੈ ਤੋ ਆਤਾ। ਖੁਦ ਬੜ੍ਹ ਕੇ ਗਲਾ ਤੇਗ ਪਿ ਧਰਨਾ ਤੋ ਹੈ ਆਤਾ। ਸਰਬੰਸਦਾਨੀ ਪਿਤਾ ਨੇ ਦੂਜੇ ਪੁੱਤਰ ਨੂੰ ਵੀ ਜੰਗ ਵਿੱਚ ਜਾਣ ਲਈ ਆਪਣੇ ਹੱਥੀਂ ਤਿਆਰ ਕੀਤਾ ਤੇ ਤੋਰਦਿਆਂ ਅਸ਼ੀਰਵਾਦ ਦਿੱਤਾ: ਲੋ ਜਾਓ ਸਿਧਾਰੋ, ਤੁਮ੍ਹੇ ਕਰਤਾਰ ਕੋ ਸੌਪਾ। ਮਰ ਜਾਓ ਯਾ ਮਾਰੋ ਤੁਮ੍ਹੇ ਕਰਤਾਰ ਕੋ ਸੌਪਾ। ਰੱਬ ਕੋ ਨ ਬਿਸਾਰੋ ਤੁਮ੍ਹੇ ਕਰਤਾਰ ਕੋ ਸੌਪਾ। ਸਿੱਖੀ ਕੋ ਉਭਾਰੋ ਤੁਮ੍ਹੇ ਕਰਤਾਰ ਕੋ ਸੌਪਾ। ਵਾਹਗੁਰੂ ਅਬ ਜੰਗ ਕੀ, ਹਿੰਮਤ ਤੁਮ੍ਹੇ ਬਖਸ਼ੇ। ਪਿਆਸੇ ਹੋ ਜਾਤੇ, ਜਾਮਿ ਸ਼ਹਾਦਤ ਤੁਮ੍ਹੇ ਬਖਸ਼ੇ।। ਬਾਬਾ ਅਜੀਤ ਸਿੰਘ ਅਤੇ ਸਿੰਘਾਂ ਦੀ ਸ਼ਹਾਦਤ ਹੋਣ ਕਰਕੇ ਜਥੇ ਦੇ ਸਿੰਘਾਂ ਵਿੱਚ ਕਾਫ਼ੀ ਜੋਸ਼ ਤੇ ਗੁੱਸਾ ਵੀ ਸੀ। ਦੁਸ਼ਮਣ ਦੀ ਫ਼ੌਜ ਵਿੱਚ ਵਧਦੇ ਜਥੇ ਵੈਰੀਆਂ ਦੇ ਆਹੂ ਲਾਹੁੰਦੇ ਰਹੇ। ਬਾਬਾ ਜੁਝਾਰ ਸਿੰਘ ਤੇ ਉਨ੍ਹਾਂ ਦੇ ਜਥੇ ਨੂੰ ਹਮਲਾ ਕਰਨ ’ਤੇ ਵਾਰ-ਵਾਰ ਘੇਰਾ ਪੈ ਜਾਂਦਾ, ਮਮਟੀ ਵਿੱਚੋਂ ਗੁਰੂ ਜੀ ਤੀਰਾਂ ਤੇ ਗੋਲੀਆਂ ਦੀ ਬੁਛਾੜ ਕਰ ਦਿੰਦੇ ਤਾਂ ਦੁਸ਼ਮਣ ਦਾ ਘੇਰਾ ਟੁੱਟ ਜਾਂਦਾ। ਸਾਹਿਬਜ਼ਾਦੇ ਨੇ ਨੇਜੇ ਨਾਲ ਵੈਰੀਆਂ ’ਤੇ ਵਾਰ ਕਰ ਕੇ ਬਹਾਦਰੀ ਦੇ ਜੌਹਰ ਵਿਖਾਏ। ਹਕੂਮਤ ਦੀ ਦਸ ਲੱਖ ਤੋਂ ਵੱਧ ਫ਼ੌਜ ਅੱਗੇ ਮੁੱਠੀ ਭਰ ਲਾਡਲੀਆਂ ਫ਼ੌਜਾਂ ਅਖੀਰ ਕਿੰਨਾ ਕੁ ਸਮਾਂ ਟਿਕ ਸਕਦੀਆਂ ਸਨ। ਸਾਹਿਬਜ਼ਾਦੇ ਸਮੇਤ ਜਥੇ ਦੇ ਸਿੰਘ ਸ਼ਹੀਦੀਆਂ ਪਾ ਗਏ। ਪਿਤਾ ਲਾਡਲੇ ਸਿੰਘਾਂ ਤੇ ਦੋਵਾਂ ਪੁੱਤਰਾਂ ਦੀ ਬੀਰਤਾ ਦੇ ਜੌਹਰ ਅੱਖੀਂ ਦੇਖੇ। ਉਨ੍ਹਾਂ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਜੈਕਾਰੇ ਨਾਲ ਹੀ ਅਕਾਲ ਪੁਰਖ ਦੇ ਸ਼ੁਕਰਾਨੇ ਵਜੋਂ ਸੀਸ ਝੁਕਾਇਆ ਕਿ ਤੇਰੀ ਅਮਾਨਤ ਤੈਨੂੰ ਸੌਂਪ ਦਿੱਤੀ। ਅੱਲਾ ਯਾਰ ਖਾਂ ਲਿਖਦੇ ਹਨ: ਬਸ ਏਕ ਹਿੰਦ ਮੇ ਤੀਰਥ ਹੈ, ਯਾਤਰਾ ਕੇ ਲਿਯੇ। ਕਟਾਏ ਬਾਪ ਨੇ ਬੱਚੇ ਜਹਾਂ ਖ਼ੁਦਾ ਕੇ ਲਿਯੇ।। ਚਮਕ ਹੈ ਮਿਹਰ ਕੀ ਚਮਕੌਰ ਤੇਰੇ ਜ਼ੱਰੋ ਮੇ। ਯਹੀ ਸੇ ਬਨ ਕੇ ਸਿਤਾਰੇ ਗਏ ਸ਼ਮਾਂ ਕੇ ਲਿਯੇ।। ਚਾਲੀ ਸਿੰਘਾਂ ਵਿੱਚੋਂ 11 ਸਿੰਘ ਭਾਈ ਸਾਹਿਬਾਨ ਧਰਮ ਸਿੰਘ, ਦਇਆ ਸਿੰਘ, ਸੰਗਤ ਸਿੰਘ, ਲੱਧਾ ਸਿੰਘ, ਦੇਵਾ ਸਿੰਘ, ਰਾਮ ਸਿੰਘ, ਸੰਤੋਖ ਸਿੰਘ, ਮਾਨ ਸਿੰਘ, ਕਾਠਾ ਸਿੰਘ, ਕੇਹਰ ਸਿੰਘ ਆਦਿ ਰਹਿ ਗਏ। ਮੌਕੇ ’ਤੇ ਨਾਮਜ਼ਦ ਕੀਤੇ ਪੰਜ ਪਿਆਰਿਆਂ ਦੇ ਗੁਰਮਤੇ ਨੂੰ ਪ੍ਰਵਾਨਗੀ ਦਿੰਦਿਆਂ ਅਤਿ ਨਾਜ਼ੁਕ ਸਥਿਤੀ ਵਿੱਚ ਗੁਰੂ ਜੀ ਨੂੰ ਗੜ੍ਹੀ ਛੱਡਣੀ ਪਈ। ਗੁਰੂ ਜੀ ਜਾਣ ਸਮੇਂ ਆਪਣੀ ਪਵਿੱਤਰ ਕਲਗੀ ਤੇ ਪੁਸ਼ਾਕਾ ਭਾਈ ਜੀਵਨ ਸਿੰਘ ਨੂੰ ਪਹਿਨਾ ਕੇ ਆਪਣੀ ਥਾਂ ’ਤੇ ਯੁੱਧਨੀਤੀ ਤਹਿਤ ਬੁਰਜ ਵਿੱਚ ਬਿਠਾ ਕੇ ਆਪ ਤਿੰਨ ਸਿੰਘਾਂ ਸਮੇਤ ਪੰਜ ਪਿਆਰਿਆਂ ਦੇ ਹੁਕਮ ਨੂੰ ਪ੍ਰਵਾਨਗੀ ਦੇ ਗਏ। ਗੜ੍ਹੀ ਪਰਿਕਰਮਾ ਵਿੱਚ ਚਾਲੀ ਸਿੰਘਾਂ ਵਿੱਚੋਂ ਵੱਡੇ ਸ਼ਾਹਿਬਜ਼ਾਦਿਆਂ ਦੀ ਇਤਿਹਾਸਕ ਯਾਦਗਾਰ ਨੇੜੇ ਭਾਈ ਜੀਵਨ ਸਿੰਘ ਦੀ ਇੱਕੋ-ਇੱਕ ਪ੍ਰਾਚੀਨ ਤੇ ਇਤਿਹਾਸਕ ਯਾਦਗਾਰ ਬਣੀ ਹੋਈ ਹੈ। ਭਾਈ ਜੀਵਨ ਸਿੰਘ ਹਾਜ਼ਰ 11 ਸਿੰਘਾਂ ਵਿੱਚੋਂ ਸਭ ਤੋਂ ਪਿੱਛੋਂ ਸ਼ਹਾਦਤ ਪਾਉਣ ਵਾਲੇ ਜਰਨੈਲ ਸਨ।