ਸਿਖ ਤੇ ਕਮਿਊਨਿਸਟ ਧਿਰਾਂ ਦੀ ਸਾਂਝ

ਸਿਖ ਤੇ ਕਮਿਊਨਿਸਟ ਧਿਰਾਂ ਦੀ ਸਾਂਝ

ਗੁਰਬਚਨ ਸਿੰਘ ਦੇਸ ਪੰਜਾਬ

ਕਿਸਾਨ ਮੋਰਚੇ ਦੀ ਸਫਲਤਾ ਅਤੇ ਪੰਜਾਬ ਅੰਦਰ ਦੋਹਾਂ ਧਿਰਾਂ ਦੀ ਸਦੀਵੀ ਸਾਂਝ ਲਈ ਦੋਹਾਂ ਧਿਰਾਂ ਨੂੰ ਇਕ-ਦੂਜੇ ਦੀ ਫਿਲਾਸਫੀ ਬਾਰੇ ਸਪਸ਼ਟ ਹੋਣਾ ਬਹੁਤ ਜਰੂਰੀ ਹੈ। ਨਹੀਂ ਤੇ ਲਖਬੀਰ ਸਿੰਘ ਦੇ ਵਹਿਸ਼ੀ ਕਤਲ ਵਰਗੀ ਹਰੇਕ ਛੋਟੀ ਮੋਟੀ ਘਟਨਾ ਪਿਛੋਂ ਉਭਰੇ ਮਤਭੇਦ ਦੋਹਾਂ ਧਿਰਾਂ ਨੂੰ ਇਕ-ਦੂਜੇ ਤੋਂ ਪਰ੍ਹਾਂ ਧਕ ਦੇਂਦੇ ਹਨ। ਹਰੇਕ ਅਜਿਹਾ ਵਰਤਾਰਾ ਕਿਸਾਨ ਮੋਰਚੇ ਨੂੰ ਹਰਜਾ ਪੁਚਾਉਂਦਾ ਹੈ। ਇਹ ਸਚਾਈ ਮੰਨ ਕੇ ਚਲਣਾ ਚਾਹੀਦਾ ਹੈ ਕਿ ਪਿਛਲੇ ਕੁਝ ਦਹਾਕਿਆਂ ਦੇ ਦੋਹਾਂ ਧਿਰਾਂ ਦੇ ਰਾਜਸੀ ਅਮਲ ਇਕ-ਦੂਜੇ ਪ੍ਰਤੀ ਸ਼ਕੀ ਮਾਹੌਲ ਸਿਰਜਣ ਲਈ ਜਿੰਮੇਵਾਰ ਹਨ। ਪਰ ਬਦਕਿਸਮਤੀ ਇਹ ਹੈ ਕਿ ਦੋਹੇਂ ਧਿਰਾਂ ਆਪਣੇ ਪਿਛਲੇ ਗਲਤ ਰਾਜਸੀ ਅਮਲ ਉਤੇ ਝਾਤੀ ਮਾਰ ਕੇ ਉਸ ਤੋਂ ਕੋਈ ਸਬਕ ਸਿਖਣ ਦੀ ਬਜਾਇ, ਉਸ ਲਈ ਇਕ-ਦੂਜੇ ਨੂੰ ਦੋਸ਼ੀ ਠਹਿਰਾਈ ਜਾਂਦੀਆ ਹਨ। ਦੋਹਾਂ ਧਿਰਾਂ ਵਿਚ ਬੈਠੇ ਮੌਕਾਪ੍ਰਸਤ ਠਗ ਤੇ ਅਣਜਾਣ ਕਿਸਮ ਦੇ ਲੋਕ ਇਸ ਹਾਲਤ ਦਾ ਨਜਾਇਜ ਫਾਇਦਾ ਉਠਾ ਕੇ ਕਿਸਾਨ ਮੋਰਚੇ ਨੂੰ ਕਮਜੋਰ ਕਰ ਰਹੇ ਹਨ ਅਤੇ ਫਾਸ਼ੀ ਮੋਦੀ ਸਰਕਾਰ ਦੇ ਹਕ ਵਿਚ ਭੁਗਤ ਰਹੇ ਹਨ।ਇਕ ਗੱਲ ਬੜੀ ਸਪਸ਼ਟ ਹੈ ਕਿ ਕਮਿਊਨਿਸਟ ਲਹਿਰ ਦੇ ਬਾਨੀ ਮਾਰਕਸ-ਏਂਗਲਜ ਨੇ ਕਿਤੇ ਵੀ ਧਰਮਾਂ ਦਾ ਵਿਰੋਧ ਨਹੀਂ ਕੀਤਾ। ਉਨ੍ਹਾਂ ਨੇ ਇਕ ਗੱਲ ਜਰੂਰ ਕਹੀ ਹੈ ਕਿ ਜਦੋਂ ਆਮ ਲੋਕ ਚਾਰਚੁਫੇਰੇ ਫੈਲੀ ਕੁਦਰਤ ਨਾਲ ਆਪਣੇ ਸਿਧੇ ਅਨੁਭਵੀ ਰਿਸ਼ਤੇ ਪ੍ਰਤੀ ਜਾਗਰੂਕ ਹੋ ਜਾਣਗੇ, ਤਾਂ ਉਹ ਧਰਮਾਂ ਦੇ ਕਰਮਕਾਂਡੀ ਪਖ ਨੂੰ ਹਮੇਸ਼ਾਂ ਲਈ ਤਿਆਗ ਦੇਣਗੇ। ਪਰ ਉਦੋਂ ਤਕ ਉਹ ਆਪਣੀ ਜਿੰਦਗੀ ਵਿਚਲੇ ਦੁਖਾਂ ਕਲੇਸ਼ਾਂ ਲਈ ਧਰਮਾਂ ਵਿਚੋਂ ਧਰਵਾਸ ਲੈਂਦੇ ਰਹਿਣਗੇ। ਰੂਸੀ ਇਨਕਲਾਬ ਦੇ ਆਗੂ ਲੈਨਿਨ ਨੇ ਜਰੂਰ ਧਰਮਾਂ ਦਾ ਵਿਰੋਧ ਕੀਤਾ ਪਰ ਚੀਨੀ ਇਨਕਲਾਬ ਦੇ ਆਗੂ ਮਾਓ-ਜੇ ਤੁੰਗ ਨੇ ਧਰਮ ਨੂੰ ਮਨੁਖੀ ਸਭਿਆਚਾਰ ਦਾ ਅੰਗ ਕਹਿ ਕੇ ਚੀਨੀ ਕਮਿਊਨਿਸਟਾਂ ਨੂੰ ਬੁਧ ਧਰਮ ਅਤੇ ਕਨਫਿਊਸ਼ੀਅਸ ਦੀ ਫਿਲਾਸਫੀ ਨੂੰ ਪੜ੍ਹਨ ਲਈ ਪ੍ਰੇਰਿਆ। ਸੰਸਾਰ ਭਰ ਵਿਚ ਬਾਅਦ ਦੀਆਂ ਵਾਪਰੀਆ ਘਟਨਾਵਾਂ ਨੇ ਮਾਓ ਜੇ ਤੁੰਗ ਦੀ ਇਸ ਧਾਰਨਾ ਦੀ ਪੁਸ਼ਟੀ ਕੀਤੀ।

ਦੂਜੀ ਗੱਲ ਹੋਰ ਵੀ ਸਪਸ਼ਟ ਹੈ ਕਿ ਸਿਖ ਧਰਮ ਅਤੇ ਇਸ ਦੇ ਪਿਛੋਕੜ ਵਿਚ ਖੜੀ ਗੁਰਮਤਿ ਫਿਲਾਸਫੀ ਹੋਰਨਾਂ ਧਰਮਾਂ ਵਾਂਗ ਇਕ ਹੋਰ ਕਰਮਕਾਂਡੀ ਧਰਮ ਨਹੀਂ ਹੈ। ਗੁਰਮਤਿ ਆਪਣੇ ਤੋਂ ਪਹਿਲੇ ਸਾਰੇ ਧਰਮਾਂ ਦੀ ਫਿਲਾਸਫੀ ਦਾ ਤਤਨਿਚੋੜ ਹੈ। ਇਹ ਕਿਤੇ ਵੀ ਭੇਖ ਅਤੇ ਕਰਮਕਾਂਡ ਦੀ ਹਾਮੀ ਨਹੀਂ ਭਰਦੀ। ਗੁਰਮਤਿ ਆਪਣਾ ਆਰੰਭ ੴ ਸਤਿ ਨਾਮ ਤੋਂ ਕਰਦੀ ਹੈ। ਭਾਵ ਸਾਡੇ ਆਲੇਦੁਆਲੇ ਚਾਰਚੁਫੇਰੇ ਫੈਲਿਆ ਅਸੀਮ ਅਤੇ ਅਕਾਲ ਬ੍ਰਹਿਮੰਡੀ ਪਸਾਰਾ ਇਕ ਹੈ। ਇਹ ਸਚ ਹੈ ਅਤੇ ਮਾਇਆ ਜਾਂ ਛਲਾਵਾ ਨਹੀਂ, ਜਿਵੇਂ ਕਿ ਸ਼ੰਕਰਾਚਾਰੀਆ ਜਾਂ ਮਨੂੰਵਾਦ ਕਹਿੰਦਾ ਹੈ। ਆਕਾਰ ਸਰੂਪ ਹੋਣ ਕਾਰਨ ਇਹ ਨਾਮ-ਸਰੂਪ ਹੈ। (ਨਾਮ ਕੇ ਧਾਰੇ ਸਗਲ ਆਕਾਰ॥ (284) ਗੁਰਮਤਿ ਅਨੁਸਾਰ ਇਹੀ (ਸਤਿ) ਨਾਮ ਦਾ ਹੋਇਆ ਗਿਆਨ ਹੈ। ਗੁਰਮਤਿ ਆਰੰਭ ਵਿਚ ਹੀ ਆਪਣਾ ਰਾਜਨੀਤਕ ਬਿਰਤਾਂਤ ਸਿਰਜਦੀ ਹੈ। ਖਾਲਸਾ ਪੰਥ ਦੀ ਸਾਜਨਾ ਦੇ ਨਾਲ ਹੀ ਰਾਜ ਕਰੇਗਾ ਖਾਲਸਾ ਦਾ ਸੰਕਲਪ ਉਭਰ ਆਉਂਦਾ ਹੈ। ਖਾਲਸਾ ਰਾਜ ਜਿਹੜਾ ਕੁਦਰਤ ਅਤੇ ਆਪਣੇ ਵਿਚਕਾਰ ਕਿਸੇ ਵਿਚੋਲੇ ਨੂੰ ਨਹੀਂ ਮੰਨਦਾ। ਕੁਦਰਤਿ ਤਖਤੁ ਰਚਾਇਆ ਸਚਿ ਨਿਬੇੜਣਹਾਰੋ॥ (580) ਕਰਤਾ ਪੁਰਖ, ਅਕਾਲ ਪੁਰਖ ਅਤੇ ਮਨੁਖ। ਮਨੁਖ ਦੀ ਜਿੰਮੇਵਾਰੀ ਕੀ ਹੈ? 

ਆਪਿ ਮੁਕਤੁ ਮੁਕਤੁ ਕਰੈ ਸੰਸਾਰੁ॥ ( 295)

ਇਹ ਗੱਲ ਮਾਰਕਸ ਨੇ ਬਹੁਤ ਬਾਅਦ ਵਿਚ ਕਹੀ ਹੈ, ਜਿਹੜੀ ਗੁਰਮਤਿ ਨੇ ਆਪਣੇ ਆਰੰਭ ਵਿਚ ਹੀ ਕਹੀ ਹੈ  ਜਿਸ ਹੀ ਕੀ ਸਿਰਕਾਰ ਹੈ ਤਿਸ ਹੀ ਕਾ ਸਭੁ ਕੋਇ॥ (27) ਜਿਸ ਕਾ ਰਾਜੁ ਤਿਸੈ ਕਾ ਸੁਪਨਾ॥ (179) ਭਾਵ ਜਿਸ ਦੀ ਸਰਕਾਰ ਹੈ ਸਾਰੇ ਲੋਕ ਉਸੇ ਦਾ ਪਾਣੀ ਭਰਦੇ ਹਨ। ਜਾਂ ਜਿਸ ਤਰ੍ਹਾਂ ਦਾ ਰਾਜ ਹੈ ਮਨੁਖ ਸੁਪਨੇ ਵੀ ਉਸੇ ਤਰ੍ਹਾਂ ਦੇ ਲੈਂਦਾ ਹੈ। ਰਾਜ ਬਿਨਾਂ ਨ ਧਰਮ ਚਲੇ ਹੈਂ। ਧਰਮ ਬਿਨਾਂ ਸਭ ਦਲੇ ਮਲੇ ਹੈਂ। ਭਾਵ ਰਾਜ ਬਿਨਾਂ ਧਰਮ ਦਾ ਵਿਸਥਾਰ ਨਹੀਂ ਹੋ ਸਕਦਾ ਤੇ ਧਰਮ ਬਿਨਾਂ ਰਾਜਨੀਤੀ ਕਿਸੇ ਜਾਬਤੇ ਵਿਚ ਨਹੀਂ ਬੰਨੀ ਜਾ ਸਕਦੀ। ਧਰਮ ਅਤੇ ਰਾਜਨੀਤੀ ਦਾ ਵਿਸਥਾਰ ਇਕ-ਦੂਜੇ ਨਾਲ ਜੁੜਿਆ ਹੋਇਆ ਹੈ। ਧਰਮ ਕੀ ਹੈ? ਮਜਲੂਮ ਦੀ ਰਖਿਆ। ਜਰਵਾਣੇ ਦੀ ਭਖਿਆ। ਗੁਰਮਤਿ ਅਨੁਸਾਰ ਦੀਨ ਦੁਨੀ ਦੀ ਰਖਿਆ ਕਰਦਿਆਂ ਜਾਨ ਦੀ ਬਾਜੀ ਲਾ ਦੇਣੀ ਹੀ ਧਰਮ ਹੈ। ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥ (1105) ਗੁਰਮਤਿ ਦਾ ਫੁਰਮਾਨ ਹੈ  ਗਰੀਬਾ ਉਪਰਿ ਜਿ ਖਿੰਜੈ ਦਾੜੀ॥ ਪਾਰਬ੍ਰਹਮ ਅਗਨਿ ਮਹਿ ਸਾੜੀ॥ (199) ਧੌਲੁ ਧਰਮੁ ਦਇਆ ਕਾ ਪੂਤੁ॥ ਸੰਤੋਖੁ ਥਾਪਿ ਰਖਿਆ ਜਿਨਿ ਸੂਤਿ॥ (3)  ਸਤੁ ਸੰਤੋਖੁ ਦਇਆ ਕਮਾਵੈ ਇਹ ਕਰਨੀ ਸਾਰ॥ (51)

ਮਨੂੰਵਾਦ ਦੇ ਇਸ ਕਲਪਿਤ ਝੂਠ ਕਿ ਇਹ ਧਰਤੀ ਧੌਲ ਦੇ ਸਿੰਙਾਂ ਉਤੇ ਖੜੀ ਹੈ ਦਾ ਪੂਰਨ ਰੂਪ ਵਿਚ ਖੰਡਨ ਕਰਦਿਆਂ, ਗੁਰਮਤਿ ਗਿਆਨ ਦੇਂਦੀ ਹੈ ਕਿ ਇਹ ਧਰਤੀ ਧਰਮ ਦੀਆਂ ਨੀਹਾਂ ਉਤੇ ਖੜੀ ਹੈ। ਧਰਮ, ਜਿਹੜਾ ਦਇਆ ਦਾ ਪੁਤਰ ਹੈ ਅਤੇ ਜਿਸ ਨੂੰ ਸੰਤੋਖ ਦੇ ਜਜਬੇ ਨੇ ਬੰਨ ਕੇ ਰਖਿਆ ਹੋਇਆ ਹੈ। ਭਾਵ ਧਰਮ ਦਾ ਮੂਲ  ਦਇਆ ਅਤੇ ਸੰਤੋਖ  ਦੋ ਮਨੁਖੀ ਜਜਬੇ ਹਨ। ਦਇਆ ਆਪਣੇ ਤੋਂ ਨਿਮਾਣੇ-ਨਿਤਾਣੇ ਭਾਵ ਮਜਲੂਮ ਪ੍ਰਤੀ ਹਮਦਰਦੀ ਦੀ ਭਾਵਨਾ ਅਤੇ ਉਸ ਦੇ ਹਿਤਾਂ ਲਈ ਲੜਨ ਦਾ ਜਜਬਾ ਪੈਦਾ ਕਰਦੀ ਹੈ ਅਤੇ ਸੰਤੋਖ ਦਾ ਜਜਬਾ ਵੰੰਡ ਛਕਣ ਦੀ ਭਾਵਨਾ ਪੈਦਾ ਕਰਦਾ ਹੈ। ਰਾਮਾਇਣ ਦੇ ਕਰਤਾ ਤੁਲਸੀ ਦਾਸ ਨੇ ਸਾਰੇ ਹਿੰਦੂ ਧਰਮ ਦਾ ਤਤਸਾਰ ਇਸ ਇਕ ਪੰਕਤੀ ਵਿਚ ਦਰਜ ਕੀਤਾ ਹੈ  ਦਇਆ ਧਰਮ ਦਾ ਮੂਲ ਹੈ। ਬੇਸ਼ਕ ਅੱਜ ਸਾਮਰਾਜੀ ਮੁਨਾਫਾਖੋਰ ਵਪਾਰੀ ਤਰਜੇ ਜਿੰਦਗੀ ਨੇ ਇਹ ਦੋਵੇਂ ਹੀ ਮਨੁਖੀ ਜਜਬੇ ਮਾਰ ਦਿਤੇ ਹਨ।ਮੁਢ ਤੋਂ ਹੀ ਖਾਲਸਾ ਪੰਥ ਨੇ ਖਾਲਸਈ ਰਾਜ ਕਾਇਮ ਕਰਨ ਦਾ ਨਿਸ਼ਾਨਾ ਮਿਥ ਕੇ ਆਪਣੇ ਆਪ ਨੂੰ ਜਥੇਬੰਦ ਕੀਤਾ ਹੈ। 1708 ਤੋਂ ਲੈ ਕੇ 1716 ਤਕ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੇ ਆਲੇਦੁਆਲੇ ਪੰਜਾਬ ਦੇ ਵਡੇ ਹਿਸੇ ਵਿਚ ਖਾਲਸਾ ਰਾਜ ਦੇ ਝੰਡੇ ਝੁਲਾ ਦਿਤੇ ਸਨ। ਇਤਿਹਾਸਕਾਰਾਂ ਅਨੁਸਾਰ ਇਸ ਖਿਤੇ ਵਿਚ ਹੇਠਲੀ ਉਤੇ ਹੋ ਗਈ ਸੀ। ਸਮਾਜ ਦੀ ਰਹਿੰਦ ਖੂਹੰਦ ਤੇ ਗਰੀਬ ਤਬਕਾ ਰਾਜਸ਼ਾਹੀ ਦਾ ਮਾਲਕ ਬਣ ਗਿਆ ਸੀ। ਜਾਤੀ ਆਧਾਰ ਉਤੇ ਪੰਥ ਵਿਚ ਫੁਟ ਪੈ ਜਾਣ ਕਾਰਨ ਭਾਵੇਂ ਇਹ ਰਾਜ ਥੋੜਚਿਰਾ ਰਿਹਾ ਪਰ ਇਸ ਦੇ ਬਾਵਜੂਦ ਸਿਖ ਆਪਣੇ ਰਾਜ ਲਈ ਲੜਦੇ ਰਹੇ। ਬਾਅਦ ਵਿਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਬਣਿਆ, ਜਿਸ ਨੂੰ ਸਰਕਾਰੇ ਖਾਲਸਾ ਦਾ ਨਾਂ ਦਿਤਾ ਗਿਆ ਪਰ ਇਹ ਰਾਜ ਖਾਲਸਾ ਸਿਧਾਂਤਾਂ ਦੇ ਅਨੁਸਾਰੀ ਨਾ ਬਣ ਸਕਿਆ।   

ਜਿਵੇਂ ਸਜੇ-ਖਬੇ ਸੋਧਵਾਦੀਆਂ ਦੇ ਅਮਲ ਵਲ ਵੇਖ ਕੇ ਮਾਰਕਸਵਾਦ ਦੇ ਇਨਕਲਾਬੀ ਤਤ ਦਾ ਭੇਦ ਨਹੀਂ ਪਾਇਆ ਜਾ ਸਕਦਾ, ਐਨ ਇਸੇ ਤਰ੍ਹਾਂ ਸੁਖਬੀਰ ਸਿੰਘ ਬਾਦਲ ਤੇ ਅਮਰਿੰਦਰ ਸਿੰਘ ਵਰਗੇ ਭੇਖੀ, ਫਰੇਬੀ ਅਤੇ ਮਾਇਆਧਾਰੀ ਸਿਖਾਂ ਵਲ ਵੇਖ ਕੇ ਗੁਰਮਤਿ ਦੇ ਇਨਕਲਾਬੀ ਤਤ ਦੀ ਥਾਹ ਨਹੀਂ ਪਾਈ ਜਾ ਸਕਦੀ। ਇਥੇ ਦੋਹਾਂ ਧਿਰਾਂ ਦੇ ਖਾਸ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਸਾਰੇ ਯਤਨਾਂ ਦੇ ਬਾਵਜੂਦ 2008 ਤੋਂ ਆਰੰਭ ਹੋਇਆ ਸਾਮਰਾਜੀ ਅਰਥਚਾਰੇ ਦਾ ਸੰਕਟ ਹੱਲ ਹੋਣ ਦਾ ਨਾਂ ਨਹੀਂ ਲੈ ਰਿਹਾ। ਇਹ ਸੰਕਟ ਸਮੁਚੇ ਸੰਸਾਰ ਨੂੰ ਤੀਜੀ ਸਾਮਰਾਜੀ ਸੰਸਾਰ ਜੰਗ ਵੱਲ ਧਕ ਰਿਹਾ ਹੈ। ਅਮਰੀਕੀ ਸਾਮਰਾਜੀਆਂ ਦੀ ਨਵੀਂ ਯੁਧਨੀਤੀ ਮਧ ਪੂਰਬ ਵਿਚ ਸ਼ੀਆ ਸੁੰਨੀਆਂ ਦੀ ਆਪਸੀ ਲੜਾਈ ਨੂੰ ਭੜਕਾਉਣਾ ਹੈ। ਯੂਰਪ ਵਿਚ ਰੂਸ ਤੇ ਪਛਮੀ ਸਾਮਰਾਜੀ ਦੇਸਾਂ ਨੂੰ ਆਪਸ ਵਿਚ ਯੁਧ ਕਰਨ ਲਈ ਮਾਨਸਿਕ ਤੌਰ ਉਤੇ ਤਿਆਰ ਕੀਤਾ ਜਾ ਰਿਹਾ ਹੈ। ਏਸ਼ੀਆ ਵਿਚ ਚੀਨ, ਪਾਕਿਸਤਾਨ, ਭਾਰਤ ਅਤੇ ਜਾਪਾਨ ਨੂੰ ਆਪਸ ਵਿਚ ਲੜਾਉਣ ਦੀਆਂ ਸਾਜ਼ਿਸ਼ਾਂ ਚਲ ਰਹੀਆਂ ਹਨ। ਪਛਮੀ ਸਾਮਰਾਜੀ ਮੁਲਕਾਂ ਸਮੇਤ ਸੰਸਾਰ ਭਰ ਦੇ ਦੇਸਾਂ ਵਿਚ ਫੈਲ ਰਿਹਾ ਸਮਾਜੀ ਅਤੇ ਪਰਿਵਾਰਕ ਸੰਕਟ ਹੋਰ ਗੂੜਾ ਹੁੰਦਾ ਜਾ ਰਿਹਾ ਹੈ। ਜਾਪਦਾ ਹੈ ਕਿ ਜਿਵੇਂ ਸਮੁਚੀ ਦੁਨੀਆ ਕਿਸੇ ਹਨ੍ਹੇਰੀ ਗੁਫਾ ਵੱਲ ਦੌੜੀ ਜਾ ਰਹੀ ਹੈ। ਕਮਿਊਨਿਸਟਾਂ ਵੱਲੋਂ ਮਾਰਕਸਵਾਦ ਦੇ ਮਨੁਖੀ ਤਤ ਨੂੰ ਪਛਾਣਨ ਵਿਚ ਰਹੀ ਘਾਟ ਨੇ ਮਾਰਕਸਵਾਦ ਨੂੰ ਆਪਣਾ ਇਨਕਲਾਬੀ ਰੋਲ ਨਿਭਾਉਣ ਤੋਂ ਸਖਣਾ ਕਰ ਦਿਤਾ ਹੈ। ਇਸਲਾਮ ਅਤੇ ਈਸਾਈ ਧਰਮ ਆਪਣੇ-ਆਪਣੇ ਘੇਰੇ ਵਿਚ ਮਨੁਖ ਜਾਤੀ ਨੂੰ ਇਸ ਸੰਕਟ ਵਿਚੋਂ ਬਾਹਰ ਕਢਣ ਦੇ ਯਤਨ ਕਰ ਰਹੇ ਹਨ। ਪਰ ਉਨ੍ਹਾਂ ਵਿਚਲਾ ਅਧੂਰਾ ਆਤਮਿਕ ਗਿਆਨ ਇਸ ਸਰਬਪਖੀ ਸੰਕਟ ਨੂੰ ਪਕੜ ਪਾਉਣ ਵਿਚ ਅਸਮਰਥ ਜਾਪ ਰਿਹਾ ਹੈ। ਇਸ ਹਾਲਤ ਵਿਚ ਗੁਰਮਤਿ ਦੇ ਆਤਮਿਕ ਗਿਆਨ ਦੀ ਸਰਬਸੰਸਾਰੀ ਅਹਿਮੀਅਤ ਪ੍ਰਗਟ ਕਰਨ ਦੀ ਲੋੜ ਹੈ। ਇਸ ਆਤਮਿਕ ਗਿਆਨ ਵਿਚ ਨਵੇਂ ਮਨੁਖੀ ਸਮਾਜ ਦੀ ਸਿਰਜਣਾ ਦਾ ਸੰਕਲਪ ਮੌਜੂਦ ਹੈ।