ਧਰਤੀ ਹੇਠਲੇ ਪਾਣੀ ਤੇ ਕੁਦਰਤੀ ਪਾਣੀ ਨੂੰ ਬਰਬਾਦ ਹੋਣ ਤੋਂ  ਰੋਕੋ ਪੰਜਾਬੀਓ

ਧਰਤੀ ਹੇਠਲੇ ਪਾਣੀ ਤੇ ਕੁਦਰਤੀ ਪਾਣੀ ਨੂੰ ਬਰਬਾਦ ਹੋਣ ਤੋਂ  ਰੋਕੋ ਪੰਜਾਬੀਓ

ਵਾਤਾਵਰਨ   

ਵੀਨਾ ਸੁਖੀਜਾ

ਸਿਰਜਣਹਾਰ ਨੇ ਦੁਨੀਆ ਨੂੰ ਬੜੇ ਸੋਹਣੇ ਤਰੀਕੇ ਨਾਲ ਸਿਰਜਿਆ ਹੈ। ਵੱਖ-ਵੱਖ ਖਿੱਤਿਆਂ ਲਈ ਵੱਖ-ਵੱਖ ਧਰਤੀਆਂ, ਮੌਸਮਾਂ, ਰੁੱਤਾਂ, ਫ਼ਸਲਾਂ ਲਈ ਅਨੁਕੂਲ ਵਾਤਾਵਰਨ ਦਿੱਤਾ ਹੈ। ਜੇ ਕਿਧਰੇ ਉੱਚੇ-ਉੱਚੇ ਪਹਾੜ ਹਨ ਤਾਂ ਦੂਜੇ ਪਾਸੇ ਸਮੁੰਦਰ ਸੁੰਦਰਤਾ ਦਾ ਹਿੱਸਾ ਬਣਦੇ ਹਨ। ਕਿਧਰੇ ਮੈਦਾਨੀ ਖੇਤਰ ਹਨ ਤਾਂ ਦੂਜੇ ਪਾਸੇ ਉੱਚੇ ਲੰਮੇ ਟਿੱਬੇ ਰੇਗਿਸਤਾਨ ਦੇ ਰੂਪ ਵਿਚ ਕੁਦਰਤ ਦੀ ਸੁੰਦਰਤਾ ਦਾ ਇਜ਼ਹਾਰ ਕਰਦੇ ਹਨ, ਕਿਧਰੇ ਦਰਿਆ ਵਗਦੇ ਹਨ ਤਾਂ ਕਿਧਰੇ ਬਾਰਿਸ਼ਾਂ ਦੇ ਇਕੱਤਰ ਹੋਏ ਪਾਣੀ ਨਾਲ ਲੰਮੇ-ਚੌੜੇ ਤਲਾਬ ਵੇਖਣ ਨੂੰ ਮਿਲਦੇ ਹਨ। ਵੱਖੋ-ਵੱਖ ਖਿੱਤਿਆਂ ਦੇ ਲੋਕਾਂ ਲਈ ਉਥੋਂ ਦੀ ਲੋੜ ਮੁਤਾਬਿਕ ਖਾਣ-ਪੀਣ ਦੀਆਂ ਵਸਤਾਂ ਅਤੇ ਫਲਾਂ ਦੀ ਪੈਦਾਵਾਰ ਦਾ ਪ੍ਰਬੰਧ, ਵੱਖੋ-ਵੱਖ ਧਰਤੀਆਂ ਦੀਆਂ ਲੋੜਾਂ ਮੁਤਾਬਿਕ ਨਦੀਆਂ, ਦਰਿਆਵਾਂ, ਝੀਲਾਂ ਜਾਂ ਬਾਰਿਸ਼ਾਂ ਦੇ ਰੂਪ ਵਿਚ ਰਹਿਣ ਸਹਿਣ ਲਈ ਲੋੜੀਂਦੇ ਪਾਣੀ ਦਾ ਪ੍ਰਬੰਧ ਕੀਤਾ ਹੈ।ਜੇਕਰ ਪੰਜਾਬ, ਹਰਿਆਣਾ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਰਾਜਾਂ ਵਿਚ ਉਸ ਵਕਤ ਦੇ ਜ਼ਿਲ੍ਹੇ ਫ਼ਿਰੋਜ਼ਪੁਰ, ਬਠਿੰਡਾ, ਹਿਸਾਰ ਤੇ ਹਰਿਆਣਾ ਪੰਜਾਬ ਦੇ ਹੋਰਨਾਂ ਹਿੱਸਿਆਂ ਵਿਚ ਤਕਰੀਬਨ ਉੱਚੀਆਂ ਨੀਵੀਆਂ ਰੇਤਲੀਆਂ ਟਿੱਬਿਆਂ ਵਾਲੀਆਂ ਜ਼ਮੀਨਾਂ ਸਨ। ਇਨ੍ਹਾਂ ਜ਼ਮੀਨਾਂ ਵਿਚ ਉਸ ਸਮੇਂ ਦੀਆਂ ਰਵਾਇਤੀ ਫ਼ਸਲਾਂ ਛੋਲੇ, ਜੌਂ, ਸਰ੍ਹੋਂ, ਤੋਰੀਆ ਆਦਿ ਬੀਜੀਆਂ ਜਾਂਦੀਆਂ ਸਨ, ਜੋ ਬਹੁਤ ਘੱਟ ਮਾਤਰਾ ਵਿਚ ਪਾਣੀ ਲੈਂਦੀਆਂ ਸਨ। ਬਹੁਤੀਆਂ ਫ਼ਸਲਾਂ ਬਾਰਿਸ਼ਾਂ ਨਾਲ ਵੀ ਪਲ ਜਾਂਦੀਆਂ ਸਨ ਤੇ ਨਹਿਰੀ ਪਾਣੀ ਦੀ ਵਰਤੋਂ ਬਹੁਤ ਘੱਟ ਕਰਨੀ ਪੈਂਦੀ ਸੀ। ਜਿਥੇ ਇਨ੍ਹਾਂ ਫ਼ਸਲਾਂ ਨੂੰ ਘੱਟ ਪਾਣੀ ਦੀ ਜ਼ਰੂਰਤ ਹੁੰਦੀ ਸੀ, ਉਥੇ ਮਜ਼ਦੂਰੀ ਤੇ ਹੋਰ ਸਮੱਗਰੀਆਂ ਭਾਵ ਸਪਰੇਅ, ਖਾਦਾਂ ਤੇ ਵੀ ਖ਼ਰਚੇ ਨਹੀਂ ਸਨ ਹੁੰਦੇ। ਇਨ੍ਹਾਂ ਰਵਾਇਤੀ ਫ਼ਸਲਾਂ ਨਾਲ ਉਨ੍ਹਾਂ ਸਮਿਆਂ ਵਿਚ ਲੋਕਾਂ ਨੂੰ ਘਰਾਂ ਵਿਚ ਪਸ਼ੂ ਰੱਖਣ ਦਾ ਰਿਵਾਜ ਹੁੰਦਾ ਸੀ, ਭਾਵ ਦੁੱਧ, ਘਿਓ ਲਈ ਮੱਝਾਂ ਗਾਂਵਾਂ ਤੇ ਖੇਤੀ ਦੇ ਕੰਮਾਂ ਲਈ ਬਲਦ ਤੇ ਊਠ ਰੱਖੇ ਜਾਂਦੇ ਸਨ। ਘਰਾਂ ਵਿਚ ਖਾਣ-ਪੀਣ ਵਾਲੀਆਂ ਬਹੁਤੀਆਂ ਗਰਜ਼ਾਂ ਇਨ੍ਹਾਂ ਫ਼ਸਲਾਂ ਤੋਂ ਹੀ ਪੂਰੀਆਂ ਹੋ ਜਾਂਦੀਆਂ ਸਨ ਤੇ ਉਸ ਵਕਤ ਲੋਕ ਕਿਸੇ ਵੀ ਲਾਲਚ ਨੂੰ ਤਿਆਗ ਕੇ ਵੱਧ ਫ਼ਸਲਾਂ ਲੈਣ ਲਈ ਸਪਰੇਅ ਤੇ ਰਸਾਇਣਕ ਖਾਂਦਾਂ ਆਪਣੇ ਖੇਤਾਂ ਵਿਚ ਪਾਉਣ ਤੋਂ ਗੁਰੇਜ਼ ਕਰਦੇ ਸਨ। ਘਰਾਂ ਵਿਚ ਪਸ਼ੂਆਂ ਦੇ ਗੋਹੇ ਤੇ ਮਲ ਮੂਤਰ ਨੂੰ ਖੇਤਾਂ ਵਿਚ ਪਾਇਆ ਜਾਂਦਾ ਸੀ।

ਪਿਛਲੇ ਕੁਝ ਸਾਲਾਂ ਦੌਰਾਨ ਇਸ ਇਲਾਕੇ ਦੇ ਕਿਸਾਨਾਂ ਨੇ ਵੱਧ ਝਾੜ ਤੇ ਵੱਧ ਮੁਨਾਫ਼ੇ ਲੈਣ ਲਈ ਕੁਦਰਤ ਨਾਲ ਜੋ ਖਿਲਵਾੜ ਕੀਤਾ, ਉਸ ਦੇ ਮਾੜੇ ਨਤੀਜੇ ਲੋਕ ਹੁਣ ਭੁਗਤ ਰਹੇ ਹਨ ਤੇ ਆਉਣ ਵਾਲੀ ਪੀੜ੍ਹੀ ਉਸ ਭਿਆਨਕ ਦੌਰ ਵਿਚ ਬੁਰੀ ਤਰ੍ਹਾਂ ਫਸ ਜਾਵੇਗੀ। ਲੋਕਾਂ ਨੇ ਕੁਦਰਤ ਵਲੋਂ ਦਿੱਤੇ ਟਿੱਬੇ ਤੇ ਨੀਵੀਆਂ ਥਾਵਾਂ ਨੂੰ ਪੱਧਰਾ ਕਰਕੇ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਸ਼ੁਰੂ ਕੀਤੀ ਤੇ ਕੁਝ ਅਜਿਹੀਆਂ ਫ਼ਸਲਾਂ ਬੀਜਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਦਾ ਇਸ ਧਰਤੀ ਨਾਲ ਕੋਈ ਸੁਮੇਲ ਨਹੀਂ ਹੈ। ਝੋਨੇ ਵਰਗੀਆਂ ਫ਼ਸਲਾਂ ਜੋ ਰਵਾਇਤੀ ਫ਼ਸਲਾਂ ਨਹੀਂ ਸਨ, ਨੂੰ ਬੀਜ ਕੇ ਲੋਕਾਂ ਨੇ ਨਹਿਰੀ ਪਾਣੀ ਨੂੰ ਬੁਰੀ ਤਰ੍ਹਾਂ ਬਰਬਾਦ ਕੀਤਾ ਤੇ ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ਧੜਾਧੜ ਬੋਰ ਲਾ ਕੇ ਧਰਤੀ ਹੇਠਲੇ ਪਾਣੀ ਦੀ ਅੰਨ੍ਹੀ ਵਰਤੋਂ ਕਰਨ ਨਾਲ ਅੱਜ ਖ਼ਾਸ ਕਰਕੇ ਪੰਜਾਬ ਵਿਚ ਪਾਣੀ ਤੇ ਬਿਜਲੀ ਦੀ ਭਾਰੀ ਕਮੀ ਪੈਦਾ ਹੋ ਗਈ ਹੈ।ਉਪਰੋਕਤ ਸਥਿਤੀਆਂ ਦੇ ਕਾਰਨ ਮੌਸਮ ਵਿਚ ਭਾਰੀ ਤਬਦੀਲੀ ਆ ਗਈ ਹੈ ਜਿਸ ਕਰਕੇ ਕਈ ਨਵੀਆਂ ਬਿਮਾਰੀਆਂ ਦੀ ਲਪੇਟ ਵਿਚ ਲੋਕ ਆ ਗਏ ਹਨ। ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਨੂੰ ਪਾਲਣ ਲਈ ਬਾਰਿਸ਼ਾਂ 'ਤੇ ਨਿਰਭਰ ਹੋਣਾ ਪੈ ਰਿਹਾ ਹੈ ਤੇ ਪਿਛਲੇ ਕੁਝ ਸਮੇਂ ਤੋਂ ਔਸਤ ਮੁਤਾਬਿਕ ਬਾਰਿਸ਼ਾਂ ਦਾ ਘੱਟ ਪੈਣਾ ਵੀ ਲੋਕਾਂ ਵਲੋਂ ਅੰਨ੍ਹੇਵਾਹ ਦਰੱਖਤਾਂ ਦੀ ਪੁਟਾਈ ਤੇ ਖਾਦਾਂ ਤੇ ਸਪਰੇਆਂ ਕਰਕੇ ਵਧਾਏ ਪ੍ਰਦੂਸ਼ਣ ਨੂੰ ਮੰਨਿਆ ਜਾ ਸਕਦਾ ਹੈ। ਦੂਜੇ ਪਾਸੇ ਵਾਤਾਵਰਨ ਦਾ ਸੰਤੁਲਨ ਵਿਗੜਨ ਨਾਲ ਪਿਛਲੇ ਸਮੇਂ ਤੋਂ ਕੁਝ ਪ੍ਰਦੇਸ਼ਾਂ ਵਿਚ ਹੜ੍ਹਾਂ ਤੇ ਤੂਫ਼ਾਨਾਂ ਦੇ ਸਿਲਸਿਲੇ ਵਿਚ ਵਾਧਾ ਕੀਤਾ ਹੈ। ਇਹ ਸਭ ਮਨੁੱਖ ਵਲੋਂ ਅਪਣਾਏ ਅਖੌਤੀ ਤਰੱਕੀ ਦੇ ਦੁਰਪ੍ਰਭਾਵਾਂ ਦਾ ਹੀ ਪ੍ਰਤੀਕਰਮ ਹੈ। ਪਿਛਲੇ ਸਾਲਾਂ ਤੋਂ ਧਰਤੀ ਹੇਠਲੇ ਪਾਣੀ ਦੀ ਅੰਨ੍ਹੇਵਾਹ ਕੀਤੀ ਵਰਤੋਂ ਨੇ ਅੱਜ ਜੋ ਹਾਲਾਤ ਪੈਦਾ ਕੀਤੇ ਹਨ, ਉਸ ਤੋਂ ਹਰ ਮਨੁੱਖ ਭਲੀਭਾਂਤ ਜਾਣੂ ਹੈ। ਜੇਕਰ ਧਰਤੀ ਹੇਠਲੇ ਪਾਣੀ ਤੇ ਕੁਦਰਤੀ ਪਾਣੀ ਨੂੰ ਬਰਬਾਦ ਹੋਣ ਤੋਂ ਨਾ ਰੋਕਿਆ ਗਿਆ ਤਾਂ ਪੰਜਾਬ ਬੜੀ ਜਲਦੀ ਬਰਬਾਦੀ ਵੱਲ ਵਧ ਸਕਦਾ ਹੈ।