ਜਗਤ ਗੁਰੂ ਨਾਨਕ ਸਾਹਿਬ ਵਲੋਂ ਨਵੇਂ  ਇਨਕਲਾਬ ਦੀ ਸਿਰਜਣਾ   

ਜਗਤ ਗੁਰੂ ਨਾਨਕ ਸਾਹਿਬ ਵਲੋਂ ਨਵੇਂ  ਇਨਕਲਾਬ ਦੀ ਸਿਰਜਣਾ   

ਵਿਸ਼ੇਸ਼ ਅੰਕ

-ਸਾਬਕਾ ਉਪ ਕੁਲਪਤੀ,

ਪੰਜਾਬੀ ਯੂਨੀਵਰਸਿਟੀ, ਪਟਿਆਲਾ।

 ਡਾਕਟਰ ਜਸਪਾਲ ਸਿੰਘ

ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਦੌਰ ਵਿਚ ਇਕ ਨਵੀਂ ਸਮਾਜਕ ਕਰਾਂਤੀ ਦੀ ਸਖ਼ਤ ਲੋੜ ਸੀ। ਇਹ ਉਹ ਸਮਾਂ ਸੀ ਜਦੋਂ ਸਮਾਜਕ ਖੇਤਰ ਵਿਚ ਜਾਤੀ ਅਤੇ ਨਸਲ ਦੇ ਆਧਾਰ 'ਤੇ ਵੱਖ-ਵੱਖ ਵਰਗਾਂ ਨੂੰ ਮੁੱਖ-ਧਾਰਾ ਤੋਂ ਬਾਹਰ ਕਰ ਦਿੱਤਾ ਗਿਆ ਸੀ। ਜਨਤਾ ਨੂੰ ਲਗਾਤਾਰ ਗੁਰਬਤ ਵਿਚ ਰਹਿਣ ਲਈ ਮਜਬੂਰ ਕੀਤਾ ਜਾ ਰਿਹਾ ਸੀ।ਇਸ ਸਾਰੇ ਪਰਿਪੇਖ ਵਿਚ ਗੁਰੂ ਨਾਨਕ ਸਾਹਿਬ ਨੇ ਇਕ ਨਵੇਂ ਸਮਾਜ ਦੀ ਸਿਰਜਣਾ ਦਾ ਆਗ਼ਾਜ਼ ਕੀਤਾ ਸੀ। ਇਸ ਸਮਾਜ ਦੀ ਬੁਨਿਆਦ ਮਨੁੱਖੀ ਅਧਿਕਾਰਾਂ ਤੇ ਬਰਾਬਰੀ ਦੀਆਂ ਕਦਰਾਂ-ਕੀਮਤਾਂ ਉਪਰ ਰੱਖੀ ਗਈ ਸੀ। ਸਵੈ-ਮਾਣ ਤੇ ਸਹਿਹੋਂਦ ਇਸ ਬਹੁਲਵਾਦੀ ਸਮਾਜ ਦੀਆਂ ਮੁੱਖ ਖ਼ਾਸੀਅਤਾਂ ਸਨ। ਸਮਾਜਕ ਬਰਾਬਰੀ ਦੇ ਮੁੱਦਈ ਬਣ ਕੇ ਗੁਰੂ ਸਾਹਿਬ ਨੇ ਹਰ ਤਰ੍ਹਾਂ ਦੇ ਵਿਤਕਰੇ ਦਾ ਬੁਲੰਦ ਆਵਾਜ਼ ਵਿਚ ਵਿਰੋਧ ਕੀਤਾ ਸੀ ਅਤੇ ਨੀਵੇਂ ਕਹੇ ਜਾਣ ਵਾਲੇ ਦਲਿਤਾਂ ਦਾ ਸਾਥ ਦਿੱਤਾ ਸੀ।ਗੁਰੂ ਸਾਹਿਬ ਦੀ ਸਪੱਸ਼ਟ ਮਾਨਤਾ ਹੈ ਕਿ ਜਾਤੀਵਾਦੀ ਵਿਵਸਥਾ ਭਾਈਚਾਰਕ ਸਾਂਝ ਤੋੜਨ ਵਿਚ ਵੱਡੀ ਭੂਮਿਕਾ ਨਿਭਾਉਂਦੀ ਹੈ ਅਤੇ ਸਮਾਜ ਨੂੰ ਧੁਰ ਅੰਦਰ ਤੱਕ ਵੰਡ ਦਿੰਦੀ ਹੈ। ਇਸ ਲਈ ਜਾਤੀਵਾਦੀ ਵਿਵਸਥਾ ਨੂੰ ਨਕਾਰਨਾ ਅਤੇ ਬਦਲਵੀਂ ਵਿਵਸਥਾ ਸਥਾਪਤ ਕਰਨਾ ਜ਼ਰੂਰੀ ਹੈ।ਗੁਰੂ ਨਾਨਕ ਸਾਹਿਬ ਦਾ ਕਥਨ ਹੈ ਕਿ ਜਾਤ-ਵਰਣ ਦੇ ਹੱਥ ਵਿਚ ਕੁਝ ਨਹੀਂ, ਪਰਖ ਤਾਂ ਸੱਚ ਦੇ ਆਧਾਰ 'ਤੇ ਹੋਵੇਗੀ। ਜਾਤ ਦਾ ਅਹੰਕਾਰ ਤਾਂ ਇਕ ਜ਼ਹਿਰ ਹੈ। ਜਿਹੜਾ ਵੀ ਉਸ ਦਾ ਸੁਆਦ ਚੱਖਣ ਦੀ ਕੋਸ਼ਿਸ਼ ਕਰੇਗਾ, ਉਸ ਦੀ ਮੌਤ ਨਿਸਚਿਤ ਹੈ :

ਜਾਤੀ ਦੈ ਕਿਆ ਹਥਿ ਸਚੁ ਪਰਖੀਐ॥

ਮਹੁਰਾ ਹੋਵੈ ਹਥਿ ਮਰੀਐ ਚਖੀਐ॥

(ਅੰਗ : 142)

ਗੁਰੂ ਨਾਨਕ ਦੇਵ ਜੀ ਨੇ ਖੁੱਲ੍ਹਾ ਐਲਾਨ ਕੀਤਾ ਸੀ ਕਿ ਮਨੁੱਖ ਦੀ ਜਾਤ-ਪਾਤ ਉਸ ਦੇ ਜਨਮ ਤੋਂ ਨਹੀਂ, ਉਸ ਦੇ ਕਰਮਾਂ ਤੋਂ ਨਿਰਧਾਰਤ ਹੁੰਦੀ ਹੈ :

ਜਾਤਿ ਜਨਮੁ ਨਹ ਪੂਛੀਐ ਸਚ ਘਰੁ ਲੇਹੁ ਬਤਾਇ॥

ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ॥

(ਅੰਗ : 1330)

ਸਿਰੀ ਰਾਗ 'ਚ ਅੰਕਿਤ ਗੁਰੂ ਸਾਹਿਬ ਦਾ ਇਹ ਵਾਕ, ਉਨ੍ਹਾਂ ਦੀ ਸਮੁੱਚੀ ਵਿਚਾਰਧਾਰਾ ਦੀ ਤਰਜਮਾਨੀ ਕਰਦਾ ਹੈ :

ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥

ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥

ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ॥

(ਅੰਗ : 15)

ਜਾਤੀਵਾਦ ਤੋਂ ਇਲਾਵਾ ਇਕ ਵੱਡਾ ਮਸਲਾ ਸਾਧਨ-ਵਿਹੂਣੇ ਲੋਕਾਂ ਦੇ ਸ਼ੋਸ਼ਣ ਦਾ ਸੀ ਜਿਸ ਬਾਰੇ ਗੁਰੂ ਸਾਹਿਬ ਨੇ ਆਪਣਾ ਪ੍ਰਤੀਕਰਮ ਖੁੱਲ੍ਹ ਕੇ ਦਰਜ ਕੀਤਾ ਹੈ। ਅਸਲ ਵਿਚ, ਭਾਰਤੀ ਸਮਾਜ ਦਾ ਵੱਡਾ ਹਿੱਸਾ ਸਾਧਨ-ਵਿਹੂਣੇ ਲੋਕਾਂ ਦਾ ਸੀ ਜਿਹੜਾ ਸਮਾਜਕ ਤੇ ਆਰਥਿਕ ਪੱਖੋਂ ਕਮਜ਼ੋਰ ਅਤੇ ਨਿਰੰਤਰ ਵਿਤਕਰੇ, ਵੰਡ ਤੇ ਸ਼ੋਸ਼ਣ ਦਾ ਸ਼ਿਕਾਰ ਸੀ। ਗੁਰੂ ਸਾਹਿਬ ਨੇ ਆਰਥਿਕ ਸ਼ੋਸ਼ਣ ਰਾਹੀਂ ਵੱਡੇ ਰੁਤਬੇ 'ਤੇ ਪਹੁੰਚੇ ਲੋਕਾਂ ਵਿਰੁੱਧ ਤਿੱਖਾ ਰੋਸ ਪ੍ਰਗਟ ਕਰਦਿਆਂ ਅਤੇ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜੇ ਸਰੀਰ ਉਪਰ ਪਹਿਨੇ ਬਸਤਰ 'ਤੇ ਲਹੂ ਦੀ ਛਿੱਟ ਪੈ ਜਾਵੇ ਤਾਂ ਉਹ ਅਪਵਿੱਤਰ, ਪਲੀਤ ਹੋ ਜਾਂਦਾ ਹੈ, ਤਾਂ ਫਿਰ ਜਿਹੜੇ ਲੋਕੀਂ ਸ਼ੋਸ਼ਣ ਕਰ ਕੇ ਗ਼ਰੀਬਾਂ ਦਾ ਲਹੂ ਪੀ ਕੇ ਵੱਡੇ ਰੁਤਬਿਆਂ 'ਤੇ ਪਹੁੰਚੇ ਹਨ, ਉਹ ਕਿਵੇਂ ਸਾਫ਼-ਸੁਥਰੇ, ਪਾਕ-ਸਾਫ਼ ਕਹੇ ਜਾ ਸਕਦੇ ਹਨ :

ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ॥

ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ॥

(ਅੰਗ : 140)

ਇਕ ਹੋਰ ਥਾਂ ਗੁਰੂ ਸਾਹਿਬ ਦੀ ਬਾਣੀ ਦਾ ਫ਼ਰਮਾਨ ਹੈ - ਮੁਸਲਮਾਨ ਲਈ ਪਰਾਇਆ ਹੱਕ ਸੂਰ ਅਤੇ ਹਿੰਦੂ ਲਈ ਗਊ ਸਮਾਨ ਹੈ। ਗੁਰੂ ਤੇ ਪੀਰ ਤਾਂ ਹੀ ਹਾਮੀ ਭਰਨਗੇ ਜੇ ਪਰਾਇਆ ਹੱਕ ਨਾ ਖਾਇਆ ਜਾਵੇ :

ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥

ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ॥

(ਅੰਗ : 141)

ਸਮਾਜਕ ਬਣਤਰ ਦੇ ਹਵਾਲੇ ਨਾਲ, ਗੁਰੂ ਨਾਨਕ ਸਾਹਿਬ ਦੇ ਸਾਰੇ ਫ਼ਲਸਫ਼ੇ ਨੂੰ ਸਮਝਣ ਲਈ, ਭਾਈ ਲਾਲੋ ਦੇ ਘਰ ਗੁਰੂ ਸਾਹਿਬ ਦੀ ਫੇਰੀ ਵਾਲੀ ਇਤਿਹਾਸਕ ਘਟਨਾ ਦਾ ਜ਼ਿਕਰ ਇਥੇ ਜ਼ਰੂਰੀ ਹੈ। ਸਾਖ਼ੀਕਾਰਾਂ ਮੁਤਾਬਿਕ ਸੈਦਪੁਰ ਪਹੁੰਚਦਿਆਂ ਹੀ ਗੁਰੂ ਨਾਨਕ ਦੇਵ ਜੀ ਸਿੱਧੇ ਭਾਈ ਲਾਲੋ ਦੇ ਘਰ ਪਹੁੰਚ ਗਏ ਅਤੇ ਜਾ ਬੂਹਾ ਖੜਕਾਇਆ। ਸਾਖ਼ਸ਼ਾਤ ਦੀਦਾਰ ਕਰ ਕੇ ਲਾਲੋ ਨਿਹਾਲ ਹੋ ਗਿਆ। ਮੁੱਢਲੀ ਆਓ-ਭਗਤ ਤੋਂ ਬਾਅਦ ਭਾਈ ਲਾਲੋ ਤੇ ਉਸ ਦੀ ਪਤਨੀ ਸੇਵਾ ਵਿਚ ਲੱਗ ਗਏ। ਭਾਈ ਲਾਲੋ ਨੇ ਆ ਕੇ ਕਿਹਾ, ਪ੍ਰਸ਼ਾਦ ਤਿਆਰ ਹੈ। ਤੁਹਾਡੀ ਜਾਤ ਉੱਚੀ ਹੈ, ਦੱਸੋ ਅੰਦਰ ਚੱਲ ਕੇ ਪ੍ਰਸ਼ਾਦ ਛਕੋਗੇ ਜਾਂ ਵਿਹੜੇ ਵਿਚ ਵੱਖਰਾ ਚਉਂਕਾ ਲਾਈਏ। ਬਾਬੇ ਨਾਨਕ ਨੇ ਫ਼ਰਮਾਇਆ, ਵਹਿਮ ਨ ਕਰ ਲਾਲੋ, ਜਿਤਨੀ ਧਰਤੀ ਹੈ ਓਨਾ ਹੀ ਮੇਰਾ ਚਉਂਕਾ ਹੈ। ਬਹੁਤ ਸਪੱਸ਼ਟ ਹੈ, 'ਸਾਰੀ ਧਰਤੀ ਮੇਰਾ ਚਓੁਕਾ ਹੈ' ਦਾ ਸੰਦੇਸ਼ ਦੇਣਾ ਅਤੇ ਜਾਤੀਵਾਦੀ ਵਿਧਾਨ ਨੂੰ ਪੂਰੀ ਤਰ੍ਹਾਂ ਨਕਾਰਨਾ - ਇਕ ਵੱਡੀ ਕਰਾਂਤੀ ਦਾ ਸੰਦੇਸ਼ ਸੀ।ਭਾਈ ਲਾਲੋ ਦੇ ਘਰ ਪੜਾਅ ਦੌਰਾਨ ਵਾਪਰੀ, ਮਲਕ ਭਾਗੋ ਦੇ ਬ੍ਰਹਮ-ਭੋਜ ਵਾਲੀ ਘਟਨਾ ਵੀ ਵੇਖਣ ਵਾਲੀ ਹੈ। ਪ੍ਰੰਪਰਿਕ ਲਿਖਤਾਂ ਅਨੁਸਾਰ ਗੁਰੂ ਸਾਹਿਬ ਨੇ ਮਲਕ ਭਾਗੋ ਦੇ ਸੱਦੇ ਦੀ ਕੋਈ ਪਰਵਾਹ ਨਹੀਂ ਸੀ ਕੀਤੀ। ਗੁਰੂ ਸਾਹਿਬ ਨੇ ਕਿਹਾ ਸੀ-ਸਾਡੇ ਲਈ ਕਿਸੇ ਬ੍ਰਹਮ-ਭੋਜ ਦੀ ਕੋਈ ਅਹਿਮੀਅਤ ਨਹੀਂ। ਲਾਲੋ ਦਾ ਸਾਦਾ ਭੋਜ ਬ੍ਰਹਮ-ਭੋਜ ਤੋਂ ਕਿਤੇ ਵੱਧ ਆਨੰਦਮਈ ਹੈ।ਦਰਅਸਲ, ਗੁਰੂ ਨਾਨਕ ਦੇਵ ਜੀ ਨੇ ਬਾਣੀ ਵਿਚ 'ਵਡਿਆ ਸਿਉ ਕਿਆ ਰੀਸ' ਦੀ ਗੱਲ ਕੀਤੀ ਸੀ ਅਤੇ ਮੁੱਢ ਬੰਨ੍ਹਿਆ ਸੀ ਇਸ ਸੰਕਲਪ ਦਾ ਕਿ ਜਾਤ-ਭੇਦ ਵਰਤਣ ਵਾਲੇ, ਵਿਤਕਰੇ ਤੇ ਸ਼ੋਸ਼ਣ ਦਾ ਨਿਜ਼ਾਮ ਨੂੰ ਚਲਾਉਣ ਵਾਲੇ, ਸੂਤਰਧਾਰ-'ਵੱਡਿਆਂ' ਨਾਲ ਕਾਹਦਾ ਮੇਲ-ਮਿਲਾਪ। ਸਾਰ-ਤੱਤ ਇਹੋ ਸੀ ਕਿ 'ਵੱਡਿਆਂ' ਨੂੰ ਆਪਣਾ ਤੌਰ-ਤਰੀਕਾ ਬਦਲਣਾ ਪਵੇਗਾ, ਵਿਤਕਰੇ, ਵੰਡ ਤੇ ਸ਼ੋਸ਼ਣ 'ਤੇ ਆਧਾਰਿਤ ਨਿਜ਼ਾਮ ਦੀ ਪੁਸ਼ਤ-ਪਨਾਹੀ ਛੱਡਣੀ ਪਵੇਗੀ, ਜੇ ਉਹ ਗੁਰੂ ਨਾਨਕ ਦੀ ਪ੍ਰੰਪਰਾ ਨਾਲ ਕਿਸੇ ਵੀ ਕਿਸਮ ਦਾ ਰਿਸ਼ਤਾ ਰੱਖਣਾ ਚਾਹੁੰਦੇ ਹਨ।ਸੰਖੇਪ ਵਿਚ ਕਿਹਾ ਜਾ ਸਕਦਾ ਹੈ ਕਿ ਗੁਰੂ ਸਾਹਿਬ ਜਿਸ ਸਮਾਜਕ ਵਿਵਸਥਾ ਦਾ ਮੁੱਢ ਬੰਨ੍ਹ ਰਹੇ ਸਨ, ਉਸ ਦੇ ਵਿਧਾਨ ਦੇ ਤਿੰਨ ਮੂਲ ਸਿਧਾਂਤ ਹਨ - ਕਿਰਤ ਕਰਨਾ, ਨਾਮ ਜੱਪਣਾ ਅਤੇ ਵੰਡ ਛਕਣਾ। ਉਨ੍ਹਾਂ ਨੇ ਕਿਰਤ ਕਰਨ ਅਤੇ ਕਿਰਤ ਤੋਂ ਹੋਈ ਆਮਦਨੀ ਵਿਚੋਂ ਲੋੜਵੰਦਾਂ ਦੀ ਮਦਦ ਕਰਨ ਦੀ ਨਵੀਂ ਜੀਵਨ-ਜਾਚ ਦੱਸੀ ਸੀ। ਗੁਰੂ ਸਾਹਿਬ ਦਾ ਇਹ ਫ਼ਰਮਾਨ ਉਚੇਚਾ ਧਿਆਨ ਯੋਗ ਹੈ :

ਘਾਲਿ ਖਾਇ ਕਿਛੁ ਹਥਹੁ ਦੇਇ॥

ਨਾਨਕ ਰਾਹੁ ਪਛਾਣਹਿ ਸੇਇ॥ (ਅੰਗ : 1245)

ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦਾ ਇਕ ਹੋਰ ਨੁਕਤਾ ਬੜੀ ਵੱਡੀ ਅਹਿਮੀਅਤ ਵਾਲਾ ਹੈ। ਇਸਤਰੀ ਜਾਤੀ ਨਾਲ ਹੋ ਰਹੇ ਵਿਤਕਰੇ ਵਿਰੁੱਧ ਗੁਰੂ ਸਾਹਿਬ ਨੇ ਆਪਣਾ ਪੁਰਜ਼ੋਰ ਵਿਰੋਧ ਦਰਜ ਕੀਤਾ ਸੀ। 'ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ' ਵਾਲੀ ਰਚਨਾ ਬਹੁਤ ਕੁਝ ਕਹਿ ਦਿੰਦੀ ਹੈ ਅਤੇ ਵਿਤਕਰੇ ਦੇ ਸੂਤਰਧਾਰਾਂ ਲਈ ਖੁੱਲ੍ਹੀ ਵੰਗਾਰ ਹੈ - ਇਹ ਰਚਨਾ :

ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥

ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥

ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥

(ਅੰਗ : 473)

ਆਖ਼ਰ ਵਿਚ, ਕਹਿਣਾ ਚਾਹੁੰਦਾ ਹਾਂ ਕਿ ਇਤਿਹਾਸਕ ਤੱਥ ਇਸ ਹਕੀਕਤ ਦੀ ਗਵਾਹੀ ਭਰਦੇ ਹਨ ਕਿ ਭਾਰਤੀ ਸਮਾਜ ਨੂੰ ਗੁਰੂ ਨਾਨਕ ਦੇਵ ਜੀ ਨੇ ਇਕ ਨਵੀਂ ਰੌਸ਼ਨੀ, ਇਕ ਨਵੀਂ ਦਿਸ਼ਾ ਦਿੱਤੀ ਸੀ। ਇਕ ਐਸੇ ਸਮਾਜ ਦੀ ਸਿਰਜਨਾ ਦਾ ਸੰਕਲਪ ਦਿੱਤਾ ਸੀ ਜਿਹੜਾ ਵਸੀਂਅ ਪੱਧਰ 'ਤੇ ਬਰਾਬਰੀ ਅਤੇ ਭਾਈਚਾਰਕ ਸਾਂਝ ਉਪਰ ਆਧਾਰਿਤ ਹੈ। ਜਿਸ ਵਿਚ ਮਨੁੱਖੀ ਅਧਿਕਾਰਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ ਅਤੇ ਜਿਹੜਾ ਪੂਰੀ ਤਰ੍ਹਾਂ ਲੋਕ-ਹਿਤਕਾਰੀ ਹੈ। ਮੁੱਕਦੀ ਗੱਲ, ਗੁਰੂ ਸਾਹਿਬ ਨੇ ਬੜੀ ਸਖ਼ਤੀ ਨਾਲ ਵਿਤਕਰੇ ਅਤੇ ਤ੍ਰਿਸਕਾਰ ਵਾਲੀ ਰੀਤ ਨੂੰ ਪੂਰੀ ਤਰ੍ਹਾਂ ਨਕਾਰ ਕੇ ਇਕ ਨਵੇਂ ਤੇ ਇਕਸਾਰ ਸਮਾਜ ਦੀ ਉਸਾਰੀ ਦਾ ਪਿੜ ਬੰਨ੍ਹਿਆ ਸੀ।