ਕੌਂਮੀ ਜਜ਼ਬੇ,ਹਿਤ ਅਤੇ ਹੋਂਦ ਬਨਾਮ ਦੀਪ ਸਿੱਧੂ ਦੀ ਜਥੇਬੰਦੀ “ਵਾਰਿਸ ਪੰਜਾਬ ਦੇ
ਪੰਥਕ ਮੱਸਲਾ
ਪੰਜਾਬੀਆਂ ਦੇ ਦਿਲਾਂ ਵਿਚ ਬਹੁਤ ਥੋੜੇ ਸਮੇਂ ਵਿਚ ਆਪਣੀ ਨਿਵੇਕਲੀ ਥਾਂ ਬਣਾ ਕੇ ਜੋਬਨ ਰੁਤੇ ਤੁਰ ਜਾਣ ਵਾਲੇ ਅਤੇ ਪੰਜਾਬੀ ਖਾਸ ਕਰ ਸਿੱਖ ਨੌਜਵਾਨੀ ਦੇ ਪਰੇਰਨਾ ਸਰੋਤ ,ਕੌਮੀ ਯੋਧੇ ਭਾਈ ਸੰਦੀਪ ਸਿੰਘ ਦੀਪ ਸਿੱਧੂ ਨੇ ਆਪਣੇ ਜਿਉਂਦੇ ਜੀਅ ਇੱਕ ਅਜਿਹੀ ਜਥੇਬੰਦੀ ਬਨਾਉਣ ਦਾ ਸੁਪਨਾ ਲਿਆ,ਜਿਹੜੀ ਪੰਜਾਬ ਦੇ ਹਿਤਾਂ ਅਤੇ ਹੋੰਦ ਨੂੰ ਬਚਾਉਣ ਲਈ ਦ੍ਰਿੜ ਸੰਕਲਪ ਹੋਵੇ।ਸੋ ਉਹਨਾਂ ਨੇ ਜਥੇਬੰਦੀ ਬਣਾਈ ਜਿਸ ਦਾ ਨਾਮ ਵੀ ਉਹਨਾਂ ਨੇ ਆਪਣੀ ਸ਼ੁੱਧ ਭਾਵਨਾ ਵਰਗਾ ਬੇਹੱਦ ਢੁਕਵਾਂ “ਵਾਰਿਸ ਪੰਜਾਬ ਦੇ”ਰੱਖਿਆ।ਜਥੇਬੰਦੀ ਦਾ ਜਥੇਬੰਦਕ ਢਾਂਚਾ ਤਿਆਰ ਹੋਣ ਤੱਕ ਸਰਗਰਮੀਆਂ ਚਲਾਉਣ ਲਈ ਸਰਗਰਮ ਤੇ ਸਮਰਪਿਤ ਨੌਜਵਾਨਾਂ ਦੀ 16 ਮੈਂਬਰੀ ਕਮੇਟੀ ਦਾ ਗਠਨ ਵੀ ਦੀਪ ਵੱਲੋਂ ਖੁਦ ਕੀਤਾ ਗਿਆ,ਪਰ ਇਸ ਤੋ ਪਹਿਲਾਂ ਕਿ ਜਥੇਬੰਦੀ ਦਾ ਵਿਸਥਾਰ ਕੀਤਾ ਜਾਂਦਾ,ਦੀਪ ਸਿੱਧੂ ਦੇ ਸੁਆਸਾਂ ਦੀ ਪੂੰਜੀ ਖਤਮ ਹੋ ਗਈ ਤੇ ਉਹ ਅਨੰਤ ਦੀ ਗੋਦ ਵਿਚ ਸਮਾ ਗਿਆ।ਅਕਾਲ ਪੁਰਖ ਨੂੰ ਕੁੱਝ ਹੋਰ ਹੀ ਮਨਜੂਰ ਸੀ,ਤੇ ਦੀਪ ਸਿੱਧੂ ਲੱਖਾਂ ਲੋਕਾਂ ਨੂੰ ਰੋਂਦੇ ਵਿਲਕਦੇ ਛੱਡ ਕੇ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਿਆ।ਦੀਪ ਦੇ ਜਾਣ ਤੋਂ ਬਾਅਦ ਕਾਫੀ ਕੁੱਝ ਬਦਲਣਾ ਵੀ ਸੁਭਾਵਿਕ ਸੀ,ਸੋ ਉਹਦੀ ਮੌਤ ਤੋ ਬਾਅਦ ਦੀਪ ਸਿੱਧੂ ਦੇ ਸੁਪਨੇ ਨੂੰ ਸਾਕਾਰ ਕਰਨ ਅਤੇ ਦੀਪ ਸਿੱਧੂ ਦੀ ਨੇੜਤਾ ਦਾ ਪ੍ਰਗਟਾਵਾ ਕਰਕੇ ਲਾਹਾ ਲੈਣ ਵਾਲਿਆਂ ਵਿੱਚ ਵਖਰੇਵੇਂ ਉੱਘੜਵੇਂ ਰੂਪ ਵਿਚ ਸਾਹਮਣੇ ਆਉਣੇ ਵੀ ਸੁਭਾਵਿਕ ਸਨ।ਉਹ ਸਾਰਾ ਕੁੱਝ ਅੱਜ ਅੱਖਾਂ ਸਾਹਵੇਂ ਵਾਪਰਦਾ ਪਰਤੱਖ ਦਿਖਾਈ ਦੇ ਰਿਹਾ ਹੈ।ਸਿੱਖ ਕੌਮ ਦੀ ਇਹ ਵੱਡੀ ਤਰਾਸਦੀ ਹੈ ਕਿ ਜੇਕਰ ਇਸ ਕੌਮ ਦੇ ਕੋਲ ਅੰਤਾਂ ਦੇ ਬਹਾਦਰ ਸੂਰਮਿਆਂ ਦੀ ਕੋਈ ਕਮੀ ਨਹੀ ਹੈ,ਤਾਂ ਇਹ ਵੀ ਸੱਚ ਹੈ ਕਿ ਉਹਨਾਂ ਬਹਾਦਰਾਂ ਦੀਆਂ ਕੁਰਬਾਨੀਆਂ ਨੂੰ ਮਿੱਟੀ ਘੱਟੇ ਰੋਲਣ ਵਾਲੇ ਕੌਮ ਧਰੋਹੀਆਂ ਦੀ ਵੀ ਕੋਈ ਘਾਟ ਨਹੀ ਹੈ।ਦੀਪ ਦਾ ਸੁਪਨਾ ਕੋਈ ਨਿੱਜੀ ਜ਼ਿੰਦਗੀ ਦਾ ਸੁਪਨਾ ਨਹੀਂ ਸੀ,ਬਲਕਿ ਆਪਣੀ ਕੌਂਮ ਦੀ ਖੁਦ ਮੁਖਤਾਰੀ ਦਾ,ਕੌਂਮ ਦੀ ਅਜ਼ਾਦ ਹਸਤੀ ਦਾ ਸੁਪਨਾ ਸੀ,ਜਿਸ ਲਈ ਉਹਨੇ ਆਪਣੀ ਬੇਹੱਦ ਸੁਖਾਲੀ ਜ਼ਿੰਦਗੀ ਨੂੰ ਤਿਆਗ ਕੇ ਇਸ ਬਿਖੜੇ ਪੈਂਡਿਆਂ ਤੇ ਚੱਲਣ ਨੂੰ ਤਰਜੀਹ ਇਸ ਕਰਕੇ ਦਿੱਤੀ,ਕਿਉਕਿ ਉਹ ਚਾਹੁੰਦਾ ਸੀ ਕਿ ਸਿੱਖ ਕੌਮ ਨੂੰ ਵੀ ਇਸ ਸਵਾ ਅਰਬ ਤੋ ਵੱਧ ਦੀ ਅਬਾਦੀ ਵਾਲੇ ਵੰਨ ਸੁਵੰਨੇ ਲੋਕਾਂ ਵਿੱਚ ਸਵੈਮਾਣ ਨਾਲ ਜਿਉਣ ਦੇ ਓਨੇ ਹੀ ਮੌਕੇ ਪਰਦਾਨ ਹੋਣ ਜਿੰਨੇ ਇੱਥੋਂ ਦੀ ਬਹੁ ਗਿਣਤੀ ਨੂੰ ਪਰਾਪਤ ਹਨ।ਉਹ ਇਹ ਵੀ ਚੰਗੀ ਤਰ੍ਹਾਂ ਜਾਣਦਾ,ਸਮਝਦਾ ਅਤੇ ਮਹਿਸੂਸ ਕਰਦਾ ਸੀ ਕਿ ਉਪਰੋਕਤ ਅਧਿਕਾਰਾਂ ਦੀ ਪਰਾਪਤੀ ਕੋਈ ਸੌਖਿਆਂ ਹੀ ਹੋਣ ਵਾਲੀ ਨਹੀਂ,ਬਲਕਿ ਉਹਦੇ ਲਈ ਜਾਨ ਦੀ ਅਹੂਤੀ ਵੀ ਦੇਣੀ ਪੈ ਸਕਦੀ ਹੈ,ਜਿਹੜੀ ਉਹਨਾਂ ਨੇ ਦਿੱਤੀ,ਪਰ ਅਫਸੋਸ ਇਸ ਗੱਲ ਦਾ ਹੈ ਕਿ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਨਾਲ ਨੇੜਤਾ ਰੱਖਣ ਵਾਲੇ ਲੋਕ ਵੱਖ ਵੱਖ ਰਾਹਾਂ ਤੇ ਹੀ ਨਹੀਂ ਚੱਲ ਪਏ,ਸਗੋਂ ਇੰਜ ਜਾਪਦਾ ਹੈ,ਜਿਵੇਂ ਉਹਨਾਂ ਨੇ ਆਪਣੀਆਂ ਅਲੱਗ ਅਲੱਗ ਦੁਕਾਨਾਂ ਖੋਲ੍ਹ ਲਈਆਂ ਹਨ,ਤਾਂ ਕਿ ਦੀਪ ਸਿੱਧੂ ਦੀ ਨੇੜਤਾ ਦਾ ਪਰਚਾਰ ਕਰਕੇ ਖੂਬ ਲਾਹਾ ਲਿਆ ਜਾ ਸਕੇ।ਓਧਰ ਦੀਪ ਸਿੱਧੂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਬਚਨਵੱਧ “ਵਾਰਿਸ ਪੰਜਾਬ ਦੇ” ਜਥੇਬੰਦੀ ਦੀ 16 ਮੈਂਬਰੀ ਕਮੇਟੀ ਵੱਲੋਂ ਅਜਿਹੇ ਆਪਾ ਧਾਪੀ ਅਤੇ ਬੇ-ਵਿਸਵਾਸ਼ੀ ਵਾਲੇ ਸਮੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੁਬਈ ਨੂੰ ਸਰਬ ਸੰਮਤੀ ਨਾਲ ਜਥੇਬੰਦੀ ਦਾ ਮੁੱਖ ਸੇਵਾਦਾਰ ਚੁਣਨਾ ਭਾਂਵੇ ਕੌਂਮ ਲਈ ਇੱਕ ਸ਼ੁਭ ਸੁਨੇਹਾ ਹੈ,ਪਰ ਆਪਸੀ ਪਾਟੋ ਧਾੜ ਭਵਿਖੀ ਪਰਾਪਤੀਆਂ ਦੇ ਰਾਹ ਦਾ ਰੋੜਾ ਵੀ ਜਰੂਰ ਬਣੇਗੀ,ਜਿਸ ਨੂੰ ਅਣਗੋਲਿਆਂ ਨਹੀ ਕੀਤਾ ਜਾ ਸਕਦਾ।ਬਿਨਾ ਸ਼ੱਕ ਜਥੇਬੰਦੀ ਕੁੱਝ ਅੰਦਰੂਨੀ ਵਿਰੋਧਾਂ ਦੇ ਬਾਵਜੂਦ ਅੱਗੇ ਵੱਧ ਰਹੀ ਹੈ ਅਤੇ ਉਹਨਾਂ ਵੱਲੋਂ ਆਪਣੇ ਜਥੇਬੰਦਕ ਢਾਂਚੇ ਦਾ ਵਿਸਥਾਰ ਵੀ ਕੀਤਾ ਜਾ ਰਿਹਾ ਹੈ,ਪਰ ਆਪਣਿਆਂ ਵੱਲੋਂ ਹੀ ਪੈਰ ਪੈਰ ਤੇ ਕੰਡੇ ਵਿਛਾਉਣੇ,ਰੁਕਾਵਟਾਂ ਖੜੀਆਂ ਕਰਨਾ ਸਾਡੀ ਕੌਂਮ ਦੀ ਫਿਤਰਤ ਰਹੀ ਹੈ।ਇਹ ਵਿਰੋਧ ਕੋਈ ਨਵੇਂ ਨਹੀਂ, ਬਲਕਿ ਮੁੱਢੋਂ ਹੀ ਸਾਡੀ ਕੌਮ ਦੇ ਨਾਲ ਨਾਲ ਚੱਲ ਰਹੇ ਹਨ।ਗੁਰੂ ਕਾਲ ਦੇ ਸਮੇ ਵੀ ਅਤੇ ਉਹਨਾਂ ਤੋਂ ਬਾਅਦ ਵੀ ਇਹ ਵਰਤਾਰਾ ਨਿਰੰਤਰ ਚੱਲਦਾ ਰਿਹਾ ਹੈ।ਬਾਬਾ ਬੰਦਾ ਸਿੰਘ ਬਹਾਦਰ ਦਾ ਪਹਿਲਾ ਖਾਲਸਾ ਰਾਜ ਕਦੇ ਨਾ ਜਾਂਦਾ ਜੇਕਰ ਬਾਵਾ ਵਿਨੋਦ ਸਿੰਘ ਵਰਗੇ ਆਪਣਿਆਂ ਦਾ ਸਾਥ ਛੱਡ ਕੇ ਦੁਸ਼ਮਣ ਨਾਲ ਨਾ ਮਿਲਦੇ।
ਏਸੇ ਤਰ੍ਹਾਂ ਸ਼ੇਰੇ ਪੰਜਾਬ ਦੇ ਜਾਣ ਤੋਂ ਬਾਅਦ ਜੋ ਹਸ਼ਰ ਦੂਜੇ ਵਿਸ਼ਾਲ ਖਾਲਸਾ ਰਾਜ ਦਾ ਹੋਇਆ ,ਉਹ ਵੀ ਕਿਸੇ ਤੋ ਲੁਕਿਆ ਛੁਪਿਆ ਹੋਇਆ ਨਹੀਂ ਹੈ।ਖਾਲਸਾ ਫੌਜਾਂ ਦੇ ਜਿੱਤ ਕੇ ਹਾਰਨ ਦੇ ਕਾਰਨ ਕੋਈ ਹੋਰ ਨਹੀਂ ਸਨ,ਬਲਕਿ ਆਪਣਿਆਂ ਦੀਆਂ ਗਦਾਰੀਆਂ ਕਾਰਨ ਕੰਨਿਆ ਕੁਮਾਰੀ ਤੋਂ ਜਮਰੌਦ ਤੱਕ ਫੈਲਿਆ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋ 10 ਸਾਲਾਂ ਦੇ ਅੰਦਰ ਅੰਦਰ ਤਹਿਸ ਨਹਿਸ ਹੋ ਗਿਆ। ਇਹ ਵੀ ਦੁਖਾਂਤ ਹੈ ਕਿ ਦੁਸ਼ਮਣ ਨਾਲ ਮਿਲਣ ਵਾਲਿਆਂ ਨੂੰ ਨਾ ਹੀ ਉਦੋਂ ਕੋਈ ਪਛਤਾਵਾ ਹੋਇਆ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਹਦੇ 740 ਸਿੰਘਾਂ ਸਮੇਤ ਕੈਦ ਕਰਕੇ ਦੋ ਹਜ਼ਾਰ ਤੋ ਵੱਧ ਸਿੱਖਾਂ ਦੇ ਸਿਰ ਵੱਢ ਕੇ ਨੇਜਿਆਂ ਤੇ ਟੰਗ ਕੇ ਉਹਨਾਂ ਦਾ ਜਲੂਸ ਕੱਢ ਕੇ ਦਿੱਲੀ ਵਿੱਚ ਘੁਮਾਇਆ ਸੀ ਅਤੇ ਨਾ ਹੀ ਉਦੋ ਹੋਇਆ ਜਦੋਂ ਖਾਲਸਾ ਰਾਜ ਖੋਹਣ ਸਮੇ ਸਿੱਖ ਕੌਮ ਦੇ ਆਖਰੀ ਬਾਲ ਬਾਦਸ਼ਾਹ ਮਹਾਰਾਜਾ ਦਲੀਪ ਸਿੰਘ ਨੂੰ ਗੋਰੇ ਹਾਕਮਾਂ ਵੱਲੋ ਚਲਾਕੀ ਨਾਲ ਤਖਤ ਤੋ ਲਾਹ ਕੇ ਆਪਣੇ ਵਤਨ,ਆਪਣੀ ਮਾਤਾ ਅਤੇ ਧਰਮ ਤੋ ਵੀ ਦੂਰ ਕਰ ਦਿੱਤਾ ਗਿਆ ਸੀ।ਲਾਹੌਰ ਦੇ ਕਿਲੇ ਤੋ ਖਾਲਸਾਹੀ ਝੰਡਾ ਉਤਾਰ ਕੇ ਯੂਨੀਅਨ ਜੈਕ ਦਾ ਝੰਡਾ ਚੜ੍ਹਾ ਦਿੱਤਾ ਗਿਆ ਸੀ। ਜੇਕਰ ਉਸ ਮੌਕੇ ਵੀ ਉਹਨਾਂ ਕੌਮ ਧਰੋਹੀਆਂ ਦੇ ਖੂਨ ਵਿਚ ਕੋਈ ਲਾਲ ਕਣ ਮੌਜੂਦ ਹੁੰਦਾ,ਉਹਨਾਂ ਨੂੰ ਕੀਤੇ ਤੇ ਪਛਤਾਵਾ ਹੋਇਆ ਹੁੰਦਾ, ਤਾਂ ਸਾਇਦ ਮੌਜੂਦਾ ਸਮੇ ਚ ਉਹਨਾਂ ਦੇ ਵਾਰਿਸ ਕਾਲ ਅੰਗਿਆਰੀਆਂ ਦੇ ਰੂਪ ਵਿਚ ਪੈਦਾ ਨਾ ਹੁੰਦੇ।ਸੋ ਅੱਜ ਵੀ ਜਦੋਂ ਕੋਈ ਕੌਮ ਦੇ ਹਿਤਾਂ ਦੀ ਗੱਲ ਕਰਦਾ ਹੈ,ਤਾਂ ਸਭ ਤੋਂ ਪਹਿਲਾਂ ਆਪਣਿਆਂ ਵੱਲੋਂ ਹੀ ਗਦਾਰੀਆਂ ਦੇ ਸਰਟੀਫਿਕੇਟ ਦਿੱਤੇ ਜਾਂਦੇ ਹਨ।ਇਹ ਵੀ ਕੌੜਾ ਸੱਚ ਹੈ ਕਿ ਸਿੱਖਾਂ ਵਿੱਚ ਸਹੀ ਰਸਤੇ ਤੇ ਚੱਲਣ ਲਈ ਸਿੱਖੀ ਸਿਧਾਂਤਾਂ ਤੇ ਪਹਿਰਾ ਦੇਣ ਦੀ ਗੱਲ ਕਰਨ ਵਾਲਿਆਂ ਨੂੰ ਖਤਮ ਕਰਨ ਲਈ ਉਹਨਾਂ ਤਾਣ ਹਕੂਮਤਾਂ ਨੂੰ ਨਹੀ ਲਾਉਣਾ ਪੈਂਦਾ,ਜਿੰਨਾਂ ਤਾਣ ਸਿੱਖ ਕੌਮ ਦੇ ਅੰਦਰ ਪੈਦਾ ਹੋਏ ਵਿਨੋਦ ਸਿੰਘ ਅਤੇ ਲਾਲ ਸਿੰਘ, ਪਹਾੜ ਸਿੰਘ ਵਰਗਿਆਂ ਦੇ ਵਾਰਿਸਾਂ ਦਾ ਆਪਣਿਆਂ ਨੂੰ ਖਤਮ ਕਰਨ ਜਾਂ ਕਰਵਾਉਣ ਲਈ ਲੱਗਦਾ ਹੈ। ਅਸਿਹ ਦਰਦ ਅਤੇ ਹੈਰਾਨੀ ਹੁੰਦੀ ਹੈ ਜਦੋਂ ਪਤਾ ਲੱਗਦਾ ਹੈ ਕਿ ਆਪਣੇ ਆਪ ਨੂੰ ਕੌਂਮ ਦੇ ਰਹਿਨੁਮਾ ਕਹਾਉਣ ਵਾਲੇ ਬੀਬੀਆਂ ਦਾਹੜਿਆਂ ਦੀ ਆੜ ਵਿੱਚ ਵਿਚਰਦੇ ਲੋਕ ਵੀ ਦੁਸ਼ਮਣ ਤਾਕਤਾਂ ਦੇ ਹੱਥਾਂ ਦੇ ਖਿਡਾਉਣੇ ਹਨ।ਸੁਨਣ ਵਿੱਚ ਇਹ ਵੀ ਆਇਆ ਹੈ ਕਿ “ਵਾਰਿਸ ਪੰਜਾਬ ਦੇ” ਜਥੇਬੰਦੀ ਦੇ ਮੁਖ ਸੇਵਾਦਾਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਭਾਰਤ ਆਉਣ ਤੋਂ ਰੋਕਣ ਲਈ ਕੁੱਝ ਆਪਣਿਆਂ ਨੇ ਹੀ ਕੰਡੇ ਵਿਛਾਉਣੇ ਸ਼ੁਰੂ ਕਰ ਦਿੱਤੇ ਹਨ,ਜਿਸ ਦੀ ਮੁਹਿੰਮ ਬਾਕਾਇਦਾ ਲੁਕ ਆਉਟ ਨੋਟਿਸ ਜਾਰੀ ਕਰਵਾ ਕੇ ਸੁਰੂ ਵੀ ਕਰਵਾ ਦਿੱਤੀ ਗਈ ਹੈ,ਇਹ ਵਰਤਾਰਾ ਬੇਹੱਦ ਮੰਦਭਾਗਾ ਅਤੇ ਕੌਮੀ ਕਾਰਜਾਂ ਵਿਚ ਰੁਕਾਵਟਾਂ ਪੈਦਾ ਕਰਕੇ ਕਲੰਕ ਖੱਟਣ ਵਾਲਾ ਹੈ। ਗੁਰਬਾਣੀ ਦਾ ਫੁਰਮਾਨ ਹੈ “ਹੋਇ ਇਕਤਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ।।”ਸੋ ਗੁਰਬਾਣੀ ਦਾ ਸਿਧਾਂਤ ਸਿੱਖਾਂ ਨੂੰ ਆਪਸੀ ਗਿਲੇ ਸ਼ਿਕਵੇ ਮਿਲ ਬੈਠ ਕੇ ਦੂਰ ਕਰਨ ਦੀ ਤਕੀਦ ਕਰਦਾ ਹੈ, ਪਰੰਤੂ,ਸਿੱਖ ਗੁਰੂ ਦੇ ਅਮਲਾਂ ਤੋ ਆਕੀ ਹੋ ਰਹੇ ਹਨ,ਇਹੋ ਕਾਰਨ ਹੈ ਕਿ ਸਿੱਖ ਬਹਾਦਰ ਕੌਮ ਹੋਣ ਦੇ ਬਾਵਜੂਦ ਵੀ ਖੁਆਰੀਆਂ ਝੱਲ ਰਹੇ ਹਨ।ਕੌਮ ਦੇ ਵਿਰੋਧ ਵਿਚ ਭੁਗਤਣ ਵਾਲਿਆਂ ਨੂੰ ਇਹ ਭਰਮ ਦਿਲ ਦਿਮਾਗ ਵਿਚੋ ਕੱਢ ਦੇਣਾ ਚਾਹੀਦਾ ਹੈ ਕਿ ਲੋਕ ਉਹਨਾਂ ਦੀਆਂ ਕੌਮ ਵਿਰੋਧੀ ਸਾਜਸ਼ਾਂ ਤੋ ਅਣਜਾਣ ਹਨ,ਕਿਉਂਕਿ ਜੇਕਰ ਪੁਰਾਣੇ ਇਤਿਹਸ ਵਿੱਚ ਚੰਗੇ ਮਾੜੇ ਕਿਰਦਾਰ ਹੂ ਬ ਹੂ ਦਰਜ ਹੋਏ ਹਨ,ਤਾਂ ਵਰਤਮਾਨ ਦੇ ਗੁਨਾਹ ਵੀ ਇਤਿਹਾਸ ਤੋਂ ਛੁਪੇ ਨਹੀ ਰਹਿ ਸਕਣਗੇ,ਇਸ ਲਈ ਉਹਨਾਂ ਦੀਆਂ ਕੌਮ ਵਿਰੋਧੀ ਸਾਜਿਸ਼ਾਂ ਦੇ ਬਜ਼ਰ ਗੁਨਾਹਾਂ ਦੀ ਸਜ਼ਾ ਉਹਨਾਂ ਦੀਆਂ ਕੁਲਾਂ ਨੂੰ ਬਦਨਾਮੀ ਦੇ ਰੂਪ ਵਿਚ ਭੁਗਤਣੀ ਪਵੇਗੀ। ਸੁਆਰਥਾਂ,ਪਦਾਰਥਾਂ ਚ ਅੰਨ੍ਹੇ ਹੋਏ ਵਿਅਕਤੀ ਇਤਿਹਾਸ ਕਲੰਕਤ ਕਰਨ ਦੇ ਗੁਨਾਹਗਾਰ ਬਣ ਜਾਂਦੇ ਹਨ,ਜਿਹਨਾਂ ਦੇ ਗੁਨਾਹਾਂ ਦਾ ਭਾਰ ਉਹਨਾਂ ਦੀਆਂ ਆਉਣ ਵਾਲੀਆਂ ਨਸਲਾਂ ਦੀ ਕੰਡ ਨੂੰ ਉੱਚੀ ਨਹੀ ਉੱਠਣ ਦੇਵੇਗਾ। ਜੇਕਰ ਮਾੜੀ ਭਾਵਨਾ ਦੇ ਸ਼ਿਕਾਰ ਵਿਅਕਤੀ ਗੁਰੂ ਦੇ ਭੈਅ ਵਿਚ ਰਹਿਣ ਦੀ ਜੀਵਨ ਜਾਚ ਸਿੱਖ ਲੈਣ,ਤਾਂ ਯਕੀਨਣ ਕੌਂਮ ਉਜਲੇ ਭਵਿੱਖ ਵੱਲ ਸਫਲ ਕਦਮ ਪੁੱਟ ਸਕਦੀ ਹੈ। ਦੀਪ ਸਿੱਧੂ ਦੇ ਸਤਿਕਾਰਯੋਗ ਚਾਚਾ ਜੀ ਸਮੇਤ ਉਹਨਾਂ ਦਾ ਸਮੁੱਚਾ ਪਰਿਵਾਰ ਹੀ ਸਤਿਕਾਰ ਦਾ ਪਾਤਰ ਹੈ,ਪਰੰਤੂ ਦੀਪ ਸਿੱਧੂ ਦੇ ਨਾਮ ਤੇ ਨਿੱਜੀ ਲਾਹਾ ਲੈਣ ਖਾਤਰ ਜਥੇਬੰਦੀ ਵਿਚ ਦੋਫੇੜ ਪਾਉਣ ਵਾਲਿਆਂ ਤੋ ਸੁਚੇਤ ਹੋਣ ਦੀ ਲੋੜ ਹੈ। ਵਾਰਿਸ ਪੰਜਾਬ ਦੇ” ਜਥੇਬੰਦੀ ਦੇ ਮੁੱਖ ਸੇਵਾਦਾਰ ਭਾਈ ਅੰਮ੍ਰਿਤਪਾਲ ਸਿੰਘ ਸਮੇਤ ਸਮੁੱਚੀ 16 ਮੈਂਬਰੀ ਕਮੇਟੀ ਦਾ ਵੀ ਫਰਜ ਬਣਦਾ ਹੈ ਕਿ ਉਹ ਦੀਪ ਸਿੱਧੂ ਦੇ ਪਰਿਵਾਰ ਨੂੰ ਬਣਦਾ ਮਾਣ ਸਤਿਕਾਰ ਦੇਣ ਲਈ ਸੁਹਿਰਦ ਹੋਣ,ਓਥੇ ਪੰਥਕ ਵਿਹੜੇ ਵਿਚ ਵਿਦਵਤਾ ਦਾ ਚਾਨਣ ਵੰਡ ਰਹੇ ਉਹ ਵਿਦਵਾਨ,ਜਿਹਨਾਂ ਨਾਲ ਦੀਪ ਦੀ ਸਾਂਝ ਰਹੀ ਹੈ,ਉਹ ਵੀ ਇਸ ਜਥੇਬੰਦੀ ਨੂੰ ਮਜਬੂਤ ਅਤੇ ਇੱਕਜੁੱਟ ਕਰਨ ਲਈ ਯਤਨ ਕਰਨ,ਤਾਂ ਕਿ ਦੀਪ ਦੇ ਕੌਮੀ ਜਜ਼ਬਿਆਂ ਨਾਲ ਲਵਰੇਜ਼ ਸੰਜੋਏ ਸੁਪਨਿਆਂ ਦੀ ਇਹ ਜਥੇਬੰਦੀ ਭਵਿੱਖ ਵਿਚ ਕੌਮ ਦੇ ਹਰਿਆਵਲ ਦਸਤੇ ਵਜੋ ਪਰਵਾਂਨ ਚੜ੍ਹ ਸਕੇ।
ਬਘੇਲ ਸਿੰਘ ਧਾਲੀਵਾਲ
99142-58142
Comments (0)