ਸੱਚ ਦੀ ਅਵਾਜ਼ ਬੁਲੰਦ ਕਰਨ ਵਾਲੇ ਕੌਮੀ ਯੋਧੇ ਦੀਪ ਸਿੱਧੂ ਦੀ ਮੌਤ ਇਕ ਪਹੇਲੀ  ਜਾਂ ਸੱਚ

ਸੱਚ ਦੀ ਅਵਾਜ਼ ਬੁਲੰਦ ਕਰਨ ਵਾਲੇ ਕੌਮੀ ਯੋਧੇ ਦੀਪ ਸਿੱਧੂ ਦੀ ਮੌਤ ਇਕ ਪਹੇਲੀ  ਜਾਂ ਸੱਚ

ਦੀਪ ਸਿੱਧੂ ਦੀ ਮੌਤ  ਕੁਦਰਤੀ ਮੌਤ ਹੈ ਜਾਂ ਫਿਰ ਇਸ ਨੂੰ ਇਕ ਕੁਦਰਤੀ ਮੌਤ ਬਣਾਇਆ ਗਿਆ

ਦੀਪ ਸਿੱਧੂ ਇੱਕ ਭਾਰਤੀ ਬੈਰਿਸਟਰ, ਅਭਿਨੇਤਾ ਸੀ ਜਿਸਨੇ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ ਸੀ। ਸਿੱਧੂ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਪੰਜਾਬੀ ਫਿਲਮ ਰਮਤਾ ਜੋਗੀ ਨਾਲ ਕੀਤੀ ਸੀ, ਜਿਸ ਨੂੰ ਅਭਿਨੇਤਾ ਧਰਮਿੰਦਰ ਨੇ ਆਪਣੇ ਬੈਨਰ ਵਿਜੇਤਾ ਫਿਲਮਜ਼ ਹੇਠ ਬਣਾਇਆ ਸੀ। ਇਸ ਤੋਂ ਬਾਅਦ ਵੀ ਦੀਪ ਸਿੱਧੂ ਨੇ ਅਨੇਕਾਂ ਫ਼ਿਲਮਾਂ ਵਿੱਚ ਕੰਮ ਕੀਤਾ ਤੇ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਮਨ ਮੋਹ ਲਿਆ ਸੀ । ਇਸ ਫ਼ਿਲਮੀ ਜਗਤ ਵਿੱਚ ਆਪਣੀ ਪਹਿਚਾਣ ਕਾਇਮ ਕਰਨ ਤੋਂ ਬਾਅਦ ਕਿਸਾਨੀ ਸੰਘਰਸ਼ ਦੌਰਾਨ ਉਸ ਦੀ ਪਹਿਚਾਣ ਇੱਕ ਕੌਮੀ ਯੋਧੇ ਦੇ ਰੂਪ ਵਿਚ ਹੋਈ ਜੋ ਹੁਣ ਸਦੀਵੀ ਸਮੇਂ ਲਈ ਲੋਕਾਂ ਦੇ ਮਨਾਂ ਵਿੱਚ ਵਸ ਗਈ ਹੈ ।

ਕਿਸਾਨੀ ਸੰਘਰਸ਼ ਦੌਰਾਨ ਜੋ ਦੀਪ ਸਿੱਧੂ ਨੂੰ ਪਹਿਚਾਣ ਮਿਲੀ ਬੇਸ਼ੱਕ ਕੁਝ ਲੋਕ ਉਸ ਦੇ ਖਿਲਾਫ ਹੋ ਗਏ ਸਨ ਪਰ ਅੱਧ ਤੋਂ ਵੱਧ ਲੋਕ ਫਿਰ ਵੀ ਉਸ ਦੇ ਨਾਲ ਖੜ੍ਹੇ ਸਨ । ਇਸ ਸਮੇਂ ਦੇ ਦੌਰਾਨ ਹੀ ਉਸ ਨੂੰ ਜੇਲ੍ਹ ਵੀ ਜਾਣਾ ਪਿਆ ਸੀ ਤੇ ਇਸ ਦੇ ਨਾਲ ਹੀ ਉਸ ਨੂੰ ਉਨ੍ਹਾਂ ਲੋਕਾਂ ਦੀ ਨਫ਼ਰਤ ਦਾ ਸ਼ਿਕਾਰ ਵੀ ਹੋਣਾ ਪਿਆ, ਜੋ ਉਸ ਦੀਆਂ ਭਾਵਨਾਵਾਂ ਨੂੰ ਨਹੀਂ ਸਮਝ ਸਕੇ ਸਨ ਪਰ ਜਿਵੇਂ ਜਿਵੇਂ ਲੋਕਾਂ ਵਿੱਚ ਉਹ ਵਿਚਰਦਾ ਗਿਆ ਲੋਕਾਂ ਨੂੰ ਉਸ ਦੀਆਂ ਗੱਲਾਂ ਸਮਝ ਆਉਣ ਲੱਗ ਪਈਆਂ ਸਨ ।

ਦੀਪ ਸਿੱਧੂ ਇਕ ਅਜਿਹਾ ਅਣਖੀਲਾ ਯੋਧਾ ਸੀ ਜੋ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੀ ਸੋਚ ਉੱਤੇ ਪਹਿਰਾ ਦੇ ਰਿਹਾ ਸੀ। ਉਹ ਜਦੋਂ ਵੀ ਲੋਕਾਂ ਦੇ ਸਾਹਮਣੇ ਰੂਬਰੂ ਹੁੰਦਾ ਤਾਂ ਉਸ ਦੀ ਜ਼ੁਬਾਨ ਉਤੇ ਇਕ ਗੱਲ ਹਮੇਸ਼ਾ ਰਹਿੰਦੀ ਹੁੰਦੀ ਸੀ ਕੀ ਅਸੀਂ ਜੋ ਲੜਾਈ ਲੜ ਰਹੇ ਹਾਂ ਉਹ ਸਾਡੀ ਹੋਂਦ ਦੀ ਲੜਾਈ ਹੈ, ਅਸੀਂ ਸਿੱਖ ਕੌਮ ਨੂੰ ਜਿਊਂਦਾ ਰੱਖਣ ਲਈ ਸੰਘਰਸ਼ ਕਰ ਰਹੇ ਹਾਂ । ਦੀਪ ਸਿੱਧੂ ਹਮੇਸ਼ਾ ਹੀ ਆਪਣੀਆਂ ਗੱਲਾਂ ਦਾ ਸਪੱਸ਼ਟੀਕਰਨ ਦੇਣ ਲਈ  ਸੋਸ਼ਲ ਮੀਡੀਆ ਉੱਤੇ ਲਾਈਵ ਹੁੰਦਾ ਰਹਿੰਦਾ ਸੀ ਤਾਂ ਜੋ ਲੋਕਾਂ ਨੂੰ ਉਸ ਦੀ ਸੋਚ ਦਾ ਪਤਾ ਲੱਗ ਸਕੇ ਤੇ ਜੋ ਲੋਕ ਉਸ ਦੇ ਬਾਰੇ ਗਲਤ ਪ੍ਰਚਾਰ ਕਰ ਰਹੇ ਸਨ ਉਨ੍ਹਾਂ ਦੀਆਂ ਗਤੀਵਿਧੀਆਂ ਬਾਰੇ ਲੋਕਾਂ ਨੂੰ ਜਾਣਕਾਰੀ ਦਿਤੀ ਜਾਵੇ। ਪਰ ਸਾਨੂੰ ਕਿ ਪਤਾ ਸੀ ਇਸ ਘੜੀ ਦਾ ਜਿਸ ਨੇ ਬੇਬਾਕ, ਸੂਝਵਾਨ ਤੇ ਜਜ਼ਬਾਤੀ ਯੋਧਾ ਸਾਡੇ ਕੋਲੋਂ ਖੋ ਲਿਆ।

ਪੰਜਾਬ ਨੂੰ ਬਚਾਉਣ ਲਈ ਉਸ ਨੇ ਆਪਣੇ ਐਸ਼ੋ ਆਰਾਮ ਛੱਡ ਦਿੱਤੇ, ਤੇ ਸਰਬੱਤ ਦਾ ਭਲਾ ਮੰਨਣ ਵਾਲਾ ਉਹ ਇਨਸਾਨ ਸਰਕਾਰਾਂ ਦੀ ਨਿਗ੍ਹਾ ਚੜ੍ਹ ਗਿਆ। ਅਸੀਂ ਸਭ ਜਾਣਦੇ ਆ ਕਿ ਭਰਤੀ ਸਿਆਸਤ ਸਦਾ ਉਹਨਾਂ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਂਦੀ ਹੈ ਜੋ ਬੇਬਾਕ ਕੌਮ ਲਈ ਆਵਾਜ਼ ਚੁੱਕਦੇ ਹਨ। ਦੀਪ ਨਾਲ ਵੀ ਇੰਝ ਹੀ ਹੋਇਆ, ਅਲੱਗ ਅਲੱਗ ਸਿਆਸਤਦਾਨਾਂ ਵਲੋਂ ਸਮੇਂ ਸਮੇਂ ਉਤੇ ਗ਼ਲਤ ਟਿੱਪਣੀਆਂ ਕੀਤੀਆਂ  ਗਈਆਂ  ਸਨ । ਜਿਨ੍ਹਾਂ ਦੇ ਆਪਣੇ ਚਿਹਰੇ ਖ਼ੁਦ ਬੇਨਕਾਬ ਹੁੰਦੇ ਨਜ਼ਰ ਆਏ । ਦੀਪ ਸਿੱਧੂ ਦੁਆਰਾ ਦਿੱਤੇ ਗਏ ਭਾਸ਼ਨਾਂ ਵਿੱਚ ਉਸ ਦੇ ਜਜ਼ਬਾਤ ਝਲਕਦੇ ਸਨ ,ਜੋ ਸਿੱਖ ਕੌਮ ਦੇ ਲਈ ਦਰਦ ਰੱਖਦੇ ਸਨ। ਉਹ ਹਮੇਸ਼ਾ ਪੰਜਾਬੀਆਂ ਦੇ ਅੰਦਰ ਇਕ ਚੀਜ਼ ਨੂੰ ਜਗਾਉਣਾ ਚਾਹੁੰਦਾ ਸੀ ਕਿ ਸਿੱਖ  ਇਤਿਹਾਸ ਨੂੰ ਵਾਚੋ, ਆਪਣੀ ਹੋਂਦ ਨੂੰ ਪਹਿਚਾਣੋ ਤਾਂ ਜੋ ਆਪਣੀ ਜੁਝਾਰੂ ਕੌਮ ਦਾ ਫ਼ਲਸਫ਼ਾ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸ ਸਕੀਏ ।

ਪਿਛਲੇ ਕੁਝ ਮਹੀਨਿਆਂ ਤੋਂ ਦੀਪ ਸਿੱਧੂ ਸਰਦਾਰ ਸਿਮਰਨਜੀਤ ਸਿੰਘ ਮਾਨ ਲਈ ਪ੍ਰਚਾਰ ਕਰ ਰਹੇ ਸਨ । ਬੇਸ਼ਕ ਪਹਿਲਾ 2019 ਦੌਰਾਨ ਗੁਰਦਾਸਪੁਰ ਹਲਕੇ ਵਿਚ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਨਾਲ ਚੋਣ ਪ੍ਰਚਾਰ ਕਰਦੇ ਸਮੇਂ ਚਰਚਾ ਦਾ ਕੇਂਦਰ ਬਣੇ ਸਨ। ਦੀਪ ਸਿੱਧੂ ਪੰਜਾਬ ਲਈ ਸੱਚਾ ਦਰਦ ਆਪਣੇ ਅੰਦਰ ਰੱਖਦਾ ਸੀ ਇਸ ਲਈ ਹੀ ਉਸ ਨੇ ਅਜਿਹੇ ਸਿਆਸਤਦਾਨਾਂ ਨੂੰ ਗ਼ਦਾਰ ਆਖਿਆ ਜੋ ਵੋਟਾਂ ਲਈ  ਤੇ ਹੁਕਮ ਚਲਾਉਣ ਲਈ ਰਾਜਨੀਤੀ ਕਰਦੇ ਹਨ । ਜਦੋਂ ਦੀਪ ਸਿੱਧੂ ਸਿਮਰਨਜੀਤ ਸਿੰਘ ਮਾਨ ਲਈ ਚੋਣ ਪ੍ਰਚਾਰ ਕਰ ਰਹੇ ਸਨ ਉਦੋਂ ਸਿੱਖ ਕੌਮ ਪ੍ਰਤੀ ਦਰਦ ਰੱਖਣ ਵਾਲਿਆਂ ਅੰਦਰ ਇੱਕ ਆਸ ਜਗ ਗਈ ਸੀ ਕੀ ਪੰਜਾਬ ਨੂੰ ਜਿੰਦੇ ਸੁੱਖੇ ਵਾਂਗ ਇੱਕ ਹੋਰ ਸੂਰਮਾ ਮਿਲ ਗਿਆ ਹੈ ਜੋ ਪੰਜਾਬ ਤੇ ਸਿੱਖੀ ਨੂੰ ਗੰਦੀ ਸਿਆਸਤ ਤੋਂ ਬਚਾ ਸਕਦਾ ਹੈ । ਪੰਜਾਬ ਤੋਂ ਬਾਹਰ ਰਹਿੰਦੇ ਹਰ ਇਕ ਪੰਜਾਬੀ ਦੀਆਂ ਅੱਖਾਂ ਅੱਜ ਨਮ ਹਨ ਜੋ ਖੁੱਲ੍ਹੇ ਆਸਮਾਨ ਵੱਲ ਤੱਕਦੀਆਂ ਹੋਈਆਂ ਸੋਗ ਦਾ ਹੋਕਾ ਦੇ ਰਹੀਆਂ ਹਨ। 

ਦੀਪ ਸਿੱਧੂ ਦੀ ਮੌਤ ਕੁਦਰਤੀ ਮੌਤ ਹੈ ਜਾਂ ਫਿਰ ਇਸ ਨੂੰ ਇਕ ਕੁਦਰਤੀ ਮੌਤ ਬਣਾਇਆ ਗਿਆ ਹੈ ।ਇਹ ਸਵਾਲ ਅੱਜ ਹਰ ਇਕ ਪੰਜਾਬੀ ਦੇ ਅੰਦਰ ਜਾਗ ਰਿਹਾ ਹੈ । ਕੁਦਰਤੀ ਮੌਤ ਬਣਾਇਆ ਗਿਆ ਹੈ ਇਹ ਇਸ ਲਈ ਆਖ ਰਹੀ ਹਾਂ ਕਿਉਂਕਿ ਅਸੀਂ ਸਭ ਜਾਣਦੇ ਹਾਂ ਕਿ ਕੋਈ ਵੀ ਐਕਸੀਡੈਂਟ ਹੁੰਦਾ ਹੈ ਤਾਂ  ਇੱਕ ਜਾਂ ਦੋ ਦਿਨ ਉਹ ਟਕਰਾਉਣ ਵਾਲੀਆਂ ਗੱਡੀਆਂ ਇੰਝ ਹੀ ਸੜਕਾਂ ਉੱਤੇ ਪਈਆਂ ਰਹਿੰਦੀਆਂ ਹਨ ਪਰ ਦੀਪ ਸਿੱਧੂ ਦੀ ਸਕੋਰਪੀਓ ਦਾ ਜਿਸ ਟੈਂਕਰ ਨਾਲ ਐਕਸੀਡੈਂਟ ਹੋਇਆ ਉਨ੍ਹਾਂ ਨੂੰ ਕੁਝ ਮਿੰਟਾਂ ਵਿਚ ਹੀ  ਸੜਕ ਤੋਂ ਚੁੱਕ ਕੇ ਕਿਨਾਰੇ ਕਰ ਦਿੱਤਾ ਗਿਆ । ਤੇ ਨਾਲ ਹੀ ਦੂਜਾ ਸਭ ਤੋਂ ਵੱਡਾ ਸਵਾਲ ਇਹ ਵੀ ਖੜ੍ਹਾ ਹੁੰਦਾ ਹੈ ਕਿ ਜਦੋਂ  ਕਿਸੇ ਵੀ ਗੱਡੀ ਦਾ ਐਕਸੀਡੈਂਟ ਹੁੰਦਾ ਹੈ ਤਾਂ ਉਸ ਵਿਚਲੇ  ਜੋ ਵੀ ਇਨਸਾਨ ਹੁੰਦੇ ਹਨ ਉਨ੍ਹਾਂ ਦੇ ਕੁਝ ਨਾ ਕੁਝ ਸੱਟਾਂ ਜ਼ਰੂਰ ਵੱਜਦੀਆਂ ਹਨ  ਪਰ ਜੋ ਬੀਬੀ ਦੀਪ ਸਿੱਧੂ ਨਾਲ ਬੈਠੀ ਹੋਈ ਸੀ ਉਸ ਦੇ ਇਕ ਝਰੀਟ ਤੱਕ ਨਹੀਂ ਲੱਗੀ ਜੋ ਸਭ ਤੋਂ ਵੱਡਾ ਸ਼ੱਕ ਪੈਦਾ ਕਰਦੀ ਹੈ ਕਿ ਇਹ ਇਕ ਕੁਦਰਤੀ ਮੌਤ ਨਹੀਂ ਸਗੋਂ ਇਸ ਨੂੰ ਕੁਦਰਤੀ ਮੌਤ ਬਣਾਇਆ ਗਿਆ ਹੈ । ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਵਾਇਰਲ ਹੋ ਰਹੀਆਂ ਤਸਵੀਰਾਂ ਵੀਡੀਓ ਜੇਕਰ ਅਸੀਂ ਧਿਆਨ ਨਾਲ ਵੇਖੀਏ ਤਾਂ ਸਾਨੂੰ ਪਤਾ ਲੱਗਦਾ ਹੈ ਕੀ ਕਿਤੇ ਨਾ ਕਿਤੇ ਕੋਈ ਰਾਜ਼ ਛੁਪਿਆ ਜ਼ਰੂਰ ਹੋਇਆ ਹੈ । ਜਿਨ੍ਹਾਂ ਵੀਰਾਂ ਨੇ  ਸੋਸ਼ਲ ਮੀਡੀਆ ਉਤੇ ਲਾਈਵ ਹੋ ਕੇ ਦੀਪ ਸਿੱਧੂ ਦੀ  ਮੌਤ ਦੀ ਖਬਰ ਦਿੱਤੀ ਸੀ ਉਨ੍ਹਾਂ ਨੇ ਵੀ ਇਹ ਸ਼ੱਕ ਜ਼ਾਹਿਰ ਕੀਤਾ ਹੈ  ਕੀ ਕਿਤੇ ਨਾ ਕਿਤੇ  ਇਸ ਨੂੰ ਕੁਦਰਤੀ ਮੌਤ ਬਣਾਇਆ ਗਿਆ ਹੈ  ਉਨ੍ਹਾਂ ਨੇ ਪ੍ਰਸ਼ਾਸਨ ਵੱਲੋਂ ਮੰਗ ਵੀ ਕੀਤੀ ਹੈ  ਕੀ ਇਸ ਦੀ ਡੂੰਘਾਈ ਵਿਚ ਜਾਂਚ ਪੜਤਾਲ ਹੋਵੇ ।

ਸਾਡੇ ਸਭ ਲਈ ਲੜਨ ਵਾਲਾ ਦੀਪ ਸਿੱਧੂ ਜੇਕਰ ਇਸ ਤਰ੍ਹਾਂ ਸਾਡੇ ਵਿਚੋਂ ਚਲਿਆ ਜਾਵੇ ਤਾਂ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਉਸ ਦੀ ਇਸ ਬੇ ਵਕਤੀ ਮੌਤ ਉੱਤੇ ਜਾਂਚ ਪੜਤਾਲ ਕਰੀਏ  ਤਾਂ ਜੋ ਅਸਲ ਸੱਚ ਸਾਹਮਣੇ ਆ ਸਕੇ । ਅਸੀਂ ਸਭ ਜਾਣਦੇ ਹਾਂ ਕਿ ਦੀਪ ਸਿੱਧੂ ਕਈਆਂ ਦੀ ਅੱਖ ਦਾ ਤਾਰਾ ਹੋਣ ਦੇ ਨਾਲ ਨਾਲ ਕੁਝ ਕੁ ਲੋਕਾਂ ਦੀਆਂ ਅੱਖਾਂ ਵਿਚ ਰੜਕ ਵੀ ਰਿਹਾ ਸੀ । ਅਸੀਂ ਅਕਾਲ ਪੁਰਖ ਦਾ ਭਾਣਾ ਤਾਂ ਇਸ ਨੂੰ ਮੰਨ ਸਕਦੇ ਹਾਂ ਪਰ ਅਜਿਹੀ ਮੌਤ ਉੱਤੇ ਵਿਸ਼ਵਾਸ ਨਹੀਂ ਕਰ ਸਕਦੇ ਜੋ ਦੀਪ ਸਿੱਧੂ ਨੂੰ ਮਿਲੀ ਹੈ ।ਕਿਸੇ ਨੇ ਸੱਚ ਹੀ ਆਖਿਆ ਹੈ ਕਿ ਫੁੱਲਾਂ ਦੀ ਉਮਰ ਬਹੁਤ ਥੋੜ੍ਹੀ ਹੁੰਦੀ ਹੈ ਅਤੇ ਕੰਡਿਆਂ ਦੀ ਉਮਰ ਲੰਬੀ ਹੁੰਦੀ ਹੈ  ।

 

ਸਰਬਜੀਤ ਕੌਰ ਸਰਬ