ਉੱਤਰ ਪਾਸੇ ਢਾਬ ਸੁਣੀਂਦੀ, ਵੱਸਦੇ ਸੀ ਤਿੰਨ ਬਾਬੇ

ਉੱਤਰ ਪਾਸੇ ਢਾਬ ਸੁਣੀਂਦੀ, ਵੱਸਦੇ ਸੀ ਤਿੰਨ ਬਾਬੇ

ਸਭਿਆਚਾਰ

ਅਵਤਾਰ ਸਿੰਘ ਬਿਲਿੰਗ

ਪੰਜਾਬ ਦੀ ਕੁਦਰਤੀ ਢਲਾਣ ਉੱਤਰ ਪੂਰਬ ਤੋਂ ਦੱਖਣ ਪੱਛਮ ਵੱਲ ਹੈ। ਸਾਡੇ ਉੱਤਰ ਪੂਰਬ ਵਿਚ ਨੇੜਲੇ ਪਿੰਡ ਸਰਵਰਪੁਰ ਤੇ ਬਘੌਰ ਵੱਲੋਂ ਸਤਲੁਜ ਦੀ ਇਕ ਬਰਸਾਤੀ ਧਾਰਾ ਇਧਰ ਨੂੰ ਵਗਦੀ। ਟਿੱਬਿਆਂ ਵੱਲੋਂ ਆਉਂਦਾ ਪਾਣੀ ਜਿਸ ਨੂੰ ਰੌਅ ਆਖਦੇ, ਪਿੰਡ ਵਿਚ ਆ ਵੜਦਾ, ਅੱਗੇ ਨਿਕਲ ਜਾਂਦਾ। ਸ਼ਾਇਦ ਇਸ ਕਾਰਨ ਹੀ ਪਿੰਡ ਦੇ ਵਡੇਰਿਆਂ ਨੇ ਉੱਤਰ ਵੱਲ ਪਿੰਡ ਦੇ ਨਾਲੋ ਨਾਲ 40 ਏਕੜ ਵਿਸ਼ਾਲ ਟੋਭਾ ਛੱਡਿਆ ਹੋਵੇ। ਸੱਤਰਵਿਆਂ ਤੱਕ ਪਿੰਡ ਦੇ ਲੋਕ ਹਰ ਗਰਮੀ ਵਿਚ ਜਦੋਂ ਟੋਭਾ ਲਗਭਗ ਸੁੱਕਾ ਹੁੰਦਾ, ਪੇਤਲੇ ਪਾਣੀ ਵਿਚੋਂ ਗਾਰਾ ਕੱਢਦੇ। ਉੱਥੇ ਹੀ ਘਾਣੀ ਮਿੱਧਦੇ। ਬਾਰੀਕ ਤੂੜੀ ਮਿਲਾ ਕੇ ਖ਼ੂਬ ਮਿਧਾਈ ਕਰਦੇ। ਸਿਰਾਂ ਉੱਤੇ ਘਰ ਢੋਂਹਦੇ। ਆਪਣੇ ਕੱਚੇ ਬਨੇਰੇ ਤੇ ਮਕਾਨ ਲਿੱਪਦੇ। ਇਹ ਹਰ ਸਾਲ ਦੀ ਲੋੜ ਅਤੇ ਔਖਾ ਕਾਰਜ ਸੀ ਜੋ ਹਰ ਨੂੰਹ ਧੀ ਨੂੰ ਕਰਨਾ ਪੈਂਦਾ। ਏਨਾ ਬੰਦੋਬਸਤ ਕਰਨ ਦੇ ਬਾਵਜੂਦ ਮੀਂਹ ਪੈਂਦੇ ਵਿਚ ਕੋਠੇ ਉੱਤੇ ਚੜ੍ਹ ਕੇ ਗਲ਼ੀਆਂ ਮੁੰਦਣੀਆਂ ਪੈਂਦੀਆਂ। ਲੋਕ ਗੀਤ ਬਣਿਆ ਸੀ:

ਜਿੱਥੇ ਲਿੱਪਣੇ ਨਾ ਪੈਣ ਬਨੇਰੇ

ਪੱਕਾ ਘਰ ਟੋਲ਼ੀਂ ਬਾਬਲਾ

ਟੋਭੇ ਦਾ ਫ਼ਾਇਦਾ ਸੀ। ਇੱਥੇ ਤਰੇੜਾਂ ਫਟਦੀਆਂ ਤਾਂ ਲੋਕ ਡਲ਼ੇ ਜਾਂ ਢੀਮਾਂ ਪੁੱਟ ਕੇ ਰੇਤਲੇ ਖੇਤਾਂ ਵਿਚ ਪਾਉਂਦੇ, ਜ਼ਮੀਨ ਦੀ ਤਾਸੀਰ ਬਦਲਦੇ, ਮਾਰੂ ਤੋਂ ਉਪਜਾਊ ਬਣਾ ਦਿੰਦੇ। ਪੁਰਾਣੇ ਸਮੇਂ ਵਿਚ ਉਨ੍ਹਾਂ ਡਲ਼ਿਆਂ ਨੂੰ ਘੜ ਕੇ ਪੱਧਰ ਕਰਦੇ ਅਤੇ ਗਾਰੇ ਵਿਚ ਚਿਣਦੇ, ਮਕਾਨ ਦੀਆਂ ਦੀਵਾਰਾਂ ਉਸਾਰ ਲੈਂਦੇ। ਸੋ ਪਿੰਡ ਦੇ ਸਾਰੇ ਮਕਾਨ ਇਸ ਵਿਸ਼ਾਲ ਟੋਭੇ ਵਿਚੋਂ ਬਣੇ ਸਨ। ਉਨ੍ਹਾਂ ਦਾ ਗਾਰਾ ਮੀਂਹ ਨਾਲ ਉਤਰ ਕੇ ਮੁੜ ਟੋਭੇ ਵਿਚ ਆ ਜਾਂਦਾ। ਇਸ ਲਈ ਹਰ ਸਾਲ ਟੋਭਾ ਪੁੱਟਣਾ ਜ਼ਰੂਰੀ ਹੁੰਦਾ। ਮੇਲਿਆਂ ਉੱਤੇ ਮਿੱਟੀ ਕੱਢਣਦਾ ਅਸਲ ਕਾਰਨ ਵੀ ਇਹ ਸੀ। ਪਾਣੀ ਦੇ ਸਰੋਤ ਨੂੰ ਡੂੰਘਾ ਕਰਨਾ ਅਤੇ ਮਿੱਟੀ ਪੁੱਟ ਕੇ ਉਸ ਦੇ ਕਿਨਾਰੇ ਖੜ੍ਹੇ ਦਰਖਤਾਂ ਦੁਆਲੇ ਲਗਾਉਣੀ।ਪਾਣੀ ਦੀ ਅਣਹੋਂਦ ਮੌਕੇ ਏਹੀ ਨਹਾਉਣ ਧੋਣ, ਡੰਗਰ ਪਸ਼ੂ ਨੂੰ ਪਾਣੀ ਪਿਲਾਉਣ ਦਾ ਸਾਧਨ ਹੁੰਦਾ। ਲੋਕ ਟੋਭਿਆਂ ਦਾ ਪਾਣੀ ਪੀਂਦੇ। ਜਲ ਨੂੰ ਗੰਦਾ ਕਰਨਾ ਪਾਪ ਸਮਝਦੇ। ਜਿੱਥੇ ਕਿਸੇ ਛੋਟੀ ਛੱਪੜੀ ਵਿਚ ਗੰਦ ਪੈਣ ਨਾਲ ਕੂਰੇ ਜਾਂ ਪਾਣੀ ਦੇ ਸਫ਼ੈਦ ਸੁੰਡ ਪੈਦਾ ਹੋ ਜਾਂਦੇ, ਪਿੰਡ ਤੋਂ ਦੂਰ ਰੋਹੀ ਬੀਆਬਾਨ ਵਿਚ ਡੰਗਰ ਚਰਾਉਂਦੇ ਪਾਲ਼ੀ, ਉਸ ਛੱਪੜੀ ਵਿਚ ਦੁਪੱਟਾ ਵਿਛਾਉਂਦੇ, ਮੂਧੇ ਹੋ ਕੇ ਉਸ ਕੱਪੜੇ ਉੱਤੇ ਮੂੰਹ ਰੱਖ ਕੇ ਪਾਣੀ ਨੂੰ ਪਵਿੱਤਰ ਸਮਝਦੇ, ਪਿਆਸ ਬੁਝਾਉਂਦੇ।ਇਸ ਵੱਡੇ ਟੋਭੇ ਦੇ ਅੰਦਰ ਮਿੱਟੀ ਨਾਲ ਘੇਰਾਬੰਦੀ ਕਰ ਕੇ ਵਡਾਰੂਆਂ ਨੇ ਇਕ ਤਲਾਬ ਵੱਖਰਾ ਬਣਾਇਆ ਸੀ। ਉਸ ਦੇ ਦੁਆਲੇ ਬਰੋਟੇ ਪਿੱਪਲ ਅੰਬ ਜਾਮਣਾਂ ਨੇ ਹਨੇਰਾ ਕੀਤਾ ਹੋਇਆ ਸੀ। ਬਾਵੇ ਕੇਹਰੂ ਦੀਆਂ ਲਾਈਆਂ ਜਾਮਣਾਂ ਸਨ। ਇਨ੍ਹਾਂ ਵਿਚੋਂ ਇਕ ਦੋ ਝੁਕ ਕੇ ਪਾਣੀ ਨਾਲ ਲੱਗਦੀਆਂ ਜਿੱਥੋਂ ਬਰਸਾਤ ਵਿਚ ਮੱਝਾਂ ਨਹਾਉਂਦੇ ਜਵਾਕ ਜਾਮਣਾਂ ਖਾਂਦੇ, ਡੰਡ ਪਲਾਂਘੜਾ ਖੇਡਦੇ। ਕੂਕਿਆਂ ਦੇ ਅੰਬ ਵੀ ਬੜੇ ਭਾਰੀ ਸਨ।ਜਾਮਣਾਂ ਤੇ ਅੰਬਾਂ ਦੇ ਵਿਚਕਾਰ ਚੜ੍ਹਦੀ ਤਰਫ਼ ਦੇਖਦੀਆਂ ਪੱਕੀਆਂ ਪੌੜੀਆਂ ਬਾਬਾ ਮਾਘੀ ਨੇ ਪੁੰਨ ਅਰਥ ਬਣਵਾਈਆਂ ਸਨ। ਪੌੜੀਆਂ ਦੇ ਸਿਖਰ ਦੋਹਾਂ ਨੁੱਕਰਾਂ ਵਿਚ ਸ਼ਿਵ ਲਿੰਗ ਸਥਾਪਤ ਕੀਤੇ ਹੋਏ ਸਨ। ਗੋਲ ਚੁੱਘੀਆਂ ਵਿਚ ਉੱਪਰ ਵੱਲ ਸਿੱਧੇ ਖੜ੍ਹੇ ਠਾਕਰ! ਇਹ ਮਹਾਜਨਾਂ ਦਾ ਪੂਜਾ ਸਥਾਨ ਸੀ। ਇੱਥੇ ਪੌੜੀਆਂ ਉੱਤੇ ਲੋਕ ਕੱਪੜੇ ਧੋਂਦੇ ਤੇ ਨਹਾਉਂਦੇ। ਪੁਰਾਣੇ ਜ਼ਮਾਨੇ ਵਿਚ ਕਿਸੇ ਘਰ ਜਦੋਂ ਕੋਈ ਮੌਤ ਹੋ ਜਾਂਦੀ ਤਾਂ ਦਸਵੇਂ ਦਿਨ ਉਸ ਦੀ ਬਰਾਦਰੀ ਦੀਆਂ ਔਰਤਾਂ ਇੱਥੇ ਨਹਾਉਂਦੀਆਂ, ‘ਦਸਾਹੀਦੀ ਰਸਮ ਨਿਭਾਉਂਦੀਆਂ। ਬੰਦੇ ਗੁਰੂਘਰ ਦੀਆਂ ਟੂਟੀਆਂ ਉੱਪਰ ਨਹਾਉਂਦੇ।

ਇਹ ਟੋਭਾ ਜਦੋਂ ਬਰਸਾਤ ਵਿਚ ਚੜ੍ਹ ਜਾਂਦਾ ਤਾਂ ਭਿਆਨਕ ਰੂਪ ਧਾਰ ਲੈਂਦਾ। ਪਿੰਡ ਦੇ ਉੱਤਰ ਵੱਲ ਜਿਵੇਂ ਕੋਈ ਬਹੁਤ ਚੌੜੇ ਪਾਟ ਵਾਲਾ ਦਰਿਆ ਵਗ ਰਿਹਾ ਹੋਵੇ। ਮੱਝਾਂ ਮਗਰ ਆਏ ਜਵਾਕ ਇੱਥੇ ਡੁੱਬ ਜਾਂਦੇ। ਟੋਭੇ ਦੇ ਰੂਪ ਵਿਚ ਖੁਆਜਾ ਦੇਵਤਾ ਹਰ ਸਾਲ ਇਕ ਬਲੀ ਲੈਂਦਾ। ਡੁੱਬਣ ਵਾਲੇ ਹਾਦਸੇ ਏਨੇ ਵਾਪਰਦੇ ਕਿ ਲੋਕਾਂ ਵਿਚ ਆਮ ਵਿਸ਼ਵਾਸ ਬਣ ਗਿਆ ਸੀ।ਉਦੋਂ ਤੱਕ ਇਸ ਦਾ ਪਾਣੀ ਏਨਾ ਨਿਰਮਲ ਹੁੰਦਾ ਕਿ ਕੰਢੇ ਖੜ੍ਹੇ ਬੰਦੇ ਦਾ ਸ਼ੀਸ਼ੇ ਵਾਂਗ ਮੂੰਹ ਦਿਸਦਾ। ਪਿੰਡ ਵਿਚ ਮੱਛੀ ਮੋਟਰਾਂ ਲੱਗਣ ਨਾਲ ਪਾਣੀ ਦੀ ਆਮਦ ਏਨੀ ਵਧ ਗਈ ਹੈ ਕਿ ਹੁਣ ਇਹ ਦਰਸ਼ਨੀ ਟੋਭਾ ਕਦੇ ਨਹੀਂ ਸੁੱਕਦਾ। ਗੰਧਲਿਆ ਪਾਣੀ ਬਦਬੂ ਮਾਰਦਾ ਹੈ। ਪਿੰਡ ਦੇ ਸ਼ਾਇਰ ਰਾਜਿੰਦਰ ਸਿੰਘ ਸੇਹਦੀ ਟਿੱਪਣੀ ਗੌਲਣਯੋਗ ਹੈ:

ਜਲ ਨਿਰਮੈਲ਼ ਹੁੰਦਾ ਸੀ ਜੋ ਢਾਬ ਦਾ

ਹੁਣ ਰੂਪ ਧਾਰਿਆ ਜ਼ਹਿਰੀਲੇ ਆਬ ਦਾ।

ਇਸ ਢਾਬ ਕੰਢੇ ਤਿੰਨ ਵਿਰਕਤ ਬਾਬੇ ਵਿਚਰਦੇ ਰਹੇ ਹਨ। ਬਾਵਾ ਕੇਹਰੂ, ਬਾਬਾ ਬੱਗੂ ਤੇ ਬੋਅਲੀ ਗੁੱਜਰ। ਬਾਵਾ ਕੇਹਰੂ ਭਗਵੇਂ ਬਸਤਰ ਪਹਿਨਦਾ। ਨੇੜੇ ਹੀ ਲਗਾਈ ਆਪਣੀ ਫੁਲਵਾੜੀ ਵਿਚ ਬੈਠ ਕੇ ਭਗਵਤ ਪੁਰਾਣ, ਮਹਾਂਭਾਰਤ ਪੜ੍ਹਦਾ। ਗਰਮੀਆਂ ਵਿਚ ਔੜ ਲੱਗਦੀ ਤਾਂ ਉਹ ਢੀਂਗਲੀ ਨਾਲ ਟੋਭੇ ਵਿਚੋਂ ਡੱਲ ਮਾਰ ਕੇ ਬਾੜੀ ਸਿੰਜਦਾ। ਉਸ ਬਾੜੀ ਵਿਚੋਂ ਚਮੇਲੀ ਦੀ ਵਾਸ਼ਨਾ ਆਉਂਦੀ। ਬਰਸਾਤ ਵਿਚ ਜਦੋਂ ਅੰਬ ਪੱਕਦੇ ਰਸਦੇ ਤਾਂ ਅੰਬਾਂ ਦੀ ਖੁਸ਼ਬੋ ਮਨਾਂ ਨੂੰ ਮੋਹ ਲੈਂਦੀ। ਇਸ ਤੋਂ ਪਹਿਲਾਂ ਹਾੜ੍ਹ ਦੇ ਮਹੀਨੇ ਬਦਾਮੀ ਰੰਗ ਦੇ ਮੋਟੇ ਕਾਬਲੀ ਨਸੂਹੜੇ ਵੀ ਮਹਿਕਾਂ ਛੱਡਦੇ, ਬਹੁਤ ਮਿੱਠੇ ਹੁੰਦੇ ਜਿਨ੍ਹਾਂ ਨੂੰ ਤੋੜਨ ਦੀ ਸਭ ਨੂੰ ਖੁੱਲ੍ਹ ਹੁੰਦੀ। ਪਰ ਵਾੜ ਕੀਤੀ ਵਾੜੀ ਵਿਚੋਂ ਫਲ਼ ਤੋੜਨਾ ਜਾਂ ਅੰਦਰ ਵੜਨਾ ਉਵੇਂ ਹੀ ਮਨ੍ਹਾਂ ਸੀ ਜਿਵੇਂ ਅੰਗਰੇਜ਼ੀ ਦੀ ਮਸ਼ਹੂਰ ਕਹਾਣੀ ਸੈਲਫਿਸ਼ ਜੈਂਟਵਿਚ ਦਾਖ਼ਲ ਹੋਣ ਉੱਤੇ ਦੈਂਤ ਵੱਲੋਂ ਪੱਕੀ ਪਾਬੰਦੀ ਸੀ।ਦੂਜਾ ਸੀ ਬਾਬਾ ਬੱਗੂ। ਇਹ ਉਹ ਧਰਮਾਤਮਾ ਕਿਸਮ ਦਾ ਵਿਅਕਤੀ ਸੀ ਜਿਹੜਾ ਜੱਟਾਂ ਜ਼ਿਮੀਂਦਾਰਾਂ ਨੂੰ ਬਲਦਾਂ ਉੱਤੇ ਤਰਸ ਕਰਨ ਦੀ ਨਸੀਹਤ ਦਿੰਦਾ। ਘੱਟ ਭਾਰ ਲੱਦਣ, ਪੰਡਾਂ ਆਪ ਢੋਹਣ ਲਈ ਆਖਦਾ, ਹਰ ਮਹੀਨੇ ਇਕ ਦਿਨ ਦੀ ਬਲਦਾਂ ਨੂੰ ਛੁੱਟੀ ਕਰਵਾਉਂਦਾ ਜਿਸ ਨੂੰ ਇਕਾਦਸ਼ੀ ਛੱਡਣਾ ਆਖਦੇ। ਉਹ ਚੰਦਰਮਾ ਦੀ ਗਿਆਰਵੀਂ ਚਾਨਣੀ ਤਿੱਥ ਹੁੰਦੀ। ਜਿਹੜਾ ਇਕਾਦਸ਼ੀ ਨਾ ਛੱਡਦਾ, ਬਾਬਾ ਕਈ ਵਾਰ ਉਸ ਦੇ ਗੱਡੇ ਦੀ ਪਿੰਜਣੀ ਕੱਢ ਕੇ ਕਿਧਰੇ ਲੁਕਾਅ ਦਿੰਦਾ। ਗੱਡੇ ਦਾ ਜੂਲ਼ਾ ਖੋਲ੍ਹ ਕੇ ਲੈ ਜਾਂਦਾ। ਰਾਤ ਨੂੰ ਪਿੰਡ ਦੀ ਜਲਸਾ ਮੰਡਲੀ ਨਾਲ ਸ਼ੌਕੀਆ ਬੋਲੀਆਂ ਪਾਉਂਦਾ, ਠੁੰਮਰੇ ਵਜਾਉਂਦਾ। ਉਸ ਨੂੰ ਯਾਦ ਕਰਦਾ ਕੋਈ ਵਡੇਰਾ ਹੁਣ ਵੀ ਕਦੇ ਕਦਾਈਂ ਇਹ ਬੋਲੀ ਪਾ ਦਿੰਦਾ:

ਬਾਬਾ ਬੱਗੂ ਪੱਛੜ ਗਿਆ / ਜਲਸਾ ਹੋਵੇ ਠੁੰਮਰਿਆਂ ਤੋਂ ਬਾਹਰਾ।

ਤੀਜਾ ਸੀ ਮੁਸਲਮਾਨ ਗੁੱਜਰ ਬਾਬਾ ਬੋ ਅਲੀ। ਉਹ ਆਪੇ ਰੰਗੀ ਉਨਾਭੀ ਪੱਗ ਬੰਨ੍ਹਦਾ। ਪਿੰਡ ਦਾ ਵੱਗ ਚਰਾਉਂਦਾ। ਗਊਆਂ, ਮੱਝਾਂ ਦਾ ਪਾਲ਼ੀ ਜੋ ਚੌਣਾ ਚਾਰਦਾ। ਸਾਰੇ ਪਿੰਡ ਦੀਆਂ ਲਵੇਰੀਆਂ, ਝਾੜਾਂ ਵਾਲੇ ਬਰੋਟੇ ਹੇਠ ਇਕੱਠੀਆਂ ਹੁੰਦੀਆਂ। ਉਸ ਦੇ ਨੇੜੇ ਹੀ ਬਾਵੇ ਦੀ ਬਾੜੀ ਸੀ ਅਤੇ ਬਾਬਾ ਬੋਅਲੀ, ਬਾਵਾ ਕੇਹਰੂ ਅਤੇ ਬਾਬਾ ਬੱਗੂ ਦੀ ਤ੍ਰਿਕੜੀ ਵੱਲੋਂ ਆਪੇ ਲਾਹੀ ਖੂਹੀ ਵੀ। ਉਸ ਦੇ ਆਸੇ ਪਾਸੇ ਦੋ ਚੂਨੇ-ਗੱਚ ਕੁੰਡਾਂ। ਇਕੱਲੀ ਇਕੱਲੀ ਲਵੇਰੀ ਦੀ ਪਛਾਣ ਰੱਖਦਾ ਪਿੰਡ ਦਾ ਪਾਲ਼ੀ ਬੋਅਲੀ ਕੂਲੇ ਦੁਪਹਿਰੇ ਵੱਗ ਛੇੜਦਾ। ਜਿਹੜਾ ਆਪਣੇ ਆਪ ਬਾਗ਼ ਵੱਲ ਸਿੱਧਾ ਹੋ ਜਾਂਦਾ। ਸ਼ਾਮ ਦੇ ਚਾਰ ਵਜੇ ਤੋਂ ਬਾਅਦ ਝਿੜੀ ਵਿਚੋਂ ਘਾਹ ਚਰ ਕੇ ਮੁੜੀਆਂ ਸਾਰੀਆਂ ਮੱਝਾਂ ਗਊਆਂ ਵੱਛੀਆਂ ਕੱਟੀਆਂ ਵਾਪਸ ਆਪੋ ਆਪਣੀ ਖੁਰਲੀ ਉੱਤੇ ਪਹੁੰਚ ਜਾਂਦੀਆਂ। ਬਾਬਾ ਬੋਅਲੀ ਨੂੰ ਹਰੇਕ ਪਸ਼ੂ ਚਾਰਨ ਬਦਲੇ ਮਿੱਥੇ ਹੋਏ ਦਾਣੇ ਹਰ ਛਿਮਾਹੀ ਮਾਲਕ ਨੇ ਦੇਣੇ ਹੁੰਦੇ। ਛਿਮਾਹੀ ਨਾ ਦੇਣ ਦੇ ਇੱਛੁਕ ਘਰਾਂ ਦੇ ਕਿੰਨੇ ਹੋਰ ਮੁੰਡੇ ਕੁੜੀਆਂ ਆਪਣੇ ਪਸ਼ੂਆਂ ਨਾਲ ਆਪ ਜਾਂਦੇ। ਸੰਭਾਲ ਕਰਦੇ। ਬਾਬਾ ਬੋਅਲੀ ਨੇ ਪਾਕਿਸਤਾਨ ਬਣਨ ਵੇਲੇ ਵੀ ਲਹਿੰਦੇ ਪੰਜਾਬ ਜਾਣ ਤੋਂ ਇਨਕਾਰ ਕਰ ਦਿੱਤਾ। ਨਾ ਹੀ ਉਸ ਨੇ ਡਰਦਿਆਂ ਆਪਣਾ ਦੀਨ ਧਰਮ ਬਦਲਿਆ। ਉਹ ਗਊਆਂ ਤੇ ਲਵੇਰੀਆਂ ਚਰਾਉਣ ਵਾਲਾ ਨਗਰ ਦਾ ਸੇਵਾਦਾਰ ਸੀ। ਉਸ ਨੂੰ ਕਿਸੇ ਨੇ ਡਰਾਇਆ ਧਮਕਾਇਆ ਵੀ ਨਹੀਂ। ਇਹ ਬਾਬਾ ਬਾਅਦ ਵਿਚ ਸ਼ਾਦੀ ਰਾਜਪੂਤ ਦੇ ਘਰ ਰਹਿੰਦਾ ਜਾਂ ਮਹੌਣ ਪਿੰਡ ਵਿਚ ਜਾ ਟਿਕਦਾ। ਜਦੋਂ 1975 ਵਿਚ ਉਹ ਇਕ ਸ਼ੁੱਕਰਵਾਰ ਨੂੰ ਅੱਲਾ ਨੂੰ ਪਿਆਰਾ ਹੋ ਗਿਆ ਤਾਂ ਉਸ ਦਾ ਜਨਾਜ਼ਾ ਵੀ ਸ਼ਾਦੀ ਰਾਜਪੂਤ, ਜਗੀਰਾ ਪਰਜਾਪਤ ਅਤੇ ਪਿੰਡ ਵਾਸੀਆਂ ਨੇ ਆਪ ਕਬਰ ਪੁੱਟ ਕੇ ਉਸ ਨੂੰ ਦਫ਼ਨਾਇਆ। ਖੰਨਾ ਤੋਂ ਕਾਜ਼ੀ ਬੁਲਾਇਆ ਗਿਆ।‘‘ਐ ਬੰਦੇ! ਐ ਮੇਰੇ ਪਿਆਰੇ! ਇਕ ਰੋਜ਼ ਮੈਂ ਤੈਨੂੰ ਇਸ ਮਿੱਟੀ ਵਿਚੋਂ ਪੈਦਾ ਕੀਤਾ ਸੀ। ਅੱਜ ਉਸੇ ਮਿੱਟੀ ਵਿਚ ਵਾਪਸ ਬੁਲਾਇਆ ਹੈ।’’ ਸਿਗਰਟ ਪੀ ਕੇ ਆਪਣੇ ਹੱਥ ਸੁੱਚੇ ਕਰ ਕੇ ਇਹ ਨਮਾਜ਼ ਏ ਜਨਾਜ਼ਾ ਪੜ੍ਹ ਹਟੇ ਕਾਜ਼ੀ ਨੇ ਮੈਨੂੰ ਕੋਲ ਬੈਠੇ ਨੂੰ ਦੱਸਿਆ ਕਿ ਜੁੰਮੇ ਵਾਲੇ ਦਿਨ ਮਰਨਾ ਇਸਲਾਮ ਵਿਚ ਸ਼ੁਭ ਸ਼ਗਨ ਸਮਝਿਆ ਜਾਂਦਾ ਹੈ। ਜਦੋਂ ਬਾਬੇ ਦੀ ਕਬਰ ਚੰਗੀ ਤਰ੍ਹਾਂ ਢਕ ਦਿੱਤੀ ਗਈ ਤਾਂ ਇਕਦਮ ਮੀਂਹ ਉਤਰ ਪਿਆ। ਪਿੱਪਲ ਦੀਆਂ ਜੜ੍ਹਾਂ ਵਿਚ ਖੜ੍ਹੇ ਸਾਂ ਜਦੋਂ ਲੰਬੇ ਲਟਕਵੇਂ ਲੜ ਵਾਲੀ ਲਾਜਵਰੀ ਪੱਗ ਬੰਨ੍ਹੀਂ ਖੜ੍ਹਾ ਕਾਜ਼ੀ ਫੇਰ ਬੋਲਿਆ: ‘‘ਜੁੰਮੇ ਰੋਜ਼ ਮਰਨਾ ਤੇ ਸੱਜਰੀ ਕਬਰ ਉੱਤੇ ਮੀਂਹ ਪੈਣਾ ਇਸ ਦੇ ਦਰਵੇਸ਼ ਹੋਣ ਦੀ ਸ਼ਾਹਦੀ ਭਰਦਾ ਹੈ।

ਨੇੜੇ ਹੀ ਬਾਬੇ ਬੱਗੂ ਦੀ ਲਗਾਈ ਜਾਮਣ ਖੜ੍ਹੀ ਸੀ। ਇਹ ਤਿੰਨ ਬਾਬੇ ਬੇਗਰਜ਼ ਬੰਦੇ ਸਨ। ਦੁਨੀਆਦਾਰੀ ਤੋਂ ਬੇਪਰਵਾਹ! ਫੱਕਰ ਲੋਕ!